ਮਹਲਾ ੫ ਗਾਥਾ
(SGGS Steek, Bhai Manmohan Singh, c. 1960): ਪੰਜਵੀਂ ਪਾਤਸ਼ਾਹੀ ਗਾਥਾ ॥
(SGGS Darpan, Prof. Sahib Singh, c. 1962-64): ਗੁਰੂ ਅਰਜਨਦੇਵ ਜੀ ਦੀ ਬਾਣੀ ‘ਗਾਥਾ’ (ਕਥਾ)। ਗਾਥਾ = ਇਕ ਪ੍ਰਾਚੀਨ ਪ੍ਰਾਕ੍ਰਿਤ ਭਾਸ਼ਾ ਜਿਸ ਵਿਚ ਸੰਸਕ੍ਰਿਤ ਪਾਲੀ ਅਤੇ ਹੋਰ ਬੋਲੀਆਂ ਦੇ ਸ਼ਬਦ ਲਿਖੇ ਹੋਏ ਮਿਲਦੇ ਹਨ। 'ਲਲਿਤ ਵਿਸਤਰ' ਆਦਿਕ ਬੋਧ ਧਰਮ-ਗ੍ਰੰਥ ਇਸੇ ਭਾਸ਼ਾ ਵਿਚ ਹਨ। ਗਾਥਾ = ਉਸਤਤ, ਸਿਫ਼ਤ-ਸਾਲਾਹ (गाथा = a religious verse, गै = to sing)।
(S.G.P.C. Shabadarth, Bhai Manmohan Singh, c. 1962-69): ਮਹਲਾ ੫ ਗਾਥਾ¹ ¹ਪ੍ਰਾਚੀਨ ਕਥਾ, ਜਿਵੇਂ ਪਾਰਸੀਆਂ ਦੀ, ਜਾਂ ਉਤਰੀ ਹਿੰਦ ਦੀ। ਪੁਰਾਣੀ ਬੋਲੀ ਜਾਂ ਪ੍ਰਾਕ੍ਰਿਤ ਨੂੰ ਭੀ ‘ਗਾਥਾ’ ਕਹਿੰਦੇ ਹਨ। ਇਸ ਨੂੰ ਪਿਛੇ ‘ਸਹਸਕ੍ਰਿਤੀ’ ਕਿਹਾ ਹੈ।
ੴ ਸਤਿਗੁਰ ਪ੍ਰਸਾਦਿ ॥
(Faridkot Teeka, c. 1870s): ਗਾਥਾ ਮ: ੫ ਦਾ ਸਲੋਕ-ਵਾਰ ਭਾਵ: ੧. ਇਸ ਸਰੀਰ ਦਾ ਮਾਣ ਕਰਨਾ ਮੂਰਖਤਾ ਹੈ ਜਿਸ ਦੇ ਅੰਦਰ ਮੈਲਾ ਹੀ ਮੈਲਾ ਹੈ ਤੇ ਜਿਸ ਨਾਲ ਛੁਹ ਕੇ ਸੁਗੰਧੀਆਂ ਭੀ ਦੁਰਗੰਧੀਆਂ ਬਣ ਜਾਂਦੀਆਂ ਹਨ। ੨. ਇਹ ਮਨੁੱਖਾ ਸਰੀਰ ਸਫਲ ਤਦੋਂ ਹੀ ਹੈ ਜੇ ਮਨੁੱਖ ਗੁਰੂ ਦਾ ਆਸਰਾ ਲੈ ਕੇ ਪਰਮਾਤਮਾ ਦਾ ਨਾਪ ਜਪੇ। ਬੜੀਆਂ ਬੜੀਆਂ ਸਿੱਧੀਆਂ ਹਾਸਲ ਕੀਤੀਆਂ ਭੀ ਕਿਸੇ ਕੰਮ ਨਹੀਂ। ੩. ਇਸ ਨਾਸਵੰਤ ਜਗਤ ਵਿਚੋਂ ਮਨੁੱਖ ਦੇ ਸਦਾ ਨਾਲ ਨਿਭਣ ਵਾਲੀ ਇਕੋ ਹੀ ਚੀਜ਼ ਹੈ-ਪਰਮਾਤਮਾ ਦੀ ਸਿਫ਼ਤਿ-ਸਾਲਾਹ ਜੋ ਸਾਧ ਸੰਗਤਿ ਵਿਚੋਂ ਮਿਲਦੀ ਹੈ। ੪. ਸੁਖ ਭੀ ਇਸ ਸਿਫ਼ਤਿ-ਸਾਲਾਹ ਵਿਚ ਹੀ ਹੈ, ਤੇ, ਇਹ ਮਿਲਦੀ ਹੈ ਗੁਰੂ ਦੀ ਸੰਗਤਿ ਵਿਚ ਰਿਹਾਂ। ੫. ਜਿਹੜਾ ਮਨੁੱਖ ਬਾਂਸ ਵਾਂਗ ਸਦਾ ਆਕੜ ਕੇ ਰਹਿੰਦਾ ਹੈ ਉਸ ਨੂੰ ਸਾਧ ਸੰਗਤਿ ਵਿਚੋਂ ਕੁਝ ਭੀ ਨਹੀਂ ਮਿਲਦਾ। ੬. ਸਿਫ਼ਤਿ-ਸਾਲਾਹ ਵਿਚ ਬੜੀ ਤਾਕਤ ਹੈ, ਇਸ ਦੀ ਬਰਕਤਿ ਨਾਲ ਮਨੁੱਖ ਦੇ ਅੰਦਰੋਂ ਕਾਮਾਦਿਕ ਪੰਜੇ ਵੈਰੀ ਨਾਸ ਹੋ ਜਾਂਦੇ ਹਨ। ੭. ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਸੁਖੀ ਜੀਵਨ ਬਿਤੀਤ ਕਰਦਾ ਹੈ, ਮਨੁੱਖ ਜਨਮ ਮਰਨ ਦੇ ਗੇੜ ਵਾਲੇ ਰਾਹੇ ਨਹੀਂ ਪੈਂਦਾ। ੮. ਨਾਮ ਤੋਂ ਵਾਂਜਿਆ ਮਨੁੱਖ ਦੁੱਖ ਸਹਾਰਦਾ ਹੈ ਤੇ ਜੀਵਨ ਅਜਾਈਂ ਗਵਾ ਜਾਂਦਾ ਹੈ। ੯. ਸਾਧ ਸੰਗਤਿ ਦੀ ਰਾਹੀਂ ਹੀ ਪਰਮਾਤਮਾ ਦੇ ਨਾਮ ਵਿਚ ਸਰਧਾ ਬਣਦੀ ਹੈ। ਮਨੁੱਖ ਦੀ ਜ਼ਿੰਦਗੀ ਦੀ ਬੇੜੀ ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤ ਪਾਰ ਲੰਘ ਜਾਂਦੀ ਹੈ। ੧੦. ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਕੀਤਿਆਂ ਦੁਨੀਆ ਦੀਆਂ ਵਾਸਨਾਂ ਜ਼ੋਰ ਨਹੀਂ ਪਾਂਦੀਆਂ। ਸਿਫ਼ਤਿ-ਸਾਲਾਹ ਦੀ ਤਾਕਤ ਦੀ ਕਿਸੇ ਵਿਰਲੇ ਨੂੰ ਸਮਝ ਪੈਂਦੀ ਹੈ। ੧੧. ਗੁਰੂ ਦੇ ਬਚਨ ਕ੍ਰੋੜਾਂ ਪਾਪਾਂ ਦਾ ਨਾਸ ਕਰ ਦੇਂਦੇ ਹਨ। ਇਹਨਾਂ ਬਚਨਾਂ ਉਤੇ ਤੁਰ ਕੇ ਨਾਮ ਸਿਮਰਨ ਵਾਲਾ ਮਨੁੱਖ ਆਪਣੇ ਅਨੇਕਾਂ ਸਾਥੀਆਂ ਦਾ ਉੱਧਾਰ ਕਰ ਲੈਂਦਾ ਹੈ। ੧੨. ਜਿਸ ਥਾਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਰਹੇ, ਉਹ ਥਾਂ ਹੀ ਸੁਹਾਵਣਾ ਹੋ ਜਾਂਦਾ ਹੈ। ਸਿਫ਼ਤਿ-ਸਾਲਾਹ ਕਰਨ ਵਾਲੇ ਬੰਦੇ ਭੀ ਦੁਨੀਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ। ੧੩. ਪਰਮਾਤਮਾ ਹੀ ਮਨੁੱਖ ਦਾ ਅਸਲ ਸਾਥੀ ਅਸਲ ਮਿੱਤਰ ਹੈ। ੧੪. ਪਰਮਾਤਮਾ ਦਾ ਸਿਮਰਨ ਮਨੁੱਖ ਨੂੰ ਦੁਨੀਆ ਦੇ ਵਿਕਾਰਾਂ ਤੋਂ ਬਚਾ ਲੈਂਦਾ ਹੈ। ਇਹ ਸਿਮਰਨ ਮਿਲਦਾ ਹੈ ਗੁਰੂ ਦੀ ਬਾਣੀ ਦੀ ਰਾਹੀਂ। ੧੫. ਪਰਮਾਤਮਾ ਦੀ ਸਿਫ਼ਤਿ-ਸਾਲਾਹ ਮਨੁੱਖ ਵਾਸਤੇ ਆਤਮਕ ਜੀਵਨ ਹੈ, ਇਹ ਦਾਤਿ ਸਾਧ ਸੰਗਤਿ ਵਿਚੋਂ ਮਿਲਦੀ ਹੈ। ੧੬. ਸਾਧ ਸੰਗਤਿ ਵਿਚ ਟਿਕਿਆਂ ਮਨੁੱਖ ਦੇ ਸਾਰੇ ਆਤਮਕ ਰੋਗ ਦੂਰ ਹੋ ਜਾਂਦੇ ਹਨ। ੧੭. ਗੁਰੂ ਦੀ ਸੰਗਤਿ ਕੀਤਿਆਂ ਹੀ ਪਰਮਾਤਮਾ ਨਾਲ ਪਿਆਰ ਬਣਦਾ ਹੈ। ੧੮. ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦਾ ਜੀਵਨ ਸੁਖੀ ਹੋ ਜਾਂਦਾ ਹੈ। ੧੯. ਸਾਧ ਸੰਗਤਿ ਵਿਚ ਟਿਕ ਕੇ ਸਿਫ਼ਤਿ-ਸਾਲਾਹ ਕੀਤਿਆਂ ਵਿਕਾਰਾਂ ਤੋਂ ਬਚ ਜਾਈਦਾ ਹੈ। ੨੦. ਧਰਮ-ਪੁਸਤਕਾਂ ਕੇ ਪੜ੍ਹਨ ਤੋਂ ਅਸਲ ਲਾਭ ਇਹੀ ਮਿਲਣਾ ਚਾਹੀਦਾ ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਸਿਮਰੇ। ੨੧. ਪਰਮਾਤਮਾ ਦੇ ਨਾਮ ਦੀ ਦਾਤਿ ਸਾਧ ਸੰਗਤਿ ਵਿਚੋਂ ਮਿਲਦੀ ਹੈ। ੨੨. ਉਸ ਮਨੁੱਖ ਦੇ ਭਾਗ ਜਾਗ ਪਏ ਜਾਣੋ ਜੋ ਸਾਧ ਸੰਗਤਿ ਵਿਚ ਜਾਣ ਲੱਗ ਪੈਂਦਾ ਹੈ। ਸਾਧ ਸੰਗਤਿ ਵਿਚ ਨਾਮ ਸਿਮਰਨ ਨਾਲ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। ੨੩. ਸਾਧ ਸੰਗਤਿ ਦੀ ਰਾਹੀਂ ਹੀ ਪਰਮਾਤਮਾ ਨਾਲ ਪਿਆਰ ਬਣ ਸਕਦਾ ਹੈ। ੨੪. ਮਾਇਆ ਦੇ ਰੰਗ-ਤਮਾਸ਼ੇ ਕਸੁੰਭੇ ਦੇ ਫੁੱਲ ਵਰਗੇ ਹੀ ਹਨ। ਇਹਨਾਂ ਵਿਚ ਫਸੇ ਰਿਹਾਂ ਸੁਖ ਨਹੀਂ ਮਿਲ ਸਕਦਾ। ਲੜੀ ਵਾਰ ਭਾਵ: (੧ ਤੋਂ ੮) ਇਹ ਮਨੁੱਖਾ ਸਰੀਰ ਤਦੋਂ ਹੀ ਸਫਲ ਸਮਝੋ ਜਦੋਂ ਮਨੁੱਖ ਗ਼ਰੀਬੀ ਸੁਭਾਵ ਵਿਚ ਰਹਿ ਕੇ ਸਾਧ ਸੰਗਤਿ ਦਾ ਆਸਰਾ ਲੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਹੈ। ਸਿਮਰਨ ਦੀ ਬਰਕਤਿ ਨਾਲ ਮਨੁੱਖ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਸੁਖੀ ਜੀਵਨ ਬਿਤੀਤ ਕਰਦਾ ਹੈ। (੯ ਤੋਂ ੨੪) ਸਿਮਰਨ ਤੇ ਸਿਫ਼ਤਿ-ਸਾਲਾਹ ਦੀ ਦਾਤਿ ਸਿਰਫ਼ ਸਾਧ ਸੰਗਤਿ ਵਿਚੋਂ ਮਿਲਦੀ ਹੈ। ਸਾਧ ਸੰਗਤਿ ਵਿਚ ਰਿਹਾਂ ਹੀ ਪਰਮਾਤਮਾ ਵਿਚ ਸਰਧਾ ਬਣਦੀ ਹੈ, ਫਿਰ ਵਿਕਾਰ ਆਪਣਾ ਜ਼ੋਰ ਨਹੀਂ ਪਾ ਸਕਦੇ, ਜੀਵਨ ਇਤਨਾ ਉੱਚਾ ਬਣ ਜਾਂਦਾ ਹੈ ਕਿ ਉਸ ਮਨੁੱਖ ਦੀ ਸੰਗਤਿ ਵਿਚ ਹੋਰ ਭੀ ਅਨੇਕਾਂ ਬੰਦੇ ਵਿਕਾਰਾਂ ਤੋਂ ਬਚ ਕੇ ਜੀਵਨ-ਨਈਆ ਨੂੰ ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤ ਪਾਰ ਲੰਘਾ ਲੈਂਦੇ ਹਨ। ਮੁੱਖ ਭਾਵ: ਮਨੁੱਖਾ ਸਰੀਰ ਤਦੋਂ ਹੀ ਸਫਲ ਹੈ ਜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੇ। ਤੇ, ਇਹ ਦਾਤਿ ਸਿਰਫ਼ ਸਾਧ-ਸੰਗਤਿ ਵਿਚੋਂ ਹੀ ਮਿਲਦੀ ਹੈ।
(SGGS Steek, Bhai Manmohan Singh, c. 1960): ਵਾਹਿਗੁਰੂ ਕੇਵਲ ਇਕ ਹੈ ॥ ਸੱਚੇ ਗੁਰੂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ ॥
(SGGS Darpan, Prof. Sahib Singh, c. 1962-64): ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖੵ ਦੇਹੰ ਮਲੀਣੰ ॥
(Faridkot Teeka, c. 1870s): ਹੇ ਭਾਈ! (ਕਰਪੂਰ) ਮੁਸਕਪੂਰ ਔ (ਪੁਹਪ) ਫੂਲੋਂ ਔ ਹੋਰ ਸੁਗੰਧੀ ਵਾਲੀ ਵਸਤੂ ਇਸ ਮਾਨੁਖ ਕੀ ਦੇਹ ਕੋ ਸਪਰਸ ਕਰ ਕੇ ਮਲੀਨ ਹੋ ਜਾਤੀਆਂ ਹੈਂ॥
(SGGS Steek, Bhai Manmohan Singh, c. 1960): ਮੁਸ਼ਕ ਕਪੂਰ, ਫੁੱਲ ਅਤੇ ਖੁਸ਼ਬੋਈਆਂ ਬੰਦੇ ਦੀ ਕਾਂਇਅ ਨਾਲ ਲੱਗ ਕੇ ਗੰਦੇ ਹੋ ਜਾਂਦੇ ਹਨ ॥
(SGGS Darpan, Prof. Sahib Singh, c. 1962-64): ਮੁਸ਼ਕ-ਕਪੂਰ, ਫੁੱਲ ਅਤੇ ਹੋਰ ਸੁਗੰਧੀਆਂ ਮਨੁੱਖ ਦੇ ਸਰੀਰ ਨੂੰ ਛੁਹ ਕੇ ਮੈਲੀਆਂ ਹੋ ਜਾਂਦੀਆਂ ਹਨ। ਕਰਪੂਰ = ਕਾਫ਼ੂਰ (कर्पुर)। ਪੁਹਪ = ਪੁਸ਼ਪ, ਫੁੱਲ (पुष्प)। ਪਰਸ = ਪਰਸਿ, ਛੁਹ ਕੇ (स्पृश् = to touch)। ਦੇਹੰ = ਸਰੀਰ।
(S.G.P.C. Shabadarth, Bhai Manmohan Singh, c. 1962-69): *ਕਰਪੂਰ¹ ਪੁਹਪ ਸੁਗੰਧਾ ਪਰਸ ਮਾਨੁਖੵ ਦੇਹੰ ਮਲੀਣੰ ॥ ¹ਮੁਸ਼ਕ ਕਪੂਰ। ਮੁਸ਼ਕ ਕਪੂਰ, ਫੁਲ ਤੇ ਹੋਰ ਸੁਗੰਧੀ ਵਾਲੀਆਂ ਚੀਜ਼ਾਂ ਨੂੰ ਮਨੁੱਖਾ ਦੇਹ ਛੋਹ ਕੇ ਮਲੀਨ ਕਰ ਦਿੰਦੀ ਹੈ। ਮਨੁੱਖ ਮਜਾ (ਮਿਝ) ਰਕਤ ਅਰ ਦੁਰਗੰਧਤਾ ਕਰਕੇ ਪੂਰਨ ਹੈ, ਫਿਰ ਵੀ ਅਗਿਆਨੀ ਗਰਬ ਕਰਦਾ ਹੈ। *ਮਨੁੱਖਾ ਦੇਹੀ ਕੀ ਹੈ ਜਿਸ ਉਤੇ ਮਨੁੱਖ ਮਾਣ ਕਰਦਾ ਹੈ (੧)? ਜੇ ਇਸ ਦੇਹੀ ਤੋਂ ਬਿਹਤਰ ਕੋਈ ਸੂਖਮ ਦੇਹੀ ਭੀ ਮਿਲ ਜਾਵੇ ਤਾਂ ਭੀ ਸਾਧ ਸੰਗਤ ਬਿਨਾਂ ਕਿਸੇ ਕੰਮ ਦੀ ਨਹੀਂ (੨)। ਸੱਤ ਚੀਜ਼ ਤਾਂ ਕੇਵਲ ਹਰੀ ਕੀਰਤਨ ਹੈ (੩)। ਮਾਇਆ ਵਿੱਚ ਸੁਖ ਨਹੀਂ, ਸੁਖ ਕੇਵਲ ਭਜਨ ਵਾਲੀ ਥਾਂ ਸਾਧ ਸੰਗਤ ਵਿੱਚ ਹੈ (੪)। ਪਰ ਇਸ ਤੋਂ ਲਾਭ
(Gatha Steek, Bhai Joginder Singh Talwara, c. 1981): ਮੁਸ਼ਕ ਕਪੂਰ, ਫੁੱਲ ਤੇ ਹੋਰ ਖ਼ੁਸ਼ਬੂਦਾਰ ਪਦਾਰਥ ਮਨੁੱਖਾ ਦੇਹੀ ਦੀ ਛੁਹ ਨਾਲ ਗੰਦੇ ਹੋਂ ਜਾਂਦੇ ਹਨ (ਕਿਉਂਕਿ ਇਸ ਦੇਹੀ ਅੰਦਰ) ਮਿੱਝ, ਲਹੂ ਤੇ ਹੋਰ ਦੁਰਗੰਧੀਆਂ ਹਨ। ਕਰਪੂਰ–ਮੁਸ਼ਕ ਕਪੂਰ (ਕਾਫ਼ੂਰ)। ਪੁਹਪ–ਫੁੱਲ। ਸੁਗੰਧਾ–ਸੁਗੰਧੀ ਵਾਲੇ ਪਦਾਰਥ। ਪਰਸ–ਛੁਹ [ਇਸਤ੍ਰੀ ਲਿੰਗ ਨਾਂਵ। ਜੇ ‘ਪਰਸ’ ਸ਼ਬਦ ਦੇ ਅੰਤਲੇ ‘ਸ’ ਅੱਖਰ ਨੂੰ ਸਿਹਾਰੀ ਲੱਗੀ ਹੁੰਦੀ ਤਾਂ ਇਹ ਪੂਰਬ-ਪੂਰਣ-ਕਾਦੰਤਕ ਬਣ ਜਾਂਦਾ। ਫਿਰ ਇਸ ਦਾ ਅਰਥ ‘ਪਰਸ ਕੇ’, ‘ਛੁਹ ਕੇ ਕੀਤਾ ਜਾਂਦਾ]। ਮਾਨੁਖੵ ਦੇਹੰ–ਮਨੁੱਖਾ ਦੇਹੀ। ਮਲੀਣੰ–ਮਲੀਨ, ਗੰਦੇ।
(Arth Bodh SGGS, Dr. Rattan Singh Jaggi, c. 2007): ਮੁਸ਼ਕ ਕਪੂਰ, ਫੁਲ ਅਤੇ (ਹੋਰ) ਸੁਗੰਧੀਆਂ ਮਨੁੱਖ ਦੀ ਦੇਹੀ ਦੀ ਛੋਹ (ਪਰਸ) ਨਾਲ ਮਲੀਨ ਹੋ ਜਾਂਦੀਆਂ।
(Aad SGGS Darshan Nirney Steek, Giani Harbans Singh, c. 2009-11): ਮੁਸ਼ਕ ਕਾਫੂਰ (ਅਤੇ ਹੋਰ) ਸੁਗੰਧੀਆਂ, ਮਨੁੱਖ ਦੇਹੀ ਦੀ ਛੁਹ ਨਾਲ ਮੈਲੀਆਂ ਹੋ ਜਾਂਦੀਆਂ ਹਨ। ਗਾਥਾ = ਇਕ ਪ੍ਰਾਚੀਨ ਭਾਸ਼ਾ ਜਿਸ ਵਿਚ ਸੰਸਕ੍ਰਿਤ ਨਾਲ ਅਤੇ ਹੋਰ ਬੋਲੀਆਂ ਦੇ ਸ਼ਬਦ ਮਿਲੇ ਹੋਏ ਦੇਖੀਦੇ ਹਨ। ਲਲਿਤ = ਵਿਸਤਕ ਆਦਿਕ ਬੋਧ ਧਰਮ ਦੇ ਗ੍ਰੰਥ ਅਤੇ ਸ੍ਰਿ ਗੁਰੂ ਗ੍ਰੰਥ ਸਾਹਿਬ ਵਿਚ “ਸਹਸਕ੍ਰਿਤੀ ਸਲੋਕ” ਅਤੇ “ਗਾਥਾ” ਇਸੇ ਭਾਸ਼ਾ ਵਿਚ ਹਨ। ਕਈ ਅਗਯਾਨੀ ਸਹਸਕ੍ਰਿਤੀ ਅਤੇ ਗਾਥਾ ਦਾ ਅਰਥ ਸਮਝੇ ਬਿਨਾ ਹੀ ਆਪਣੀ ਅਲਪ ਵਿਦਯਾ ਦੇ ਕਾਰਣ ਸਹਸਕ੍ਰਿਤੀ ਸਲੋਕਾਂ ਨੂੰ ਸੰਸਕ੍ਰਿਤ ਦੇ ਵਯਾਕਰਣ ਵਿਰੁੱਧ ਆਖਿਆ ਕਰਦੇ ਹਨ। (ਮ. ਕੋ.)। ਇਥੇ ‘ਗਾਥਾ’ ਬਾਣੀ ਦਾ ‘ਨਾਂ’ ਹੈ ਜਿਸ ਵਿਚ ਮਨੁਖਾ ਜੀਵਨ ਦਾ ਪਰਮਾਰਥ ਅਤੇ ਨਿਰੰਕਾਰ ਦੇ ਗੁਣਾਂ ਦੀ ਸੁਗੰਧੀ ਨੂੰ ਕ੍ਰਿਆਮਾਨ ਕੀਤਾ ਗਿਆ ਹੈ। ਕਰਪੂਰ = ਮੁਸ਼ਕ, ਕਾਫੂਰ। ਪੁਹਪ = ਫੁੱਲ। ਸੁਗੰਧਾ = ਸੁਗੰਧੀਆਂ, ਖੁਸ਼ਬੂ (ਵਾਲੇ ਪਦਾਰਥ)। ਪਰਸ = ਛੁਹ। ਮਲੀਣੰ = ਮਲੀਨ, ਗੰਦਾ-ਮੰਦਾ।
ਮਜਾ ਰੁਧਿਰ ਦ੍ਰੁਗੰਧਾ ਨਾਨਕ ਅਥਿ ਗਰਬੇਣ ਅਗੵਾਨਣੋ ॥੧॥
(Faridkot Teeka, c. 1870s): ਪੁਨਾ ਜੋ (ਮਜਾ) ਮਿਝ ਔਰ (ਰੁਧਿਰ) ਰਕਤ ਔ ਦੁਰਗੰਧਕਾ ਕਰ ਕੇ ਪੂਰਨ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਇਹ ਅਗਿਆਨੀ ਜੀਵ ਇਸ ਐਸੇ ਮਲੀਨ ਸਰੀਰ ਕੋ ਪਾਇਕਰ (ਅਬ) ਉਪਰਾਂਤ, ਭਾਵ ਫੇਰ ਭੀ (ਗਰਬੇਣ) ਗਰਬ ਕਰਤਾ ਹੈ। ਭਾਵ ਯੇਹ ਇਸ ਮਲੀਨ ਸਰੀਰ ਕਾ ਹੰਕਾਰ ਕਰਨਾ ਨਹੀਂ ਚਾਹੀਏ॥ ਪ੍ਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਯਥਾ - ‘ਬਿਸਟਾ ਅਸਤਿ ਰਕਤਿ ਪਰੇਟੇ ਚਾਮ॥ ਇਸ ਊਪਰ ਲੇ ਰਖਿਓ ਗੁਮਾਨ॥’ * ਭਾਵ: ਇਸ ਸਰੀਰ ਦਾ ਮਾਣ ਕਰਨਾ ਮੂਰਖਤਾ ਹੈ ਜਿਸ ਦੇ ਅੰਦਰ ਮੈਲਾ ਹੀ ਮੈਲਾ ਹੈ ਤੇ ਜਿਸ ਨਾਲ ਛੁਹ ਕੇ ਸੁਗੰਧੀਆਂ ਭੀ ਦੁਰਗੰਧੀਆਂ ਬਣ ਜਾਂਦੀਆਂ ਹਨ।
(SGGS Steek, Bhai Manmohan Singh, c. 1960): ਬੇਸਮਝ ਬੰਦਾ ਮਿੱਝ, ਲਹੂ, ਬਦਬੋ ਅਤੇ ਹੱਡੀਆਂ ਦਾ ਹੰਕਾਰ ਕਰਦਾ ਹੈ ॥
(SGGS Darpan, Prof. Sahib Singh, c. 1962-64): (ਮਨੁੱਖ ਦੇ ਸਰੀਰ ਵਿਚ) ਮਿੱਝ ਲਹੂ ਅਤੇ ਹੋਰ ਦੁਰਗੰਧੀਆਂ ਹਨ; ਫਿਰ ਭੀ, ਹੇ ਨਾਨਕ! ਅਗਿਆਨੀ ਮਨੁੱਖ (ਇਸ ਸਰੀਰ ਦਾ) ਮਾਣ ਕਰਦਾ ਹੈ ॥੧॥ ਮਜਾ = ਮੱਜਾ, ਮਿੱਝ, ਸਰੀਰ ਦੀ ਚਿਕਨਾਈ (मज्जन = marrow of the bones & flesh)। ਰੁਧਿਰ = ਲਹੂ (रुधिरं)। ਦ੍ਰੁਗੰਧਾ = ਬਦ-ਬੂ। ਅਥਿ = ਫਿਰ ਭੀ, ਇਸ ਉਤੇ ਭੀ। ਅਗੵਾਨਣੋ = ਅਗਿਆਨੀ ਮਨੁੱਖ ॥੧॥
(S.G.P.C. Shabadarth, Bhai Manmohan Singh, c. 1962-69): ਮਜਾ ਰੁਧਿਰ ਦ੍ਰੁਗੰਧਾ ਨਾਨਕ ਅਥਿ¹ ਗਰਬੇਣ ਅਗੵਾਨਣੋ ॥੧॥ ¹ਫੇਰ ਵੀ।
