ਸਲੋਕੁ ਮਰਦਾਨਾ ੧ ॥

(S.G.P.C. Shabadarth, Bhai Manmohan Singh, c. 1962-69): ਸਲੋਕੁ ¹ਮਰਦਾਨਾ ੧ ॥ ¹ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਵਲੋਂ ਹੋ ਕੇ ਲਿਖਦੇ ਹਨ। ਸ਼ਲੋਕ ਵਿੱਚ ਮਨਮੁਖਾਂ ਦੀ ਪਾਪ ਵਾਲੀ ਜ਼ਿੰਦਗੀ ਤੇ ਗੁਰਮੁਖਾਂ ਦੀ ਸਿਫ਼ਤ ਸਲਾਹ ਵਾਲੀ ਜ਼ਿੰਦਗੀ ਨੂੰ ਸ਼ਰਾਬ ਦਾ ਅਲੰਕਾਰ ਲੈ ਕੇ ਸਮਝਾਇਆ ਹੈ। ਅੰਤ ਪਉੜੀ ਵਿੱਚ ਇਸ ਵਿਤਕਰੇ ਦਾ ਮੂਲ ਭੀ ਹਰੀ ਦਾ ਆਪਣਾ ਚੋਜ ਦੱਸਿਆ ਹੈ।

(Arth Bodh SGGS, Dr. Rattan Singh Jaggi, c. 2007): ਸਲੋਕੁ ਮਰਦਾਨਾ ੧: (ਨੋਟ: ਇਸ ਅਤੇ ਅਗਲੇ ਦੋ ਸਲੋਕਾਂ ਦਾ ਰਚੈਤਾ ਕਈ ਭਾਈ ਮਰਦਾਨੇ ਨੂੰ ਮੰਨਦੇ ਹਨ ਅਤੇ ਕਈ ਇਸ ਨੂੰ ਗੁਰੂ ਨਾਨਕ ਦੇਵ ਜੀ ਵਲੋਂ ਮਰਦਾਨੇ ਨੂੰ ਸੰਬੋਧਨ ਕੀਤੇ ਦਸਦੇ ਹਨ।)

ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥

(Faridkot Teeka, c. 1870s): (ਕਲਿ) ਕਲਜੁਗ ਮੇਂ ਜੋ ਜੀਵੋਂ ਕੀ ਬਿਪਰਜੈ ਕ੍ਰਿਯਾ ਹੈ, ਸੋਈ (ਕਲਵਾਲੀ) ਮਟੀ ਹੈ, ਤਿਸਸੇ ਕਾਮ ਰੂਪੁ ਮਦਰਾ ਨਿਕਲੀ ਹੈ, ਤਿਸ ਕੋ ਮਨ ਪਾਨ ਕਰਨੇ ਵਾਲਾ ਹੈ॥

(SGGS Steek, Bhai Manmohan Singh, c. 1960): ਕਲਜੁਗ ਸ਼ਹਿਵਤ ਦੀ ਸ਼ਰਾਬ ਨਾਲ ਭਰਿਆ ਹੋਇਆ ਇਕ ਭਾਂਡਾ ਹੈ ਅਤੇ ਮਨ ਪੀਣ ਵਾਲਾ ਹੈ ॥

(SGGS Darpan, Prof. Sahib Singh, c. 1962-64): ਕਲਜੁਗੀ ਸੁਭਾਉ (ਮਾਨੋ) (ਸ਼ਰਾਬ ਕੱਢਣ ਵਾਲੀ) ਮੱਟੀ ਹੈ; ਕਾਮ (ਮਾਨੋ) ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ (ਮਨੁੱਖ ਦਾ) ਮਨ ਹੈ। ਕਲਿ = ਕਲਜੁਗੀ ਸੁਭਾਉ, ਪ੍ਰਭੂ ਨਾਲੋਂ ਵਿਛੋੜੇ ਦੀ ਹਾਲਤ। ਕਲਵਾਲੀ = ਸ਼ਰਾਬ ਕੱਢਣ ਵਾਲੀ ਮੱਟੀ। ਮਦੁ = ਸ਼ਰਾਬ।

(S.G.P.C. Shabadarth, Bhai Manmohan Singh, c. 1962-69): ¹ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ¹ਕਲਜੁਗ ਭਾਵ ਇਹ ਜ਼ਮਾਨਾ ਸ਼ਰਾਬ ਦੀ ਮੱਟੀ ਹੈ, ਉਸ ਵਿੱਚ ਕਾਮ ਦੀ ਸ਼ਰਾਬ ਹੈ ਤੇ ਮਨ ਪੀਣ ਵਾਲਾ ਹੈ। ਕਲਿ=ਕਲਯੁਗ, ਇਸ ਜ਼ਮਾਨੇ ਦੇ ਹਾਲਾਤ, ਜਿਨ੍ਹਾਂ ਦੇ ਅਸਰ ਹੇਠ ਲੋਕਾਂ ਦੇ ਸੁਭਾ ਜਾਂ ਵਰਤੋਂ ਬਣਦੀ ਹੈ।

(Arth Bodh SGGS, Dr. Rattan Singh Jaggi, c. 2007): ਕਲਿਯੁਗ ਸ਼ਰਾਬ ਕਢਣ ਵਾਲੀ ਮੱਟੀ (ਵਾਂਗ ਹੈ)। (ਉਸ ਵਿਚ) ਕਾਮ ਰੂਪ ਸ਼ਰਾਬ ਹੈ ਅਤੇ ਮਨ ਪੀਣ ਵਾਲਾ ਹੈ।

(Aad SGGS Darshan Nirney Steek, Giani Harbans Singh, c. 2009-11): ਅਰਥ: ਸਲੋਕੁ ਮਰਦਾਨਾ ੧ - ਕਲਜੁਗ (ਮਾਨੋ) ਸ਼ਰਾਬ ਕਢਣ ਵਾਲੀ ਮੱਟੀ ਹੈ, (ਉਸ) ਕਾਮ ਰੂਪੀ ਸ਼ਰਾਬ ਨੂੰ ਮਨ ਪੀਣ ਵਾਲਾ ਹੈ। ਕਲਿ-ਕਲਜੁਗ। ਕਲਵਾਲੀ-ਸ਼ਰਾਬ ਕਢਣ ਵਾਲੀ ਮੱਟੀ। ਮਦੁ-ਸ਼ਰਾਬ। 

ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥

(Faridkot Teeka, c. 1870s): ਕ੍ਰੋਧ ਰੂਪੀ ਕਟੋਰੀ ਹੈ ਮੋਹ ਰੂਪੁ ਭਰੀ ਸੁਰਾਹੀ ਹੈ, ਮਦਿਰਾ ਕੇ ਪਾਨ ਕਰਾਉਨੇਹਾਰਾ ਹੰਕਾਰ ਹੈ॥

(SGGS Steek, Bhai Manmohan Singh, c. 1960): ਗੁੱਸਾ ਪਿਆਲੀ ਹੈ, ਜੋ ਸੰਸਾਰੀ ਮਮਤਾ ਨਾਲ ਭਰੀ ਹੋਈ ਹੈ ਅਤੇ ਹਊਮੇ ਪੀਆਉਣ ਵਾਲੀ ਹੈ ॥

(SGGS Darpan, Prof. Sahib Singh, c. 1962-64): ਮੋਹ ਨਾਲ ਭਰੀ ਹੋਈ ਕ੍ਰੋਧ ਦੀ (ਮਾਨੋ) ਕਟੋਰੀ ਹੈ ਤੇ ਅਹੰਕਾਰ (ਮਾਨੋ) ਪਿਲਾਉਣ ਵਾਲਾ ਹੈ। ਮੋਹਿ = ਮੋਹ ਨਾਲ।

(S.G.P.C. Shabadarth, Bhai Manmohan Singh, c. 1962-69): ¹ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥ ¹ਗੁੱਸਾ ਕਟੋਰੀ ਹੈ ਜੋ ਮੋਹ ਨੇ ਭਰੀ ਹੈ ਤੇ ਹੰਕਾਰ ਵਰਤਾਵਾ ਹੈ (ਮੋਹ ਭਰ ਕੇ ਦੇਣ ਵਾਲਾ ਹੈ ਤੇ ਹੰਕਾਰ ਵਰਤਾਉਣ ਵਾਲਾ ਹੈ)।

(Arth Bodh SGGS, Dr. Rattan Singh Jaggi, c. 2007): ਕ੍ਰੋਧ ਦੀ ਕਟੋਰੀ ਹੈ ਜੋ ਮੋਹ ਨੇ ਭਰੀ ਹੋਈ ਹੈ ਅਤੇ ਹੰਕਾਰ ਪਿਲਾਉਣ ਵਾਲਾ ਹੈ।

(Aad SGGS Darshan Nirney Steek, Giani Harbans Singh, c. 2009-11): ਗੁੱਸਾ ਕਟੋਰੀ ਹੈ (ਜੋ) ਮੋਹ ਨੇ ਭਰੀ ਹੈ ਅਹੰਕਾਰ (ਉਸ ਨੂੰ) ਪਿਲਾਉਣ ਵਾਲਾ ਹੈ। ਮੇਹਿ-ਮੋਹ ਨਾਲ। ਪੀਲਾਵਾ-ਪਿਲਾਉਣ ਵਾਲਾ।

ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥

(Faridkot Teeka, c. 1870s): ਕਲਾਲੁ ਝੂਠੇ ਅਰੁ ਲਬੀਆਂ ਪੁਰਸਾਂ ਦੀ (ਮਜਲਸ) ਸਭਾ, ਭਾਵ ਸੰਗਤਿ ਕਰਤੇ ਹੈਂ, ਅਰੁ ਐਸੀ ਮਦਿਰਾ ਕੋ ਪਾਨ ਕਰ ਕਰ ਕੇ ਮਨਮੁਖ ਖਰਾਬ ਹੋਤੇ ਹੈਂ॥ ਅਬ ਗੁਰਮੁਖੋਂ ਕੀ ਮਦਿਰਾ ਕਹਤੇ ਹੈਂ:

(SGGS Steek, Bhai Manmohan Singh, c. 1960): ਝੂਠ ਅਤੇ ਲਾਲਚ ਦੀ ਸਭਾ ਅੰਦਰ ਬਹੁਤੀ ਸ਼ਰਾਬ ਪੀ ਕੇ ਪ੍ਰਾਣੀ ਬਰਬਾਰ ਹੋ ਜਾਂਦਾ ਹੈ ॥

(SGGS Darpan, Prof. Sahib Singh, c. 1962-64): ਕੂੜੇ ਲੱਬ ਦੀ (ਮਾਨੋ) ਮਜਲਸ ਹੈ (ਜਿਸ ਵਿਚ ਬਹਿ ਕੇ) ਮਨ (ਕਾਮ ਦੀ ਸ਼ਰਾਬ ਨੂੰ) ਪੀ ਪੀ ਕੇ ਖ਼ੁਆਰ ਹੁੰਦਾ ਹੈ। ਮਜਲਸ = ਮਹਿਫ਼ਲ।

(S.G.P.C. Shabadarth, Bhai Manmohan Singh, c. 1962-69): ¹ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥ ¹ਸਭਾ (ਮਹਫ਼ਲ) ਝੂਠੇ ਲਾਲਚ ਦੀ ਹੈ। (ਇਨ੍ਹਾਂ ਤੁਕਾਂ ਵਿੱਚ ਕਾਮ, ਕ੍ਰੋਧ, ਲਾਭ, ਮੋਹ, ਹੰਕਾਰ- ਪੰਜੇ ਪਾਪ ਬਿਆਨ ਕੀਤੇ ਹਨ।)।

(Arth Bodh SGGS, Dr. Rattan Singh Jaggi, c. 2007): ਝੂਠੇ ਲਾਲਚ ਦੀ ਮਜਲਸ ਹੈ, (ਜੋ) ਪੀ ਪੀ ਕੇ ਖੁਆਰ ਹੰਦੀ ਹੈ।

(Aad SGGS Darshan Nirney Steek, Giani Harbans Singh, c. 2009-11): (ਸ਼ਰਾਬ ਨੂੰ ਪੀਣ ਵਾਲੀ) ਮਹਫ਼ਲ ਝੂਠੇ ਲਾਲਚ ਦੀ ਹੈ (ਇਹ ਸ਼ਰਾਬ ਵਾਲੀ ਜੁੰਡਲੀ ਸ਼ਰਾਬ) ਪੀ ਪੀ ਕੇ ਖ਼ੁਆਰ ਹੁੰਦੀ ਹੈ। ਮਜਲਸ-ਮਹਿਫ਼ਲ। ਲਬੁ-ਲਾਲਚ।

ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥

(Faridkot Teeka, c. 1870s): ਜੋ ਨਿਸਕਾਮ ਜਪ ਤਪਾਦਿ ਕਰਣੀ ਹੈ, ਸੋਈ (ਲਾਹਣਿ) ਸੰਜੁਗਤਿ ਮਟੀ ਹੈ, ਸਤ੍ਯ ਬੋਲਨਾ ਯਹੀ ਗੁੜ ਹੈ ਅਰੁ ਸਚ ਰੂਪੁ ਵਾਹਿਗੁਰੂ ਕਾ (ਸਾਰ) ਸਮਾਲਣਾ, ਭਾਵ ਯਾਦ ਕਰਨਾ ਯਹੀ (ਸਰਾ) ਸਰਾਬ ਕਰੀ ਹੈ॥

(SGGS Steek, Bhai Manmohan Singh, c. 1960): ਚੰਗੇ ਅਮਲ ਤੇਰੀ ਭੱਠੀ ਹੋਵੇ ਅਤੇ ਸੱਚ ਤੇਰਾ ਗੁੜ ॥ ਉਨ੍ਹਾਂ ਦੇ ਨਾਲ ਤੂੰ ਸੱਚੇ ਨਾਮ ਦੀ ਸ਼੍ਰੇਸ਼ਟ ਸ਼ਰਾਬ ਬਣਾ ॥

(SGGS Darpan, Prof. Sahib Singh, c. 1962-64): ਚੰਗੀ ਕਰਣੀ ਨੂੰ (ਸ਼ਰਾਬ ਕੱਢਣ ਵਾਲੀ) ਲਾਹਣ, ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ਟ ਸ਼ਰਾਬ ਬਣਾ! ਲਾਹਣਿ = ਸੱਕ ਗੁੜ ਪਾਣੀ ਆਦਿਕ ਜੋ ਰਲਾ ਕੇ ਮਿੱਟੀ ਵਿਚ ਪਾ ਕੇ ਰੂੜੀ ਵਿਚ ਦੱਬ ਕੇ ਤਰਕਾ ਲੈਂਦੇ ਹਨ। ਸਤੁ = ਸੱਚ। ਸਰਾ = ਸ਼ਰਾਬ। ਸਾਰੁ = ਸ੍ਰੇਸ਼ਟ।

(S.G.P.C. Shabadarth, Bhai Manmohan Singh, c. 1962-69): ¹ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥ ¹ਹੁਣ ਗੁਰੂ ਜੀ ਗੁਰਮੁਖਾਂ ਦੀ ਸ਼ਰਾਬ ਦੱਸਦੇ ਹਨ;-ਸ਼ੁਭ ਕਰਨੀ ਦੀ ਮੱਟੀ ਬਣਾਓ, ਸੱਚ ਉਸ ਵਿੱਚ ਗੁੜ ਪਾਓ, ਸੱਚਾ ਵਾਹਿਗੁਰੂ (ਸੱਚਾ ਨਾਮ) ਅਸਲੀ ਸ਼ਰਾਬ ਬਣਾਓ। ਸ਼ਰਾ=ਸ਼ਰਾਬ। ਸਾਰੁ=ਅਸਲ, ਨਰੋਲ।

(Arth Bodh SGGS, Dr. Rattan Singh Jaggi, c. 2007): (ਇਸ ਦੇ ਉਲਟ ਗੁਰਮੁਖ ਦੀ ਮਦਿਰਾ ਲਈ) ਕਰਨੀ ਨੂੰ ਮੱਟੀ (ਬਣਾਓ), ਸੱਚ (ਉਸ ਵਿਚ) ਗੁੜ (ਵਜੋਂ ਪਾਓ) ਅਤੇ ਸੱਚ ਦੀ ਉਤਮ ਸ਼ਰਾਬ ਬਣਾਓ।

(Aad SGGS Darshan Nirney Steek, Giani Harbans Singh, c. 2009-11): (ਹੁਣ ਗੁਰਮੁਖ ਦੀ ਸ਼ਰਾਬ ਦਾ ਉਲੇਖ ਕਰਦੇ ਹਨ) ਸ਼ੁੱਭ ਕਰਨੀ ਦੀ ਮੱਟੀ ਬਣਾਉ, ਸੱਚ ਦਾ ਗੁੜ ਪਾਉ (ਇਉਂ) ਸਚ ਰੂਪੀ (ਅਸਲੀ) ਸ਼ਰਾਬ (ਚੰਗੇ); ਲਾਹਣਿ-ਉਹ ਮੱਟੀ (ਪਾਤਰ) ਜਿਸ ਵਿਚ ਲਾਹਣ (ਕਸ, ਗੁੜ ਆਦਿ ਦਾ ਸਾੜ) ਪਾ ਕੇ ਸ਼ਰਾਬ ਬਢੀਦੀ ਹੈ। ਸਤੁ-ਸੱਚ ਦਾਨ। ਸਰਾ-ਸ਼ਰਾਬ। ਸਾਰੁ-ਸ੍ਰੇਸ਼ਟ।

ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥

(Faridkot Teeka, c. 1870s): ਸੁਭ ਗੁਣੋਂ ਰੂਪ ਮੰਡੇ ਹੈ, ਸੀਲ ਧਾਰਨ ਰੂਪ ਘਿਉ ਹੈ, ਬਿਕਾਰੋਂ ਸੇ (ਸਰਮ) ਲਜ੍ਯਾ ਕਰਨੀ ਏਹੁ ਮਾਸ ਕਾ ਭੋਜਨ ਹੈ॥

(SGGS Steek, Bhai Manmohan Singh, c. 1960): ਨੇਕੀ ਨੂੰ ਆਪਣੇ ਪਤਲੇ ਪਰਸ਼ਾਦੇ, ਭਲਮਨਸਊ ਨੂੰ ਆਪਣਾ ਘੀ ਅਤੇ ਲੱਜਿਆ ਨੂੰ ਖਾਣ ਲਈ ਆਪਣਾ ਗੋਸ਼ਤ ਬਣਾ ॥

(SGGS Darpan, Prof. Sahib Singh, c. 1962-64): ਗੁਣਾਂ ਨੂੰ ਮੰਡੇ, ਸੀਤਲ ਸੁਭਾਉ ਨੂੰ ਘਿਉ ਤੇ ਸ਼ਰਮ ਨੂੰ ਮਾਸ ਵਾਲੀ (ਇਹ ਸਾਰੀ) ਖ਼ੁਰਾਕ ਬਣਾ! ਮੰਡੇ = ਰੋਟੀਆਂ। ਸੀਲ = ਚੰਗਾ ਸੁਭਾਉ। ਸਰਮੁ = ਹਯਾ। ਆਹਾਰੁ = ਖ਼ੁਰਾਕ।

(S.G.P.C. Shabadarth, Bhai Manmohan Singh, c. 1962-69): ¹ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥ ¹ਚੰਗੇ ਗੁਣ ਰੋਟੀਆਂ, ਭਲਮਣਸਊ (ਸ਼ਰਾਫ਼ਤ) ਨੂੰ ਘਿਉ ਅਤੇ ਲਜਿਆ (ਹਯਾ) ਨੂੰ ਮਾਸ ਦਾ ਖਾਣਾ ਬਣਾਓ।

(Arth Bodh SGGS, Dr. Rattan Singh Jaggi, c. 2007): (ਚੰਗੇ) ਗੁਣਾਂ ਨੂੰ ਰੋਟੀਆਂ, ਸ਼ੀਲ (ਅਰਥਾਤ ਚੰਗੇ ਸੁਭਾ) ਨੂੰ ਘਿਉ ਅਤੇ ਤਪਸਿਆ ਸਾਧਨਾ (ਸਰਮੁ) ਨੂੰ ਮਾਸ ਦਾ ਭੋਜਨ (ਬਣਾਓ)।

(Aad SGGS Darshan Nirney Steek, Giani Harbans Singh, c. 2009-11): ਗੁਣ ਰੋਟੀਆਂ, ਸ਼ਰਾਫ਼ਤ  ਨੂੰ ਘਿਉ (ਅਤੇ) ਲੱਜਿਆ ਨੂੰ ਮਾਸ ਰੂਪੀ ਭੋਜਨ (ਬਣਾਉ)। ਗਣ-ਸੇਵਕ। ਮੰਡੇ-ਫੁਲਕੇ, ਰੋਟੀਆਂ। ਸੀਲ-ਸ਼ਰਾਫ਼ਤ। ਸਰਮੁ-ਸ਼ਰਮ, ਲਜਿਆ।

ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥

(Faridkot Teeka, c. 1870s): ਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਮਦਰਾ ਗੁਰੋਂ ਦ੍ਵਾਰੇ ਪ੍ਰਾਪਤ ਹੋਤੀ ਹੈ, ਜਿਸ ਮਾਸ ਮਦਰਾ ਕੇ ਖਾਨੇ ਸੇ ਸਭ ਕਾਮਾਦਿ ਬਿਕਾਰ ਜਾਤੇ ਰਹਿਤੇ ਹੈਂ॥੧॥ ਨੋਟ: ਭਾ: ਮਰਦਾਨਾ ਆਪਣੀ ਕਿਸੇ ਰਚਨਾ ਵਿਚ ਲਫ਼ਜ਼ 'ਨਾਨਕ' ਨਹੀਂ ਸੀ ਵਰਤ ਸਕਦਾ। ਸਲੋਕ ਮ: ੧ ਹੈ ਅਤੇ ਮਰਦਾਨੇ ਨੂੰ ਸੰਬੋਧਨ ਕੀਤਾ ਹੈ। ਤਿੰਨੇ ਹੀ ਸਲੋਕ ਮ: ੧ ਦੇ ਹਨ।

(SGGS Steek, Bhai Manmohan Singh, c. 1960): ਐਹੋ ਜੇਹੇ ਮੇਵੇ, ਹੇ ਨਾਨਕ! ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਨੂੰ ਛਕਣ ਦੁਆਰਾ ਪਾਪ ਦੂਰ ਹੋ ਜਾਂਦੇ ਹਨ ॥

(SGGS Darpan, Prof. Sahib Singh, c. 1962-64): ਹੇ ਨਾਨਕ! ਇਹ ਖ਼ੁਰਾਕ ਸਤਿਗੁਰੂ ਦੇ ਸਨਮੁਖ ਹੋਇਆਂ ਮਿਲਦੀ ਹੈ ਤੇ ਇਸ ਦੇ ਖਾਧਿਆਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ ॥੧॥

(S.G.P.C. Shabadarth, Bhai Manmohan Singh, c. 1962-69): ¹ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥ ¹ਇਹ ਸ਼ਰਾਬ ਗੁਰੂ ਰਾਹੀਂ ਮਿਲਦੀ ਹੈ। ਇਸ ਦੇ ਪੀਣ ਨਾਲ ਮਨ ਦੇ ਵਿਕਾਰ (ਮਾੜੇ ਭਾਵ) ਦੂਰ ਹੋ ਜਾਂਦੇ ਹਨ।

(Arth Bodh SGGS, Dr. Rattan Singh Jaggi, c. 2007): (ਇਹ ਭੋਜਨ) ਗੁਰੂ ਰਾਹੀਂ ਪ੍ਰਾਪਤ ਹੁੰਦਾ ਹੈ, ਹੇ ਨਾਨਕ! (ਇਸ ਨੂੰ) ਖਾਣ ਨਾਲ ਵਿਕਾਰ ਚਲੇ ਜਾਂਦੇ ਹਨ ।੧। (ਕਈ ਵਿਦਵਾਨ ‘ਮਾਸੁ’ ‘ਮੱਸਾ’ ਦਾ ਅਰਥ ਫ਼ਾਰਸੀ  ਸ਼ਬਦ ‘ਮੁਆਸ਼’ ਤੋਂ ‘ਗੁਜ਼ਾਰੇ ਲਈ’ ਵੀ ਕਰਦੇ ਹਨ।)

(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਹ ਅਸਲੀ ਸ਼ਰਾਬ ਤੇ ਭੋਜਨ) ਗੁਰੂ ਦੁਆਰਾ ਪਾਈਦਾ ਹੈ (ਇਸ ਦੇ ਖਾਧਿਆਂ) (ਸਾਰੇ ਵਿਸ਼ੇ) ਵਿਕਾਰ ਕੱਟੇ ਜਾਂਦੇ ਹਨ ।੧।

ਮਰਦਾਨਾ ੧ ॥

(S.G.P.C. Shabadarth, Bhai Manmohan Singh, c. 1962-69): ¹ਮਰਦਾਨਾ ੧ ॥ ¹ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਵਲੋਂ ਹੋ ਕੇ ਲਿਖਦੇ ਹਨ।

ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥

(Faridkot Teeka, c. 1870s): ਹੇ ਮਰਦਾਨਾ! ਪ੍ਰਕਾਰਾਂਤਰ ਸੇ ਮਨਮੁਖੋਂ ਕੀ ਦੂਸਰੀ ਮਦਿਰਾ ਸ੍ਰਵਣ ਕਰ: ਦੇਹ ਰੂਪ (ਲਾਹਣਿ) ਮਟੀ ਹੈ, ਤਿਸ ਮੇਂ ਆਪਾ ਭਾਉ ਮਦੁ ਹੈ, ਤ੍ਰਿਸਨਾ ਮੇਂ (ਧਾਤੁ) ਧਾਵਣੇ ਵਾਲੇ ਜੀਵੋਂ ਕੀ (ਮਜਲਸ) ਸਭਾ ਹੈ ਵਾ (ਧਾਤੁ) ਮਾਯਾ ਕੀ ਤ੍ਰਿਸਨਾ (ਮਜਲਸ) ਸਭਾ ਹੈ॥

(SGGS Steek, Bhai Manmohan Singh, c. 1960): ਮੁਨਸ਼ੀ ਦੇਹ ਮੱਟੀ ਹੈ, ਸਵੈ–ਹੰਗਤਾ ਸ਼ਰਾਬ ਅਤੇ ਸੰਗਤ ਮਾਇਆ ਦੀਆਂ ਖਾਹਿਸ਼ਾਂ ਦੀ ਹੈ ॥

(SGGS Darpan, Prof. Sahib Singh, c. 1962-64): ਸਰੀਰ (ਮਾਨੋ) (ਸ਼ਰਾਬ ਕੱਢਣ ਵਾਲੀ ਸਮਗਰੀ ਸਮੇਤ) ਮੱਟੀ ਹੈ, ਅਹੰਕਾਰ ਸ਼ਰਾਬ, ਤੇ ਤ੍ਰਿਸ਼ਨਾ ਵਿਚ ਭਟਕਣਾ (ਮਾਨੋ) ਮਹਿਫ਼ਲ ਹੈ। ਆਪੁ = ਆਪਾ, ਅਹੰਕਾਰ। ਧਾਤੁ = ਦੌੜ-ਭੱਜ, ਭਟਕਣਾ।

(S.G.P.C. Shabadarth, Bhai Manmohan Singh, c. 1962-69): ਕਾਇਆ¹ ਲਾਹਣਿ² ਆਪੁ³ ਮਦੁ⁴ ਮਜਲਸ ⁵ਤ੍ਰਿਸਨਾ ਧਾਤੁ ॥ ¹ਸਰੀਰ। ²ਸ਼ਰਾਬ ਦੀ ਮੱਟੀ। ³ਹਉਮੈਂ, ਹੰਕਾਰ। ⁴ਸ਼ਰਾਬ। ⁵ਤ੍ਰਿਸ਼ਨਾ ਦੀ ਧਾਤ, ਲਾਲਚ ਵਾਲੀ ਦੌੜ-ਭੱਜ।

(Arth Bodh SGGS, Dr. Rattan Singh Jaggi, c. 2007): ਮਰਦਾਨਾ ੧: ਸ਼ਰੀਰ (ਮਾਨੋ) ਮੱਟੀ ਹੈ, ਹੰਕਾਰ (ਆਪੁ) ਨਸ਼ਾ ਹੈ, ਤ੍ਰਿਸ਼ਣਾ ਦੀ ਭਜ-ਦੋੜ ਮਜਲਸ ਹੈ,

(Aad SGGS Darshan Nirney Steek, Giani Harbans Singh, c. 2009-11): ਮਰਦਾਨਾ ੧ - ਅਰਥ: ਸਰੀਰ (ਮਾਨੋ) ਮੱਟੀ ਹੈ, ਹੰਕਾਰ, (ਇਕ) ਮੱਦ (ਨੱਸ਼ਾ) ਹੈ, (ਅਤੇ ਪਦਾਰਥਾਂ ਦੀ) ਤ੍ਰਿਸ਼ਨਾ ਦੌੜ ਭੱਜ (ਇਕ) ਮਜਲਸ ਹੈ।

ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ॥

(Faridkot Teeka, c. 1870s): (ਮਨਸਾ) ਵਾਸਨਾ ਕਟੋਰੀ ਹੈ ਝੂਠੁ ਭਰੀ ਸੁਰਾਹੀ ਹੈ, ਕਾਲ ਕਨਰੇਹਾਰਾ ਜਮ ਕਲਾਲ ਪਿਲਾਉਤਾ ਹੈ, ਭਾਵ ਕਾਲ ਕੇ ਪ੍ਰੇਰੇ ਹੂਏ ਜੀਵ ਮੰਦਕਰਮ ਕਰਤੇ ਹੈਂ॥

(SGGS Steek, Bhai Manmohan Singh, c. 1960): ਮਨ ਦੇ ਮਨੋਰਥਾਂ ਦੀ ਪਿਆਲੀ ਝੂਠ ਨਾਲ ਪਰੀਪੂਰਨ ਹੈ ਅਤੇ ਮੌਤ ਦਾ ਦੂਤ ਪਿਆਲੀ ਪਿਲਾਉਣ ਵਾਲਾ ਹੈ ॥

(SGGS Darpan, Prof. Sahib Singh, c. 1962-64): ਕੂੜ ਨਾਲ ਭਰੀ ਹੋਈ ਵਾਸ਼ਨਾਂ (ਮਾਨੋ) ਕਟੋਰੀ ਹੈ ਤੇ ਜਮ ਕਾਲ (ਮਾਨੋ) ਪਿਲਾਉਂਦਾ ਹੈ। ਮਨਸਾ = ਵਾਸਨਾ।

(S.G.P.C. Shabadarth, Bhai Manmohan Singh, c. 1962-69): ¹ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ॥ ¹ਵਾਸ਼ਨਾ (ਖਾਹਿਸ਼ਾਂ) ਦੀ ਕਟੋਰੀ ਕੂੜ ਨੇ ਭਰੀ।

(Arth Bodh SGGS, Dr. Rattan Singh Jaggi, c. 2007): ਵਾਸਨਾ (ਮਨਸਾ) ਦੀ ਕਟੋਰੀ ਕੂੜ ਨੇ ਭਰੀ ਹੋਈ ਹੈ, ਜਮ ਕਾਲ ਪਿਲਾ ਰਿਹਾ ਹੈ।

(Aad SGGS Darshan Nirney Steek, Giani Harbans Singh, c. 2009-11): ਵਾਸ਼ਨਾ ਦੀ ਕਟੋਰੀ ਕੂੜ ਨੇ ਭਰੀ ਹੈ, (ਜਿਸ ਨੂੰ ਮਾਨੋ) ਜਮਕਾਲ ਪਿਲਾ ਰਿਹਾ ਹੈ। ਮਨਸਾ-ਵਾਸ਼ਨਾ।

ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥

(Faridkot Teeka, c. 1870s): ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਰਦਾਨਾ! ਐਸੇ ਮਦ ਕੇ ਪਾਨ ਕਰਨੇ ਸੇ ਬਹੁਤ ਸੇ ਬਿਕਾਰ ਖਟੀਤੇ ਹੈਂ॥ ਅਬ ਗੁਰਮੁਖੋਂ ਕੀ ਦੂਸਰੀ ਮਾਸ ਮਦਰਾ ਕਹਤੇ ਹੈਂ:

(SGGS Steek, Bhai Manmohan Singh, c. 1960): ਇਸ ਸ਼ਰਾਬ ਨੂੰ ਪੀਣ ਦੁਆਰਾ, ਹੇ ਨਾਨਕ! ਪ੍ਰਾਣੀ ਘਨੇਰੇ ਪਾਪਾਂ ਦੀ ਖੱਟੀ ਖੱਟ ਲੈਂਦਾ ਹੈ ॥

(SGGS Darpan, Prof. Sahib Singh, c. 1962-64): ਹੇ ਨਾਨਕ! ਇਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਖੱਟੇ ਜਾਂਦੇ ਹਨ (ਭਾਵ, ਅਹੰਕਾਰ ਤ੍ਰਿਸ਼ਨਾ ਕੂੜ ਆਦਿਕ ਦੇ ਕਾਰਨ ਵਿਕਾਰ ਹੀ ਵਿਕਾਰ ਪੈਦਾ ਹੋ ਰਹੇ ਹਨ)।

(S.G.P.C. Shabadarth, Bhai Manmohan Singh, c. 1962-69): ¹ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥ ¹ਇਸ ਸ਼ਰਾਬ ਦੇ ਪੀਣ ਨਾਲ। ਦੇਖੋ ਨੇਮ ੧੨।

(Arth Bodh SGGS, Dr. Rattan Singh Jaggi, c. 2007): ਹੇ ਨਾਨਕ। ਇਸ ਸ਼ਰਾਬ ਦੇ ਪੀਣ ਨਾਲ ਬਹੁਤ ਵਿਕਾਰ ਕਮਾ ਲਈਦੇ ਹਨ।

(Aad SGGS Darshan Nirney Steek, Giani Harbans Singh, c. 2009-11): ਇਸ ਸ਼ਰਾਬ ਦੇ ਪੀਣ ਨਾਲ ਬਹੁਤੇ ਵਿਕਾਰ ਕਮਾਏ ਜਾਂਦੇ ਹਨ। ਖਟੀਆਹਿ-ਕਾਮਏ ਜਾਂਦੇ ਹਨ। ਖਟ ਦਰਸ਼ਨ-ਛੇ ਦਰਸਨ (੧. ਜੋਗੀ ੨. ਜੰਗਮ ੩. ਜੈਨੀ ੪. ਸੰਨਿਆਸੀ ੫. ਵੈਰਾਗੀ ੬. ਮਦਾਰੀ)।

ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥

(Faridkot Teeka, c. 1870s): (ਗਿਆਨ) ਪਰਮੇਸ੍ਵਰ ਕਾ ਜਾਨਣਾ ਇਹ ਗੁੜ ਹੈ, ਪਰਮੇਸਰ ਕੀ (ਸਲਾਹਨਾ) ਉਸਤਤੀ ਕਰਨੀ ਯੇਹੀ (ਮੰਡੇ) ਸੂਖਮ ਫੁਲਕੇ ਹੈਂ, ਵਾਹਗੁਰੂ ਕਾ ਭਉ ਕਰਨਾ ਯਹ ਮਾਸ ਕਾ ਅਹਾਰੁ ਹੈ॥

(SGGS Steek, Bhai Manmohan Singh, c. 1960): ਬ੍ਰਹਮ ਗਿਆਤ ਨੂੰ ਆਪਣਾ ਗੁੜ, ਰੱਬ ਦੇ ਜੱਸ ਨੂੰ ਆਪਣੀਆਂ ਰੋਟੀਆਂ ਅਤੇ ਸੁਆਮੀ ਦੇ ਡਰ ਨੂੰ ਖਾਣ ਲਈ ਆਪਣਾ ਗੋਸ਼ਤ ਬਣਾ ॥

(SGGS Darpan, Prof. Sahib Singh, c. 1962-64): ਪ੍ਰਭੂ ਦਾ ਗਿਆਨ (ਮਾਨੋ) ਗੁੜ ਹੋਵੇ, ਸਿਫ਼ਤ-ਸਾਲਾਹ ਰੋਟੀਆਂ ਤੇ (ਪ੍ਰਭੂ ਦਾ) ਡਰ ਮਾਸ, ਜੇ ਐਸੀ ਖ਼ੁਰਾਕ ਹੋਵੇ,

(S.G.P.C. Shabadarth, Bhai Manmohan Singh, c. 1962-69): ¹ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥ ¹ਵਾਹਿਗੁਰੂ ਦਾ ਗਿਆਨ ਗੁੜ ਹੋਵੇ। ਉਸ ਨੂੰ ਸਲਾਹੁਣਾ ਰੋਟੀਆਂ ਹੋਣ, ਉਸ ਦਾ ਡਰ ਮਾਸ ਵਾਲਾ ਖਾਣਾ ਹੋਵੇ।

(Arth Bodh SGGS, Dr. Rattan Singh Jaggi, c. 2007): (ਇਸ ਦੇ ਉਲਟ ਗੁਰਮੁਖ ਸਾਧਕ ਦੀ ਸ਼ਰਾਬ ਇਸ ਪ੍ਰਕਾਰ ਹੈ) ਗਿਆਨ ਰੂਪ ਗੁੜ ਹੋਵੇ, (ਪ੍ਰਭੂ ਦੀ) ਉਸਤਤ ਰੋਟੀਆਂ (ਮੰਡੇ ਹੋਣ, ਉਸ ਦਾ ਭੈ) ਮਾਸ ਦਾ ਭੋਜਨ ਹੋਵੇ।

(Aad SGGS Darshan Nirney Steek, Giani Harbans Singh, c. 2009-11): (ਜੋ ਵਾਹਿਗੁਰੂ ਦਾ) ਗਿਆਨ ਰੂਪੀ ਗੁੜ (ਹੋਵੇ) ਉਸ ਦੀ ਸਿਫਤਿ-ਸਲਾਹ ਦੀਆਂ, ਰੋਟੀਆਂ (ਹੋਣ, ਉਸ ਦਾ) ਡਰ ਮਾਸ ਵਾਲਾ ਖਾਣਾ ਹੋਵੇ।

ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥੨॥

(Faridkot Teeka, c. 1870s): ਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚੇ ਨਾਮ ਕਾ ਆਧਾਰ ਕਰਨਾ ਹੈ, ਏਹੁ ਭੋਜਨ ਸਚਾ ਹੈ॥੨॥ ਪੁਨ: ਗੁਰਮੁਖੋਂ ਕੀ ਸਰਾਬ ਕਹਤੇ ਹੈਂ:

(SGGS Steek, Bhai Manmohan Singh, c. 1960): ਨਾਨਕ ਇਹ ਸੱਚੀ (ਰੂਹਾਨੀ) ਖੁਰਾਕ ਹੈ, ਜਿਸ ਦੁਆਰਾ ਸੱਚਾ ਨਾਮ ਤੇਰਾ ਆਸਰਾ ਹੋ ਜਾਵੇਗਾ ॥

(SGGS Darpan, Prof. Sahib Singh, c. 1962-64): ਤਾਂ ਹੇ ਨਾਨਕ! ਇਹ ਭੋਜਨ ਸੱਚਾ ਹੈ, ਕਿਉਂਕਿ ਸੱਚਾ ਨਾਮ ਹੀ (ਜ਼ਿੰਦਗੀ ਦਾ) ਆਸਰਾ ਹੋ ਸਕਦਾ ਹੈ ॥੨॥

(S.G.P.C. Shabadarth, Bhai Manmohan Singh, c. 1962-69): ਨਾਨਕ ਇਹੁ ਭੋਜਨੁ ਸਚੁ ਹੈ ¹ਸਚੁ ਨਾਮੁ ਆਧਾਰੁ ॥੨॥ ¹ਸੱਚਾ ਨਾਮ ਆਸਰਾ (ਰਜਾਉਣ ਵਾਲਾ) ਹੈ।

(Arth Bodh SGGS, Dr. Rattan Singh Jaggi, c. 2007): ਹੇ ਨਾਨਕ। ਇਹ ਭੋਜਨ ਸੱਚੇ ਰੂਪ ਵਾਲਾ ਹੈ ਅਤੇ ਸੱਚੇ (ਪ੍ਰਭੂ) ਦਾ ਨਾਮ ਹੀ (ਜੀਵਨ ਦਾ) ਆਸਰਾ ਹੈ ।੨।

(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਇਹ ਭੋਜਨ ਸੱਚ ਰੂਪ ਹੈ (ਅਤੇ ਇਹ) ਸੱਚ ਰੂਪ ਨਾਮ ਹੀ (ਆਤਮਿਕ ਜੀਵਨ ਦਾ) ਆਸਰਾ ਹੈ ।੨।

ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ ॥

(Faridkot Teeka, c. 1870s): ਸੁਭ ਗੁਣੋਂ ਸਹਿਤ ਜੋ ਦੇਹਿ ਹੈ, ਸੋ (ਲਾਹਣ) ਮਟੀ ਹੈ ਔਰ (ਆਪੁ) ਸੁਧ ਹੰਕਾਰ ਮਦਰਾ ਹੈ, ਜੋ ਅੰਮ੍ਰਿਤ ਰੂਪੁ ਬਾਣੀ ਬੋਲਣੀ ਹੈ ਇਹ ਤਿਸ ਕੀ ਧਾਰ ਹੈ; ਵਾ ਅਹੰਬ੍ਰਹਮਾਸਮੀ ਏਹੁ ਤਿਸ ਮਦਿਰਾ ਕੀ ਧਾਰ ਅੰਮ੍ਰਿਤ ਹੈ॥

(SGGS Steek, Bhai Manmohan Singh, c. 1960): ਜੇਕਰ ਦੇਹ ਦਾ ਘੜਾ ਹੋਵੇ ਅਤੇ ਸਵੈ–ਗਿਆਤ ਦੀ ਸ਼ਰਾਬ ਤਾਂ ਨਾਮ ਸੁਧਾਰਸ ਉਸ ਦੀ ਧਾਰਾ ਬਣ ਜਾਂਦੀ ਹੈ ॥

(SGGS Darpan, Prof. Sahib Singh, c. 1962-64): (ਜੇ) ਸਰੀਰ ਮੱਟੀ ਹੋਵੇ, ਆਪੇ ਦੀ ਪਛਾਣ ਸ਼ਰਾਬ ਹੋਵੇ ਜਿਸ ਦੀ ਧਾਰ ਅਮਰ ਕਰਨ ਵਾਲੀ ਹੋਵੇ,

(S.G.P.C. Shabadarth, Bhai Manmohan Singh, c. 1962-69): ਕਾਂਯਾਂ ਲਾਹਣਿ ਆਪੁ¹ ਮਦੁ ਅੰਮ੍ਰਿਤ ਤਿਸ ਕੀ ਧਾਰ² ॥ ¹ਆਪੇ ਦੀ ਸੋਝੀ। ²ਧਾਰਾ।

(Arth Bodh SGGS, Dr. Rattan Singh Jaggi, c. 2007): ਸ਼ਰੀਰ ਰੂਪ ਮੱਟੀ (ਲਾਹਣਿ) (ਹੋਵੇ), ਆਪੇ (ਦੀ ਸੋਝੀ) ਮਦਿਰਾ (ਹੋਵੇ); ਅਤੇ ਉਸ ਦੀ ਧਾਰ ਅੰਮ੍ਰਿਤ (ਦੇ ਸਮਾਨ ਹੋਵੇ)।

(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਸ਼ਰੀਰ (ਮਾਨੋ) ਮੱਟੀ (ਹੋਵੇ) ਆਪੁ (ਨਿਜ ਸਰੂਪ ਦੀ ਸੋਝੀ ਉਸ ਵਿਚ) ਸ਼ਬਾਰ (ਹੋਵੇ) ਉਸ ਦੀ ਧਾਰ (ਨਿਸ਼ਚੇ ਹੀ ਜੀਵ ਨੂੰ) ਅਮਰ (ਕਰ ਦਿੰਦੀ ਹੈ)। ਧਾਰ-ਧਾਰਾ, ਫੁਆਰਾ। ਆਪੁ-ਹੰਕਾਰ। ਧਾਤੁ-ਦੌੜ ਭੱਜ।

ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥

(Faridkot Teeka, c. 1870s): ਸਤ ਸੰਗਤ ਮੇਂ ਮਿਲਾਪ ਹੋਇ ਕਰ ਕੇ (ਲਿਵ) ਬ੍ਰਿਤੀ ਕੀ ਇਕਾਗ੍ਰਤਾ ਰੂਪ ਕਟੋਰੀ ਅਰ ਅੰਮ੍ਰਿਤੇ ਮ੍ਰਿਤ੍ਯੁ ਸੇ ਰਹਿਤ ਕਰਨੇ ਹਾਰੀ ਜੋ ਭਗਤੀ ਹੈ, ਸੋ ਭਰੀ ਸੁਰਾਹੀ, ਐਸੀ ਮਦਿਰਾ ਕੋ ਗੁਰਮੁਖਿ ਪੀ ਕਰ ਕੇ ਸਭ ਕਾਮਾਦਿ ਬਿਕਾਰੋਂ ਕੋ ਕਾਟਤੇ ਹੈਂ॥੩॥

(SGGS Steek, Bhai Manmohan Singh, c. 1960): ਸਾਧ ਸੰਗਤ ਨਾਲ ਮਿਲਣ ਦੁਆਰਾ ਪ੍ਰਭੂ ਦੀ ਪ੍ਰੀਤ ਦਾ ਪਿਆਲਾ ਨਾਮ ਦੇ ਆਬਿ–ਹਿਯਾਤ ਨਾਲ ਭਰਿਆ ਜਾਂਦਾ ਹੈ ॥ ਇਸ ਨੂੰ ਇਕ ਰਸ ਪਾਨ ਕਰਨ ਦੁਆਰਾ ਪਾਪ ਮਿੱਟ ਜਾਂਦੇ ਹਨ ॥

(SGGS Darpan, Prof. Sahib Singh, c. 1962-64): ਸਤਸੰਗਤ ਨਾਲ ਮੇਲ ਹੋਵੇ, ਕਟੋਰੀ ਅੰਮ੍ਰਿਤ (ਨਾਮ) ਦੀ ਭਰੀ ਹੋਈ ਲਿਵ (ਰੂਪ) ਹੋਵੇ, ਤਾਂ (ਇਸ ਨੂੰ) ਪੀ ਪੀ ਕੇ ਸਾਰੇ ਵਿਕਾਰ ਪਾਪ ਦੂਰ ਹੁੰਦੇ ਹਨ ॥੩॥

(S.G.P.C. Shabadarth, Bhai Manmohan Singh, c. 1962-69): ਸਤਸੰਗਤਿ ਸਿਉ ਮੇਲਾਪੁ ਹੋਇ ਲਿਵ¹ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥ ¹ਪ੍ਰੇਮ ਭਰਿਆ ਧਿਆਨ।

(Arth Bodh SGGS, Dr. Rattan Singh Jaggi, c. 2007): ਸਤਿਸੰਗਤ ਨਾਲ ਮੇਲ ਹੋਵੇ, (ਪ੍ਰਭੂ ਵਿਚ ਲਿਵ) ਰੂਪ ਕਟੋਰੀ ਅੰਮ੍ਰਿਤ ਦੀ ਭਰੀ ਹੋਵੇ (ਇਸ ਨੂੰ) ਪੀ ਪੀ ਕੇ (ਮਨੁੱਖ ਦੇ) ਵਿਕਾਰ ਕਟੋ ਜਾਂਦੇ ਹਨ ।੩।

(Aad SGGS Darshan Nirney Steek, Giani Harbans Singh, c. 2009-11): ਸਤਿ ਸੰਗਤ ਨਾਲ (ਜੀਵ ਦਾ) ਮਿਲਾਪ ਹੋ ਜਾਏ (ਭਾਵ ਸ਼ਬਦ ਨਾਲ)  ਲਿਵ (ਲਗ ਜਾਵੇ ਇਹ) ਲਿਵ (ਇਕ) ਕਟੋਰੀ (ਬਣ ਜਾਵੇ, ਅਤੇ ਇਸ) ਅੰਮ੍ਰਿਤ ਦੀ (ਕਟੋਰੀ ਨੂੰ) ਪੀ ਪੀ ਕੇ (ਜੀਵ ਦੇ ਸਾਰੇ) ਵਿਕਾਰ ਕੱਟੇ ਜਾਂਦੇ ਹਨ ।੩। ਅਰਥ ਭੇਦ ਅਤੇ ਨਿਰਣੈ: ਸਲੋਕ ਮਰਦਾਨਾ ੧ ॥ ਇਸ ਵਾਰ ਵਿਚ ਤਿੰਨ ਸਲੋਕ ਵਾਦ-ਵਿਵਾਦ ਦਾ ਵਿਸ਼ਾ ਬਣੇ ਹੋਏ ਹਨ। ਕੀ ਇਹ ਗੁਰੂ ਨਾਨਕ ਦੇਵ ਜੀ ਦੇ ਰਚਿਤ ਹਨ ਜਾਂ ਉਨ੍ਹਾਂ ਦੇ ਸਫ਼ਰੀ-ਸਾਥੀ ਭਾਈ ਮਰਦਾਨਾ ਜੀ ਦੇ? ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਦੋਂ ਸਤਿਗੁਰਾਂ, ਭਗਤਾਂ, ਤੇ ਭੱਟਾਂ ਦੀ ਰਚਨਾ ਦੀ ਗਿਣਤੀ ਕੀਤੀ ਜਾਂਦੀ ਹੈ ਤਾਂ ਉਥੇ ‘ਮਰਦਾਨਾ’ ਜੀ ਦੀ ਰਚਨਾ ਵਿਅਕਤੀ ਰੂਪ ਵਿਚ ਵਖਰੇ ਦਰਸਾਈ ਜਾਂਦੀ ਹੈ ਜਿਵੇਂ ਕਿ ‘ਬਲੁ ਹੋਆ ਬੰਧਨ ਛੁਟੇ’ ਵਾਲਾ ਸਲੋਕ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਰਚਿਤ ਹੈ ਪਰ ਇਹ ਪਾ. ੧੦ ਦਾ ਦਸਿਆ ਜਾਂਦਾ ਹੈ। ਕਈ ਵਿਦਵਾਨਾ ਦਾ ਵਿਚਾਰ ਹੈ ਕਿ ਇਹ ਸਲੋਕ ਭਾਈ ਮਰਦਾਨਾ ਜੀ ਦੇ ਰਚਿਤ ਹੋਣ ਤੇ ਕੋਈ ਸੰਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਸੰਸਾਰ ਯਾਤਰਾ ਵੇਲੇ ਭਾਈ ਮਰਦਾਨਾ ਆਪ ਜੀ ਦੇ ਨਾਲ ਰਹੇ ਸਨ। ਹੋ ਸਕਦਾ ਹੈ ਕਿ ਆਪ ਜੀ ਨੇ ਕਿਸੇ ਜਗਿਆਸੂ ਨਾਲ ਵੀਚਾਰ ਸਮੇਂ ਗੁਰੂ ਨਾਨਕ ਜੀ ਦੇ ਵੀਚਾਰਾਂ ਨੂੰ ਆਪਣੀ ਜ਼ਬਾਨ ਤੋਂ ਪ੍ਰਗਟਾਇਆ ਹੋਵੇ। ਸਾਰੰਸ਼ ਅਤੇ ਸਿਧਾਂਤ: ਇਹਨਾਂ ਤਿੰਨ੍ਹਾਂ ਸਲੋਕਾਂ ਵਿਚ ਮਨਮੁਖਾਂ ਅਤੇ ਗੁਰਮੁਖ ਜੀਊੜਿਆਂ ਦੀ ਜੀਵਨ-ਕਿਰਿਆ ਨੂੰ ਨਿਰੂਪਣ ਕੀਤਾ ਹੈ। ਮਨਮੁਖ ਸ਼ਰਾਬ ਦੇ ਨਸ਼ੇ ਵਿਚ ਗੁੱਟ ਹੋ ਕੇ ਬਦਫੈ਼ਲੀਆਂ ਕਰਦੇ ਹਨ ਅਤੇ ਪਰਮੇਸ਼ਰ ਤੋਂ ਬੇਮੁਖ ਹੋਏ ਰਹਿੰਦੇ ਹਨ ਪਰ ਗੁਰਮੁਖਾਂ ਦਾ ਜੀਵਨ ਰਬੀ ਸਿਫਰਤ-ਸਲਾਹ ਵਾਲਾ ਤੇ ਸੰਜਮ-ਭਰਪੂਰ ਹੁੰਦਾ ਹੈ। ਸ਼ਰਾਬ ਦਾ ਨਸ਼ਾ ਮਨੁੱਖੀ ਮਤਿ ਨੂੰ ਮਾਰ ਕੇ ਕੇਵਲ ਦਿਮਾਗ਼ ਨੂੰ ਹੀ ਨਕਾਰਾ ਨਹੀਂ ਬਣਾ ਦਿੰਦਾ ਸਗੋਂ ਘਰ ਦਾ ਭੀ ਉਜਾੜਾ ਕਰ ਦਿੰਦਾ ਹੈ। ਅਜੋਕੇ ਸਮਾਜ ਵਿਚ ਮਰਨਿਆ ਪਰਨਿਆਂ ਅਤੇ ਪਾਰਟੀਆਂ ਤੇ ਸ਼ਰਾਬ ਦੀ ਵਰਤੋਂ ਪਾਣੀ ਵਾਂਗੂ ਹੁੰਦੀ ਹੈ। ਕਈ ਲੋਕ ਤਾਂ ਇਤਨੀ ਪੀਂਦੇ ਹਨ ਕਿ ਮਾਂ ਭੈਣ ਦੀ ਤਮੀਜ਼ ਭੀ ਗਵਾ ਬੈਠਦੇ ਹਨ। ਸ਼ਰਾਬ ਕੇਵਲ ਅਨਪੜ੍ਹ ਜਾਂ ਮਜ਼ਦੂਰ ਤਬਕਾ ਹੀ ਨਹੀਂ ਪੀਂਦਾ ਚੰਗੇ ਪੜ੍ਹੇ ਲਿਖੇ ਲੋਕ ਵੀ ਇਸ ਬੀਮਾਰੀ ਦਾ ਸ਼ਿਕਾਰ ਬਣੇ ਹੋਏ ਹਨ। ਸਿਵਾਏ ਸਿਖ ਧਰਮ ਦੇ ਬਾਕੀ ਧਰਮਾਂ ਵਿਚ ਸ਼ਰਾਬ ਦੇ ਪੀਣ ਉਤੇ ਕੋਈ ਪਾਬੰਦੀ ਨਹੀਂ ਹੈ। ਇਸ ਬਾਹਰਲੀ ਸ਼ਰਾਬ ਦੇ ਨਸ਼ੇ ਨਾਲੋਂ ਵੀ ਕਾਮ, ਕ੍ਰੋਧ, ਲੋਭ, ਮੋਹੰ, ਅਹੰਕਾਰ ਦਾ ਨਸ਼ਾ ਬਹੁਤ ਮਾੜਾ ਹੈ। ਗੁਰਬਾਣੀ ਵਿਚ ਅੰਕਿਤ ਹੈ: ਮਾਇਆ ਮਦਿ ਮਾਤਾ, ਰਹਿਆ ਸੋਇ’ (ਪੰਨਾ ੧੧੨੮)। ਰੂਪ, ਧਨ, ਤੇ ਜੋਬਨ ਦਾ ਨਸ਼ਾ ਭੀ ਮਨੁੱਖ ਦੇ ਸੰਤੁਲਤ-ਜੀਵਨ ਵਿਚ ਵਿਘਨਕਾਰੀ ਹੈ। ਪ੍ਰਚਲਤ ਨਸ਼ਿਆ ਤੋਂ ਬਚਣ ਦੀ ਜੁਗਤੀ ਗੁਰੂ ਜੀ ਦੀ ਦਸੀ ਹੋਈ ਕਾਰ ਕਮਾਉਣੀ ਹੈ। ਸਤਿ, ਸੰਤੋਖ, ਦਇਆ, ਧਰਮ ਆਦਿ ਦੈਵੀ ਗੁਣਾਂ ਦੀ ਸ਼ਰਾਬ ਦਾ ਸੇਵਨ ਕੀਤਿਆਂ ਮਨ ਨਿਰਮਲ ਹੁੰਦਾ ਹੈ ਅਤੇ ਨਿਜ ਸਰੂਪ ਦੀ ਲਖਤਾ ਹੋਂਦੀ ਹੈ। ਜੇ ਸਤਿ ਸੰਗਤ ਵਿਚ ਲਿਵ ਲਾ ਕੇ ਪ੍ਰਭੂ ਦੀ ਸਿਫ਼ਤਿ-ਸਲਾਹ ਰੂਪ ਅੰਮ੍ਰਿਤ ਦੀ ਕਟੋਰੀ ਪੀਤੀ ਜਾਏ ਤਾਂ ਤ੍ਰਿਸ਼ਨਾ, ਲੋਭ ਆਦਿ ਸਾਰੇ ਵਿਕਾਰ ਆਪਣੇ ਆਪ ਖ਼ਤਮ ਹੋ ਜਾਂਦੇ ਹਨ। ਅਸਲ ਵਿਚ ਵਾਸ਼ਨਾ ਤੇ ਤ੍ਰਿਸ਼ਨਾ ਦੋਵੇਂ ਹੀ ਜੀਵ ਨੂੰ ਕਾਲ ਦੇ ਚੱਕਰ ਵਿਚ ਪਾਈ ਰੱਖਦੀਆਂ ਹਨ। ਇਹਨਾਂ ਤੋਂ ਬਚਣ ਲਈ ਰਬੀ-ਭੈ, ਸਤਿਸੰਗਤ, ਸ਼ਬਦ-ਸੁਰਤਿ ਦਾ ਪਰਚਾ ਪਾਉਣਾ ਅਤਿ ਜ਼ਰੂਰੀ ਹੈ। ਪਉੜੀ ਵਿਚ ਪਹਿਲਾਂ ਵਾਂਗ ਹੀ ਪਰਮੇਸ਼ਰ ਦਾ ਸਭ ਰੰਗਾਂ ਵਿਚ 'ਆਪੇ ਆਪਿ’ ਵਰਤਣ ਵਾਲੇ ਚੋਜ ਦਾ ਉਲੇਖ ਹੈ।