ਰੱਖਿਆ ਦੇ ਸ਼ਬਦ।

ਸੋਰਠਿ ਮਹਲਾ ੫ ॥

ਗੁਰ ਕਾ ਸਬਦੁ ਰਖਵਾਰੇ ॥

(Faridkot Teeka, c. 1870s): ਗੁਰੋਂ ਕਾ ਉਪਦੇਸੁ ਜੋ ਰਖ੍ਯਾ ਕਰਨਹਾਰੇ ਕੀ ਨ੍ਯਾਈਂ ਹੈ॥

(SGGS Steek, Bhai Manmohan Singh, c. 1960): ਸੋਰਠਿ ਪੰਜਵੀਂ ਪਾਤਸ਼ਾਹੀ ॥ ਗੁਰਾਂ ਦਾ ਬਚਨ ਮੇਰਾ ਰਖਵਾਲਾ ਹੈ ॥

(SGGS Darpan, Prof. Sahib Singh, c. 1962-64): (ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਗੁਰੂ ਦਾ ਸ਼ਬਦ ਹੀ ਅਸਾਂ ਜੀਵਾਂ ਦਾ ਰਾਖਾ ਹੈ, ਰਖਵਾਰੇ = ਰਾਖਾ।

(S.G.P.C. Shabadarth, Bhai Manmohan Singh, c. 1962-69): ¹ਗੁਰ ਕਾ ਸਬਦੁ ਰਖਵਾਰੇ ॥ ¹ਗੁਰੂ ਦਾ ਉਪਦੇਸ਼ ਸਾਡਾ ਰਾਖਾ ਹੈ। ਸਾਡੇ ਦੁਆਲੇ ਇਹ ਪਹਿਰਾ ਹੈ। ਸਾਡਾ ਮਨ ਰਾਮ-ਨਾਮ ਵਿੱਚ ਲੱਗ ਗਿਆ; ਏਸ ਲਈ ਜਮ ਸ਼ਰਮਿੰਦਾ ਹੋ ਕੇ ਨਠ ਗਿਆ (ਮੌਤ ਦਾ ਡਰ ਨਾ ਰਹਿਆ)।

(Arth Bodh SGGS, Dr. Rattan Singh Jaggi, c. 2007): ਗੁਰੂ ਦਾ ਸ਼ਬਦ (ਸਾਡ) ਰਖਿਅਕ ਹੈ।

(Aad SGGS Darshan Nirney Steek, Giani Harbans Singh, c. 2009-11): ਅਰਥ: (ਹੇ ਭਾਈ!) ਗੁਰੂ ਦਾ ਸ਼ਬਦ ਹੀ (ਸਾਡਾ) ਰਖਵਾਲਾ ਹੈ। ਰਖਵਾਰੇ-ਰਖਵਾਲਾ।

ਚਉਕੀ ਚਉਗਿਰਦ ਹਮਾਰੇ ॥

(Faridkot Teeka, c. 1870s): ਤਿਸ ਕੀ ਚੌਂਕੀ ਹਮਾਰੇ ਚਾਰੋਂ ਓਰ ਹੈ॥

(SGGS Steek, Bhai Manmohan Singh, c. 1960): ਇਹ ਮੇਰੇ ਸਾਰੀ ਪਾਸੀਂ ਇਕ ਪਹਿਰਾ ਹੈ ॥

(SGGS Darpan, Prof. Sahib Singh, c. 1962-64): ਸ਼ਬਦ ਹੀ (ਸਾਨੂੰ ਵਿਕਾਰਾਂ ਤੋਂ ਬਚਾਣ ਲਈ) ਸਾਡੇ ਚੁਫੇਰੇ ਪਹਿਰਾ ਹੈ। ਚਉਕੀ = ਪਹਿਰਾ। ਚਉਗਿਰਦ = ਚੌਹੀਂ ਪਾਸੀਂ, ਚੁਫੇਰੇ।

(S.G.P.C. Shabadarth, Bhai Manmohan Singh, c. 1962-69): ਚਉਕੀ ਚਉਗਿਰਦ ਹਮਾਰੇ ॥

(Arth Bodh SGGS, Dr. Rattan Singh Jaggi, c. 2007): ਸਾਡੇ ਚੌਹਾਂ ਪਾਸੇ (ਗੁਰੂ ਦੇ ਸ਼ਬਦ) ਦਾ ਪਹਿਰਾ (ਚਉਕੀ) ਹੈ।

(Aad SGGS Darshan Nirney Steek, Giani Harbans Singh, c. 2009-11): ਸਾਡੇ ਚਾਰ ਚੁਫੇਰੇ (ਸ਼ਬਦ ਦੀ) ਚਉਕੀ (ਦਾ ਪਹਿਰਾ) ਹੈ। ਚਉਕੀ-ਪਹਿਰਾ। ਚਉਗਿਰਦਿ-ਚੌਹਾਂ ਪਾਸੇ, ਚਾਰ ਚੁਫੇਰੇ।

ਰਾਮ ਨਾਮਿ ਮਨੁ ਲਾਗਾ ॥

(Faridkot Teeka, c. 1870s): ਹਮਾਰਾ ਮਨ ਰਾਮ ਕੇ ਨਾਮ ਮੇਂ ਆਪ ਕੀ ਕ੍ਰਿਪਾ ਸੇ ਲਾਗਾ ਹੈ॥

(SGGS Steek, Bhai Manmohan Singh, c. 1960): ਮੇਰੀ ਜਿੰਦੜੀ ਪ੍ਰਭੂ ਦੇ ਨਾਮ ਨਾਲ ਜੁੜੀ ਹੋਈ ਹੈ,

(SGGS Darpan, Prof. Sahib Singh, c. 1962-64): (ਗੁਰ-ਸ਼ਬਦ ਦੀ ਬਰਕਤਿ ਨਾਲ ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ, ਨਾਮਿ = ਨਾਮ ਵਿਚ।

(S.G.P.C. Shabadarth, Bhai Manmohan Singh, c. 1962-69): ਰਾਮ ਨਾਮਿ ਮਨੁ ਲਾਗਾ ॥

(Arth Bodh SGGS, Dr. Rattan Singh Jaggi, c. 2007): (ਸਾਡਾ) ਮਨ ਰਾਮ-ਨਾਮ ਵਿਚ ਲਗ ਗਿਆ ਹੈ।

(Aad SGGS Darshan Nirney Steek, Giani Harbans Singh, c. 2009-11): ਰਾਮ ਦੇ ਨਾਮ ਵਿਚ (ਸਾਡਾ) ਮਨ ਜੁੜ ਗਿਆ ਹੈ। ਰਾਮ ਨਾਮਿ-ਰਾਮ ਦੇ ਨਾਮ ਵਿਚ।

ਜਮੁ ਲਜਾਇ ਕਰਿ ਭਾਗਾ ॥੧॥

(Faridkot Teeka, c. 1870s): ਇਸੀ ਤੇ ਜਮ ਲੱਜਤ ਹੋਇਕੈ ਭਾਗ ਗਿਆ ਹੈ॥੧॥

(SGGS Steek, Bhai Manmohan Singh, c. 1960): ਤੇ ਇਸ ਲਈ ਮੌਤ ਦਾ ਦੂਤ ਸ਼ਰਮ ਦਾ ਮਾਰਿਆ ਦੌੜ ਗਿਆ ਹੈ ॥

(SGGS Darpan, Prof. Sahib Singh, c. 1962-64): ਉਸ ਪਾਸੋਂ (ਵਿਕਾਰ ਤਾਂ ਕਿਤੇ ਰਹੇ) ਜਮ (ਭੀ) ਸ਼ਰਮਿੰਦਾ ਹੋ ਕੇ ਭੱਜ ਜਾਂਦਾ ਹੈ ॥੧॥ ਲਜਾਇ ਕਰਿ = ਸ਼ਰਮਿੰਦਾ ਹੋ ਕੇ ॥੧॥

(S.G.P.C. Shabadarth, Bhai Manmohan Singh, c. 1962-69): ਜਮੁ ਲਜਾਇ ਕਰਿ ਭਾਗਾ ॥੧॥

(Arth Bodh SGGS, Dr. Rattan Singh Jaggi, c. 2007): ਜਮ ਸ਼ਰਮਾ ਕੇ ਭਜ ਗਿਆ ਹੈ ।੧।

(Aad SGGS Darshan Nirney Steek, Giani Harbans Singh, c. 2009-11): (ਹੁਣ) ਜਮ ਸ਼ਰਮਿੰਦਾ ਹੋ ਕੇ ਦੌੜ ਗਿਆ ਹੈ ।੧। ਲਜਾਇ ਕਰਿ-ਸ਼ਰਮਿੰਦਾ ਹੋ ਕੇ। ਭਾਗਾ-ਭਜ (ਦੌੜ) ਗਿਆ।

ਪ੍ਰਭ ਜੀ ਤੂ ਮੇਰੋ ਸੁਖਦਾਤਾ ॥

(Faridkot Teeka, c. 1870s): ਹੇ ਪ੍ਰਭੂ ਜੀ! ਤੂੰਹੀ ਮੇਰਾ ਸੁਖਦਾਤਾ ਹੈਂ॥

(SGGS Steek, Bhai Manmohan Singh, c. 1960): ਹੇ ਮਹਾਰਾਜ ਮਾਲਕ! ਤੂੰ ਤੇਰਾ ਸੁਖ-ਆਰਮਾ-ਬਖਸ਼ਣਹਾਰ ਹੈ ॥

(SGGS Darpan, Prof. Sahib Singh, c. 1962-64): ਹੇ ਪ੍ਰਭੂ ਜੀ! ਮੇਰੇ ਵਾਸਤੇ ਤਾਂ ਤੂੰ ਹੀ ਸੁਖਾਂ ਦਾ ਦਾਤਾ ਹੈਂ। ਪ੍ਰਭ = ਹੇ ਪ੍ਰਭੂ!

(S.G.P.C. Shabadarth, Bhai Manmohan Singh, c. 1962-69): ਪ੍ਰਭ ਜੀ ਤੂ ਮੇਰੋ ਸੁਖਦਾਤਾ ॥

(Arth Bodh SGGS, Dr. Rattan Singh Jaggi, c. 2007): ਹੇ ਪ੍ਰਭੂ ਜੀ! ਤੂੰ ਮੇਰਾ ਸੁਖ-ਦਾਤਾ ਹੈਂ।

(Aad SGGS Darshan Nirney Steek, Giani Harbans Singh, c. 2009-11): ਹੇ ਪ੍ਰਭੂ ਜੀ! ਤੂੰ ਹੀ ਮੇਰਾ ਸੁੱਖਾਂ ਦਾ ਦਾਤਾ ਹੈਂ।

ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥

(Faridkot Teeka, c. 1870s): ਹੇ ਪੂਰਨ ਪੁਰਖ ਕਰਮ ਫਲ ਪ੍ਰਦਾਤਾ! ਤੈਨੇ ਬੰਧਨੋਂ ਕੋ ਕਾਟ ਕੇ ਹਮਾਰੇ ਅੰਤਸ਼ਕਰਨ ਨਿਰਮਲ ਕੀਏ ਹੈ॥ ਰਹਾਉ ॥

(SGGS Steek, Bhai Manmohan Singh, c. 1960): ਪੂਰਾ ਸਿਰਜਣਹਾਰ ਸੁਆਮੀ, ਮੇਰੀਆਂ ਬੇੜੀਆਂ ਕੱਟਦਾ ਅਤੇ ਮੇਰੀ ਆਤਮਾ ਨੂੰ ਪਵਿੱਤ੍ਰ ਕਰਦਾ ਹੈ ॥ ਠਹਿਰਾਓ ॥

(SGGS Darpan, Prof. Sahib Singh, c. 1962-64): (ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦੇ ਨਾਮ ਵਿਚ ਮਨ ਜੋੜਦਾ ਹੈ) ਸਰਬ-ਵਿਆਪਕ ਸਿਰਜਣਹਾਰ ਪ੍ਰਭੂ (ਉਸ ਦੇ ਮਾਇਆ ਦੇ ਮੋਹ ਆਦਿਕ ਦੇ ਸਾਰੇ) ਬੰਧਨ ਕੱਟ ਕੇ ਉਸ ਦੇ ਮਨ ਨੂੰ ਪਵਿਤ੍ਰ ਕਰ ਦੇਂਦਾ ਹੈ ਰਹਾਉ॥ ਬੰਧਨ = (ਮਾਇਆ ਦੇ ਮੋਹ ਆਦਿਕ ਦੇ) ਜ਼ੰਜੀਰ। ਕਾਟਿ = ਕੱਟ ਕੇ। ਨਿਰਮਲੁ = ਪਵਿਤ੍ਰ। ਪੁਰਖੁ = ਸਰਬ-ਵਿਆਪਕ। ਬਿਧਾਤਾ = ਸਿਰਜਣਹਾਰ ਪ੍ਰਭੂ ॥ਰਹਾਉ॥

(S.G.P.C. Shabadarth, Bhai Manmohan Singh, c. 1962-69): ਬੰਧਨ ਕਾਟਿ ਕਰੇ ਮਨੁ ਨਿਰਮਲੁ¹ ਪੂਰਨ ਪੁਰਖੁ ਬਿਧਾਤਾ² ॥ ਰਹਾਉ ॥ ¹ਪਵਿੱਤਰ। ²[ਸੰ. ਵਿਧਾਤ੍ਰਿ] ਰਚਣ ਵਾਲਾ, ਕਰਤਾਰ।

(Arth Bodh SGGS, Dr. Rattan Singh Jaggi, c. 2007): (ਤੂੰ ਮਾਇਆ ਦੇ) ਬੰਧਨ ਕਟ ਕੇ (ਮੇਰਾ) ਮਨ ਨਿਰਮਲ ਕਰ ਦਿੱਤਾ ਹੈ।

(Aad SGGS Darshan Nirney Steek, Giani Harbans Singh, c. 2009-11): (ਮੋਹ ਮਾਇਆ ਦੇ) ਬੰਧਨ ਕਟ ਕੇ (ਤੂੰ ਮੇਰਾ) ਮਨ ਪਵਿਤਰ ਕਰ ਦਿਤਾ ਹੈ, (ਤੂੰ) ਪੂਰਨ ਪੁਰਖ ਹੈਂ, ਕਰਮਾਂ ਦੇ ਫਲ ਪਰਦਾਤਾ ਹੈਂ ।ਰਹਾਉ। ਕਾਟਿ-ਕੱਟ ਕੇ। ਕਰੇ-ਕੀਤੇ। ਨਿਰਮਲੁ-ਪਵਿਤਰ। ਪੂਰਨ ਪੁਰਖ-ਵਿਆਪਕ ਪ੍ਰਭੂ। ਬਿਧਾਤਾ-ਫਲ ਪਰਦਾਤਾ, ਸਿਰਜਣਹਾਰ।

ਨਾਨਕ ਪ੍ਰਭੁ ਅਬਿਨਾਸੀ ॥

(Faridkot Teeka, c. 1870s): ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ ਜੋ ਤੂੰ (ਅਬਿਨਾਸੀ) ਨਿਤ ਹੈਂ॥

(SGGS Steek, Bhai Manmohan Singh, c. 1960): ਨਾਨਕ, ਮੇਰਾ ਸੁਆਮੀ ਅਮਰ ਹੈ,

(SGGS Darpan, Prof. Sahib Singh, c. 1962-64): ਅਬਿਨਾਸ਼ੀ ਪ੍ਰਭੂ (ਐਸਾ ਉਦਾਰ-ਚਿੱਤ ਹੈ ਕਿ)

(S.G.P.C. Shabadarth, Bhai Manmohan Singh, c. 1962-69): ਨਾਨਕ ਪ੍ਰਭੁ ਅਬਿਨਾਸੀ¹ ॥ ¹ਅਮਰ, ਨਾ ਮਰਨ ਵਾਲਾ।

(Arth Bodh SGGS, Dr. Rattan Singh Jaggi, c. 2007): (ਤੂੰ) ਪੂਰਣ ਪੁਰਖ ਅਤੇ ਵਿਧਾਤਾ ਹੈਂ ।ਰਹਾਉ।

(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ: ਹੇ ਭਾਈ! ਉਹ) ਹਰੀ ਨਾਸ਼-ਰਹਿਤ ਹੈ (ਅਤੇ) ਉਸਦੀ (ਕੀਤੀ ਹੋਈ) ਸੇਵਾ ਵਿਅਰਥ ਨਹੀਂ ਜਾਏਗੀ। ਅਬਿਨਾਸੀ-ਨਾਸ਼ ਰਹਿਤ ਹਰੀ।

ਤਾ ਕੀ ਸੇਵ ਨ ਬਿਰਥੀ ਜਾਸੀ ॥

(Faridkot Teeka, c. 1870s): (ਤਾ) ਤਿਸ ਤੇਰੀ ਸੇਵਾ (ਕੀ) ਕਰੀ ਹੂਈ ਬਿਅਰਥ ਨਹੀਂ ਜਾਤੀ ਹੈ॥

(SGGS Steek, Bhai Manmohan Singh, c. 1960): ਅਤੇ ਉਸ ਦੀ ਟਹਿਲ ਨਿਸਫਲ ਨਹੀਂ ਜਾਂਦੀ ॥

(SGGS Darpan, Prof. Sahib Singh, c. 1962-64): ਉਸ ਦੀ ਕੀਤੀ ਹੋਈ ਸੇਵਾ-ਭਗਤੀ ਖ਼ਾਲੀ ਨਹੀਂ ਜਾਂਦੀ। ਤਾ ਕੀ = ਉਸ (ਪ੍ਰਭੂ) ਦੀ। ਸੇਵ = ਸੇਵਾ-ਭਗਤੀ। ਬਿਰਥੀ = ਵਿਅਰਥ, ਖ਼ਾਲੀ। ਜਾਸੀ = ਜਾਏਗੀ।

(S.G.P.C. Shabadarth, Bhai Manmohan Singh, c. 1962-69): ¹ਤਾ ਕੀ ਸੇਵ ਨ ਬਿਰਥੀ ਜਾਸੀ ॥ ¹ਉਸ ਦੀ ਸੇਵਾ ਕੀਤੀ ਨਿਸਫਲ ਨਹੀਂ ਜਾਂਦੀ।

(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਪ੍ਰਭੂ ਅਵਿਨਾਸ਼ੀ ਹੈ, ਉਸ ਦੀ (ਕੀਤੀ) ਸੇਵਾ ਵਿਅਰਥ ਨਹੀਂ ਜਾਂਦੀ।

(Aad SGGS Darshan Nirney Steek, Giani Harbans Singh, c. 2009-11): (ਹੇ ਪ੍ਰਭੂ!) ਤੇਰੇ ਦਾਸ (ਤੇਰੀ ਸੇਵਾ ਕਰਕੇ) ਅਨੰਦ ਮਾਣਦੇ ਹਨ। ਬਿਰਥੀ-ਵਿਅਰਥ, ਅਜਾਈਂ।

ਅਨਦ ਕਰਹਿ ਤੇਰੇ ਦਾਸਾ ॥

(Faridkot Teeka, c. 1870s): ਇਸੀ ਸੇ ਤੇਰੇ ਜੋ ਦਾਸ ਹੈਂ ਨਿਤ ਅਨੰਦ ਭੋਗਨਾ ਕਰਤੇ ਹੈਂ॥

(SGGS Steek, Bhai Manmohan Singh, c. 1960): ਤੇਰੇ ਗੋਲੇ ਹਮੇਸ਼ਾ ਅਨੰਦ ਮਾਣਦੇ ਹਨ,

(SGGS Darpan, Prof. Sahib Singh, c. 1962-64): ਹੇ ਪ੍ਰਭੂ! ਤੇਰੇ ਸੇਵਕ (ਸਦਾ) ਆਤਮਕ ਆਨੰਦ ਮਾਣਦੇ ਹਨ, ਕਰਹਿ = ਕਰਦੇ ਹਨ।

(S.G.P.C. Shabadarth, Bhai Manmohan Singh, c. 1962-69): ਅਨਦ ਕਰਹਿ ਤੇਰੇ ਦਾਸਾ ॥

(Arth Bodh SGGS, Dr. Rattan Singh Jaggi, c. 2007): ਤੇਰੇ ਦਾਸ (ਤੇਰੀ ਸੇਵਾ ਕਰਕੇ) ਆਨੰਦਿਤ ਹੁੰਦੇ ਹਨ।

(Aad SGGS Darshan Nirney Steek, Giani Harbans Singh, c. 2009-11): (ਹੇ ਪ੍ਰਭੂ!) ਤੇਰੇ ਦਾਸ (ਤੇਰੀ ਸੇਵਾ ਕਰਕੇ) ਅਨੰਦ ਮਾਣਦੇ ਹਨ। ਕਰਹਿ-ਕਰਦੇ ਹਨ। ਦਾਸਾ-ਦਾਸ, ਸੇਵਕ।

ਜਪਿ ਪੂਰਨ ਹੋਈ ਆਸਾ ॥੨॥੪॥੬੮॥

(Faridkot Teeka, c. 1870s): ਕਿਉਂਕਿ ਤੇਰੇ ਨਾਮ ਕੋ ਜਪ ਕੇ ਤਿਨ ਕੀ ਸਭ ਆਸ ਪੂਰਨ ਹੂਈ ਹੈ॥੨॥੪॥੬੮॥ ਸ੍ਰੀ ਗੁਰੂ ਹਰਿ ਗੋਬਿੰਦ ਜੀ ਕੇ ਤਾਪ ਉਤਰੇ ਸੇ ਪ੍ਰਸੰਨ ਹੋਇਕੈ ਦੋ ਸਬਦ ਉਚਾਰਨ ਕੀਏ।

(SGGS Steek, Bhai Manmohan Singh, c. 1960): ਕਿਉਂਕਿ ਤੇਰਾ ਸਿਮਰਨ ਕਰ ਕੇ ਉਨ੍ਹਾਂ ਦੀਆਂ ਕਾਮਨਾ ਪੂਰਨ ਹੋ ਜਾਂਦੀਆਂ ਹਨ ॥

(SGGS Darpan, Prof. Sahib Singh, c. 1962-64): ਹੇ ਨਾਨਕ! (ਆਖ-) ਤੇਰਾ ਨਾਮ ਜਪ ਕੇ ਉਹਨਾਂ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ ॥੨॥੪॥੬੮॥ ਜਪਿ = ਜਪ ਕੇ। ਆਸਾ = ਮਨੋ-ਕਾਮਨਾ ॥੨॥੪॥੬੮॥

(S.G.P.C. Shabadarth, Bhai Manmohan Singh, c. 1962-69): ਜਪਿ ਪੂਰਨ ਹੋਈ ਆਸਾ¹ ॥੨॥੪॥੬੮॥ ¹ਮਨ ਦੀ ਇੱਛਾ।

(Arth Bodh SGGS, Dr. Rattan Singh Jaggi, c. 2007): (ਤੇਰਾ ਨਾਮ) ਜਪ ਕੇ (ਉਨ੍ਹਾਂ ਦੀ) ਆਸ ਪੂਰੀ ਹੋ ਜਾਂਦੀ ਹੈ ।੨।੪।੬੮।

(Aad SGGS Darshan Nirney Steek, Giani Harbans Singh, c. 2009-11): (ਤੇਰਾ ਨਾਮ) ਜਪ ਕੇ (ਉਨ੍ਹਾਂ ਦੀ ਸਭ) ਆਸਾ ਪੂਰੀ ਹੋ ਗਈ ਹੈ ।੨।੪।੬੮।

ਬਿਲਾਵਲੁ ਮਹਲਾ ੫ ॥

ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥

(Faridkot Teeka, c. 1870s): ਪਾਰਬ੍ਰਹਮ ਕੀ ਸਰਣਾਈ ਹੋਣੇ ਸੇ ਪੁਨਾ ਤਾਤੀ ਵਾਉ ਨਹੀਂ ਲਾਗਤੀ ਹੈ॥

(SGGS Teeka, Giani Bishan Singh, c. 1930): ਮਾਲਕ ਦੀ ਸਰਨ ਜਾਣ ਨਾਲ ਤੱਤੀ ਵਾ ਨਹੀਂ ਲਰਦੀ ਹੈ।

(SGGS Steek, Bhai Manmohan Singh, c. 1960): ਬਿਲਾਵਲ ਪੰਜਵੀਂ ਪਾਤਿਸ਼ਾਹੀ ॥ ਗਰਮ ਹਵਾ ਤੱਕ ਉਸ ਨੂੰ ਨਹੀਂ ਲੱਗਦੀ, ਜੋ ਸ਼ਰੋਮਣੀ ਸਾਹਿਬ ਦੇ ਤਾਬੇ ਹੈ ॥

(SGGS Darpan, Prof. Sahib Singh, c. 1962-64): ਹੇ ਭਾਈ! ਪਰਮਾਤਮਾ ਦੀ ਸਰਨ ਪਿਆਂ (ਵਿਆਧੀਆਂ ਦਾ) ਸੇਕ ਨਹੀਂ ਲੱਗਦਾ। ਤਾਤੀ = ਤੱਤੀ। ਤਾਤੀ ਵਾਉ = ਤੱਤੀ ਹਵਾ, ਸੇਕ। ਲਗਈ = ਲਗਏ, ਲੱਗੈ, ਲੱਗਦਾ।

(S.G.P.C. Shabadarth, Bhai Manmohan Singh, c. 1962-69): ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥

(Arth Bodh SGGS, Dr. Rattan Singh Jaggi, c. 2007): ਹੇ ਭਾਈ! ਪ੍ਰਭੂ ਦੀ ਸ਼ਰਣ ਵਿਚ ਪਿਆਂ ਤੱਤੀ ਹਵਾ ਨਹੀਂ ਲਗਦੀ।

(Aad SGGS Darshan Nirney Steek, Giani Harbans Singh, c. 2009-11): ਅਰਥ: (ਹੇ ਭਾਈ!) ਪਾਰਬ੍ਰਹਮ ਪਰਮੇਸ਼ਰ ਦੀ ਸ਼ਰਣ ਪਿਆਂ ਤਤੀ ਹਵਾ ਨਹੀਂ ਲਗਦੀ (ਭਾਵ ਦੁਖ ਨਹੀਂ ਲਗਦਾ)। ਤਤੀ ਵਾਉ=ਤਤੀ ਹਵਾ, ਭਾਵ ਦੁਖ। ਨ ਲਗਈ=ਨਹੀਂ ਲਗਦਾ।

ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥੧॥

(Faridkot Teeka, c. 1870s): ਹੇ ਭਾਈ! ਤਿਸ ਤੇ ਹਮਾਰੇ ਚੌਗਿਰਦ ਰਾਮ ਕੀ ਭਗਤੀ ਰੂਪ (ਕਾਰ) ਰਖ੍ਯਾ ਹੋ ਗਈ ਹੈ, ਪੁਨਾ ਦੁਖ ਨਹੀਂ ਲਾਗਤੇ ਹੈਂ॥੧॥

(SGGS Teeka, Giani Bishan Singh, c. 1930): ਹੇ ਭਰਾ ਸਾਡੇ ਚਾਰੇ ਪਾਸੇ ਮਾਲਕ ਦੀ ਭਗਤੀ ਰੂਪ ਲਕਾਰ ਭਾਵ ਰਖਿਆ ਕਰਨ ਵਾਲੀ ਲਕੀਰ ਹੋ ਗਈ ਹੈ ਹੁਣ ਸਾਨੂੰ ਦੁਖ ਨਹੀਂ ਲੱਗਦੇ ਹਨ ॥

(SGGS Steek, Bhai Manmohan Singh, c. 1960): ਮੇਰੇ ਚਾਰੇ ਪਾਸੇ ਪ੍ਰਭੂ ਦਾ ਕੁੰਡਲ ਹੈ, ਇਸ ਲਈ ਮੈਨੂੰ ਕੋਈ ਪੀੜ ਨਹੀਂ ਪੋਂਹਦੀ, ਹੇ ਵੀਰ!

(SGGS Darpan, Prof. Sahib Singh, c. 1962-64): ਹੇ ਭਾਈ! ਅਸਾਂ ਜੀਵਾਂ ਦੇ ਦੁਆਲੇ ਪਰਮਾਤਮਾ ਦਾ ਨਾਮ (ਮਾਨੋ) ਇਕ ਲਕੀਰ ਹੈ (ਜਿਸ ਦੀ ਬਰਕਤਿ ਨਾਲ) ਕੋਈ ਦੁੱਖ ਪੋਹ ਨਹੀਂ ਸਕਦਾ ॥੧॥ ਚਉਗਿਰਦ = ਚੌਹੀਂ ਪਾਸੀਂ। ਰਾਮਕਾਰ = ਰਾਮ ਦੇ ਨਾਮ ਦੀ ਲਕੀਰ {ਨੋਟ: ਬਨਬਾਸ ਸਮੇ ਰਾਵਣ ਸੀਤਾ ਜੀ ਨੂੰ ਛਲਣ ਆਇਆ। ਸੀਤਾ ਜੀ ਦੀ ਪ੍ਰੇਰਨਾ ਤੇ ਸ੍ਰੀ ਰਾਮਚੰਦ੍ਰ ਜੀ ਹਰਨ ਨੂੰ ਫੜਨ ਗਏ, ਲਛਮਨ ਨੂੰ ਸੀਤਾ ਜੀ ਦੇ ਪਾਸ ਛੱਡ ਗਏ। ਜੰਗਲ ਵਿਚੋਂ ਇਉਂ ਆਵਾਜ਼ ਆਈ, ਜਿਵੇਂ ਸ੍ਰੀ ਰਾਮ ਜੀ ਨੂੰ ਕਿਸੇ ਬਿਪਤਾ ਨੇ ਆ ਗ੍ਰਸਿਆ ਹੈ। ਸੀਤਾ ਜੀ ਦੇ ਕਹਿਣ ਤੇ ਲਛਮਨ ਸੀਤਾ ਜੀ ਦੇ ਦੁਆਲੇ ਰਾਮ-ਕਾਰ ਖਿੱਚ ਕੇ ਸ੍ਰੀ ਰਾਮ ਜੀ ਦੀ ਭਾਲ ਵਿਚ ਚਲਾ ਗਿਆ। ਪਰ ਸੀਤਾ ਜੀ ਨੂੰ ਹਿਦਾਇਤ ਕਰ ਗਿਆ ਕਿ ਇਸ ਲਕੀਰ ਤੋਂ ਬਾਹਰ ਨਹੀਂ ਨਿਕਲਣਾ। ਰਾਵਣ ਦਾ ਦਾਉ ਤਦੋਂ ਹੀ ਲੱਗਾ, ਜਦੋਂ ਸੀਤਾ ਜੀ ਉਸ ਤੋਂ ਬਾਹਰ ਨਿਕਲ ਆਏ}। ਭਾਈ = ਹੇ ਭਾਈ! ॥੧॥

(S.G.P.C. Shabadarth, Bhai Manmohan Singh, c. 1962-69): ਚਉਗਿਰਦ ਹਮਾਰੈ ਰਾਮ ਕਾਰ¹ ਦੁਖੁ ਲਗੈ ਨ ਭਾਈ ॥੧॥ ¹ਰਾਮ ਚੰਦਰ ਜੀ ਦੀ ਕਾਰ (ਲਕੀਰ) ਜੋ ਸੀਤਾ ਦੇ ਬਚਾਉ ਵਾਸਤੇ ਸ਼ਿਕਾਰ ਜਾਣ ਤੋਂ ਪਹਿਲਾਂ ਬਣਾ ਗਏ ਸਨ। ਇਹ ਰਾਮ ਦਾ ਨਾਮ ਲੈ ਕੇ ਲਛਮਣ ਜੀ ਤੋਂ ਕਢਾਈ ਗਈ ਸੀ। ਇਸ ਲਕੀਰੋਂ ਬਾਹਰ ਹੋਣ ’ਤੇ ਹੀ ਸੀਤਾ ਰਾਵਣ ਦੇ ਛਲ ਵਿੱਚ ਆ ਗਈ ਸੀ। ਇਥੇ ਵਾਹਿਗੁਰੂ ਦਾ ਨਾਮ ਹੀ ਰਾਮ-ਕਾਰ ਹੈ।

(Arth Bodh SGGS, Dr. Rattan Singh Jaggi, c. 2007): ਸਾਡੇ ਚੌਹਾਂ ਪਾਸੇ ਰਾਮ ਦੇ ਨਾਮ ਦੀ ਲਕੀਰ (ਪਈ ਹੋਈ) ਹੈ, (ਇਸ ਲਈ) ਦੁਖ ਨਹੀਂ ਲਗ ਸਕਦਾ ।੧।

(Aad SGGS Darshan Nirney Steek, Giani Harbans Singh, c. 2009-11): ਸਾਡੇ ਆਲੇ ਦੁਆਲੇ ਚੌਹਾਂ ਪਾਸੇ ਰਾਮ ਨਾਮ ਦੀ ਲਕੀਰ (ਖਿਚੀ ਹੋਈ) ਹੈ (ਇਸ ਲਈ ਸਾਨੂੰ ਕੋਈ) ਦੁਖ ਨਹੀਂ ਲਗ ਸਕਦਾ ।੧। ਚਉਗਿਰਦ=ਚਾਰੇ ਪਾਸੇ। ਰਾਮ ਕਾਰ=ਰਾਮ ਦੇ ਨਾਮ ਦੀ ਲਕੀਰ।

ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥

(Faridkot Teeka, c. 1870s): ਹਮ ਕੋ ਪੂਰਾ ਸਤਿਗੁਰ (ਭੇਟਿਆ) ਮਿਲਿਆ ਹੈ, ਜਿਨੋਂ ਨੇ ਕਿਰਪਾ ਕਰ ਹਮਾਰੀ ਇਹੁ (ਬਣਤ) ਬਣਾਵਟ ਬਣਾਈ ਹੈ॥

(SGGS Teeka, Giani Bishan Singh, c. 1930): ਸਾਨੂੰ ਪੂਰਾ ਗੁਰੂ ਮਿਲਿਆ ਹੈ ਜਿਸਨੇ ਸਾਡੀ ਇਹ ੲਣੌਟ ੲਣਈ ਹੈ॥

(SGGS Steek, Bhai Manmohan Singh, c. 1960): ਮੈਂ ਪੂਰਨ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ, ਜਿਨ੍ਹਾਂ ਨੇ ਇਹ ਘਾੜਤ ਘੜੀ ਹੈ ॥

(SGGS Darpan, Prof. Sahib Singh, c. 1962-64): ਹੇ ਭਾਈ! ਉਹ ਪੂਰਾ ਗੁਰੂ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ ਜਿਸ ਗੁਰੂ ਨੇ (ਪਰਮਾਤਮਾ ਦਾ ਨਾਮ-ਦਵਾਈ ਦੇ ਕੇ ਜੀਵਾਂ ਦੇ ਰੋਗ ਦੂਰ ਕਰਨ ਦੀ) ਵਿਓਂਤ ਬਣਾ ਰੱਖੀ ਹੈ, ਭੇਟਿਆ = ਮਿਲ ਪਿਆ। ਜਿਨਿ = ਜਿਸ (ਗੁਰੂ) ਨੇ। ਬਣਤ = (ਵਿਆਧੀਆਂ ਨੂੰ ਦੂਰ ਕਰਨ ਦੀ) ਵਿਓਂਤ।

(S.G.P.C. Shabadarth, Bhai Manmohan Singh, c. 1962-69): ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥

(Arth Bodh SGGS, Dr. Rattan Singh Jaggi, c. 2007): ਜਿਸ ਨੇ (ਸਾਰੀ ਸ੍ਰਿਸ਼ਟੀ ਦੀ) ਬਣਤ ਬਣਾਈ ਹੈ, (ਉਹ) ਪੂਰਾ ਸਤਿਗੁਰੂ ਮਿਲ ਪਿਆ ਹੈ।

(Aad SGGS Darshan Nirney Steek, Giani Harbans Singh, c. 2009-11): ਪੂਰਾ ਸਤਿਗੁਰੂ ਜਿਸ ਨੇ (ਇਹ) ਵਿਉਂਤ ਬਣਾਈ ਹੈ (ਉਹ ਸਾਨੂੰ) ਮਿਲ ਪਿਆ ਹੈ। ਭੇਟਿਆ=ਮਿਲਿਆ। ਬਣਤ=ਵਿਉਂਤ।

ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥੧॥ ਰਹਾਉ ॥

(Faridkot Teeka, c. 1870s): ਰਾਮ ਨਾਮ ਰੂਪੀ (ਅਉਖਧੁ) ਦਾਰੂ ਦੀਆ ਹੈ, ਔ ਏਕ ਅਦੁਤੀ ਵਿਖੇ ਹਮਾਰੀ (ਲਿਵ) ਬ੍ਰਿਤੀ ਲਗਾਈ ਹੈ॥੧॥ ਰਹਾਉ ॥

(SGGS Teeka, Giani Bishan Singh, c. 1930): ਮਾਲਕ ਦਾ ਨਾਮ ਦਾਰੂ ਦਿਤਾ ਹੈ ਇਕ ਮਾਲਕ ਵਿਚ ਸਾਡੀ ਪ੍ਰੀਤੀ ਲਾਈ ਹੈ॥

(SGGS Steek, Bhai Manmohan Singh, c. 1960): ਉਨ੍ਹਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਦਵਾਈ ਦਿੱਤੀ ਹੈ ਅਤੇ ਇਕ ਪ੍ਰਭੂ ਦੇ ਨਾਲ ਮੇਰੀ ਪਿਰੜੀ ਪੈ ਗਈ ਹੈ ॥ ਠਹਿਰਾਉ ॥

(SGGS Darpan, Prof. Sahib Singh, c. 1962-64): (ਤਾਂ ਪੂਰਾ ਗੁਰੂ ਉਸ ਨੂੰ) ਪਰਮਾਤਮਾ ਦਾ ਨਾਮ-ਦਵਾਈ ਦੇਂਦਾ ਹੈ। ਉਹ ਮਨੁੱਖ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥ ਅਉਖਧੁ = ਦਵਾਈ ॥੧॥ ਰਹਾਉ ॥

(S.G.P.C. Shabadarth, Bhai Manmohan Singh, c. 1962-69): ਰਾਮ ਨਾਮੁ ਅਉਖਧੁ¹ ਦੀਆ ਏਕਾ ਲਿਵ ਲਾਈ ॥੧॥ ਰਹਾਉ ॥ ¹ਦਵਾਈ।

(Arth Bodh SGGS, Dr. Rattan Singh Jaggi, c. 2007): (ਉਸ ਨੇ ਸਾਨੂੰ) ਰਾਮ-ਨਾਮ ਰੂਪ ਦਵਾਈ ਦਿੱਤੀ ਹੈ, (ਜਿਸ ਕਰਕੇ ਅਸੀਂ) ਇਕ (ਪ੍ਰਭੂ) ਵਿਚ ਲਿਵ ਲਗਾਈ ਹੋਈ ਹੈ ।੧।ਰਹਾਉ।

(Aad SGGS Darshan Nirney Steek, Giani Harbans Singh, c. 2009-11): (ਉਸ ਨੇ ਸਾਨੂੰ) ਰਾਮ ਦੇ ਨਾਮ ਦੀ ਦਵਾਈ ਦਿੱਤੀ ਹੈ (ਜਿਸ ਦਾ ਸਦਕਾ) ਇਕੱ (ਪ੍ਰਭੂ ਵਿਚ) ਲਿਵ ਜੋੜ ਰਖੀ ਹੈ ।੧।ਰਹਾਉ। ਅਉਖਧ=ਦਵਾਈ।

ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ ॥

(Faridkot Teeka, c. 1870s): ਤਿਸ ਰਾਖਨਹਾਰ ਵਾਹਿਗੁਰੂ ਨੇ ਹਮ ਰਾਖ ਲੀਏ ਹੈਂ ਔ ਸੰਪੂਰਨ (ਬਿਆਧਿ) ਰੋਗ ਜਿਨ ਪੀੜਾ ਮਿਟਾਇ ਦਈ ਹੈ॥

(SGGS Teeka, Giani Bishan Singh, c. 1930): ਉਸ ਰੱਖਣ ਵਾਲੇ ਮਾਲਕ ਨੇ ਸਾਨੂੰ ਰੱਖ ਲਿਆ ਹੈ ਸਾਰਿਆਂ ਰੋਗਾਂ ਦੀ ਪੀੜ ਦੂਰ ਕਰ ਦਿਤੀ ਹੈ ॥

(SGGS Steek, Bhai Manmohan Singh, c. 1960): ਉਸ ਚਲਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਦੂਰ ਕਰ ਦਿਤੀਆਂ ਹਨ ॥

(SGGS Darpan, Prof. Sahib Singh, c. 1962-64): (ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਉਸ ਨੂੰ) ਉਸ ਰੱਖਣਹਾਰ ਪ੍ਰਭੂ ਨੇ ਬਚਾ ਲਿਆ, (ਉਸ ਦੇ ਅੰਦਰੋਂ) ਹਰੇਕ ਰੋਗ ਦੂਰ ਕਰ ਦਿੱਤਾ। ਤਿਨਿ = ਉਸ ਨੇ। ਰਖਨਹਾਰਿ = ਰੱਖਣ ਦੀ ਸਮਰਥਾ ਵਾਲੇ ਨੇ। ਬਿਆਧਿ = ਰੋਗ।

(S.G.P.C. Shabadarth, Bhai Manmohan Singh, c. 1962-69): ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ¹ ਮਿਟਾਈ ॥ ¹ਰੋਗ।

(Arth Bodh SGGS, Dr. Rattan Singh Jaggi, c. 2007): ਉਸ ਰਖਣ ਵਾਲੇ ਪ੍ਰਭੂ ਨੇ (ਸਾਨੂੰ) ਰਖ ਲਿਆ ਹੈ, ਸਾਰਾ ਰੋਗ ਖ਼ਤਮ ਹੋ ਗਿਆ ਹੈ।

(Aad SGGS Darshan Nirney Steek, Giani Harbans Singh, c. 2009-11): ਉਸ ਰਖਣਹਾਰ ਪ੍ਰਭੂ ਨੇ (ਸਾਨੂੰ) ਰਖ ਲਿਆ ਹੈ (ਅਤੇ) ਹਰ ਤਰ੍ਹਾਂ ਦੀ ਬਿਮਾਰੀ ਮਿਟਾ ਦਿੱਤੀ ਹੈ।ਬਿਆਧਿ=ਬਿਮਾਰੀ। 

ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ॥੨॥੧੫॥੭੯॥

(Faridkot Teeka, c. 1870s): ਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੇ ਪਰ ਤਿਸ ਪਰਮੇਸਰ ਕੀ ਪਰਮ ਕ੍ਰਿਪਾ ਭਈ ਹੈ, ਤਿਸ ਤੇ ਆਪ ਪ੍ਰਭੂ ਹਮਾਰੇ ਸਹਾਈ ਭਏ ਹੈਂ॥੨॥੧੫॥੭੯॥ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਕੇ ਪਰਥਾਇ ਕਹਤੇ ਹੈਂ:

(SGGS Teeka, Giani Bishan Singh, c. 1930): ਸਾਡੇ ਉਤੇ ਮਾਲਕ ਦੀ ਕਿਰਪਾ ਹੋਈ ਹੈ ਜੋ ਮਾਲਕ ਸਾਡਾ ਆਪ ਸਹਾਈ ਹੋਇਆ ਹੈ ॥

(SGGS Steek, Bhai Manmohan Singh, c. 1960): ਗੁਰੂ ਜੀ ਆਖਦੇ ਹਨ, ਸੁਆਮੀ ਨੇ ਮੇਰੇ ਉਤੇ ਮਿਹਰ ਕੀਤੀ ਹੈ ਅਤੇ ਉਹ ਮੇਰਾ ਮਦਦਗਾਰ ਹੋ ਗਿਆ ਹੈ ॥

(SGGS Darpan, Prof. Sahib Singh, c. 1962-64): ਨਾਨਕ ਆਖਦਾ ਹੈ- ਉਸ ਮਨੁੱਖ ਉਤੇ ਪ੍ਰਭੂ ਦੀ ਕਿਰਪਾ ਹੋ ਗਈ। ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣ ਗਿਆ ॥੨॥੧੫॥੭੯॥ ਸਹਾਈ = ਮਦਦਗਾਰ ॥੨॥੧੫॥੭੯॥

(S.G.P.C. Shabadarth, Bhai Manmohan Singh, c. 1962-69): ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ॥੨॥੧੫॥੭੯॥

(Arth Bodh SGGS, Dr. Rattan Singh Jaggi, c. 2007): ਨਾਨਕ ਦਾ ਕਥਨ ਹੈ ਕਿ ਪ੍ਰਭੂ ਦੀ ਕ੍ਰਿਪਾ ਹੋਈ ਹੈ ਅਤੇ ਉਹ ਸਹਾਈ ਹੋਇਆ ਹੈ ।੨।੧੫।੭੯।

(Aad SGGS Darshan Nirney Steek, Giani Harbans Singh, c. 2009-11): ਨਾਨਕ! ਆਖ ਕੇ (ਪ੍ਰਭੂ ਦੀ) ਕਿਰਪਾ ਹੋਈ ਹੈ (ਅਤੇ) ਪ੍ਰਭੂ (ਆਪ) ਸਹਾਈ ਹੋਏ ਹਨ ।੨।੧੫।੭੯। ਸਾਰਾਂਸ ਅਤੇ ਸਿਧਾਂਤ: ‘ਤਤੀ ਵਾਉ’ ਦੇ ਅਖਰੀ ਅਰਥ ਭਾਵੇਂ ‘ਗਰਮ ਹਵਾ’ ਹਨ, ਪਰ ਇਹ ਮੁਹਾਵਰਾ ਹੈ, ਜਿਸ ਦਾ ਭਾਵ ਦੁਖ, ਕਲੇਸ਼, ਬੀਮਾਰੀ ਆਦਿ।

ਸਲੋਕੁ ॥

ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ ॥

(Faridkot Teeka, c. 1870s): ਧਰਮ ਰਾਜਾ ਕਹਤਾ ਹੈ: ਹੇ ਦੂਤੋ! ਜਿਸ ਅਸਥਾਨ ਸਾਧੂ ਗੋਬਿੰਦ ਕਾ ਭਜਨ ਕਰਤੇ ਹੋਂ ਔਰ ਨਿਤਾਪ੍ਰਤੀ ਹਰੀ ਕਾ ਕੀਰਤਨ ਹੋਤਾ ਹੋ।

(SGGS Teeka, Giani Bishan Singh, c. 1930): ਜਮਰਾਜਾ ਅਪਣਿਆਂ ਦੂਤਾਂ ਨੂੰ ਆਖਦਾ ਹੈ। ਜਿੱਥੇ ਸਾਧੂਆਂਦਾ ਸਮਾਗਮ ਹੋਵੇ ਤੇ ਭਜਨ ਕੀਰਤਨ ਹੁੰਦਾ ਹੋਵੇ । ਗੁਰੂ ਜੀ ਆਖਦੇ ਹਨ ਧਰਮ ਰਾਜ ਆਪਣਿਆਂ ਦੂਤਾਂ ਨੂੰ ਆਖਦਾ ਹੈ ਹੇ ਭਾਈ ਓਥੇ ਤੁਸਾਂ ਨਹੀਂ ਜਾਣਾ ਹੋਵੇਗਾ ਭਾਵ ਪ੍ਰਮੇਸ਼ਰ ਦਾ ਭਜਨ ਕੀਰਤਨ ਕਰਨ ਵਾਲਿਆਂ ਸੰਤਾਂ ਪਾਸ ਤੁਸੀਂ ਨਹੀਂ ਜਾਣਾ ਹੋਵੇਗਾ । ਜੇ ਤੁਸੀਂ ਭੁੱਲ ਭੁਲੇਖੇ ਚਲੇ ਵੀ ਗਏ ਤੇ ਤਾਂ ਸੁਣੋ ।

(SGGS Steek, Bhai Manmohan Singh, c. 1960): ਸਲੋਕ ॥ ਹੇ ਨਾਨਕ! ਜਿਥੇ ਸੰਤ, ਨਿਤਾਪ੍ਰਤੀ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਅਤੇ ਜੱਸ ਦਾ ਉਚਾਰਨ ਕਰਦੇ ਹਨ ॥

(SGGS Darpan, Prof. Sahib Singh, c. 1962-64): (ਧਰਮਰਾਜ ਆਖਦਾ ਹੈ-) ਹੇ ਮੇਰੇ ਦੂਤੋ! ਜਿੱਥੇ ਸਾਧ ਜਨ ਪਰਮਾਤਮਾ ਦਾ ਭਜਨ ਕਰ ਰਹੇ ਹੋਣ, ਜਿਥੇ ਨਿੱਤ ਕੀਰਤਨ ਹੋ ਰਿਹਾ ਹੋਵੇ, ਤੁਸਾਂ ਉਸ ਥਾਂ ਦੇ ਨੇੜੇ ਨ ਜਾਣਾ।

(S.G.P.C. Shabadarth, Bhai Manmohan Singh, c. 1962-69): ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ¹ ॥ ¹ਨਿੱਤ।

(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ ਧਰਮਰਾਜ ਆਪਣੇ ਦੂਤਾਂ ਨੂੰ ਸੰਬੋਧਨ ਕਰਦਾ ਹੋਇਆ ਰਹਿੰਦਾ ਹੈ) ਜਿਥੇ ਸਾਧੂ ਜਨ ਗੋਬਿੰਦ ਦਾ ਭਜਨ (ਕਰ ਰਹੇ ਹੋਣ ਅਤੇ ਜਿਥੇ) ਨਿਤ ਕੀਰਤਨ (ਹੋ ਰਿਹਾ ਹੋਵੇ),

(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਧਰਮ ਰਾਜ ਨੇ ਇਹ ਹੁਕਮ ਦਿਤਾ ਹੋਇਆ ਹੈ ਕਿ) ਹੇ ਦੂਤ! ਜਿਸ ਥਾਂ ਤੇ ਸਾਧੂ ਜਨ (ਪ੍ਰਭੂ ਦਾ) ਸਿਮਰਨ ਕਰਦੇ ਹੋਣ ਅਤੇ (ਜਿਸ ਥਾਂ ਤੇ) ਨਿਤ ਕੀਰਤਨ (ਭਾਵ ਹਰਿ-ਜੱਸ ਹੁੰਦਾ ਹੋਵੇ ਉਸ ਥਾਂ ਦੇ) ਨੇੜੇ ਨਹੀਂ ਜਾਣਾ।

ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ ॥੧॥

(Faridkot Teeka, c. 1870s): ਹੇ ਦੂਤ! ਤਿਨ ਕੇ ਪਾਸ ਨਹੀਂ ਜਾਣਾ। ਜੇ ਜਾਵੋਗੇ ਤੇ ਨਾ ਤੋ ਮੈਂ ਬਚੂੰਗਾ ਔਰ ਨਾ ਤੂੰ ਹੀ ਬਚੇਂਗਾ ਔਰ ਨਾ ਮੇਰੀ ਸੰਜਮਨੀ ਪੁਰੀ ਹੀ ਛੁਟੇਗੀ। ਭਾਵ ਯਹਿ ਕਿ ਸਭ ਕੋ ਨਾਸ ਕਰ ਦੇਵੇਂਗੇ, ਤਾਂ ਤੇ ਤਿਨ ਸੇ ਬਚ ਕਰ ਰਹਿਣਾ॥੧॥

(SGGS Teeka, Giani Bishan Singh, c. 1930): ਨ ਮੈਂ ਛੁੱਟ ਸਕਣਾ ਹੈ ਨ ਤੁਸਾਂ ਛੁੱਟ ਸਕਣਾ ਹੈ ਭਾਵ ਸਾਨੂੰ ਸਾਧ ਸੰਗਤ ਨੇ ਫੜ ਲੈਣਾ ਹੈ ਤੇ ਪ੍ਰਮੇਸ਼ਰ ਦੇ ਅੱਗੇ ਖੜਿਆਂ ਕਰ ਦੇਣਾ ਹੈ, ਫਿਰ ਤੁਸਾਡਾ ਤੇ ਮੇਰਾ ਛੁਟਕਾਰਾ ਹੋਣਾ ਬੜਾ ਔਖਾ ਹੋ ਜਾਵੇਗ, ਇਸ ਲਈ ਹੇ ਦੂਤੋ! ਤੁਸੀਂ ਸਾਧ ਸੰਗਤ ਦੇ ਨੇੜੇ ਹੀ ਨਹੀਂ ਜਾਣ ਹੋਵੇਗਾ।

(SGGS Steek, Bhai Manmohan Singh, c. 1960): ਧਰਮ ਰਾਜਾ ਆਖਦਾ ਹੈ, “ਉਸ ਥਾਂ ਦੇ ਨੇੜੇ ਨ ਜਾਣਾ, ਹੈ ਫਰਿਸ਼ਤਿਓ, ਨਹੀਂ ਤਾਂ, ਨਾਂ ਮੇਰਾ ਤੇ ਨਾਂ ਹੀ ਤੁਹਾਡਾ ਖਹਿੜਾ ਛੁਟੇਗਾ ॥”

(SGGS Darpan, Prof. Sahib Singh, c. 1962-64): (ਜੇ ਤੁਸੀ ਉਥੇ ਚਲੇ ਗਏ ਤਾਂ ਇਸ ਖ਼ੁਨਾਮੀ ਤੋਂ) ਨਾਹ ਮੈਂ ਬਚਾਂਗਾ, ਨਾਹ ਤੁਸੀ ਬਚੋਗੇ ॥੧॥ ਦੂਤ = ਹੇ ਮੇਰੇ ਦੂਤੋ! {ਧਰਮਰਾਜ ਆਪਣੇ ਦੂਤਾਂ ਨੂੰ ਕਹਿੰਦਾ ਦੱਸਿਆ ਜਾ ਰਿਹਾ ਹੈ} ॥੧॥

(S.G.P.C. Shabadarth, Bhai Manmohan Singh, c. 1962-69): ਣਾ* ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ ॥੧॥ *ਨਹੀਂ। ਧਰਮਰਾਜ ਦੇ ਮੂੰਹ ਵਿੱਚ ਇਕ ਤੁਕ ਪਾਈ ਹੈ: “ਹੈ ਮੇਰੇ ਦੂਤ! ਜਿਥੇ ਭਜਨ ਕੀਰਤਨ ਹੋਵੇ, ਉਥੇ ਨੇੜੇ ਨਾ ਜਾਈਂ” (ਫੜਿਆ ਜਾਏਂਗਾ); ਫਿਰ ਨਾ ਮੈਂ ਤੇ ਨਾ ਤੂੰ ਛੁਟ ਸਕੇਂਗਾ।

(Arth Bodh SGGS, Dr. Rattan Singh Jaggi, c. 2007): (ਉਸ ਸਥਾਨ ਦੇ) ਨੇੜੇ ਨਹੀਂ ਜਾਣਾ (ਕਿਉਂਕਿ) ਉਥੇ ਜਾਣ ਨਾਲ ਨ ਤੁਸੀਂ ਛੁਟੋਗੇ ਅਤੇ ਨ ਮੈਂ ਛੁਟ ਸਕਾਂਗਾ ।੧।

(Aad SGGS Darshan Nirney Steek, Giani Harbans Singh, c. 2009-11): (ਜੇ ਤੂੰ ਚਲਾ ਗਿਆ ਤਾਂ) ਨਾ ਮੈਂ, ਨਾ ਤੂੰ ਨਾ ਓਹ ਜਮ-(ਨਗਰੀ ਦੇ ਜੀਵ) ਛੁੱਟ ਸਕਣਗੇ ।੧। ਣ=ਨਾਹ। ਨਾ ਜਾਈਅਹੁ=ਨਾ ਜਾਇਓ ਜੇ। ਨੋਟ: ਇਸ ਸਲੋਕ ਵਿਚ ਣ, ਣਾ, ਣਹ ਤਿੰਨ ਆਏ ਹਨ ਪਰ ‘ਦਰਪਣ’, ਸੰਪਰਦਾਈ ਪੋਥੀ ਆਦਿ ਟੀਕਿਆਂ ਵਿਚ ‘ਣਾ, ਣਾ’ ਦੇ ਅਰਥ ਕੀਤੇ ਹਨ, ‘ਣਹ’  ਪਦ ਨੂੰ ਸਫਲ ਨਹੀਂ ਕੀਤਾ। ਇਥੇ ‘ਣਹ’ ਤੋਂ ਭਾਵ ਓਹ (ਜਮਨਗਰੀ ਦੇ ਜੀਵ)।

ਸਲੋਕ ਮਃ ੫ ॥

ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥

(Faridkot Teeka, c. 1870s): ਅਪਨੇ ਮਨ ਮੇਂ ਤੇਰੇ ਗੁਣੋਂ ਕੀ ਚਿਤਵਨੀ ਕਰੂੰ ਅਰ ਨਿਤ੍ਯ ਪ੍ਰਾਤ ਕਾਲ ਉਠ ਕਰ ਤੇਰੇ ਨਾਮ ਜਪਨੇ ਕਾ ਉਦਮ ਕਰੂੰ॥

(SGGS Teeka, Giani Bishan Singh, c. 1930): ਮੈ ਮਨ ਵਿੱਚ ਤੇਰੀ ਚਿਤਵਣੀ ਚਿਤਵਾਂ ਅਤੇ ਰੋਜ ਨਿਤ ਸਵੇਰੇ ਉਠਕੇ ਤੇਰੇ ਨਾਮ ਦਾ ਉਦਮ ਕਰਾਂ।

(22 Vaaran Steek, Principal Giani Nihal Singh Ras, 1937): ਦਿਲ ਵਿਚ ਜੋ ਚਿਤਵਨੀ (ਖਿਆਲ) ਚੇਤੇ ਕਰੋ ਉਠਕੇ ਸਦਾ ਹੀ ਉਸਦਾ ਉਦਮ ਕਰੋ।

(SGGS Steek, Bhai Manmohan Singh, c. 1960): ਸਲੋਕ ਪੰਜਵੀਂ ਪਾਤਿਸ਼ਾਹੀ ॥ ਆਪਣੇ ਚਿੱਤ ਅੰਦਰ ਮੈਂ ਹਮੇਸ਼ਾ ਸਾਜਰੇ (ਅੰਮ੍ਰਿਤ ਵੇਲੇ) ਉਠਣ ਅਤੇ ਉਪਰਾਲਾ ਕਰਨ ਦੀ ਸੋਚ ਸੋਚਦਾ ਹਾਂ ਕਿ— ॥

(SGGS Darpan, Prof. Sahib Singh, c. 1962-64): ਮੈਂ ਆਪਣੇ ਮਨ ਵਿਚ (ਇਹ) ਸੋਚਦਾ ਹਾਂ ਕਿ ਨਿੱਤ (ਸਵੇਰੇ) ਉੱਠ ਕੇ ਉੱਦਮ ਕਰਾਂ। ਚਿਤਵਉ = ਮੈਂ ਸੋਚਦਾ ਹਾਂ। ਚਿਤਵਨੀ = ਸੋਚ। ਕਰਉ = ਕਰਾਂ। ਉਠਿ = ਉੱਠ ਕੇ।

(S.G.P.C. Shabadarth, Bhai Manmohan Singh, c. 1962-69): ਸਲੋਕ ਮਃ ੫ ॥ ਸ਼ਲੋਕ: ਦਿਲ ਵਿੱਚ ਜੇ ਹਰੀ-ਨਾਮ ਦੇ ਜਪਣ ਦੀ ਚਾਹ ਉਠੇ ਭੀ, ਤਾਂ ਭੀ ਹਰੀ ਪਾਸ ਸਹਾਇਤਾ ਲਈ ਅਰਦਾਸ ਕਰਨ ਦੀ ਲੋੜ ਹੈ। ਜਦ ਹਰੀ ਦੀ ਨਜ਼ਰ ਸਵੱਲੀ ਹੋ ਜਾਂਦੀ ਹੈ, ਫੇਰ ਕੋਈ ਤਕਲੀਫ਼ ਨਹੀਂ ਰਹਿੰਦੀ। ਪਉੜੀ: ਆਪਣੀ ਹਰ ਇਕ ਤਕਲੀਫ਼ ਵਿੱਚ ਹਰੀ ਪਾਸ ਅਰਦਾਸ ਕਰਨੀ ਚਾਹੀਦੀ ਹੈ। ਉਹ ਮਿਹਰ ਵਿੱਚ ਆ ਕੇ ਗੁਰੂ ਮਿਲਾਉਂਦਾ ਹੈ। ¹ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥ ¹ਮਨ ਵਿੱਚ ਇਹ ਸੋਚ ਸੋਚਦਾ ਹਾਂ ਕਿ ਨਿੱਤ (ਸਵੇਰੇ) ਜਾਗ ਕੇ ਉਦਮ ਕਰਾਂ, ਹੇ ਹਰੀ, ਮੇਰੇ ਮਿੱਤਰ! ਮੈਨੂੰ ਹਰੀ-ਕੀਰਤਨ (ਗੁਣ ਗਾਇਨ) ਦਾ ਆਹਰ (ਸ਼ੌਕ ਤੇ ਰੁਝਵਾਂ) ਦਿਓ।

(Arth Bodh SGGS, Dr. Rattan Singh Jaggi, c. 2007): (ਮੈਂ ਸੌਣ ਵੇਲੇ) ਮਨ ਵਿਚ ਸੋਚ ਸੋਚਦਾ ਹਾਂ ਕਿ ਨਿਤ ਉਠ ਕੇ (ਪ੍ਰਭੂ ਦੇ ਜਮ-ਗਾਨ ਦਾ) ਉਦਮ ਕਰਾਂ।

(Aad SGGS Darshan Nirney Steek, Giani Harbans Singh, c. 2009-11): ਅਰਥ: (ਰਾਤ ਨੂੰ ਸੋਣ) ਸਮੇਂ ਮੈਂ (ਆਪਣੇ) ਮਨ ਵਿਚ (ਇਹ) ਸੋਚਣੀ ਸੋਚਦਾ ਹਾਂ (ਕਿ ਅੰਮ੍ਰਿਤ ਵੇਲੇ) ਉਠ ਕੇ ਮੈਂ ਨਿਤ (ਪ੍ਰਭੂ ਦੀ ਸਿਫਤਿ ਸਾਲਾਹ ਦਾ) ਉਦਮ ਕਰਾਂ। ਚਿਤਵਉ-ਮੈਂ ਸੋਚਦਾ ਹਾਂ। ਚਿਤਵਨੀ-ਸੋਚਣੀ। ਕਰਉ-ਮੈਂ ਕਰਾਂ। ਨੀਤ-ਨਿਤ, ਹਰ ਰੋਜ਼।

ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ ॥੧॥

(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਐਸੇ ਹੇ ਮੇਰੇ ਮਿਤ੍ਰ ਹਰਿ! ਮੇਰੇ ਕੋ ਅਪਨੇ ਕੀਰਤਨ ਕਰਨੇ ਕਾ (ਆਹਰੋ) ਉਦਮ ਹਰਿ ਪ੍ਰਕਾਰ ਕਰ ਦੇਹੋ॥੧॥

(SGGS Teeka, Giani Bishan Singh, c. 1930): ਹੇ ਨਾਨਕ ਦੇ ਮਿਤ੍ਰ ਮੈਨੂੰ ਹਰ ਵੇਲੇ ਵਾਹਿਗੁਰਰੂ ਦੇ ਨਾਮ ਦਾ ਆਹਰ ਦੇਹ ॥੧॥

(22 Vaaran Steek, Principal Giani Nihal Singh Ras, 1937): ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੇ ਮਿੱਤ੍ਰ ਜੀਉ ਮੈਨੂੰ ਹਰੀ ਦੇ ਕੀਰਤਨ ਦਾ ਆਹਰ ਦਿਉ।

(SGGS Steek, Bhai Manmohan Singh, c. 1960): ਹੇ ਵਾਹਿਗੁਰੂ! ਮਿੱਤ੍ਰ, ਨਾਨਕ ਨੂੰ ਸਾਈਂ ਦੀ ਕੀਰਤੀ ਗਾਇਨ ਕਰਨ ਦੇ ਪਿਆਰੇ–ਉਦੱਮ ਦੀ ਦਾਤ ਹੈਂ ॥

(SGGS Darpan, Prof. Sahib Singh, c. 1962-64): ਹੇ ਨਾਨਕ ਦੇ ਮਿਤ੍ਰ! ਮੈਨੂੰ ਆਪਣੀ ਸਿਫ਼ਤ-ਸਾਲਾਹ ਦਾ ਆਹਰ ਬਖ਼ਸ਼ ॥੧॥

(S.G.P.C. Shabadarth, Bhai Manmohan Singh, c. 1962-69): ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ ॥੧॥

(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਹੇ ਹਰਿ ਰੂਪ ਮਿਤਰ! ਮੈਨੂੰ ਕੀਰਤਨ ਦਾ ਆਹਾਰ ਬਖ਼ਸ਼ ।੧।

(Aad SGGS Darshan Nirney Steek, Giani Harbans Singh, c. 2009-11): ਹੇ ਨਾਨਕ! ਦੇ ਮਿੱਤਰ ਹਰੀ! (ਮੈਨੂੰ) ਹਰੀ ਕੀਰਤਨ ਦਾ ਆਹਰ (ਬਖਸ਼ੋ ਤਾਂ ਜੋ ਮੈਂ ਇਸ ਕੰਮ ਵਿਚ ਜੁਟਿਆ ਰਹਾਂ) ।੧। ਆਹਰੇ-ਆਹਰ, ਕੰਮ ਕਾਰ ਵਿੱਚ।