(Gatha Steek, Bhai Joginder Singh Talwara, c. 1981): ‘ਨਾਨਕ’! ਅਗਿਆਨੀ ਜੀਵ ਇਸ (ਦੁਰਗੰਧੀ ਨਾਲ ਭਰੀ ਦੇਹੀ) ਉੱਤੇ ਹੰਕਾਰ ਕਰਦਾ ਹੈ ।੧। ਅਗੵਾਨਣੋ–ਆਗਿਆਨਣੋ। ਰੁਧਿਰ–ਰੁਦਰ ਜਾਂ ਰੁਦਿਰ ਨਹੀਂ ਬੋਲਣਾ; ‘ਧ’ ਹੀ ਉਚਾਰਣਾ ਚਾਹੀਦਾ ਹੈ। ਮਜਾ–ਮਿੱਝ। ਰੁਧਿਰ–ਰਕਤ, ਲਹੂ। ਦ੍ਰੁਗੰਧਾ–ਦੁਰਗੰਧੀਆਂ। ਅਥਿ–ਇਸ ਉੱਤੇ। ਗਰਬੇਣ–ਗਰਬ, ਹੰਕਾਰ ਕਰਦਾ ਹੈ।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਅਗਿਆਨੀ (ਮਨੁੱਖ) ਮਿਝ, ਲਹੂ (ਰੁਧਿਰ) ਅਤੇ ਦੁਰਗੰਧਾਂ (ਨਾਲ ਭਰੀ ਹੋਈ ਦੇਹੀ ਉਪਰ) ਫਿਰ ਵੀ ਮਾਣ/ਹੰਕਾਰ ਕਰਦਾ ਹੈ ।੧।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਅਗਿਆਨੀ ਜੀਵ ਇਸ (ਦੇਹੀ ਉਤੇ) ਜੋ ਮਿੱਝ, ਲਹੂ ਤੇ ਹੋਰ ਦੁਰਗੰਧੀਆਂ ਨਾਲ (ਭਰੀ ਹੋਈ ਹੈ, ਉਤੇ) ਅਹੰਕਾਰ ਕਰਦਾ ਹੈ ।੧। ਮਜਾ = ਮਿੱਝ। ਰਧਿਰ = ਲਹੂ। ਦ੍ਰੁਗੰਧਾ = ਦੁਰਗੰਧੀਆਂ ਨਾਲ। ਅਥਿ = ਫਿਰ ਭੀ, ਇਸ ਉਤੇ ਭੀ। ਅਗੵਾਨਣੋ = ਅਗਿਆਨੀ ਜੀਵ ।੧।
ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਿਖੰਡਣਹ ॥
(Faridkot Teeka, c. 1870s): ਯਦਪਿ ਇਹ ਜੀਵ ਪ੍ਰਮਾਣੂਓਂ ਪ੍ਰਯੰਤ ਸੂਖਮ ਰੂਪ ਧਾਰ ਕੇ ਸਿਧੀ ਕੇ ਬਲ ਕਰ ਕੇ ਅਕਾਸ ਮੇਂ ਜੋ ਸਾਤ ਲੋਕ ਹੈਂ ਤਿਨ ਮੇਂ ਔਰ ਦੀਪੋਂ ਜੋ ਖੰਡੋਂ ਸਹਤ ਹੈ॥
(SGGS Steek, Bhai Manmohan Singh, c. 1960): ਜੇਕਰ ਇਨਸਾਨ ਇਕ ਜ਼ੱਰੇ ਵਰਗਾ ਬਰੀਕ ਹੋ ਅਸਮਾਨ ਬੱਰੇ-ਆਜ਼ਮ ਪੁਰੀਆਂ ਅਤੇ ਇਸ ਦੇ ਖਿੱਤਿਆਂ ਅੰਦਰ ਫਿਰ ਆਵੇ,
(SGGS Darpan, Prof. Sahib Singh, c. 1962-64): ਹੇ ਨਾਨਕ! ਜੇ ਮਨੁੱਖ ਅੱਤ ਛੋਟਾ ਅਣੂ ਬਣ ਕੇ ਅਕਾਸ਼ਾਂ ਤਕ ਸਾਰੇ ਦੀਪਾਂ ਲੋਕਾਂ ਅਤੇ ਪਹਾੜਾਂ ਉਪਰ-ਪਰਮਾਣੋ = (परमाणु = an atom) ਪਰਮ ਅਣੂ, ਬਹੁਤ ਛੋਟਾ ਭਾਗ, ਬਰੀਕ ਜ਼ੱਰਾ ਜਿਸ ਦਾ ਹਿੱਸਾ ਨ ਹੋ ਸਕੇ। ਪਰਜੰਤ = (पर्यन्त) ਆਖ਼ਰੀ ਹੱਦ, ਅੰਤਮ ਸੀਮਾ। ਦੀਪ = ਜਜ਼ੀਰੇ (द्र्धीप = an island)। ਲੋਅ = ਲੋਕ। ਸਿਖੰਡਣਹ = (शिखरिन्) ਪਹਾੜ।
(S.G.P.C. Shabadarth, Bhai Manmohan Singh, c. 1962-69): ¹ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਿਖੰਡਣਹ ॥ ¹ਹੇ ਜੀਵ! ਪ੍ਰਮਾਣੂਆਂ ਵਾਂਗ ਸੂਖਮ ਦੇਹ ਧਾਰ ਕੇ ਅਕਾਸ਼ਾਂ ਦਿਆਂ ਲੋਆਂ ਖੰਡਾਂ ਸਮੇਤ ਅੱਖ ਦੇ ਫੋਰ ਵਿੱਚ ਗਛੇਣ (ਫਿਰ ਆਵੇ) ਤਾਂ ਵੀ ਬਿਨਾਂ ਸੰਤਾਂ ਦੀ ਸੰਗਤ ਦੇ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕਦਾ।
(Gatha Steek, Bhai Joginder Singh Talwara, c. 1981): ਹੇ ‘ਨਾਨਕ’! ਜੇ ਕੋਈ ਪ੍ਰਾਣੀ (ਕਿਸੇ ਸਿਧੀ ਦੇ ਬਲ-ਬੋਤੇ) ਪਰਮਾਣੂ ਜਿੰਨਾ ਸੂਖਮ ਹੋ ਕੇ ਆਕਾਸ਼ਾ ਵਿਚ ਉੱਡਦਾ ਫਿਰੇ, ਬ੍ਰਹਿਮੰਡ ਦੇ ਸਾਰੇ ਦੀਪ (ਟਾਪੂ), ਲੋਅ (ਲੋਕ) ਅਤੇ ਖੰਡ ਅੱਖ ਦੇ ਪਲਕਾਰੇ ਵਿਚ ਫਿਰ ਆਵੇ (ਤਾਂ ਵੀ) ਸਾਧੂ-ਸਤਿਗੁਰੂ ਭੇਟੇ ਬਿਨਾਂ (ਜੀਵਨ-ਮਨੋਰਥ ਦੀ ਪ੍ਰਾਪਤੀ ਕਰਨ ਵਿਚ) ਸਫਲ ਨਹੀਂ ਹੋ ਸਕਦਾ ।੨। ਪਰਮਾਣੋ–ਪਰਮਾਣੂ (ਪਰਮ + ਅਣੂ) ਅਤਿ ਸੂਖਮ ਅਣੂ। ਪਰਜੰਤ–ਪਰਯੰਤ, ਤੀਕ, ਤੋੜੀ। ਆਕਾਸਹ–ਆਕਾਸ਼। ਦੀਪ–ਜਜ਼ੀਰੇ, ਟਾਪੂ। ਲੋਅ–ਲੋਕ। ਖੰਡਣਹ–ਖੰਡ, ਬ੍ਰਹਿਮਡੰ ਦੇ ਹਿੱਸੇ।
(Arth Bodh SGGS, Dr. Rattan Singh Jaggi, c. 2007): (ਜੇ ਕੋਈ ਸਿੱਧੀ ਦੇ ਆਧਾਰ ‘ਤੇ) ਸੂਖਮ/ਅਣੂ (ਪਰਮਾਣੋ) ਰੂਪ ਵਿਚ ਆਕਾਸ਼ ਅਤੇ ਦੀਪਾਂ, ਲੋਕਾਂ, ਖੰਡਾਂ ਤਕ (ਪਰਜੰਤ) ਅੱਖ ਦੇ ਪਲਕਾਰੇ
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਜੇ ਕੋਈ ਮਨੁੱਖ ਸਿੱਧੀ ਦੇ ਬਲ ਨਾਲ ਪਰਮਾਣੂ ਜਿਤਨਾ ਅਤੇ ਸੂਖਮ ਅਣੂ (ਬਣ ਕੇ) ਆਕਾਸ਼ ਵਿਚ ਉਡਦਾ (ਫਿਰੇ) ਬ੍ਰਹਮੰਡ ਦੇ ਸਾਰੇ ਟਾਪੂ ਲੋਕ (ਅਤੇ) ਖੰਡ ਅਖ ਦੇ ਝਮਕਣ ਜਿਤਨੇ ਸਮੇਂ ਵਿਚ ਫਿਰ ਆਵੇ, ਪਰਮਾਣੋ = (ਪਰਮ + ਅਣੂ) ਪਰਮਾਣੂ, ਅਤਿ ਸੂਖਮ ਅਣੂ ਜਿਸ ਦਾ ਹਿੱਸਾ ਨ ਹੋ ਸਕੇ। ਪਰਜੰਤ = ਪਰਯੰਤ ਤੀਕ, (ਆਖਰੀ ਹਦ) ਤਕ। ਆਕਾਸਹ = ਆਕਾਸ਼। ਦੀਪ = ਜਜ਼ੀਰੇ, ਟਾਪੂ। ਲੋਅ = ਲੋਕ। ਸਿਖੰਡਣਹ = ਬ੍ਰਹਮੰਡ ਦੇ ਹਿੱਸੇ।
ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਿਧੵਤੇ ॥੨॥
(Faridkot Teeka, c. 1870s): (ਗਛੇਣ) ਜਾਇ ਕਰ ਨੇਤ੍ਰੋਂ ਕੇ ਫੁਰਕਣੇ ਮੇਂ ਫੇਰ ਆਵੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਵੀ ਸੰਤੋਂ ਕੀ ਸੰਗਤਿ ਸੇ ਬਿਨਾ ਜੀਵ ਕਬੀ ਮੋਖ ਕੋ ਪ੍ਰਾਪਤਿ ਨਹੀਂ ਹੋਤਾ ਹੈ ॥੨॥ * ਭਾਵ: ਇਹ ਮਨੁੱਖਾ ਸਰੀਰ ਸਫਲ ਤਦੋਂ ਹੀ ਹੈ ਜੇ ਮਨੁੱਖ ਗੁਰੂ ਦਾ ਆਸਰਾ ਲੈ ਕੇ ਪਰਮਾਤਮਾ ਦਾ ਨਾਮ ਜਪੇ। ਬੜੀਆਂ ਬੜੀਆਂ ਸਿੱਧੀਆਂ ਹਾਸਲ ਕੀਤੀਆਂ ਭੀ ਕਿਸੇ ਕੰਮ ਨਹੀਂ।
(SGGS Steek, Bhai Manmohan Singh, c. 1960): ਅੱਖ ਦੇ ਇਕ ਫੇਰੇ ਵਿੱਚ; ਤਦ ਵੀ, ਹੇ ਨਾਨਕ, ਸੰਤ ਦੇ ਬਗੈਰ ਉਸ ਦੀ ਕਲਿਆਨ ਨਹੀਂ ਹੁੰਦੀ ॥
(SGGS Darpan, Prof. Sahib Singh, c. 1962-64): ਅੱਖ ਦੇ ਇਕ ਫੋਰ ਵਿਚ ਹੀ ਹੋ ਆਵੇ, (ਇਤਨੀ ਸਿੱਧੀ ਹੁੰਦਿਆਂ ਭੀ) ਗੁਰੂ ਤੋਂ ਬਿਨਾਂ ਉਸ ਦਾ ਜੀਵਨ ਸਫਲ ਨਹੀਂ ਹੁੰਦਾ ॥੨॥ ਗਛੇਣ = ਤੁਰਿਆਂ। ਨੈਣ ਭਾਰੇਣ = ਨੈਣ ਭਰੇਣ, ਅੱਖ ਦੇ ਫੋਰ ਵਿਚ। ਨੈਣ ਭਾਰ = ਨੇਤ੍ਰ ਭਰ, ਅੱਖ ਦੇ ਝਮਕਣ ਦਾ ਸਮਾ, ਨਿਮਖ। ਨ ਸਿਧੵਤੇ = ਸਫਲ ਨਹੀਂ ਹੁੰਦਾ ॥੨॥
(S.G.P.C. Shabadarth, Bhai Manmohan Singh, c. 1962-69): ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਿਧੵਤੇ ॥੨॥
(Gatha Steek, Bhai Joginder Singh Talwara, c. 1981): ਹੇ ‘ਨਾਨਕ’! ਜੇ ਕੋਈ ਪ੍ਰਾਣੀ (ਕਿਸੇ ਸਿਧੀ ਦੇ ਬਲ-ਬੋਤੇ) ਪਰਮਾਣੂ ਜਿੰਨਾ ਸੂਖਮ ਹੋ ਕੇ ਆਕਾਸ਼ਾ ਵਿਚ ਉੱਡਦਾ ਫਿਰੇ, ਬ੍ਰਹਿਮੰਡ ਦੇ ਸਾਰੇ ਦੀਪ (ਟਾਪੂ), ਲੋਅ (ਲੋਕ) ਅਤੇ ਖੰਡ ਅੱਖ ਦੇ ਪਲਕਾਰੇ ਵਿਚ ਫਿਰ ਆਵੇ (ਤਾਂ ਵੀ) ਸਾਧੂ-ਸਤਿਗੁਰੂ ਭੇਟੇ ਬਿਨਾਂ (ਜੀਵਨ-ਮਨੋਰਥ ਦੀ ਪ੍ਰਾਪਤੀ ਕਰਨ ਵਿਚ) ਸਫਲ ਨਹੀਂ ਹੋ ਸਕਦਾ ।੨। ਗਛੇਣ–ਗੱਛਣਾ, ਜਾਣਾ, ਜਾ ਆਵੇ। ਨੈਣ ਭਾਰੇਣ–ਅੱਖ ਦੇ ਪਲਕਾਰੋ ਵਿਚ। ਸਾਧੂ–ਸਤਿਗੁਰੂ। ਨ ਸਿਧੵਤੇ–ਸਫਲ ਨਹੀਂ ਹੁੰਦਾ।
(Arth Bodh SGGS, Dr. Rattan Singh Jaggi, c. 2007): (ਨੈਣ ਭਾਰੇਣ) ਵਿਚ ਫਿਰ ਆਵੇ (ਗਛੇਣ), ਨਾਨਕ (ਦਾ ਕਥਨ ਹੈ ਕਿ ਤਾਂ ਵੀ) ਸਾਧੂ/ਗੁਰੂ ਤੋਂ ਬਿਨਾ (ਜੀਵਨ-ਮਨੋਰਥ ਵਿਚ) ਸਫਲ ਨਹੀਂ ਹੋ ਸਕਦਾ ।੨।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਅਜਿਹਾ ਮਨੁੱਖ) ਸਤਿਗੁਰੂ ਤੋਂ ਬਿਨਾ (ਆਪਣੀ ਮਨੋਰਥ ਸਿੱਧੀ ਵਿਚ) ਸਫਲ ਨਹੀਂ ਹੋ ਸਕਦਾ ।੨। ਗਛੇਣ = ਜਾਣਾ। ਨੈਣ ਭਾਰੇਣ = ਅਖਾਂ ਦੇ ਫਰਕਣ ਜਿਤਨਾ ਸਮਾਂ। ਨ ਸਿਧੵਤੇ = ਸਫਲ ਨਹੀਂ ਹੁੰਦਾ ।੨।
ਜਾਣੋ ਸਤਿ ਹੋਵੰਤੋ ਮਰਣੋ ਦ੍ਰਿਸਟੇਣ ਮਿਥਿਆ ॥
(Faridkot Teeka, c. 1870s): ਹੇ ਭਾਈ! ਮ੍ਰਿਤ ਹੋਣੇ ਕੋ ਸਤ ਜਾਣੋਂ, ਕਿਉਂਕਿ ਜੋ ਨਾਮ ਰੂਪ ਜਗਤ ਦ੍ਰਿਸਟ ਆਵਤਾ ਹੈ, ਸੋ ਸਭ ਮਿਥਿਆ ਰੂਪ ਹੈ॥
(SGGS Steek, Bhai Manmohan Singh, c. 1960): ਪੱਕਾ ਜਾਣ ਲੈ ਕੇ ਮਰਨਾ ਸੱਚ ਹੈ ਅਤੇ ਸਾਰਾ ਕੁਝ ਜੋ ਦਿਸਦਾ ਹੈ, ਉਹ ਨਾਸਵੰਤ ਹੈ ॥
(SGGS Darpan, Prof. Sahib Singh, c. 1962-64): ਮੌਤ ਦਾ ਆਉਣਾ ਅਟੱਲ ਸਮਝੋ, ਇਹ ਦਿੱਸਦਾ ਜਗਤ (ਜ਼ਰੂਰ) ਨਾਸ ਹੋਣ ਵਾਲਾ ਹੈ (ਇਸ ਵਿਚੋਂ ਕਿਸੇ ਨਾਲ ਸਾਥ ਨਹੀਂ ਨਿਭਦਾ)। ਸਤਿ = ਸੱਚ, ਅਟੱਲ (सत्य)। ਮਰਣੋ = ਮੌਤ (मरणं)।ਦ੍ਰਿਸਟੇਣ = ਜੋ ਕੁਝ ਦਿੱਸ ਰਿਹਾ ਹੈ, ਇਹ ਦਿੱਸਦਾ ਜਗਤ। ਮਿਥਿਆ = ਨਾਸਵੰਤ, ਝੂਠ (मिथ्या)।
(S.G.P.C. Shabadarth, Bhai Manmohan Singh, c. 1962-69): ¹ਜਾਣੋ ਸਤਿ ਹੋਵੰਤੋ ਮਰਣੋ ਦ੍ਰਿਸਟੇਣ ਮਿਥਿਆ ॥ ¹ਹੇ ਭਾਈ! ਮਰਨਾ ਸੱਚ ਜਾਣ, ਦ੍ਰਿਸ਼ਟਮਾਲਨ (ਮਿਥਿਆ) ਹੈ।
(Gatha Steek, Bhai Joginder Singh Talwara, c. 1981): ਸਦੀਵਕਾਲ ਹੋਂਦ ਵਾਲੇ ਵਾਹਿਗੁਰੂ ਨੂੰ ਸਤਿ ਜਾਣੋ, ਦ੍ਰਿਸ਼ਟਮਾਨ ਪਸਾਰੇ ਨੂੰ ਮਿਥਿਆ ਸਮਝੋ, ਇਹ (ਅਵੱਸ਼) ਬਿਨਸਨਹਾਰ ਹੈ। ਜਾਣੋ–ਸਮਝੋ। ਹੋਵੰਤੋ–ਸਦੀਵਕਾਲ ਹੋਂਦ ਵਾਲਾ। ਮਰਣੋ–ਬਿਨਸਨਹਾਰ। ਦ੍ਰਿਸਟੇਣ–ਦ੍ਰਿਸ਼ਟਮਾਨ, ਦਿੱਸਦਾ ਪਸਾਰਾ। ਮਿਥਿਆ–ਝੂਠਾ।
(Arth Bodh SGGS, Dr. Rattan Singh Jaggi, c. 2007): ਮੋਤ ਦਾ ਹੋਣਾ (ਹੋਵੰਤੋ) ਸੱਚ ਸਮਝੋ। ਦਿਸਦਾ (ਖਿਲਾਰਾ) ਨਾਸ਼ਮਾਨ ਹੈ।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਮੌਤ ਦਾ ਹੋਣਾ ਅਟਲ ਸਮਝੋ, ਇਹ ਦਿਸਦਾ ਪਸਾਰਾ (ਸਭ) ਨਾਸ਼ਵੰਤ ਹੈ। ਜਾਣੋ ਸਤਿ = ਅਟਲ ਸਮਝੋ। ਹੋਵੰਤੋ = ਹੁੰਦਾ ਹੈ। ਮਰਣੋ = ਮਰਨਾ, ਮੌਤ। ਦ੍ਰਿਸਟੇਣ = ਦਿਸਦਾ ਪਸਾਰਾ। ਮਿਥਿਆ = ਝੂਠਾ, ਨਾਸ਼ਵੰਤ ਹੈ।
ਕੀਰਤਿ ਸਾਥਿ ਚਲੰਥੋ ਭਣੰਤਿ ਨਾਨਕ ਸਾਧ ਸੰਗੇਣ ॥੩॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਸੰਤੋਂ ਕੀ ਸੰਗਤ ਕਰ ਕੇ ਗੋਪਾਲ ਕਾ ਕੀਰਤਨ ਅਰਥਾਤ ਜਸ ਉਚਾਰਨ ਕਰਨਾ ਹੈ, ਸੋ ਸਾਥ ਚੱਲਦਾ ਹੈ, ਭਾਵ ਯਹੀ ਸਤ੍ਯ ਹੈ ॥੩॥ * ਭਾਵ: ਇਸ ਨਾਸਵੰਤ ਜਗਤ ਵਿਚੋਂ ਮਨੁੱਖ ਦੇ ਸਦਾ ਨਾਲ ਨਿਭਣ ਵਾਲੀ ਇਕੋ ਚੀਜ਼ ਹੈ-ਪਰਮਾਤਮਾ ਦੀ ਸਿਫ਼ਤਿ-ਸਾਲਾਹ ਜੋ ਸਾਧ ਸੰਗਤ ਵਿਚੋਂ ਮਿਲਦੀ ਹੈ।
(SGGS Steek, Bhai Manmohan Singh, c. 1960): ਸਤਿਸੰਗਤ ਅੰਦਰ ਤੂੰ ਹਰੀ ਦੀ ਮਹਿਮਾ ਉਚਾਰਨ ਕਰ, ਹੇ ਨਾਨਕ! ਕੇਵਲ ਇਹ ਹੀ ਤੇਰੇ ਨਾਲ ਜਾਉਗੀ ॥
(SGGS Darpan, Prof. Sahib Singh, c. 1962-64): ਨਾਨਕ ਆਖਦਾ ਹੈ ਕਿ ਸਾਧ ਸੰਗਤ ਦੇ ਆਸਰੇ ਕੀਤੀ ਹੋਈ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ (ਮਨੁੱਖ) ਦੇ ਨਾਲ ਜਾਂਦੀ ਹੈ ॥੩॥ ਕੀਰਤਿ = ਸਿਫ਼ਤ-ਸਾਲਾਹ (कीर्ति)। ਚਲੰਥੋ = ਜਾਂਦੀ ਹੈ (चलति, चलतः चलन्ति)। ਸਾਧ ਸੰਗੇਣ = ਸਾਧ ਸੰਗਤ ਦੀ ਰਾਹੀਂ (साधु संगेन) ॥੩॥
(S.G.P.C. Shabadarth, Bhai Manmohan Singh, c. 1962-69): ¹ਕੀਰਤਿ ਸਾਥਿ ਚਲੰਥੋ ਭਣੰਤਿ ਨਾਨਕ ਸਾਧ ਸੰਗੇਣ ॥੩॥ ¹ਹਰੀ ਕੀਰਤਨ, ਨਾਲ ਸਾਥ ਦਿੰਦਾ ਹੈ।
(Gatha Steek, Bhai Joginder Singh Talwara, c. 1981): ‘ਨਾਨਕ’! ਸਾਧ ਸੰਗ ਵਿਚ ਜੁੜ ਕੇ ਕੀਤੀ ਹੋਈ (ਸਦੀਵਕਾਲ ਹੋਂਦ ਵਾਲੇ ਵਾਹਿਗੁਰੂ ਦੀ) ਸਿਫ਼ਤਿ-ਸਾਲਾਹ (ਮਰਨ ਮਗਰੋਂ ਵੀ ਮਨੁੱਖ ਦੇ) ਨਾਲ ਨਿੱਭਦੀ ਹੈ ।੩। ਕੀਰਤਿ–ਕੀਰਤੀ, ਵਾਹਿਗੁਰੂ ਦੀ ਸਿਫ਼ਤਿ-ਸਾਲਾਹ। ਚਲੰਥੋ–ਚੱਲਦੀ ਹੈ। ਸਾਥਿ ਚਲੰਥੋ–ਨਾਲ ਚੱਲਦੀ ਹੈ, ਨਾਲ ਨਿੱਭਦੀ ਹੈ। ਭਣੰਤਿ–ਕੀਤੀ ਹੋਈ। ਸਾਧ ਸੰਗਤ–ਸਾਧ ਸੰਗਤ ਵਿਚ ।੩।
(Arth Bodh SGGS, Dr. Rattan Singh Jaggi, c. 2007): ਨਾਨਕ ਦਾ ਕਥਨ ਹੈ ਕਿ (ਕੇਵਲ) ਸਾਧ-ਸੰਗ ਵਿਚ ਕੀਤਾ ਹਰਿ-ਜਸ ਜਾਂਦਾ ਹੈ (ਚਲੰਥੋ) ।੩।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਅੰਤ ਸਮੇਂ ਕਿਸੇ ਵਸਤੂ ਨੇ ਨਾਲ ਨਹੀਂ ਜਾਣਾ ਕੇਵਲ) ਸਾਧ ਸੰਗਤਿ ਵਿਚ ਬੈਠ ਕੇ ਪ੍ਰਭੂ ਦੀ ਕੀਤੀ ਹੋਈ ਕੀਰਤੀ (ਸਿਫਤਿ ਸਾਲਾਹ) ਨਾਲ ਜਾਂਦੀ ਹੈ ।੩। ਕੀਰਤਿ = (ਪ੍ਰਭੂ ਦੀ) ਕੀਰਤੀ, ਸਿਫਤਿ ਸਾਲਾਹ, ਜਸ। ਸਾਥਿ = ਨਾਲ। ਚਲੰਥੋ = ਚਲਦੀ ਹੈ। ਭਣੰਤ = ਭਣਾ (ਆਖਦਾ ਹੈ)। ਸਾਧ ਸੰਗੇਣ = ਸਾਧ ਸੰਗਤ ਵਿਚ ।੩।
ਮਾਯਾ ਚਿਤ ਭਰਮੇਣ ਇਸਟ ਮਿਤ੍ਰੇਖੁ ਬਾਂਧਵਹ ॥
(Faridkot Teeka, c. 1870s): ਇਸ ਮਾਯਾ ਨੇ ਇਸਟ ਮਿਤ੍ਰ ਬਾਂਧਵੋ (ਖੁ) ਬੀਚ ਅਰਥਾਤ ਇਨੋਂ ਕੇ ਮੋਹਿ ਮੇਂ ਜੀਵੋਂ ਕਾ ਚਿਤ ਭ੍ਰਮਾਇ ਦੀਆ ਹੈ॥
(SGGS Steek, Bhai Manmohan Singh, c. 1960): ਮਨ ਧਨ–ਦੌਲਤ, ਪਿਆਰਿਆਂ ਮਿਤਰਾਂ ਅਤੇ ਸਨਬੰਧੀਆਂ ਵਲ ਭਟਕਦਾ ਹੈ ॥
(SGGS Darpan, Prof. Sahib Singh, c. 1962-64): ਮਾਇਆ (ਮਨੁੱਖ ਦੇ) ਮਨ ਨੂੰ ਪਿਆਰੇ ਮਿਤ੍ਰਾਂ ਸੰਬੰਧੀਆਂ (ਦੇ ਮੋਹ) ਵਿਚ ਭਟਕਾਂਦੀ ਰਹਿੰਦੀ ਹੈ। (ਤੇ, ਭਟਕਣਾਂ ਦੇ ਕਾਰਨ ਇਸ ਨੂੰ ਸੁਖ ਨਹੀਂ ਮਿਲਦਾ)। ਚਿਤ = (चित्तं)। ਇਸਟ = ਪਿਆਰੇ (इष्ट)। ਮਿਤ੍ਰੇਖੁ = ਮਿਤ੍ਰਾਂ ਵਿਚ (मित्रेषु)।
(S.G.P.C. Shabadarth, Bhai Manmohan Singh, c. 1962-69): ¹ਮਾਯਾ ਚਿਤ ਭਰਮੇਣ ਇਸਟ ਮਿਤ੍ਰੇਖੁ ਬਾਂਧਵਹ ॥ ¹ਮਾਇਆ ਨੇ ਇਸ਼ਟ, ਮਿਤ੍ਰਾਂ, ਸਬੰਧੀਆਂ ਵਿੱਚ ਜੀਵ ਦਾ ਚਿਤ ਭਰਮਾਇਆ ਹੈ।
(Gatha Steek, Bhai Joginder Singh Talwara, c. 1981): ਮਾਇਆ (ਮਨੁੱਖੀ) ਮਨ ਨੂੰ ਪਿਆਰੇ ਮਿੱਤਰਾਂ ਤੇ ਸਨਬੰਧੀਆਂ (ਦੇ ਮੋਹ) ਵਿਚ ਭਟਕਾਈ ਫਿਰਦੀ ਹੈ। ਚਿਤ–ਮਨੁੱਖੀ ਮਨ। ਭਰਮੋਣ–ਭਰਮਾਂਦੀ ਹੈ, ਭਟਕਾਂਦੀ ਹੈ। ਇਸਟ–ਪਿਆਰੇ। ਮਿਤ੍ਰੇਖੁ–ਮਿੱਤਰਾਂ ਵਿਚ। ਬਾਂਧਵਹ–ਸਨਬੰਧੀਆਂ ਵਿਚ।
(Arth Bodh SGGS, Dr. Rattan Singh Jaggi, c. 2007): ਮਾਇਆ (ਮਨੁੱਖ ਦੇ) ਚਿਤ ਨੂੰ ਪਿਆਰੇ (ਇਸਟ) ਮਿਤਰਾਂ ਅਤੇ ਸੰਬੰਧੀਆਂ (ਬਾਧਵਹ) ਵਿਚ ਭਰਮਾਉਂਦੀ ਹੈ।
(Aad SGGS Darshan Nirney Steek, Giani Harbans Singh, c. 2009-11): ਮਾਇਆ (ਮਨੁੱਖੀ) ਚਿਤ ਨੂੰ ਪਿਆਰੇ ਮਿਤਰਾਂ ਤੇ ਸਨਬੰਧੀਆਂ ਦੇ (ਮੋਹ ਵਿਚ) ਭਰਮਾਂਦੀ ਹੈ (ਜਿਸ ਕਰਕੇ ਇਹ ਟਿਕਦਾ ਨਹੀਂ ਹੈ)। ਭਰਮੇਣ = ਭਰਮਾਂਦੀ ਹੈ। ਇਸਟ = ਪਿਆਰੇ। ਮਿਤ੍ਰੇਖੁ = ਮਿਤਰਾਂ। ਬਾਂਧਵਹ = ਸਨਬੰਧੀ।
ਲਬਧੵੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣੰ ॥੪॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਸੰਤੋਂ ਕੀ ਸੰਗਤਿ ਕਰ ਗੋਪਾਲ ਕਾ ਭਜਨ ਕਰਨੇ ਤੇ ਜੀਵ ਕੋ ਸੁਖੋਂ ਕਾ ਅਸਥਾਨ ਸ੍ਵੈ ਸਰੂਪ (ਲਭਧੵੰ) ਪ੍ਰਾਪਤਿ ਹੋਤਾ ਹੈ ॥੪॥ ਭਾਵ: ਸੁਖ ਭੀ ਇਸ ਸਿਫ਼ਤਿ-ਸਾਲਾਹ ਵਿਚ ਹੀ ਹੈ, ਤੇ, ਇਹ ਮਿਲਦੀ ਹੈ ਗੁਰੂ ਦੀ ਸੰਗਤਿ ਵਿਚ ਰਿਹਾਂ।
(SGGS Steek, Bhai Manmohan Singh, c. 1960): ਸਤਿਸੰਗਤ ਅੰਦਰ ਸੰਸਾਰ ਦੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਹੇ ਨਾਨਕ! ਸਦੀਵੀ ਆਰਾਮ ਦੀ ਥਾਂ ਪਰਾਪਤ ਹੋ ਜਾਂਦੀ ਹੈ ॥
(SGGS Darpan, Prof. Sahib Singh, c. 1962-64): ਹੇ ਨਾਨਕ! ਸੁਖ ਮਿਲਣ ਦਾ ਥਾਂ (ਕੇਵਲ) ਪਰਮਾਤਮਾ ਦਾ ਭਜਨ ਹੀ ਹੈ, ਜੋ ਸਾਧ ਸੰਗਤ ਦੀ ਰਾਹੀਂ ਮਿਲ ਸਕਦਾ ਹੈ ॥੪॥ ਲਬਧੵੰ = ਲੱਭ ਸਕਦਾ ਹੈ, ਲੱਭਣ-ਯੋਗ। ਸੁਖ ਅਸਥਾਨੰ = ਸੁਖ ਮਿਲਣ ਦਾ ਥਾਂ (सुख स्थानं) ॥੪॥
(S.G.P.C. Shabadarth, Bhai Manmohan Singh, c. 1962-69): ਲਬਧੵੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣੰ ॥੪॥
(Gatha Steek, Bhai Joginder Singh Talwara, c. 1981): ‘ਨਾਨਕ’! ਸੁੱਖਾਂ ਦਾ (ਅਚੱਲ) ਟਿਕਾਣਾ ਪ੍ਰਭੂ ਦਾ ਭਜਨ ਹੈ, ਜੋ ਸਾਧ ਸੰਗਤ ਵਿੱਚੋਂ ਲੱਭਦਾ ਹੈ ।੪। ਲਬਧੵੰ–ਲੱਭਦਾ ਹੈ। ਸਾਧ ਸੰਗੇਣ–ਸਾਧ ਸੰਗਤ ਵਿਚ। ਸੁਖ ਅਸਥਾਨੰ–ਸੁੱਖਾਂ ਦਾ ਟਿਕਾਣਾ। ਗੋਪਾਲ ਭਜਣੰ–ਗੋਪਾਲ ਪ੍ਰਭੂ ਦਾ ਭਜਨ ।੪।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਸੁਖ ਦਾ ਠਿਕਾਣਾ ਸਾਧ-ਸੰਗ ਵਿਚ ਹਰਿ-ਭਜਨ ਦੁਅਰਾ ਉਪਲਬਧ ਹੁੰਦਾ ਹੈ ।੪।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਆਤਮਿਕ) ਸੁੱਖਾਂ ਦਾ ਅਸਥਾਨ ਪ੍ਰਿਥਵੀ ਦੇ ਪਾਲਕ ਦਾ ਭਜਨ ਹੈ, ਜੋ ਸਾਧ ਸੰਗਤ ਵਿਚੋਂ ਲੱਭਦਾ ਹੈ ।੪। ਲਬਧੵੰ = ਲੱਭ ਸਕਦਾ ਹੈ। ਸਾਧ ਸੰਗੇਣ = ਸਾਧ ਸੰਗਤ ਵਿਚ। ਸੁਖ ਅਸਥਾਨੰ = ਸੁਖ ਦਾ ਥਾਂ, ਟਿਕਾਣਾ ।੪।
ਮੈਲਾਗਰ ਸੰਗੇਣ ਨਿੰਮੁ ਬਿਰਖ ਸਿ ਚੰਦਨਹ ॥
(Faridkot Teeka, c. 1870s): ਦ੍ਰਿਸਟਾਂਤ-ਜੈਸੇ ਮਲਿਆਗਰ ਚੰਦਨ ਕਾ ਸੰਗ ਹੋਣੇ ਤੇ ਨਿੰਮ ਆਦੀ ਕਟਕ ਬ੍ਰਿਛ ਜੋ ਹੈਂ, ਸੋ ਭੀ ਚੰਦਨ ਰੂਪ ਹੋਇ ਜਾਤੇ ਹੈਂ॥
(SGGS Steek, Bhai Manmohan Singh, c. 1960): ਨਿੰਮ ਦਾ ਬਿਰਵਾ ਚੰਨਣ ਦੀ ਸੰਗਤ ਅੰਦਰ ਉਹ ਭੀ ਚੰਨਣ ਵਰਗਾ ਹੋ ਜਾਂਦਾ ਹੈ ॥
(SGGS Darpan, Prof. Sahib Singh, c. 1962-64): ਚੰਦਨ ਦੀ ਸੰਗਤ ਨਾਲ ਨਿੰਮ ਦਾ ਰੁੱਖ ਚੰਦਨ ਹੀ ਹੋ ਜਾਂਦਾ ਹੈ, ਮੈਲਾਗਰ = ਮਲਯ ਪਰਬਤ ਤੇ ਉਗਿਆ ਹੋਇਆ ਬੂਟਾ, ਚੰਦਨ (मलयाग्र)। ਸੰਗੇਣ = ਸੰਗਤ ਨਾਲ (संगेन)।ਬਿਰਖ = (वृक्ष) ਰੁੱਖ।
(S.G.P.C. Shabadarth, Bhai Manmohan Singh, c. 1962-69): ਮੈਲਾਗਰ¹ ਸੰਗੇਣ ਨਿੰਮੁ ਬਿਰਖ ਸਿ ਚੰਦਨਹ ॥ ¹ਚੰਦਨ।
(Gatha Steek, Bhai Joginder Singh Talwara, c. 1981): ਚੰਦਨ ਦੇ ਬੂਟੇ ਲਾਗੇ (ਉੱਗੇ ਹੋਏ) ਨਿੰਮ (ਵਰਗੇ ਕੌੜੇ ਤੇ ਤੁੱਛ) ਬ੍ਰਿਛ ਵੀ ਚੰਦਨ ਹੀ ਹੋ ਜਾਂਦੇ ਹਨ। ਮੈਲਾਗਰ–ਚੰਦਨ। ਸੰਗੇਣ–ਸੰਗ ਵਿਚ।
(Arth Bodh SGGS, Dr. Rattan Singh Jaggi, c. 2007): ਚੰਦਨ (ਮੈਲਾਗਰ) ਦੇ ਸੰਗ ਵਿਚ ਨਿੰਮ ਦਾ ਬ੍ਰਿਛ ਵੀ ਚੰਦਨ ਹੋ ਜਾਂਦਾ ਹੈ।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਚੰਦਨ ਦੀ ਸੰਗਤ ਨਾਲ ਨਿੰਮ ਵਰਗਾ ਰੁਖ ਵੀ ਚੰਦਨ ਹੋ ਜਾਂਦਾ ਹੈ। ਮੈਲਾਗਰ = ਮਲ ਪਹਾੜ ਤੇ ਉਗਿਆ ਬੂਟਾ, ਚੰਦਨ। ਸੰਗੇਣ = ਸੰਗਤ ਵਾਲਾ। ਨਿੰਮੁ ਬਿਰਖ = ਨਿਮ ਬਿਰਖ ਦਾ ਫਲ ਕੌਣਾ ਹੁੰਦਾ ਹੈ, ਪਰ ਛਾਂ ਠੰਡੀ ਹੁੰਦੀ ਹੈ। ਸਿ = ਵਰਗੇ। ਚੰਦਨਹ = ਚੰਦਨ।
ਨਿਕਟਿ ਬਸੰਤੋ ਬਾਂਸੋ ਨਾਨਕ ਅਹੰ ਬੁਧਿ ਨ ਬੋਹਤੇ ॥੫॥
(Faridkot Teeka, c. 1870s): ਪਰੰਤੂ ਤਿਸ ਚੰਦਨ ਕੇ ਨਿਕਟ ਹੀ ਊਚਤਾ ਅਭਿਮਾਨ ਔ ਪੋਲਾ, ਕੁਲ ਘਾਤੀ, ਗੰਢੋਂ ਆਦੀ ਚਾਰ ਦੋਖੋਂ ਸੰਯੁਕਤ ਬਾਂਸ ਬਸਤਾ ਹੈ ਤੌ ਉਹ ਚੰਦਨ ਨਹੀਂ ਹੋਤਾ ਹੈ॥ ਦ੍ਰਿਸ੍ਟਾਂਤ-ਤੈਸੇ ਹੀ ਸੰਤੋਂ ਕਾ ਸੰਗ ਹੋਨ ਤੇ ਭੀ ਹੰਕਾਰ ਰੂਪੀ ਉਚਾਈ, ਔ ਕੁਟਿਲਤਾ ਰੂਪੀ ਗੰਠੇਂ, ਔ ਸੁਭ ਗੁਣੋਂ ਤੇ ਹੀਨ ਉਪਦੇਸ ਨ ਠਹਿਰਨਾ ਇਹ ਪੋਲਤਾ, ਸਭ ਕੇ ਸਾਥ ਵਿਰੋਧ ਇਹ ਕੁਲ ਘਾਤਿ ਇਤ ਆਦੀ ਦੂਸਣੋ ਸੰਯੁਗਤਿ ਹੋਨੇ ਕਰ ਇਹ ਜੀਵ ਰੂਪੀ ਬਾਂਸੁ ਭਗਤੀ ਕਰ ਸੁਗੰਧਤ ਨਹੀਂ ਹੋਤਾ, ਭਾਵ ਭਲਿਆਈ ਕੋ ਨਹੀਂ ਪਾਵਤਾ ਹੈ। ਔ ਇਨ ਦੋਖੋਂ ਸੇ ਰਹਿਤ ਚਮਾਰ, ਭੀਲ, ਆਦੀ ਨੀਚ ਜਾਤੀ ਵਾਲੇ ਨਿੰਮ ਕੇ ਸਦਰਸ ਭੀ ਜੋ ਹੈਂ, ਸੋ ਸਤਿਸੰਗ ਕੇ ਕਰਨੇ ਕਰ ਸੰਤੋਂ ਕਾ ਸਰੂਪ ਹੀ ਹੋ ਜਾਤੇ ਹੈਂ ॥੫॥ * ਭਾਵ: ਜਿਹੜਾ ਮਨੁੱਖ ਬਾਂਸ ਵਾਂਗ ਸਦਾ ਆਕੜ ਕੇ ਰਹਿੰਦਾ ਹੈ ਉਸ ਨੂੰ ਸਾਧ ਸੰਗਤਿ ਵਿਚੋਂ ਕੁਝ ਭੀ ਨਹੀਂ ਮਿਲਦਾ।
(SGGS Steek, Bhai Manmohan Singh, c. 1960): ਬਾਂਸ ਵੀ ਨੇੜੇ ਹੀ ਵਸਦਾ ਹੈ, ਪ੍ਰੰਤੂ ਹੰਕਾਰੀ ਮਤਿ ਵਾਲਾ ਹੋਣ ਕਾਰਣ ਇਹ ਸੁਗੰਧਤ ਨਹੀਂ ਹੁੰਦਾ, ਹੇ ਨਾਨਕ!
(SGGS Darpan, Prof. Sahib Singh, c. 1962-64): ਪਰ, ਹੇ ਨਾਨਕ! ਚੰਦਨ ਦੇ ਨੇੜੇ ਵੱਸਦਾ ਬਾਂਸ ਆਪਣੀ ਆਕੜ ਦੇ ਕਾਰਨ ਸੁਗੰਧੀ ਵਾਲਾ ਨਹੀਂ ਬਣਦਾ ॥੫॥ ਨਿਕਟਿ = ਨੇੜੇ (निकटे)। ਅਹੰਬੁਧਿ = ਹਉਮੈ ਵਾਲੀ ਬੁੱਧ ਦੇ ਕਾਰਨ (अहं बुध्दि)। ਬੋਹਤੇ = ਸੁਗੰਧਿਤ ਹੁੰਦਾ ਹੈ ॥੫॥
(S.G.P.C. Shabadarth, Bhai Manmohan Singh, c. 1962-69): ਨਿਕਟਿ ਬਸੰਤੋ ਬਾਂਸੋ ਨਾਨਕ ਅਹੰ ਬੁਧਿ ਨ ਬੋਹਤੇ¹ ॥੫॥ ¹ਸੁਗੰਧਤ। ਉੱਚਾ ਹੋਣ ਦੇ ਹੰਕਾਰ ਕਰਕੇ ਬਾਂਸ ਸੁਗੰਧਤ ਨਹੀਂ ਹੁੰਦਾ।
(Gatha Steek, Bhai Joginder Singh Talwara, c. 1981): ‘ਨਾਨਕ’! ਬਾਂਸ ਵੀ (ਭਾਵੇਂ) ਚੰਦਨ ਦੇ ਨੇੜੇ ਵੱਸਦਾ ਹੈ, ਪਰ (ਉੱਚੇ ਹੋਣ ਦੀ) ਹੰਗਤਾ ਕਾਰਨ ਸੁਗੰਧਤ ਨਹੀਂ ਹੁੰਦਾ ।੫। ਨਿਕਟਿ–ਨੇੜੇ, ਕੋਲ। ਬਸੰਤੋ–ਵੱਸਦਾ ਹੈ। ਬਾਂਸੋ–ਬਾਂਸ। ਅਹੰਬੁਧਿ–ਹੰਕਾਰ ਵਾਲੀ ਬੁੱਧੀ ਕਰਕੇ। ਨ ਬੋਹਤੇ–ਸੁਗੰਧਤ ਨਹੀਂ ਹੁੰਦਾ ।੫।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ ਚੰਦਨ ਦੇ) ਨੇੜੇ ਬਾਂਸ (ਦਾ ਬ੍ਰਿਛ) ਵਸਦਾ ਹੈ, (ਪਰ) ਹੰਕਾਰ ਵਾਲੀ ਬੁੱਧੀ ਹੋਣ ