ਰਾਗੁ ਧਨਾਸਰੀ ਬਾਣੀ ਭਗਤਾਂ ਕੀ।
ਸ੍ਰੀ ਸੈਣੁ ॥
ਧੂਪ ਦੀਪ ਘ੍ਰਿਤ ਸਾਜਿ ਆਰਤੀ ॥
(Faridkot Teeka, c. 1870s): ਤੇਰਾ ਜਸ ਰੂਪੀ ਧੂਪ ਔ ਵਿਵੇਕ ਕਾ ਦੀਪਕ ਔਰ ਪ੍ਰੇਮ ਰੂਪੀ ਘੀ ਇਸ ਪ੍ਰਕਾਰ ਕਰ ਆਰਤੀ ਕਾ ਸਾਜ ਕੀਆ ਹੈ॥
(Bhagat Bani Steek, Giani Bishan Singh, c. 1930): ਹੇ ਵਾਹਿਗੁਰੂ ਮੈਂ ਲੋਕਾਂ ਵਾਂਙੂੰ ਧੂਪ ਦੀਵਿਆਂ ਦਾ ਸਾਜਨਾਂ ਪਾਖੰਡ ਛੱਡਕੇ ਤੇਰਾ ਨਾਮ ਹੀ ਧੂਪ ਹੈ ਅਤੇ ਤੇਰਾ ਨਾਮ ਹੀ ਦੀਵਾ ਹੈ ਅਤੇ ਤੇਰਾ ਨਾਮ ਹੀ ਘਿਓ ਹੈ, ਏਹ ਮੈਂ ਆਰਤੀ ਸਾਜਣੀ ਕੀਤੀ ਹੈ। ਇਸ ਸਬਦ ਨੂੰ ਵੀ ਪਹਿਲੇ ਸਬਦ ਰਵਿਦਾਸ ਜੀ (ਏਸੇ ਰਾਗ ਵਿਚੋਂ) ਵਾਂਙੂੰ ਸਮਝ ਲੈਣਾ, ਹੋਰ ਦੀਪਮਾਲੀ ਆਰਤੀ ਨ ਸਮਝਣੀ ॥
(SGGS Steek, Bhai Manmohan Singh, c. 1960): ਸੁਗੰਧਤ ਸਾਮਗਰੀ, ਦੀਵੇ ਅਤੇ ਘਿਉ ਨਾਲ ਮੈਂ ਉਪਾਸ਼ਨਾ ਕਰਦਾ ਹਾਂ ॥
(SGGS Darpan, Prof. Sahib Singh, c. 1962-64): (ਤੈਥੋਂ ਸਦਕੇ ਜਾਣਾ ਹੀ) ਧੂਪ ਦੀਵੇ ਤੇ ਘਿਉ (ਆਦਿਕ) ਸਮੱਗ੍ਰੀ ਇਕੱਠੇ ਕਰ ਕੇ ਤੇਰੀ ਆਰਤੀ ਕਰਨੀ ਹੈ। ਘ੍ਰਿਤ = ਘਿਉ। ਸਾਜਿ = ਸਾਜ ਕੇ, ਬਣਾ ਕੇ, ਇਕੱਠੀਆਂ ਕਰ ਕੇ।
(S.G.P.C. Shabadarth, Bhai Manmohan Singh, c. 1962-69): ਸ੍ਰੀ ਸੈਣੁ* ॥ *ਅਸਲ ਆਰਤੀ ਧੂਪ ਦੀਪ ਨਾਲ ਨਹੀਂ ਹੁੰਦੀ, ਦਿਲ ਦੇ ਪਿਆਰ ਨਾਲ ਹੁੰਦੀ ਹੈ। ¹ਧੂਪ ਦੀਪ ਘ੍ਰਿਤ ਸਾਜਿ ਆਰਤੀ ॥ ¹ਮੈਂ (ਲਛਮੀ ਦੇ ਪਤੀ) ਹਰੀ ਤੋਂ ਕੁਰਬਾਨ ਜਾਂਦਾ ਹਾਂ; ਇਹੋ ਮੇਰੇ ਲਈ ਧੂਪ, ਦੀਵੇ ਅਤੇ ਘਿਉ ਦੀ ਬਣਾ ਕੇ ਕੀਤੀ ਆਰਤੀ ਹੈ।
(Arth Bodh SGGS, Dr. Rattan Singh Jaggi, c. 2007): ਮੈਂ ਪ੍ਰਭੂ (ਕਮਲਾਪਤਿ) ਤੋਂ ਕਰਬਾਨ ਜਾਂਦਾ ਹਾਂ, (ਇਹੀ ਮੇਰੇ ਵਲੋਂ) ਧੂਪ, ਦੀਵੇ ਅਤੇ ਘਿਉ ਦੀ ਤਿਆਰ ਕੀਤੀ ਆਰਤੀ ਹੈ।੧।
(Aad SGGS Darshan Nirney Steek, Giani Harbans Singh, c. 2009-11): (ਹੇ ਪ੍ਰਭੂ! ਮੈਂ ਤੇਰੇ ਅਗੇ ਤੇਰੇ ਨਾਮ ਦਾ ਹੀ) ਦੀਵਾ, ਧੂਪ ਅਤੇ ਘਿਉ ਸਾਜ ਕੇ ਆਰਤੀ (ਕਰਦਾ ਹਾਂ)। ਘਿਤ੍ਰ-ਘਿਉ। ਸਾਜਿ-ਬਣਾ ਕੇ।
ਵਾਰਨੇ ਜਾਉ ਕਮਲਾਪਤੀ ॥੧॥
(Faridkot Teeka, c. 1870s): ਹੇ ਲਖ੍ਯਮੀ ਕੇ ਪਤੀ ਵਾਹਿਗੁਰੂ! ਮੈਂ ਤੇਰੇ ਪਰ ਬਲਿਹਾਰਨੇ ਜਾਤਾ ਹੂੰ॥੧॥
(Bhagat Bani Steek, Giani Bishan Singh, c. 1930): ਹੇ ਵਾਹਿਗੁਰੂ ਮੈਂ ਤੇਰੇ ਉਤੋਂ ਦੀ ਵਾਰਨ ਜਾਂਦਾ ਹਾਂ। ਕਮਲਾਪਤੀ = ਮਾਇਆ ਦੇ ਮਾਲਕ।
(SGGS Steek, Bhai Manmohan Singh, c. 1960): ਮੈਂ ਲਖ਼ਸ਼ਮੀ ਦੇ ਸੁਆਮੀ ਤੋਂ ਕੁਰਬਾਨ ਜਾਂਦਾ ਹਾਂ ॥
(SGGS Darpan, Prof. Sahib Singh, c. 1962-64): ਹੇ ਮਾਇਆ ਦੇ ਮਾਲਕ ਪ੍ਰਭੂ! ਮੈਂ ਤੈਥੋਂ ਸਦਕੇ ਜਾਂਦਾ ਹਾਂ ॥੧॥ ਵਾਰਨੇ ਜਾਉ = ਮੈਂ ਸਦਕੇ ਜਾਂਦਾ ਹਾਂ। ਕਮਲਾਪਤੀ = ਲੱਛਮੀ ਦਾ ਪਤੀ ਪਰਮਾਤਮਾ ॥੧॥
(S.G.P.C. Shabadarth, Bhai Manmohan Singh, c. 1962-69): ਵਾਰਨੇ ਜਾਉ ਕਮਲਾ ਪਤੀ ॥੧॥
(Arth Bodh SGGS, Dr. Rattan Singh Jaggi, c. 2007): ਮੈਂ ਪ੍ਰਭੂ (ਕਮਲਾਪਤਿ) ਤੋਂ ਕਰਬਾਨ ਜਾਂਦਾ ਹਾਂ, (ਇਹੀ ਮੇਰੇ ਵਲੋਂ) ਧੂਪ, ਦੀਵੇ ਅਤੇ ਘਿਉ ਦੀ ਤਿਆਰ ਕੀਤੀ ਆਰਤੀ ਹੈ ।੧।
(Aad SGGS Darshan Nirney Steek, Giani Harbans Singh, c. 2009-11): ਹੇ ਮਾਇਆ ਦੇ ਪਤੀ ਪ੍ਰਭੂ! ਮੈਂ (ਤੇਰੇ ਪਰਤਾਪ ਤੋਂ) ਬਲਿਹਾਰ ਜਾਂਦਾ ਹੈ ।੧। ਵਾਰਨੇ ਜਾਉ-ਮੈਂ ਬਲਿਹਾਰ ਜਾਂਦਾ ਹਾਂ। ਕਮਲਾਪਤੀ-ਲਛਮੀ ਦਾ ਪਤੀ, ਪਰਮਾਤਮਾ।
ਮੰਗਲਾ ਹਰਿ ਮੰਗਲਾ ॥
(Faridkot Teeka, c. 1870s): ਹੇ ਸਰਬ ਕੇ ਰਾਜਾ ਰਾਮ! ਆਪ ਕਾ ਮਨ ਤਨ ਬਾਣੀ ਕਰ ਕੇ ਨਿਤ ਹਰ ਪ੍ਰਕਾਰ ਸੇ ਮੰਗਲ ਕਰਤਾ ਹੂੰ ਅਰਥਾਤ ਜਸ ਕਰਤਾ ਹੂੰ॥
(Bhagat Bani Steek, Giani Bishan Singh, c. 1930): ਹਰ ਇਕ ਮੰਗਲਾਂ ਵਿਚੋਂ ਮੰਗਲ, ਸਾਨੂੰ ਵਾਹਿਗੁਰੂ ਪ੍ਰਕਾਸ਼ਕ ਦਾ ਨਾਮ ਹੀ ਹੱਛਾ ਮੰਗਲ ਹੈ,
(SGGS Steek, Bhai Manmohan Singh, c. 1960): ਵਾਹ ਵਾਹ! ਹੇ ਵਾਹਿਗੁਰੂ ਤੈਨੂੰ ਵਾਹ ਵਾਹ ॥
(SGGS Darpan, Prof. Sahib Singh, c. 1962-64): ਹੇ ਹਰੀ! ਹੇ ਰਾਜਨ! ਮੰਗਲੁ = ਆਨੰਦ, ਸੁਖਦਾਈ ਸੁਲੱਖਣੀ ਮਰਯਾਦਾ।
(S.G.P.C. Shabadarth, Bhai Manmohan Singh, c. 1962-69): ¹ਮੰਗਲਾ ਹਰਿ ਮੰਗਲਾ ॥ ¹ਹਰੀ ਵਾਲਾ ਖ਼ੁਸ਼ੀ ਦਾ ਗੀਤ ਨਿਤ ਗਾਓ।
(Arth Bodh SGGS, Dr. Rattan Singh Jaggi, c. 2007): ਹੇ ਹਰਿ! ਆਨੰਦ ਹੀ ਆਨੰਦ ਹੈ।
(Aad SGGS Darshan Nirney Steek, Giani Harbans Singh, c. 2009-11): ਹੇ ਹਰੀ! (ਤੁਸੀਂ ਆਪ) ਮੰਗਲਾਂ ਦੇ ਮੰਗਲ ਹੋ। ਮੰਗਲ-ਜਸ।
ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥੧॥ ਰਹਾਉ ॥
(Faridkot Teeka, c. 1870s): ਵਾ ਹੇ ਹਰੀ ਰਾਇ! ਆਪ ਕੇ ਰਾਮ ਨਾਮ ਜਾਪ ਸੇ ਹਮਾਰੇ ਕੌ ਮਨ ਤਨ ਬਾਣੀ ਕਰ ਨਿਤ ਮੰਗਲ ਹੈ॥੧॥ ਰਹਾਉ ॥
(Bhagat Bani Steek, Giani Bishan Singh, c. 1930): ਭਾਵ ਸਾਰਿਆਂ ਅਨੰਦਾਂ ਵਿਚੋਂ ਸਾਨੂੰ ਵਾਹਿਗੁਰੂ ਦੇ ਨਾਮ ਹੀ ਅਨੰਦ ਹੈ।
(SGGS Steek, Bhai Manmohan Singh, c. 1960): ਸਦੀਵੀ ਪ੍ਰਸੰਨਤਾ ਤੈਡੀ ਹੈ, ਹੇ ਮੇਰੇ ਪਾਤਿਸ਼ਾਹ ਪਰਮੇਸ਼ਰ, ਸ਼ਹਿਨਸ਼ਾਹ! ਠਹਿਰਾਉ ॥
(SGGS Darpan, Prof. Sahib Singh, c. 1962-64): ਹੇ ਰਾਮ! ਤੇਰੀ ਮਿਹਰ ਨਾਲ (ਮੇਰੇ ਅੰਦਰ) ਸਦਾ (ਤੇਰੇ ਨਾਮ-ਸਿਮਰਨ ਦਾ) ਅਨੰਦ ਮੰਗਲ ਹੋ ਰਿਹਾ ਹੈ ॥੧॥ ਰਹਾਉ ॥ ਰਾਜਾ = ਮਾਲਕ। ਕੋ = ਦਾ (ਭਾਵ, ਦਾ ਬਖ਼ਸ਼ਿਆ ਹੋਇਆ) ॥੧॥ ਰਹਾਉ ॥
(S.G.P.C. Shabadarth, Bhai Manmohan Singh, c. 1962-69): ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥੧॥ ਰਹਾਉ ॥
(Arth Bodh SGGS, Dr. Rattan Singh Jaggi, c. 2007): (ਮੇਰੇ ਹਿਰਦੇ ਵਿਚ) ਰਾਜ ਰਾਮ ਰਾਇ ਦਾ ਨਿਤ ਆਨਦਮਈ ਗੀਤ (ਹੋ ਰਿਹਾ ਹੈ) ।੧।ਰਹਾਉ।
(Aad SGGS Darshan Nirney Steek, Giani Harbans Singh, c. 2009-11): ਹੇ ਰਾਜਿਆਂ ਦੇ ਰਾਜੇ! ਸਰਬ ਵਿਆਪਕ ਰਾਮ ਜੀ! (ਮੇਰੇ ਹਿਰਦੇ ਅੰਦਰ ਨਾਮ ਦਰਸ਼ਨ ਦਾ) ਭੀ ਹਰ ਰੋਜ ਮੰਗਲ (ਹੋ ਰਿਹਾ ਹੈ) ।੧।ਰਹਾਉ।
ਊਤਮੁ ਦੀਅਰਾ ਨਿਰਮਲ ਬਾਤੀ ॥
(Faridkot Teeka, c. 1870s): ਗਿਆਨ ਰੂਪਾ ਊਤਮ (ਦੀਅਰਾ) ਦੀਪਕ ਹੈ ਔਰ (ਨਿਰਮਲ) ਸੁਧ ਬਿਰਤੀ ਵਤੀ ਕਰੀ ਹੈ॥
(Bhagat Bani Steek, Giani Bishan Singh, c. 1930): ਏਹੋ ਨਾਮ ਰੂਪ ਹੀ ਉਤਮ ਦੀਵਾ ਹੈ ਜਿਸ ਵਿੱਚ ਸ਼ੁਧ ਪ੍ਰੇਮ ਵਾਲੀ ਵੱਟੀ ਦਿਤੀ ਹੈ ਤਿਸ ਵੱਟੀ ਦੇ ਚਾਨਣ ਨਾਲ ਸਾਨੂੰ ਤੂੰਹੀ ਮਾਇਆ ਤੋਂ ਰਹਤ ਵਾਹਿਗੁਰੂ ਨਜ਼ਰ ਆਉਂਦਾ ਹੇ,
(SGGS Steek, Bhai Manmohan Singh, c. 1960): ਸ਼੍ਰੇਸ਼ਟੀ ਦੀਵਾ ਅਤੇ ਪਵਿੱਤ੍ਰ ਬੱਤੀ ਹੈ,
(SGGS Darpan, Prof. Sahib Singh, c. 1962-64): (ਆਰਤੀ ਕਰਨ ਲਈ) ਸੋਹਣਾ ਚੰਗਾ ਦੀਵਾ ਤੇ ਸਾਫ਼ ਸੁਥਰੀ ਵੱਟੀ ਵੀ-ਦੀਅਰਾ = ਸੋਹਣਾ ਜਿਹਾ ਦੀਵਾ। ਨਿਰਮਲ = ਸਾਫ਼।
(S.G.P.C. Shabadarth, Bhai Manmohan Singh, c. 1962-69): ¹ਊਤਮੁ ਦੀਅਰਾ ਨਿਰਮਲ ਬਾਤੀ ॥ ¹ਹੇ ਹਰੀ! ਉੱਤਮ ਦੀਵਾ ਅਤੇ ਪਵਿੱਤਰ ਵੱਟੀ, ਤੂੰ ਹੀ ਮਾਇਆ ਤੋਂ ਰਹਿਤ ਭਗਵਾਨ ਹੈਂ।
(Arth Bodh SGGS, Dr. Rattan Singh Jaggi, c. 2007): ਹੇ ਪ੍ਰਭੂ! ਹੇ ਨਿਰੰਜਨ! ਤੂੰ ਹੀ ਮੇਰੇ ਲਈ ਸ੍ਰੇਸ਼ਠ ਦੀਵਾ ਅਤੇ ਪਵਿਤਰ ਬਤੀ ਹੈਂ ।੨।
(Aad SGGS Darshan Nirney Steek, Giani Harbans Singh, c. 2009-11): ਹੇ ਕਮਲਾ ਪਤੀ! ਊਤਮ ਦੀਅਰਾ-ਸੁੰਦਰ ਦੀਵਾ। ਬਾਤੀ-ਬੱਤੀ।
ਤੁਹੀਂ ਨਿਰੰਜਨੁ ਕਮਲਾ ਪਾਤੀ ॥੨॥
(Faridkot Teeka, c. 1870s): (ਤੁਹੀਂ) ਤੇਰੇ ਕੋ (ਨਿਰੰਜਨੁ) ਮਾਇਆ ਸੇ ਅਲੇਪ ਜਾਣਨਾ ਇਹੀ ਕਮਲ ਆਦੀ ਪੂਜਣੇ ਕੇ ਫੁਲ ਅਰ (ਪਾਤੀ) ਪਤ੍ਰ ਹੈਂ, ਵਾ ਹੇ ਕਮਲਾ ਪਤੀ! ਤੈਨੂੰ ਸੁਧ ਜਾਣਿਆ ਹੈ॥੨॥
(Bhagat Bani Steek, Giani Bishan Singh, c. 1930): ਵਾ ਹੇ ਨਿਰੰਜਨ ਤੇਰਾ ਨਾਮ ਹੀ ਕਵਲਾਂ ਦੇ ਪੇ ਹਨ। ਨਿਰੰਜਨੁ = ਮਾਇਆ ਰਹਤ। ਕਮਲਾ ਪਾਤੀ = ਮਾਇਆ ਦਾ ਪਤੀ ਵਾਹਿਗਰੂ ਵ ਕੌਲ ਫੁੱਲ ਤੇ ਪਤੇ।
(SGGS Steek, Bhai Manmohan Singh, c. 1960): ਤੂੰ ਹੀ, ਹੇ ਮਾਇਆ ਦੇ ਪ੍ਰਕਾਸ਼ਵਾਨ ਸੁਆਮੀ!
(SGGS Darpan, Prof. Sahib Singh, c. 1962-64): ਹੇ ਕਮਲਾਪਤੀ! ਹੇ ਨਿਰੰਜਨ! ਮੇਰੇ ਲਈ ਤੂੰ ਹੀ ਹੈਂ ॥੨॥ ਨਿਰੰਜਨੁ = ਮਾਇਆ ਤੋਂ ਰਹਿਤ ॥੨॥
(S.G.P.C. Shabadarth, Bhai Manmohan Singh, c. 1962-69): ਤੁਹੀਂ ਨਿਰੰਜਨੁ ਕਮਲਾ ਪਾਤੀ ॥੨॥
(Arth Bodh SGGS, Dr. Rattan Singh Jaggi, c. 2007): ਹੇ ਪ੍ਰਭੂ! ਹੇ ਨਿਰੰਜਨ! ਤੂੰ ਹੀ ਮੇਰੇ ਲਈ ਸ੍ਰੇਸ਼ਠ ਦੀਵਾ ਅਤੇ ਪਵਿਤਰ ਬਤੀ ਹੈਂ ।੨।
(Aad SGGS Darshan Nirney Steek, Giani Harbans Singh, c. 2009-11): ਹੇ ਮਾਇਆ ਦੇ ਪ੍ਰਭਾਵ ਤੋਂ ਰਹਿਤ (ਵਾਹਿਗੁਰੂ!) ਤੂੰ ਹੀ (ਮੇਰੇ ਲਈ) ਸੁੰਦਰ ਦੀਵਾ ਤੇ ਸੋਹਣੀ ਵੱਟੀ ਹੈਂ ।੨। ਨਿਰੰਜਨੁ-ਮਾਇਆ ਤੋਂ ਰਹਿਤ। ਕਮਲਾ ਪਾਤੀ-ਮਾਇਆ ਦਾ ਪਤੀ।
ਰਾਮਾ ਭਗਤਿ ਰਾਮਾਨੰਦੁ ਜਾਨੈ ॥
(Faridkot Teeka, c. 1870s): ਹੇ ਰਾਮ! ਤੇਰੀ ਭਗਤੀ ਕਰਨੇਵਾਰੇ ਸੋਈ (ਰਾਮਾਨੰਦੁ) ਅਰਾਮ ਕੇ ਅਨੰਦ ਅਰਥਾਤ ਨਿਵਿਰਤੀ ਕੇ ਸੁਖ ਕੋ ਜਾਨਤੇ ਹੈਂ, ਵਾ ਹੇ ਰਾਮ! ਤੇਰੀ ਭਗਤੀ ਕੋ ਮੇਰੇ ਗੁਰੂ ਰਾਮਾਨੰਦ ਜੀ ਜਾਨਤੇ ਹੈਂ॥
(Bhagat Bani Steek, Giani Bishan Singh, c. 1930): ਰਾਮਾਨੰਦ = ਗੁਰੂ। ਹੇ ਵਾਹਿਗੁਰੂ ਤੇਰਾ ਭਗਤ ਹੀ ਆਰਤੀ ਆਪਣੇ ਅਰਾਮ ਦਾ ਕਾਰਨ ਮੇਰੇ ਗੁਰੂ ਸਮਝਦੇ ਹਨ,
(SGGS Steek, Bhai Manmohan Singh, c. 1960): ਸੁਆਮੀ ਦੇ ਸਿਮਰਨ ਨੂੰ ਮੇਰਾ ਗੁਰੂ, ਰਾਮਾ ਨੰਦ ਜਾਣਦਾ ਹੈ ॥
(SGGS Darpan, Prof. Sahib Singh, c. 1962-64): ਉਹ ਮਨੁੱਖ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਉਸ ਦੇ ਮਿਲਾਪ ਦਾ ਆਨੰਦ ਮਾਣਦਾ ਹੈ, ਰਾਮਾ ਭਗਤਿ = ਪਰਮਾਤਮਾ ਦੀ ਭਗਤੀ ਦੀ ਰਾਹੀਂ। ਰਾਮਾਨੰਦੁ = {ਰਾਮ-ਆਨੰਦ} ਪਰਮਾਤਮਾ (ਦੇ ਮੇਲ) ਦਾ ਆਨੰਦ।
(S.G.P.C. Shabadarth, Bhai Manmohan Singh, c. 1962-69): ¹ਰਾਮਾ ਭਗਤਿ ਰਾਮਾਨੰਦੁ ਜਾਨੈ ॥ ¹ਰਾਮ ਦੀ ਭਗਤੀ ਮੇਰਾ ਗੁਰੂ ਰਾਮਾਨੰਦ ਜਾਣਦਾ ਹੈ। ਉਹ ਹਰੀ ਨੂੰ ਪੂਰਨ ਅਤੇ ਮਹਾਨ ਆਨੰਦ ਰੂਪ ਬਿਆਨ ਕਰਦਾ ਹੈ।
(Arth Bodh SGGS, Dr. Rattan Singh Jaggi, c. 2007): ਰਾਮ ਦੀ ਭਗਤੀ (ਦਾ ਮਹੱਤਵ ਮੇਰਾ ਗੁਰੂ) ਰਾਮਾਨੰਦ ਜਾਣਦਾ ਹੈ
(Aad SGGS Darshan Nirney Steek, Giani Harbans Singh, c. 2009-11): ਜਾਨੈ-ਜਾਣਦਾ ਹੈ। (ਜਿਹੜਾ ਮਨੁਖ) ਸਰਬ ਵਿਆਪਕ ਪਰਮ-ਅਨੰਦ (ਪ੍ਰਭੂ ਦੇ ਗੁਣ) ਉਚਾਰਦਾ ਹੈ,
ਪੂਰਨ ਪਰਮਾਨੰਦੁ ਬਖਾਨੈ ॥੩॥
(Faridkot Teeka, c. 1870s): ਹੇ ਪੂਰਨ ਪਰਮ ਅਨੰਦ ਰੂਪ! ਤੇਰੇ ਕੋ (ਬਖਾਨੈ) ਜਸ ਉਚਾਰਣ ਕਰਤੇ ਹੈਂ, ਭਾਵ ਸੇ ਉਸਤਤੀ ਕਰਤੇ ਹੈਂ॥੩॥
(Bhagat Bani Steek, Giani Bishan Singh, c. 1930): ਓਹ ਪੂਰੇ ਪਰਮ ਅਨੰਦ ਨੂੰ ਉਚਾਰਨ ਕਰਦੇ ਹਨ।
(SGGS Steek, Bhai Manmohan Singh, c. 1960): ਉਹ ਸੁਆਮੀ ਨੂੰ ਸਰਬ-ਵਿਆਪਕ ਅਤੇ ਮਹਾਂ-ਪ੍ਰਸੰਨਤਾ ਸਰੂਪ ਵਰਣਨ ਹੈ ॥
(SGGS Darpan, Prof. Sahib Singh, c. 1962-64): ਜੋ ਸਰਬ-ਵਿਆਪਕ ਪਰਮ ਆਨੰਦ-ਰੂਪ ਪ੍ਰਭੂ ਦੇ ਗੁਣ ਗਾਂਦਾ ਹੈ ॥੩॥ ਪੂਰਨ = ਸਰਬ-ਵਿਆਪਕ। ਬਖਾਨੈ = ਉਚਾਰਦਾ ਹੈ, ਗੱਲਾਂ ਕਰਦਾ ਹੈ ॥੩॥
(S.G.P.C. Shabadarth, Bhai Manmohan Singh, c. 1962-69): ਪੂਰਨ ਪਰਮਾਨੰਦੁ ਬਖਾਨੈ ॥੩॥
(Arth Bodh SGGS, Dr. Rattan Singh Jaggi, c. 2007): ਅਤੇ (ਪ੍ਰਭੂ ਨੂੰ) ਪੂਰਣ ਪਰਮ ਆਨੰਦ ਵਜੋਂ ਬਖਾਨ ਕਰਦਾ ਹੈ ।੩।
(Aad SGGS Darshan Nirney Steek, Giani Harbans Singh, c. 2009-11): (ਉਹ) ਰਾਮ ਦੀ ਭਗਤੀ (ਤੇ) ਰਾਮ-ਅਨੰਦ (ਭਾਵ ਆਤਮ-ਰੱਸ) ਨੂੰ ਜਾਣਦਾ ਹੈ ।੩। ਰਾਮਾਨੰਦੁ-ਰਾਮ ਦਾ ਅਨੰਦ। ਪੂਰਨ-ਸਰਬ ਵਿਆਪਕ। ਬਖਾਨੈ-ਉਚਾਰਦਾ ਹੈ।
ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥
(Faridkot Teeka, c. 1870s): ਹੇ ਮਦਨ, ਭਾਵ ਸੇ ਸੁੰਦਰ ਸਰੂਪ! ਵਾ ਹੇ ਗੋਬਿੰਦ! ਮੇਰੇ ਕੋ ਇਸ ਭੈਦਾਇਕ ਸੰਸਾਰ ਸਮੁੰਦਰ ਸੇ ਤਾਰ ਲੇਹੁ॥
(Bhagat Bani Steek, Giani Bishan Singh, c. 1930): ਮਦਨ = ਕਾਮ ॥ ਹੇ ਗੋਬੰਦ ਵਾਹਿਗੁਰੂ ਕਾਮਦੇਵ ਦੀ ਮੂਰਤੀ ਵਰਗੇ ਸੁੰਦਰ ਮੈਨੂੰ ਡਰੌਣੇ ਸੰਸਾਰ ਸਮੁੰਦਰ ਤੋਂ ਤਾਰ ਲੈ,
(SGGS Steek, Bhai Manmohan Singh, c. 1960): ਮਨ ਮੋਹਨੀ ਸੂਰਤ ਵਾਲੇ ਸ੍ਰਿਸ਼ਟੀ ਦੇ ਸੁਆਮੀ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ ॥
(SGGS Darpan, Prof. Sahib Singh, c. 1962-64): ਜੋ ਪਰਮਾਤਮਾ ਸੋਹਣੇ ਸਰੂਪ ਵਾਲਾ ਹੈ, ਜੋ (ਸੰਸਾਰ ਦੇ) ਡਰਾਂ ਤੋਂ ਪਾਰ ਲੰਘਾਣ ਵਾਲਾ ਹੈ ਤੇ ਜੋ ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ, ਮਦਨ ਮੂਰਤਿ = ਉਹ ਮੂਰਤਿ ਜਿਸ ਨੂੰ ਵੇਖ ਕੇ ਮਸਤੀ ਆ ਜਾਏ, ਸੋਹਣੇ ਸਰੂਪ ਵਾਲਾ। ਭੈ ਤਾਰਿ = ਡਰਾਂ ਤੋਂ ਪਾਰ ਲੰਘਾਉਣ ਵਾਲਾ। ਗੋਬਿੰਦ = {ਗੋ = ਸ੍ਰਿਸ਼ਟੀ। ਬਿੰਦ = ਜਾਨਣਾ, ਸਾਰ ਲੈਣੀ} ਸ੍ਰਿਸ਼ਟੀ ਦੀ ਸਾਰ ਲੈਣ ਵਾਲਾ।
(S.G.P.C. Shabadarth, Bhai Manmohan Singh, c. 1962-69): ¹ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥ ¹ਮਨਮੋਹਨ ਰੂਪ ਵਾਲੇ, ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਪ੍ਰਿਥਵੀ ਦੇ ਮਾਲਕ ਹਰੀ! ਸੈਣ ਕਹਿੰਦਾ ਹੈ ਕਿ ਪਰ ਅਨੰਦ ਰੂਪ ਹਰੀ ਨੂੰ ਭੇਜੋ।
(Arth Bodh SGGS, Dr. Rattan Singh Jaggi, c. 2007): ਹੇ ਮਨਮੋਹਕ ਸਰੂਪ ਵਾਲੇ! ਹੇ ਭਵਸਾਗਰ ਤੋਂ ਤਾਰਨ ਵਾਲੇ ਪ੍ਰਭੂ!
(Aad SGGS Darshan Nirney Steek, Giani Harbans Singh, c. 2009-11): ਹੇ ਮੋਹਣੀ ਮੂਰਤਿ ਵਾਲੇ ਗੋਬਿੰਦ! (ਆਪ ਦਾ ਨਾਮ) ਭੈ (ਸਾਗਰ ਭਾਵ ਸੰਸਾਰ) ਤੋਂ ਤਾਰਨ ਵਾਲਾ ਹੈ। ਮਦਨ ਮੂਰਤਿ-ਮੋਹਣ ਵਾਲੀ ਮੂਰਤਿ। ਭੈ ਤਾਰਿ-ਡਰੌਣੇ (ਸਮੁੰਦਰ ਤੋਂ) ਤਾਰ ਲੈ।
ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥
(Faridkot Teeka, c. 1870s): ਸ੍ਰੀ ਸੈਣ ਜੀ ਕਹਤੇ ਹੈਂ: ਹੇ ਪਰਮਾਨੰਦ ਰੂਪ! ਮੈਂ ਤੇਰਾ ਭਜਨੁ ਕਰ ਰਹਿਆ ਹੂੰ॥੪॥੧॥ ਸ੍ਰੀ ਪੀਪਾ ਭਗਤ ਟੋਡਰਪੁਰ ਕੇ ਰਾਜਾ ਸੇ ਪੁਨਾ ਰਾਮਾਨੰਦ ਜੀ ਕੇ ਸਿਖ ਭਏ। ਸੋ ਵੇਦਾਂਤਕ ਸਿਧਾਂਤ ਕੋ ਵਿਚਾਰ ਕਰ ਏਕਤਾ ਰੂਪ ਕਰ ਹਰੀ ਕੀ ਆਰਤੀ ਕਰਤੇ ਹੈਂ। ਨੋਟ: ਇਸ ਸ਼ਬਦ ਨੂੰ ਗੁਰਮਤਿ ਦੇ ਉਲਟ ਸਮਝਣ ਦਾ ਭੁਲੇਖਾ ਖਾ ਕੇ ਵਿਰੋਧੀ ਸੱਜਣ ਜੀ ਨੇ ਇਸ ਬਾਰੇ ਇਉਂ ਲਿਖਿਆ ਹੈ: “ਉਕਤ ਸ਼ਬਦ ਦੁਆਰਾ ਭਗਤ ਜੀ ਨੇ ਆਪਣੇ ਗੁਰੂ ਗੁਸਾਈਂ ਰਾਮਾਨੰਦ ਜੀ ਅੱਗੇ ਆਰਤੀ ਉਤਾਰੀ ਹੈ। (‘ਮਦਨ ਮੂਰਤਿ’ ਵਿਸ਼ਨੂ ਜੀ ਹਨ, ਭਗਤ ਜੀ ਪੱਕੇ ਵੈਸ਼ਨਵ ਸਨ) ਪਰੰਤੂ ਗੁਰਮਤਿ ਅੰਦਰ ‘ਗਗਨ ਮੈ ਥਾਲੁ’ ਵਾਲੇ ਸ਼ਬਦ ਵਿਚ ਭਗਤ ਵਾਲੀ ਆਰਤੀ ਦਾ ਖੰਡਨ ਹੈ। ਦੀਵੇ ਮਚਾ ਕੇ ਆਰਤੀ ਕਰਨ ਵਾਲੇ ਮਹਾ ਅਗਿਆਨੀ ਦੱਸੇ ਹਨ। ਨਾਲ ਲੱਗਦੇ ਇਹ ਭੀ ਹੁਕਮ ਹੈ ‘ਕਿਸਨ ਬਿਸਨ ਕਬਹੂੰ ਨ ਧਿਆਊ’। ਇਸ ਕਰ ਕੇ ਸਾਬਤ ਹੋਇਆ ਕਿ ਭਗਤ ਸੈਣ ਜੀ ਦੀ ਰਚਨਾ ਗੁਰੂ-ਆਸ਼ੇ ਦੇ ਉੱਕੀ ਵਿਰੁੱਧ ਹੈ।” ਇਸ ਸ਼ਬਦ ਨੂੰ ਗੁਰਮਤਿ ਦੇ ਵਿਰੁੱਧ ਸਮਝਣ ਵਾਲੇ ਸੱਜਣ ਜੀ ਨੇ ਭਗਤ ਜੀ ਬਾਰੇ ਤਿੰਨ ਗੱਲਾਂ ਦੱਸੀਆਂ ਹਨ-(੧) ਇਸ ਸ਼ਬਦ ਦੀ ਰਾਹੀਂ ਸੈਣ ਜੀ ਨੇ ਆਪਣੇ ਗੁਰੂ ਰਾਮਾਨੰਦ ਜੀ ਦੀ ਆਰਤੀ ਉਤਾਰੀ ਹੈ। (੨) ਭਗਤ ਜੀ ਪੱਕੇ ਵੈਸ਼ਨੋ ਸਨ। (੩) ਦੀਵੇ ਮਚਾ ਕੇ ਆਰਤੀ ਕਰਨ ਵਾਲਾ ਮਹਾਂ ਅਗਿਆਨੀ ਹੈ। ਪਰ ਅਚਰਜ ਗੱਲ ਇਹ ਹੈ ਕਿ ਇਸ ਸ਼ਬਦ ਵਿਚ ਇਹਨਾਂ ਤਿੰਨਾਂ ਦੂਸ਼ਣਾਂ ਵਿਚੋਂ ਇੱਕ ਭੀ ਨਹੀਂ ਲੱਭਦਾ। ਵਿਚਾਰ ਕੇ ਵੇਖੀਏ: (੧) ਜਿਸ ਦੀ ਉਸਤਤਿ ਇੱਥੇ ਕਰ ਰਹੇ ਹਨ, ਉਸ ਵਾਸਤੇ ਸੈਣ ਜੀ ਨੇ ਹੇਠ-ਲਿਖੇ ਲਫ਼ਜ਼ ਵਰਤੇ ਹਨ-ਕਮਲਾਪਤੀ, ਹਰਿ, ਰਾਜਾ ਰਾਮ, ਨਿਰੰਜਨ, ਪੂਰਨ, ਪਰਮਾਨੰਦ, ਮਦਨ-ਮੂਰਤਿ, ਭੈ-ਤਾਰਿ, ਗੋਬਿੰਦ। ਇਹਨਾਂ ਲਫ਼ਜ਼ਾਂ ਵਿਚ ਸੈਣ ਜੀ ਦੇ ਗੁਰੂ ਦਾ ਕੋਈ ਜ਼ਿਕਰ ਨਹੀਂ ਹੈ। ਇਉਂ ਜਾਪਦਾ ਹੈ ਕਿ ਸ਼ੱਕ ਕਰਨ ਵਾਲੇ ਸੱਜਣ ਨੇ ਸ਼ਬਦ ਦੇ ਤੀਜੇ ਬੰਦ ਵਿਚ ਵਰਤੇ ਲਫ਼ਜ਼ ‘ਰਾਮਾਨੰਦ’ ਤੋਂ ਉਕਾਈ ਖਾਧੀ ਹੈ। ਇਸ ਤੁਕ ਦਾ ਅਰਥ ਇਉਂ ਹੈ-ਜੋ ਮਨੁੱਖ ਸਰਬ ਵਿਆਪਕ ਪਰਮ ਆਨੰਦ-ਸਰੂਪ ਪ੍ਰਭੂ ਦੇ ਗੁਣ ਗਾਂਦਾ ਹੈ, ਉਹ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਉਸ ਰਾਮ ਦੇ ਮਿਲਾਪ ਦਾ ਆਨੰਦ ਮਾਣਦਾ ਹੈ (ਵੇਖੋ ਸ਼ਬਦ ਦੇ ਨਾਲ ਦਿੱਤੇ ਪਦ-ਅਰਥਾਂ ਨੂੰ)। (੨) ਲਫ਼ਜ਼ 'ਮਦਨ ਮੂਰਤਿ' ਦੇ ਵਰਤਣ ਤੋਂ, ਭਗਤ ਜੀ ਨੂੰ ਵੈਸ਼ਨਵ ਸਮਝਣ ਵਿਚ ਭੀ ਉਕਾਈ ਹੀ ਖਾਧੀ ਗਈ ਹੈ। ਲਫ਼ਜ਼ 'ਮਦਨ' ਦਾ ਅਰਥ ਹੈ 'ਖੇੜਾ, ਖ਼ੁਸ਼ੀ, ਹੁਲਾਰਾ ਪੈਦਾ ਕਰਨ ਵਾਲਾ' (ਵੇਖੋ ਪਦ-ਅਰਥ)। (੩) ਸ਼ਬਦ ਦੇ ਬੰਦ ਨੰ: ੧ ਅਤੇ ੨ ਤੋਂ ਸੈਣ ਜੀ ਨੂੰ ਦੀਵੇ ਮਚਾ ਕੇ ਆਰਤੀ ਕਰਨ ਵਾਲਾ ਸਮਝਿਆ ਗਿਆ ਹੈ, ਪਰ ਉਹ ਤਾਂ ਆਖਦੇ ਹਨ-ਹੇ ਕਮਲਾਪਤੀ! ਮੈਂ ਤੈਥੋਂ ਸਦਕੇ ਜਾਂਦਾ ਹਾਂ, ਇਹੀ ਧੂਪ, ਦੀਵੇ ਤੇ ਘਿਉ (ਆਦਿਕ) ਸਮੱਗ੍ਰੀ ਇਕੱਠੀ ਕਰ ਕੇ ਤੇਰੀ ਆਰਤੀ ਕਰਨੀ ਹੈ।੧। ਹੇ ਕਮਲਾਪਤੀ! ਤੂੰ ਨਿਰੰਜਨ ਹੀ ਮੇਰੇ ਵਾਸਤੇ (ਆਰਤੀ ਕਰਨ ਲਈ) ਸੋਹਣਾ ਚੰਗਾ ਦੀਵਾ ਤੇ ਸਾਫ਼-ਸੁਥਰੀ ਵੱਟੀ ਹੈਂ।੨। ਸੋ, ਘਟ ਤੋਂ ਘਟ ਇਸ ਸ਼ਬਦ ਤੋਂ ਤਾਂ ਇਹ ਸਾਬਤ ਨਹੀਂ ਹੁੰਦਾ ਕਿ ਭਗਤ ਸੈਣ ਜੀ ਦੀ ਰਚਨਾ ਗੁਰੂ ਆਸ਼ੇ ਦੇ ਕਿਤੇ ਰਤਾ ਭੀ ਵਿਰੁੱਧ ਹੈ।
(Bhagat Bani Steek, Giani Bishan Singh, c. 1930): ਭਣੈ = ਕਹੇ। ਸੈਣ ਜੀ ਕਹਿੰਦੇ ਹਨ ਹੇ ਵਾਹਿਗੁਰੂ ਪਰਮ ਅਨੰਦ ਵਾਲੇ ਇਸੀ ਹੀ ਵਾਸਤੇ ਮੈਂ ਆਪ ਨੂੰ (ਭਜ) ਯਾਦ ਕਰਦਾ ਹਾਂ ॥
(SGGS Steek, Bhai Manmohan Singh, c. 1960): ਸੈਣ ਆਖਦਾ ਹੈ ਤੂੰ ਪਰਮ ਪ੍ਰਸੰਨਤਾ ਸਰੂਪ ਸੁਆਮੀ ਦਾ ਸਿਮਰਨ ਕਰ ॥
(SGGS Darpan, Prof. Sahib Singh, c. 1962-64): ਸੈਣ ਆਖਦਾ ਹੈ–(ਹੇ ਮੇਰੇ ਮਨ!) ਉਸ ਪਰਮ–ਆਨੰਦ ਪਰਮਾਤਮਾ ਦਾ ਸਿਮਰਨ ਕਰ ॥੪॥੨॥ ਭਣੈ = ਆਖਦਾ ਹੈ। ਭਜੁ = ਸਿਮਰ। ਪਰਮਾਨੰਦੇ = ਪਰਮ ਅਨੰਦ ਮਾਣਨ ਵਾਲੇ ਨੂੰ ॥੪॥੨॥
(S.G.P.C. Shabadarth, Bhai Manmohan Singh, c. 1962-69): ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥
(Itihaas Bhagat Bani Bhaag, Giani Gurdit Singh, c. 1990): ਪਦੇ ਦਾ ਭਾਵ ਅਰਥ ਹੈ: ਮੈਂ ਕਮਲਾਪਤੀ (ਮਾਇਆ ਦੇ ਮਾਲਕ) ਤੋਂ ਵਾਰਨੇ ਜਾਂਦਾ ਹਾਂ। ਮੇਰੇ ਲਈ ਆਰਤੀ ਦੀ ਸਮੱਗਰੀ, ਧੂਪ ਦੀਪ ਘ੍ਰਿਤ, ਆਰਤੀ ਦਾ ਸਾਜ਼ੋ ਸਮਿਆਨ, ਉਸ ਤੋਂ ਵਾਰੀ ਜਾਣਾ ਸਭਨਾ ਵਿੱਚ ਰਮੇ ਹੋਏ (ਰਾਮ) ਰਾਜਾ ਰਾਮ ਦੇ ਗੁਣ ਗਉਣੇ ਮੇਰੀ ਆਰਤੀ ਹੈ। ਉਤਮ ਦੀਅਰਾ ਨਿਰਮਲ ਬਾਤੀ ਮੇਰਾ ਸਭੇ ਕੁਝ ਓਹੋ, ਮਾਇਆ ਤੋਂ ਰਹਿਤ–ਨਿਰੰਨ–ਹਰੀ ਤੂੰ ਹੀ ਹੈ। ਤੂੰ ਹੀ ਮਾਇਆਧਾਰੀ (ਕਮਲਾਪਤੀ) ਹੈ। (ਨਿਰਗੁਣ ਆਪ ਸਰਗੁਣ ਭੀ ਓਹੀ) ‘ਰਾਮ’ ਦੀ ਭਗਤੀ ਰਾਮਾਨੰਦ ਜਾਣਦੇ ਹਨ, (ਪਰ) ਤੇਰੀ ਪ੍ਰਾਪਤੀ ਦੇ ਪਰਮਅਨੰਦ ਨੂੰ ਕੌਣ ਬਖਾਨੇ? ਕੋਈ ਕਿਵੇਂ ਕਹਿ ਸਕਦਾ ਹੈ। ਹੇ ਸੁੰਦਰ (ਮਦਨ) ਮੂਰਤਿ, (ਸਰਬ ਸੁੰਦਰਤਾ ਦੇ ਧਾਰਨੀ) ਗੋਬਿੰਦ ਜੀਓ। ਮੈਨੂੰ ਭਵ ਸਾਗਰ ਤੋਂ ਤਾਰ ਲਵੋ ਸੈਣ, ਤੇਰਾ ਭਜਨ ਗਾਉਂਦਾ ਹੋਇਆ, ਪਰਮ ਅਨੰਦ ਦਾ ਰਸ ਮਾਣਦਾ ਰਹਾਂ। [Summary.] [ਪੂਰੇ ਸ਼ਬਦ ਦਾ ਸਾਰ।]
(Arth Bodh SGGS, Dr. Rattan Singh Jaggi, c. 2007): ਸੈਣ ਕਹਿੰਦਾ ਹੈ ਕਿ (ਹੇ ਮੇਰੇ ਮਨ!) ਪਰਮਾਨੰਦ ਦਾ ਭਜਨ ਕਰੋ ।੪।੨।
(Aad SGGS Darshan Nirney Steek, Giani Harbans Singh, c. 2009-11): (ਸੋ) ਸੈਣ ਕਹਿੰਦਾ ਹੈ ਕਿ (ਹੇ ਪਰਮੇਸ਼ਰ! ਤੇਰਾ) ਭਜਨ ਪਰਮ ਅਨੰਦ (ਦੇਣ ਵਾਲਾ ਹੈ) ।੪।੨। ਭਣੈ-ਕਹਿੰਦਾ ਹੈ। ਭਜ-(ਤੂੰ) ਸਿਮਰ।
ਪੀਪਾ ॥
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥
(Faridkot Teeka, c. 1870s): ਤਾਂ ਤੇ ਇਸ (ਕਾਯਉ) ਕਾਇਆ ਵਾਲਾ ਚੇਤਨ ਹੀ ਦੇਵਤਾ ਹੈ ਪੁਨਾ ਵਹੀ ਚੇਤਨ ਰੂਪ ਦੇਵਲ ਅਰਥਾਤ ਮੰਦਰ ਹੈ ਔਰ ਵਹੀ ਕਾਯਾ ਵਾਲਾ ਚੇਤਨ (ਜੰਗਮ) ਤੀਰਥ ਵਾ ਜੰਘਾਂ ਵਾਲਾ ਹੋ ਕਰ ਤੀਰਥ (ਜਾਤੀ) ਯਾਤ੍ਰੀ ਹੋ ਰਹਾ ਹੈ॥
(Bhagat Bani Steek, Giani Bishan Singh, c. 1930): ਕਾਇਆਂ ਹੀ ਦੇਵਤਾ ਹੈ, ਕਾਇਆਂ ਹੀ ਠਾਕੁਰ ਦੁਆਰਾ ਹੈ ਕਾਇਆਂ ਹੀ ਜੰਘਾਂ ਵਾਲਾ ਠਾਕੁਰ ਦੁਆਰੇ ਜਾਣ ਵਾਲਾ ਯਾਤੀ ਹੈ ਵਾ ਕੀ ਹੈ ਦੇਵਤਾ ਕੀ ਹੈ ਠਾਕਰ ਦਵਾਰਾ ਕੀ ਹੈ ਜੰਗਮ ਆਦਿਕ ਭੇਖ ਧਾਰਕੇ ਓਨਾਂ ਦਾ ਯਾਤ੍ਰੀ ਹੋਣਾ ॥ ਕਾਯਉ = ਕੀ ਭਾਵ ਕੁਝ ਨਹੀਂ ਅਤੇ ਕਾਇਆਂ ਦੇਹ, ਇਹ ਇਸਦੇ ਦੋ ਅਰਥ ਹਨ।
(SGGS Steek, Bhai Manmohan Singh, c. 1960): ਦੇਹ ਅੰਦਰ ਪ੍ਰਭੂ ਹਾਜ਼ਰ ਹੈ ॥ ਦੇਹ ਉਸ ਦਾ ਮੰਦਰ ਹੈ ॥ ਦੇਹ ਦੇ ਅੰਦਰ ਯਾਤ੍ਰਾ ਅਸਥਾਨ ਹੈ ਜਿਸ ਦਾ ਮੈਂ ਯਾਤਰੂ ਹਾਂ ॥
(SGGS Darpan, Prof. Sahib Singh, c. 1962-64): (ਸੋ) ਕਾਇਆਂ (ਦੀ ਖੋਜ) ਹੀ ਮੇਰਾ ਦੇਵਤਾ ਹੈ (ਜਿਸ ਦੀ ਮੈਂ ਆਰਤੀ ਕਰਨੀ ਹੈ), ਸਰੀਰ (ਦੀ ਖੋਜ) ਹੀ ਮੇਰਾ ਮੰਦਰ ਹੈ (ਜਿਥੇ ਮੈਂ ਸਰੀਰ ਅੰਦਰ ਵੱਸਦੇ ਪ੍ਰਭੂ ਦੀ ਆਰਤੀ ਕਰਦਾ ਹਾਂ), ਕਾਇਆਂ (ਦੀ ਖੋਜ) ਹੀ ਮੈਂ ਜੰਗਮ ਅਤੇ ਜਾਤ੍ਰੂ ਲਈ (ਤੀਰਥ ਦੀ ਜਾਤ੍ਰਾ ਹੈ)। ਕਾਯਉ = ਕਾਯਾ ਹੀ, ਕਾਇਆਂ ਹੀ, ਸਰੀਰ। ਕਾਇਅਉ = ਕਾਇਆ ਹੀ। ਦੇਵਲ = {Skt. देव-आलय} ਦੇਵਾਲਾ, ਮੰਦਰ। ਜੰਗਮ = ਸ਼ਿਵ-ਉਪਾਸ਼ਕ ਰਮਤੇ ਜੋਗੀ, ਜਿਨ੍ਹਾਂ ਨੇ ਸਿਰ ਉਤੇ ਮੋਰਾਂ ਦੇ ਖੰਭ ਬੱਧੇ ਹੁੰਦੇ ਹਨ। ਜਾਤੀ = ਜਾਤ੍ਰੀ।
(S.G.P.C. Shabadarth, Bhai Manmohan Singh, c. 1962-69): ਪੀਪਾ* ॥ *ਇਹ ਗਗਰੌਨ ਗੜ੍ਹ ਦਾ ਰਾਜਾ ਸੀ, ਜੋ ਰਾਮਾਨੰਦ ਜੀ ਦੇ ਰਾਹੀਂ ਭਗਤੀ ਵਿੱਚ ਲੱਗਾ। ਸਮੁਚਾ ਭਾਵ: ਬਾਹਰ ਦੀਆਂ ਚੀਜ਼ਾਂ ਨਾਲ ਪੂਜਾ ਕਰਨ ਦੀ ਥਾਂ ਆਪਣੇ ਅੰਦਰ ਹੀ ਪੂਜਾ ਕਰੋ। ¹ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥ ¹ਕਾਯਉ ਯਾ ਕਾਇਅਉ=ਕਾਇਆਂ ਹੀ। ਸਰੀਰ ਹੀ ਦੇਵਤਾ, ਹਰੀ ਦਾ ਰੂਪ ਹੈ; ਸਰੀਰ ਹੀ ਉਸ ਦਾ ਮੰਦਰ ਹੈ; ਸਰੀਰ ਹੀ ਜੰਗਮ ਅਤੇ ਯਾਤਰੂ ਹੈ। ਜੰਗਮ=ਸਾਧੂਆਂ ਦੀ ਇਕ ਸ਼੍ਰੇਣੀ।
(Arth Bodh SGGS, Dr. Rattan Singh Jaggi, c. 2007): (ਹੇ ਜਿਗਿਆਸੂ!) ਸ਼ਰੀਰ ਹੀ (ਮੇਰਾ) ਦੇਵਤਾ ਹੈ, ਸ਼ਰੀਰ ਹੀ ਦੇਵਾਲਾ ਹੈ, ਸ਼ਰੀਰ ਦੀ (ਖੋਜ ਮੇਰੇ ਲਈ) ਜੰਗਮ ਅਤੇ ਯਾਤ੍ਰੀ (ਦੀ ਕ੍ਰਿਆ ਹੈ)।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਸਰੀਰ ਹੀ ਦੇਵਤਾ ਹੈ, ਸਰੀਰ ਹੀ ਮੰਦਰ ਹੈ, (ਕਿਉਂਕਿ ਇਸ ਸਰੀਰ ਵਿਚ ਹੀ ਪ੍ਰਕਾਸ਼ ਰੂਪ ਹਰੀ ਬੈਠਾ ਹੋਇਆ ਹੈ), ਕਾਇਆ ਦੀ (ਖੋਜ ਮੇਰੇ ਲਈ) ਜੰਗਮ (ਜੋਗੀ ਅਤੇ) ਯਾਤਰੀ (ਸਾਧੂਆਂ ਦੀ ਟੋਲੀ ਬਣਨਾ) ਹੈ। ਕਾਯਉ-ਸਰੀਰ। ਦੇਵਾ-ਦੇਤਵਾ। ਕਾਇਅਉ-ਭਾਇਅਉ ਹੀ। ਦੇਵਲ-ਮੰਦਰ। ਜੰਗਮ-ਜੋਗੀ। ਜਾਤੀ-ਯਾਤਰੀ।
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥
(Faridkot Teeka, c. 1870s): ਪੁਨਾ ਵਹੀ ਕਾਯਾ ਵਾਲਾ ਚੇਤਨ ਧੂਪ ਦੀਪ (ਨਈਬੇਦਾ) ਮਿਸਟਾਨ ਭੋਜਨ ਆਦਿ ਭੋਗ ਹੋ ਰਹਿਆ ਹੈ, ਤਿਸ ਕਾਯਾ ਵਾਲੇ ਚੇਤਨ ਕਾ ਜੋ ਜਾਣਨਾ ਹੈ, ਸੋਈ ਪਤ੍ਰੋਂ ਫੂਲੋਂ ਕਰ ਕੇ ਮੈਂ ਤਿਸ ਕਾ ਪੂਜਨ ਕਰ ਰਹਾ ਹੂੰ, ਵਾ ਪੂਜਨੇ ਵਾਲਾ ਭੀ ਓਹੀ ਹੈ॥੧॥
(Bhagat Bani Steek, Giani Bishan Singh, c. 1930): ਕਾਇਆਂ ਹੀ ਧੂਪ ਦੀਵਾ ਹੈ ਅਤੇ ਕਾਇਆਂ ਹੀ ਫਲ ਪੱਤ੍ਰ ਆਦਿਕ ਕਰਕੇ (ਨਈ ਵੇਦਾ) ਪੂਜਣੇ ਯੋਗ ਹੈ ਵਾ ਕੀ ਹੈ ਧੂਪ ਦੀਵਿਆਂ ਕਰਕੇ ਦੇਵਤਿਆਂ ਨੂੰ ਅਰਪਣਾ ਅਤੇ ਕੀ ਹੈ ਫੁੱਲ ਪੱਤ੍ਰ ਕਰਕੇ ਪੂਜਣਾਂ।
(SGGS Steek, Bhai Manmohan Singh, c. 1960): ਦੇਹ ਅੰਦਰ ਹੋਮ ਸਾਮਗਰੀ, ਦੀਵੇ ਤੇ ਪਵਿੱਤਰ ਭੋਜਨ ਹਨ ॥ ਦੇਹ ਅੰਦਰ ਹੀ ਪੱਤਿਆਂ ਦੀ ਭੇਟਾ ਹੈ ॥
(SGGS Darpan, Prof. Sahib Singh, c. 1962-64): ਸਰੀਰ (ਦੀ ਖੋਜ) ਹੀ (ਮੇਰੇ ਵਾਸਤੇ ਮੇਰੇ ਅੰਦਰ ਵੱਸਦੇ ਦੇਵਤੇ ਲਈ) ਧੂਪ ਦੀਪ ਤੇ ਨੈਵੇਦ ਹੈ, ਕਾਇਆ ਦੀ ਖੋਜ (ਕਰ ਕੇ) ਹੀ, ਮੈਂ ਮਾਨੋ, ਪੱਤਰ ਭੇਟ ਰੱਖ ਕੇ (ਆਪਣੇ ਅੰਦਰ ਵੱਸਦੇ ਇਸ਼ਟ ਦੇਵ ਦੀ) ਪੂਜਾ ਕਰ ਰਿਹਾ ਹਾਂ ॥੧॥ ਨਈਬੇਦਾ = ਦੁੱਧ ਦੀ ਖੀਰ ਆਦਿਕ ਸੁਆਦਲੇ ਭੋਜਨ, ਜੋ ਮੂਰਤੀ ਦੀ ਭੇਟ ਕੀਤੇ ਜਾਣ। ਪੂਜਉ = ਮੈਂ ਪੂਜਦਾ ਹਾਂ। ਪਤੀ = ਪੱਤਰ (ਆਦਿਕ ਭੇਟ ਧਰ ਕੇ) ॥੧॥
(S.G.P.C. Shabadarth, Bhai Manmohan Singh, c. 1962-69): ¹ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥ ¹ਸਰੀਰ ਹੀ ਧੂਪ, ਦੀਵੇ ਅਤੇ ਪ੍ਰਸ਼ਾਦ ਹੈ, ਸਰੀਰ ਹੀ ਫੁਲਾਂ ਪਤਰਾਂ ਨਾਲ ਪੂਜਾ ਕਰਨਾ ਹੈ।
(Arth Bodh SGGS, Dr. Rattan Singh Jaggi, c. 2007): ਸ਼ਰੀਰ ਦੀ (ਖੋਜ ਮੇਰੇ ਵਾਸਤੇ) ਧੂਪ, ਦੀਵਾ ਅਤੇ ਪ੍ਰਸ਼ਾਦ (ਨਈਬੇਦਾ) ਹੈ, ਸ਼ਰੀਰ ਦੀ (ਖੋਜ ਹੀ) ਪੂਜਣ ਲਈ (ਫੁਲ-)ਪਤੀ ਹੈ ।੧।
(Aad SGGS Darshan Nirney Steek, Giani Harbans Singh, c. 2009-11): ਕਾਇਆ (ਖੋਜ ਹੀ ਮੇਰੇ ਲਈ) ਧੂਪ, ਦੀਵੇ ਤੇ ਨਈਵੇਦ (ਛਕਣ ਲਈ ਪਰਸ਼ਾਦ ਆਦਿ) ਹੈ, ਕਾਇਆ ਦੀ (ਖੋਜ ਹੀ) ਮੈਂ ਪਤਰ (ਭੇਟਾ ਕਰਕੇ ਪ੍ਰਭੂ ਦੀ) ਪੂਜਾ ਕਰਦਾ ਹਾਂ ।੧। ਨਈਬੇਦ-ਦੁਧ ਦੀ ਖੀਰ ਆਦਿ, ਸੁਆਦਲੇ ਭੋਜਨ ਜੋ ਮੂਰਤੀ ਦੀ ਭੇਟਾ ਕੀਤੇ ਜਾਂਦੇ ਹਨ। ਪੂਜਉ-ਮੈਂ ਪੂਜਦਾ ਹਾਂ। ਪਾਤੀ-ਪੁੱਤਰ।
ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥
(Faridkot Teeka, c. 1870s): ਇਸ (ਕਾਇਆ) ਦੇਹੀ ਬਹੁਤ (ਖੰਡ) ਟੁਕੜੇ ਅਰਥਾਤ ਜੋੜਾਂ ਵਾਲੀ ਕੇ ਬੀਚ ਸੇ, ਵਾ ਕਾਯਾਂ ਖੰਡ ਮੇਂ ਸੇ ਬਹੁਤ ਵਿਚਾਰ ਦ੍ਵਾਰਾ ਖੋਜਤਿਆਂ ਹੋਇਆਂ, ਹਮ ਨੇ ਗੁਰੋਂ ਕੀ ਕ੍ਰਿਪਾ ਤੇ ਨਉ ਨਿਧਿ ਸਰਬ ਸੁਖ ਰੂਪ ਆਤਮ ਸਤਾ ਪਾਈ ਹੈ ਅਰਥਾਤ ਜਾਣੀ ਹੈ॥
(Bhagat Bani Steek, Giani Bishan Singh, c. 1930): ਖੰਡ = ਨੌ ਖੰਡ ਹੁੰਦੇ ਹਨ ਵ ਟੁਕੜੇ, ਜਗ੍ਹਾ। ਬਹੁਤਿਆਂ ਜੋੜਾਂ ਵਾਲੀ ਦੇਹੀ ਵਿਚੋਂ ਅਸਾਂ ਲਭਦਿਆਂ ਹੋਇਆਂ ਨੌ ਨਿਧੀ ਰੂਪ ਆਤਮ ਨਿਧੀ ਪਾਈ ਹੈ
(SGGS Steek, Bhai Manmohan Singh, c. 1960): ਮੈਂ ਘਣੇਰਿਆਂ ਮੰਡਲਾਂ ਦੀ ਢੂੰਡ ਭਾਲ ਕੀਤੀ ਹੈ ਅਤੇ ਮੈਂ ਕੇਵਲ ਦੇਹ ਅੰਦਰੋ ਹੀ ਨੌ ਖ਼ਜ਼ਾਨੇ ਪ੍ਰਾਪਤ ਕੀਤੇ ਹਨ ॥
(SGGS Darpan, Prof. Sahib Singh, c. 1962-64): ਦੇਸ ਦੇਸਾਂਤਰਾਂ ਨੂੰ ਖੋਜ ਕੇ (ਆਖ਼ਰ ਆਪਣੇ) ਸਰੀਰ ਦੇ ਅੰਦਰ ਹੀ ਮੈਂ ਪ੍ਰਭੂ ਦਾ ਨਾਮ-ਰੂਪ ਨੌ ਨਿਧੀ ਲੱਭ ਲਈ ਹੈ, ਬਹੁ ਖੰਡ = ਦੇਸ ਦੇਸਾਂਤਰ। ਨਵ ਨਿਧਿ = (ਨਾਮ-ਰੂਪ) ਨੌ ਖ਼ਜ਼ਾਨੇ।
(S.G.P.C. Shabadarth, Bhai Manmohan Singh, c. 1962-69): ¹ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥ ¹ਸਭ ਦੇਸਾਂ ਨੂੰ ਢੂੰਢਦੇ ਸ਼ਰੀਰ ਵਿਚ ਹੀ ਨੌਂ ਖ਼ਜ਼ਾਨੇ ਪਾਏ। ਦੇਖੋ ਪੰ. ੩੫੩, ਫੁਟ ਨੋਟ*।
(Arth Bodh SGGS, Dr. Rattan Singh Jaggi, c. 2007): (ਸ੍ਰਿਸ਼ਟੀ ਦੇ) ਬਹੁਤ ਖੰਡ ਖੋਜਦੇ ਹੋਇਆਂ (ਆਖ਼ਰ ਮੈਂ ਨਾਮ ਰੂਪ) ਨੌਂ ਖ਼ਜ਼ਾਨੇ ਕਾਇਆ ਵਿਚ ਹੀ ਪ੍ਰਾਪਤ ਕਰ ਲਏ ਹਨ।
(Aad SGGS Darshan Nirney Steek, Giani Harbans Singh, c. 2009-11): ਕਾਇਆ ਦੇ ਅੰਦਰ ਬਹੁਤ ਖੰਡ ਖੋਜਦੇ ਹੋਏ (ਮੈਂ ਪ੍ਰਭੂ ਦੇ ਰੂਪੀ) ਨਉਨਿਧੀ ਪਾ ਲਈ ਹੈ। ਬਹੁ ਖੰਡ-ਬਹੁਤ ਦੇਸ ਦੇਸਤੰਰ। ਨਵਨਿਧਿ-ਨੌ ਨਿਧਾਂ ਤੋਂ ਭਾਵ ਹੈ — ਨਾਮ ਵਸਤੂ।
ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥
(Faridkot Teeka, c. 1870s): ਤਿਸੀ ਤੇ ਅਬ ਯਿਹ ਨਿਸਚੈ ਹੂਆ ਹੈ ਕਿ ਨਾ ਕਿਛੁ (ਆਇਬੋ) ਆਵਤਾ ਹੈ ਅਰਥਾਤ ਜਨਮਤਾ ਹੈ ਔਰ ਨਾ ਕਿਛੁ (ਜਾਇਬੋ) ਜਾਤਾ ਅਰਥਾਤ ਮਰਤਾ ਹੈ। ਮੈਂ ਰਾਮ ਕੀ ਦੁਹਾਈ ਅਰਥਾਤ ਸਪਤ ਕਰ ਕਹਤਾ ਹੂੰ, ਭਾਵ ਸੇ ਸਤ ਉਚਾਰਨ ਕਰਤਾ ਹੂੰ॥੧॥ ਰਹਾਉ ॥
(Bhagat Bani Steek, Giani Bishan Singh, c. 1930): ਇਸ ਲਈ ਅਸਾਂ ਜਾਣ ਲਿਆ ਹੈ ਕਿ ਨਾ ਕੁਝ ਆਉਂਦਾ ਹੈ ਨਾ ਕੁਝ ਜਾਂਦਾ ਹੈ ਭਾਵ ਜੰਮਦਾ ਮਰਦਾ ਹੈ ਵਾਹਿਗੁਰੂ ਦੀ ਦੁਹਾਈ ਹੈ ਭਾਵ ਸਾਨੂੰ ਕਸਮ ਹੈ ॥
(SGGS Steek, Bhai Manmohan Singh, c. 1960): ਜਦ ਦੀ ਮੈਂ ਪ੍ਰਭੂ ਪਾਸੋਂ ਰਹਿਮਤ ਦੀ ਜਾਚਨਾ ਕੀਤੀ ਹੈ, ਮੇਰੇ ਲਈ ਨਾਂ ਆਉਣਾ ਹੈ ਤੇ ਨਾਂ ਹੀ ਜਾਂਦਾ ॥ ਠਹਿਰਾਉ ॥
(SGGS Darpan, Prof. Sahib Singh, c. 1962-64): (ਹੁਣ ਮੇਰੀ ਕਾਇਆਂ ਵਿਚ) ਪਰਮਾਤਮਾ (ਦੀ ਯਾਦ) ਦਾ ਹੀ ਤੇਜ-ਪ੍ਰਤਾਪ ਹੈ, (ਉਸ ਦੀ ਬਰਕਤਿ ਨਾਲ ਮੇਰੇ ਲਈ) ਨਾ ਕੁਝ ਜੰਮਦਾ ਹੈ ਨਾਹ ਮਰਦਾ ਹੈ (ਭਾਵ, ਮੇਰਾ ਜਨਮ ਮਰਨ ਮਿਟ ਗਿਆ ਹੈ) ॥੧॥ ਰਹਾਉ ॥ ਆਇਬੋ = ਜੰਮੇਗਾ। ਜਾਇਬੋ = ਮਰੇਗਾ। ਦੁਹਾਈ = ਤੇਜ ਪ੍ਰਤਾਪ ॥੧॥ ਰਹਾਉ ॥
(S.G.P.C. Shabadarth, Bhai Manmohan Singh, c. 1962-69): ¹ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥ ¹ਦੁਹਾਈ ਜੇ ਰਾਮ ਦੀ! ਨਾ ਕੋਈ ਆਉਂਦਾ ਹੈ, ਨਾ ਕੋਈ ਜਾਂਦਾ ਹੈ।
(Arth Bodh SGGS, Dr. Rattan Singh Jaggi, c. 2007): (ਹੁਣ) ਨ ਕੁਝ ਆਉਂਦਾ ਹੈ, ਨ ਕੁਝ ਜਾਂਦਾ ਹੈ (ਅਰਥਾਤ ਜੰਮਣ ਮਰਨ ਦਾ ਗੇੜ ਮੁਕ ਗਿਆ ਹੈ), (ਮੈਂ) ਰਾਮ ਦੀ ਦੁਹਾਈ ਦੇ ਰਿਹਾ ਹਾਂ ।੧।ਰਹਾਉ।
(Aad SGGS Darshan Nirney Steek, Giani Harbans Singh, c. 2009-11): ਨਾ ਕੁਝ ਆਂਦਾ ਹੈ ਨਾ ਕੁਝ ਜਾਂਦਾ ਹੈ (ਮੈਂ ਤਾਂ) ਰਾਮ ਦੀ ਦੁਹਾਈ (ਦੇ ਰਿਹਾ ਹਾਂ) ।੧।ਰਹਾਉ। ਆਇਬੋ-ਆਉਂਦਾ ਹੈ। ਜਾਇਬੋ-ਜਾਂਦਾ ਹੈ। ਰਾਮ ਕੀ ਦੁਹਾਈ-ਰਾਮ ਦੀ ਭੇਟਾ ਗਾ ਰਿਹਾ ਹਾਂ।
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
(Faridkot Teeka, c. 1870s): ਜੋ ਬ੍ਰਹਮੰਡੋਂ ਮੇਂ ਵਿਆਪਕ ਹੈ, ਸੋਈ ਇਸ (ਪਿੰਡੇ) ਸਰੀਰ ਮੇਂ ਹੈ, ਪਰੰਤੂ ਜੋ ਗੁਰੋਂ ਦ੍ਵਾਰੇ ਵੀਚਾਰ ਕਰ ਕੇ ਖੋਜਤਾ ਹੈ, ਸੋਈ ਤਿਸ ਕੋ ਪਾਵਤਾ ਹੈ॥
(Bhagat Bani Steek, Giani Bishan Singh, c. 1930): ਪਿੰਡੈ = ਸਰੀਰ। ਜੇਹੜਾ ਵਾਹਿਗੁਰੂ ਸਾਰੇ ਬ੍ਰਹਮੰਡ ਵਿੱਚ ਵਿਆਪਕ ਹੈ ਸੋਈਓ ਹੀ ਹਰ ਇਕ ਸਰੀਰ ਵਿੱਚ ਹੇ ਜੇਹੜਾ ਖੋਜੇਗਾ ਓਹੋ ਹੀ ਉਸਨੂੰ ਲਭ ਲਵੇਗਾ
(SGGS Steek, Bhai Manmohan Singh, c. 1960): ਜਿਹੜਾ ਆਲਮ ਵਿੱਚ ਹੈ, ਉਹ ਦੇਹ ਵਿੱਚ ਭੀ ਵਸਦਾ ਹੈ ॥ ਜਿਹੜਾ ਕੋਈ ਭਾਲਦਾ ਹੈ, ਉਹ ਉਸ ਨੂੰ ਉਥੇ ਪਾ ਲੈਦਾ ਹੈ ॥
(SGGS Darpan, Prof. Sahib Singh, c. 1962-64): ਜੋ ਸ੍ਰਿਸ਼ਟੀ ਦਾ ਰਚਣਹਾਰ ਪਰਮਾਤਮਾ ਸਾਰੇ ਬ੍ਰਹਮੰਡ ਵਿਚ (ਵਿਆਪਕ) ਹੈ ਉਹੀ (ਮਨੁੱਖਾ) ਸਰੀਰ ਵਿਚ ਹੈ, ਜੋ ਮਨੁੱਖ ਖੋਜ ਕਰਦਾ ਹੈ ਉਹ ਉਸ ਨੂੰ ਲੱਭ ਲੈਂਦਾ ਹੈ, ਪਿੰਡੇ = ਸਰੀਰ ਵਿਚ। ਪਾਵੈ = ਲੱਭ ਲੈਂਦਾ ਹੈ।
(S.G.P.C. Shabadarth, Bhai Manmohan Singh, c. 1962-69): ¹ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥ ¹ਜੋ ਕੁਝ ਸ੍ਰਿਸ਼ਟੀ ਵਿੱਚ ਹੈ, ਉਹ ਸਭ ਕੁਝ ਸ਼ਰੀਰ ਵਿੱਚ ਹੈ; ਜੋ ਖੋਜਦਾ ਹੈ, ਉਹ ਪਾ ਲੈਂਦਾ ਹੈ। ਪੀਪਾ ਬੇਨਤੀ ਕਰਦਾ ਹੈ ਕਿ ਹਰੀ ਸਭ ਦਾ ਅਸਲ ਮੂਲ ਹੈ ਅਤੇ ਆਪ ਹੀ ਗੁਰੂ ਬਣ ਕੇ ਆਪਣਾ ਆਪ ਸਾਨੂੰ ਸੁਝਾਉਂਦਾ ਹੈ।
(Arth Bodh SGGS, Dr. Rattan Singh Jaggi, c. 2007): ਜੋ (ਪਰਮ-ਸੱਤ) ਬ੍ਰਹਮੰਡ ਵਿਚ ਹੈ, ਉਹੀ ਸ਼ਰੀਰ ਵਿਚ ਹੈ, ਜੋ (ਸ਼ਰੀਰ ਵਿਚ) ਖੋਜਦਾ ਹੈ, ਉਹ ਪਾ ਲੈਂਦਾ ਹੈ।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਜੋ (ਹਰੀ) ਬ੍ਰਹਮੰਡ ਵਿਚ (ਵਿਆਪਕ ਹੈ) ਓਹੀ ਸਰੀਰ ਵਿਚ ਹੈ (ਪਰ) ਜੋ ਖੋਜਦਾ ਹੈ ਉਹ (ਉਸ ਨੂੰ) ਪਾ ਲੈਂਦਾ ਹੈ। ਬ੍ਰਹਮੰਡ-ਬ੍ਰਹਿਮੰਡ ਵਿਚ। ਪਿੰਡੇ-ਪਿੰਡ (ਸਰੀਰ) ਵਿਚ।
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥
(Faridkot Teeka, c. 1870s): ਸ੍ਰੀ ਪੀਪਾ ਜੀ ਕਹਤੇ ਹੈਂ: ਐਸਾ ਜੋ ਪਰਮ ਤਤੁ ਸਰੂਪ ਹੈ ਤਿਸ ਕਾ ਲਖਾਵਣਾ ਸਤਿਗੁਰੋਂ ਦ੍ਵਾਰਾ ਹੀ ਹੋਤਾ ਹੈ; ਵਾ ਜਿਸ ਕੋ ਸਤਿਗੁਰੂ ਪ੍ਰਾਪਤਿ ਹੋਵੈ ਤਿਸ ਕੋ ਲਖਾਵੈ ਹੈ॥੨॥੩॥ ਸ੍ਰੀ ਧੰਨਾ ਭਗਤ ਜੀ ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਆਰਤੀ ਕਰ ਕੇ ਜਾਚਨਾ ਕਰਤੇ ਹੈਂ। ਨੋਟ: ਮੂਰਤੀ-ਪੂਜਾ ਦੇ ਘੁੱਪ ਹਨੇਰੇ ਵਿਚ ਕਿਤੇ ਟਾਵੇਂ ਟਾਵੇਂ ਪ੍ਰਭੂ-ਸਿਮਰਨ ਦੀ ਇਹ ਲੋ ਹੋ ਰਹੀ ਸੀ। ਸਤਿਗੁਰੂ ਨਾਨਕ ਦੇਵ ਜੀ ਨੇ ਭਾਰਤ ਦੇ ਸਾਰੇ ਉਹ ਅਸਥਾਨ ਫਿਰ ਕੇ ਵੇਖੇ ਜੋ ਧਰਮ-ਪ੍ਰਚਾਰ ਦਾ ਸੋਮਾ ਅਖਵਾਂਦੇ ਸਨ। ਇਹ ਭਗਤ ਆਪੋ ਆਪਣੇ ਵਤਨ ਵਿਚ ਬੈਠੇ ਕੁਰਾਹੇ ਜਾ ਰਹੇ ਬੰਦਿਆਂ ਨੂੰ ਪ੍ਰਭੂ-ਭਗਤੀ ਦਾ ਚਾਨਣ ਦੇਣ ਦੇ ਜਤਨ ਕਰਦੇ ਰਹੇ। ਇਹ ਹੋ ਨਹੀਂ ਸੀ ਸਕਦਾ ਕਿ ਰੱਬੀ ਨੂਰ ਦੇ ਆਸ਼ਿਕ ਸਤਿਗੁਰੂ ਜੀ ਦੀਆਂ ਨਜ਼ਰਾਂ ਤੋਂ ਉਹ ਚਾਨਣ, ਜਿਸ ਨੂੰ ਉਹ ਆਪ ਪਿਆਰ ਕਰਨ ਵਾਲੇ ਸਨ, ਉਹਲੇ ਰਹਿ ਜਾਂਦਾ, ਜਦੋਂ ਕਿ ਉਹ ਸਾਰੇ ਭਾਰਤ ਵਿਚ ਇਹੀ ਚਾਨਣ ਅਪੜਾਣ ਲਈ ਪੂਰੇ ਅੱਠ ਸਾਲ ਕਈ ਔਖ ਸਹਾਰ ਸਹਾਰ ਕੇ ਫਿਰਦੇ ਰਹੇ। ਨੋਟ: ਇਸ ਸ਼ਬਦ ਵਿਚ ਭਗਤ ਪੀਪਾ ਜੀ ਮੂਰਤੀ-ਪੂਜਾ ਦਾ ਖੰਡਨ ਕਰਦੇ ਹਨ ਤੇ ਆਖਦੇ ਹਨ ਕਿ ਮੰਦਰ ਵਿਚ ਅਸਥਾਪਨ ਕੀਤੇ ਦੇਵਤੇ ਨੂੰ ਧੂਪ, ਦੀਵੇ ਤੇ ਨਈਵੇਦ ਪੱਤ੍ਰ ਆਦਿਕਾਂ ਦੀ ਭੇਟ ਰੱਖ ਕੇ ਪੂਜਣ ਦੇ ਥਾਂ ਸਰੀਰ-ਮੰਦਰ ਵਿਚ ਵੱਸਦੇ ਰਾਮ ਨੂੰ ਸਿਮਰੋ। ਹਰੇਕ ਸ਼ਬਦ ਦਾ ਮੁੱਖ ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ। ਸੋ, ‘ਰਹਾਉ’ ਦੀ ਤੁਕ ਤੋਂ ਸ਼ੁਰੂ ਕੀਤਿਆਂ ਭਗਤ ਪੀਪਾ ਜੀ ਦੇ ਸ਼ਬਦ ਦਾ ਭਾਵ ਇਉਂ ਬਣਦਾ ਹੈ-ਜਿਸ ਮਨੁੱਖ ਦੇ ਸਰੀਰ ਵਿਚ ਰਾਮ ਦੀ ਯਾਦ ਦੀ ਦੁਹਾਈ ਮੱਚ ਜਾਂਦੀ ਹੈ, ਉਹ ਦੇਸ ਦੇਸਾਂਤਰਾਂ ਦੇ ਤੀਰਥਾਂ ਤੇ ਮੰਦਰਾਂ ਵਲ ਭਟਕਣ ਦੇ ਥਾਂ ਰਾਮ ਨੂੰ ਆਪਣੇ ਸਰੀਰ ਵਿਚ ਹੀ ਲੱਭ ਲੈਂਦਾ ਹੈ। ਸੋ, ਉਸ ਰਾਮ ਨੂੰ ਆਪਣੇ ਸਰੀਰ ਦੇ ਅੰਦਰ ਲੱਭੋ, ਇਹੀ ਅਸਲ ਦੇਵਤੇ ਦੀ ਭਾਲ ਹੈ, ਇਹੀ ਅਸਲ ਮੰਦਰ ਹੈ, ਇਹੀ ਅਸਲ ਪੂਜਾ ਹੈ। ਪਰ ਉਸ ਪਰਮ-ਤੱਤ (ਪਰਮਾਤਮਾ) ਨੂੰ ਨਿਰਾ ਆਪਣੇ ਸਰੀਰ ਵਿਚ ਹੀ ਨਾਹ ਸਮਝ ਰੱਖਣਾ, ਸਾਰੇ ਬ੍ਰਹਮੰਡ ਵਿਚ ਭੀ ਉਹੀ ਵੱਸਦਾ ਵੇਖੋ। ਇਹ ਸੂਝ ਸਤਿਗੁਰੂ ਪਾਸੋਂ ਮਿਲਦੀ ਹੈ। ਭਗਤ ਜੀ ਨੇ ਇਸ ਸ਼ਬਦ ਵਿਚ ਹੇਠ-ਲਿਖੀਆਂ ਚਾਰ ਗੱਲਾਂ ਤੇ ਜ਼ੋਰ ਦਿੱਤਾ ਹੈ: (੧) ਪਰਮਾਤਮਾ ਦੀ ਯਾਦ, ਸਾਧਾਰਨ ਯਾਦ ਨਹੀਂ ਸਗੋਂ ਪਰਮਾਤਮਾ ਦੀ ਦੁਹਾਈ ਪਰਮਾਤਮਾ ਦੀ ਤੀਬਰ ਯਾਦ; (੨) ਪਰਮਾਤਮਾ ਦੀ ਯਾਦ ਹੀ ਅਸਲੀ ਦੇਵ-ਪੂਜਾ ਹੈ; (੩) ਉਹ ਪਰਮਾਤਮਾ ਹਰੇਕ ਮਨੁੱਖ ਦੇ ਅੰਦਰ ਵੱਸਦਾ ਹੈ, ਸਾਰੀ ਸ੍ਰਿਸ਼ਟੀ ਵਿਚ ਭੀ ਵੱਸਦਾ ਹੈ, ਤੇ ਸਾਰੀ ਸ੍ਰਿਸ਼ਟੀ ਦਾ ਰਚਣਹਾਰਾ ਹੈ; (੪) ਸਤਿਗੁਰੂ ਹੀ ਪਰਮਾਤਮਾ ਨਾਲ ਮਿਲਾਪ ਕਰਾ ਸਕਦਾ ਹੈ। ਪਰ ਵਿਰੋਧੀ ਸੱਜਣ ਜੀ ਇਸ ਸ਼ਬਦ ਨੂੰ ਗੁਰਮਤਿ ਦੇ ਉਲਟ ਸਮਝਦੇ ਹੋਏ ਇਸ ਬਾਰੇ ਇਉਂ ਲਿਖਦੇ ਹਨ: “ਇਹ ਸ਼ਬਦ ਵੇਦਾਂਤ ਮਤ ਦਾ ਹੈ ਅਰੁ ਗੋਸਾਈਂ ਰਾਮਾਨੰਦ ਜੀ ਦੀ ਰਚਨਾ ਨਾਲ ਮਿਲਦਾ ਜੁਲਦਾ ਹੈ, ਮਾਨੋ, ਦੋਵੇਂ ਸ਼ਬਦ ਇੱਕ ਦੀ ਰਚਨਾ ਹਨ। ਭਗਤ ਜੀ ਕਾਇਆਂ ਵਿਚ ਰੱਬ ਮੰਨਦੇ ਹਨ। ਮੈਂ ਬ੍ਰਹਮ ਹਾਂ (ਅਹੰ ਬ੍ਰਹਮ ਅਸਮੀ) ਦਾ ਸਿੱਧਾਂਤ ਹੈ। ਇਸ ਸ਼ਬਦ ਅੰਦਰ ਪ੍ਰੇਮਾ ਭਗਤੀ ਦਾ ਲੇਸ ਬਿਲਕੁਲ ਨਹੀਂ, ਕੇਵਲ ਗਿਆਨ ਵਿਚਾਰ ਚਰਚਾ ਹੈ। ਵੇਦਾਂਤੀ ਮੂੰਹ ਜ਼ਬਾਨੀ ਲੇਖਾ ਪੱਤਾ ਨਿਬੇੜ ਕੇ ਆਪਣੇ ਆਪ ਨੂੰ ਹੀ ਰੱਬ ਕਲਪਤ ਕਰਦੇ ਹਨ, ਪਰ ਗੁਰਮਤਿ ਅੰਦਰ ਇਸ ਆਸ਼ੇ ਦਾ ਪੂਰਨ ਤੌਰ ਪਰ ਖੰਡਨ ਹੈ। ਵੇਦਾਂਤ ਮਤ ਹਉਮੈ ਹੰਕਾਰ ਦੀ ਗਠੜੀ ਹੈ। ਗੁਰਮਤਿ ਅਤੇ ਵੇਦਾਂਤ ਮਤ ਵਿਚ ਦਿਨ ਰਾਤ ਦਾ ਫ਼ਰਕ ਹੈ।” ਸ਼ਬਦ ਦੇ ਵਿਰੁੱਧ ਉਸ ਸੱਜਣ ਜੀ ਨੇ ਦੋ ਇਤਰਾਜ਼ ਕੀਤੇ ਹਨ-(੧) ਇਹ ਸ਼ਬਦ ਵੇਦਾਂਤ ਮਤ ਦਾ ਹੈ, ਭਗਤ ਜੀ ਕਾਇਆਂ ਵਿਚ ਰੱਬ ਮੰਨਦੇ ਹਨ, ‘ਮੈਂ ਬ੍ਰਹਮ ਹਾਂ’ ਦਾ ਸਿੱਧਾਂਤ ਹੈ। (੨) ਇਸ ਸ਼ਬਦ ਅੰਦਰ ਪ੍ਰੇਮਾ ਭਗਤੀ ਦਾ ਲੇਸ ਬਿਲਕੁਲ ਨਹੀਂ। ਇਤਰਾਜ਼ ਕਰਨ ਵਾਲੇ ਸੱਜਣ ਜੀ ਨੇ ਇਤਰਾਜ਼ ਕਰਨ ਵਿਚ ਕੁਝ ਕਾਹਲੀ ਕਰ ਵਿਖਾਈ ਹੈ। ਇਹਨਾਂ ਨੂੰ ਤਾਂ ‘ਪ੍ਰੇਮਾ ਭਗਤੀ ਦਾ ਲੇਸ’ ਭੀ ਨਹੀਂ ਲੱਭਾ, ਪਰ ਭਗਤ ਜੀ ਨੇ ‘ਰਹਾਉ’ ਦੀ ਤੁਕ ਵਿਚ ਸ਼ਬਦ ਦਾ ਮੁੱਖ ਭਾਵ ਹੀ ਇਹ ਆਖਿਆ ਹੈ ਕਿ ਮੰਦਰ ਵਿਚ ਜਾ ਕੇ ਮੂਰਤੀ-ਪੂਜਾ ਕਰਨ ਦੇ ਥਾਂ ਆਪਣੇ ਸਰੀਰ ਦੇ ਅੰਦਰ “ਰਾਮ ਕੀ ਦੁਹਾਈ” ਮਚਾ ਦਿਉ, ਇਤਨੀ ਤੀਬਰ ਯਾਦ ਵਿਚ ਜੁੜੋ ਕਿ ਕਿਸੇ ਅਨ-ਪੂਜਾ ਦਾ ਫੁਰਨਾ ਉੱਠੇ ਹੀ ਨਾਹ, ਅੰਦਰ ਰਾਮ ਹੀ ਰਾਮ ਦੀ ਲਿਵ ਬਣ ਜਾਏ। ਇਤਰਾਜ਼ ਕਰਨ ਵਾਲੇ ਸੱਜਣ ਜੀ ਨੂੰ ਇਥੇ ਵੇਦਾਂਤ ਮਤ ਦਿੱਸਿਆ ਹੈ, ਪਰ ਭਗਤ ਜੀ ਨੇ ਆਪਣੇ ਰੱਬ ਬਾਰੇ ਤਿੰਨ ਗੱਲਾਂ ਸਾਫ਼ ਆਖੀਆਂ ਹਨ-ਉਹ ਰੱਬ ਮਨੁੱਖਾ ਸਰੀਰ ਵਿਚ ਵੱਸਦਾ ਹੈ, ਉਹ ਪ੍ਰਭੂ ਸਾਰੇ ਬ੍ਰਹਮੰਡ ਵਿਚ ਵੱਸਦਾ ਹੈ, ਤੇ ਉਹ ਪਰਮਾਤਮਾ “ਪਰਮ ਤਤੁ” ਹੈ, ਭਾਵ ਸਾਰੀ ਰਚਨਾ ਦਾ ਮੂਲ-ਕਾਰਨ ਹੈ, ਬ੍ਰਹਮੰਡ ਵਿਚ ਨਿਰਾ ਵੱਸਦਾ ਹੀ ਨਹੀਂ ਹੈ, ਬ੍ਰਹਮੰਡ ਨੂੰ ਬਨਾਣ ਵਾਲਾ ਭੀ ਹੈ। ਚੰਗਾ ਹੋਵੇ ਜੇ ਅਸੀਂ ਕਿਸੇ ਪੱਖ-ਪਾਤ ਵਿਚ ਆ ਕੇ ਕਾਹਲੀ ਨਾਲ ਮੂੰਹ ਨਾਹ ਮੋੜਦੇ ਜਾਈਏ। ਸਮਾ ਦੇ ਕੇ ਸਹਿਜੇ ਸਹਿਜੇ ਸਾਂਝ ਪਾਓ, ਇਸ ਸ਼ਬਦ ਵਿਚ ਤੇ ਗੁਰਮਤਿ ਵਿਚ ਕੋਈ ਫ਼ਰਕ ਨਹੀਂ ਦਿੱਸੇਗਾ।
(Bhagat Bani Steek, Giani Bishan Singh, c. 1930): ਪ੍ਰਣਵੈ = ਨਮਸਕਾਰ ਕਰੇ। ਪੀਪਾ ਜੀ ਕਹਿੰਦੇ ਹਨ ਓਹ ਪਰਮ ਤਤ ਸਰੂਪ ਵਾਹਿਗੁਰੂ ਅੰਦਰ ਹੀ ਹੇ ਪਰ ਜਿਸਨੂੰ ਸਤਿਗੁਰੂ ਮਿਲਦੇ ਹਨ ਉਸ ਨੂੰ (ਦਯਾਲੂ ਹੱਕੇ) ਦਸ ਦੇਂਦੇ ਹਨ।
(SGGS Steek, Bhai Manmohan Singh, c. 1960): ਪੀਪਾ ਬੇਨਤੀ ਕਰਦਾ ਹੈ, ਸਾਹਿਬ ਸਾਰਿਆਂ ਦਾ ਮਹਾਨ ਸਾਰ ਅੰਸ ਹੈ ॥ ਜਦ ਸੱਚੇ ਗੁਰਦੇਵ ਜੀ ਹੋਣ ਉਹ ਉਸੇ ਨੂੰ ਵਿਖਾਲ ਦਿੰਦੇ ਹਨ ॥
(SGGS Darpan, Prof. Sahib Singh, c. 1962-64): ਪੀਪਾ ਬੇਨਤੀ ਕਰਦਾ ਹੈ- ਜੇ ਸਤਿਗੁਰੂ ਮਿਲ ਪਏ ਤਾਂ ਉਹ (ਅੰਦਰ ਹੀ) ਸਭ ਤੋਂ ਵੱਡੀ ਅਸਲੀਅਤ, ਪਰਲੇ ਤੋਂ ਪਰਲਾ ਤੱਤ, ਸ੍ਰਿਸ਼ਟੀ ਦੇ ਅਸਲ ਸੋਮੇ ਦਾ ਦਰਸ਼ਨ ਕਰਾ ਦੇਂਦਾ ਹੈ ॥੨॥੩॥ ਪ੍ਰਣਵੈ = ਬੇਨਤੀ ਕਰਦਾ ਹੈ। ਪਰਮ ਤਤੁ = ਪਰਮ ਆਤਮਾ, ਪਰਮਾਤਮਾ, ਸਭ ਤੋਂ ਵੱਡੀ ਅਸਲੀਅਤ, ਪਰਲੇ ਤੋਂ ਪਰਲਾ ਤੱਤ, ਸ੍ਰਿਸ਼ਟੀ ਦਾ ਅਸਲ ਸੋਮਾ। ਲਖਾਵੈ = ਜਣਾਉਂਦਾ ਹੈ।੨ ॥੨॥੩॥
(S.G.P.C. Shabadarth, Bhai Manmohan Singh, c. 1962-69): ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥
(Itihaas Bhagat Bani Bhaag, Giani Gurdit Singh, c. 1990): ਸ਼ਬਦ ਦਾ ਭਾਵ ਅਰਥ ਹੈ: ਪੀਪਾ ਜੀ ਨੇ, ਇਸ ਕਾਇਆ ਨੂੰ ਖੋਜ ਕੇ ਇਸ ਵਿੱਚੋਂ ਹੀ ਪ੍ਰਾਪਤੀਆਂ (ਜੋ ਖੋਜੈ ਸੋ ਪਾਵੈ) ਦਾ ਅਨੁਭਵ ਕੀਤਾ ਹੈ। ਸਰੀਰ (ਕਾਇਆ) ਹੀ ਦੇਵਤਾ ਹੈ, ਸਰੀਰ ਹੀ ਹਰੀ ਦਾ ਰੂਪ ਹੈ। ਦੇਵ ਮੰਦਰਾਂ ਦੀ ਆਰਤੀ ਉਤਾਰਨ ਦੀ ਥਾਂ, ਉਨ੍ਹਾਂ ਦੱਸਿਆ ਹੈ, ਕਾਇਆ ਹੀ ਮੰਦਰ ਹੈ। ਕਾਇਆ ਦੀ ਜੰਗਮ ਜੋਗੀ ਹੈ। ਕਾਇਆ ਹੀ ਖੋਜ ਤੀਰਥ ਹੈ, ਵੇਦ ਹੈ ਮੰਹਰਾਂ ਦੀ ਯਾਤਰਾ ਹੈ। ਕਾਇਆ ਦੀ ਖੋਜ ਮੇਰੇ ਲਈ ਧੂਪ, ਦੀਪ, ਨਈ ਵੇਦਾ ਹੈ। ਕਾਇਆ ਦੀ ਖੋਜ ਹੀ ਦੇਵਤੇ ਸਾਹਮਣੇ ਭੇਟਾ ਰੱਖਣੀ ਹੈ। ਕਾਇਆ ਦੇ ਖੰਡਾਂ (ਭੇਦਾਂ) ਨੂੰ ਖੋਜਣ ਨਾਲ ਨੌ ਨਿਧਾਂ ਪ੍ਰਾਪਤ ਹੁੰਦੀਆਂ ਹਨ। ਜੋ ਪ੍ਰਮੇਸ਼ਰ ਸਾਰੇ ਬ੍ਰਹਿਮੰਡ ਵਿੱਚ ਹੈ ਉਹੋ ਪਿੰਡ (ਕਾਇਆ) ਵਿੱਚ ਹੈ, ਜੋ ਕੁੱਝ ਸ਼ਿਸ਼ਟੀ ਵਿੱਚ ਹੈ ਉਹ ਸਭ ਕੁੱਝ ਸਰੀਰ ਵਿੱਚ ਹੈ। ਜੋ ਖੋਜਦਾ ਹੈ ਉਹ ਪਾਉਂਦਾ ਹੈ (ਜੋ ਖੋਜੈ ਸੋ ਪਾਵੈ)। ਪਰਮ ਤੱਤ ਦੀ ਪ੍ਰਾਪਤੀ ਦਾ ਸੰਕੇਤ ਦਿੰਦੇ ਹੋਏ ਪੀਪਾ ਜੀ ਕਹਿੰਦੇ ਹਨ ਕਿ ਪਰਮ ਤੱਤ ਬਾਰੇ ਉਹ ਹੀ ਜਾਣ ਸਕਦਾ ਹੈ ਜਿਸ ਉੱਪਰ ਸਤਿਗੁਰੂ ਦੀ ਕਿਰਪਾ ਹੋਵੇ, ਜਦੋਂ ਪੂਰਾ ਸਤਿਗੁਰ ਪਰਮ ਤੱਤ ਲਖਾਉਂਦਾ ਹੈ ਉਦੋਂ ਹੀ ਲਖਿਆ ਜਾ ਸਕਦਾ ਹੈ। [Summary.] [ਪੂਰੇ ਸ਼ਬਦ ਦਾ ਸਾਰ।]
(Arth Bodh SGGS, Dr. Rattan Singh Jaggi, c. 2007): ਪੀਪਾ ਬੇਨਤੀ ਕਰਦਾ ਹੈ ਕਿ (ਉਹ) ਪਰਮ–ਤੱਤ੍ਰ ਹੀ (ਪਰਮ–ਸੱਤ) ਹੈ, (ਜੇ) ਸਤਿਗੁਰੂ (ਪ੍ਰਾਪਤ) ਹੋ ਜਾਏ, (ਤਾਂ ਅੰਦਰ ਹੀ) ਵਿਖਾ ਦਿੰਦਾ ਹੈ ।੨।੩।
(Aad SGGS Darshan Nirney Steek, Giani Harbans Singh, c. 2009-11): ਪੀਪਾ (ਭਗਤ) ਬੇਨਤੀ ਕਰਦਾ ਹੈ (ਭਾਵ ਆਖਦਾ ਹੈ ਕਿ ਉਹ) ਪ੍ਰਭੂ ਪਰਮ ਤੱਤ (ਅਸਲੀ ਸਤਾ) ਹੈ, ਜੋ ਸਤਿਗੁਰੂ ਬਣ ਕੇ (ਆਪਣਾ ਆਪ) ਸਮਝਾ ਦਿੰਦਾ ਹੈ ।੨।੩। ਪ੍ਰਣਵੈ-ਬੇਨਤੀ ਕਰਦਾ ਹੈ। ਤਤੁ-ਅਸਲੀਅਤ। ਲਖਾਵੈ-ਜਣਾਉਂਦਾ ਹੈ, ਸਮਝਾ ਦਿੰਦਾ ਹੈ।
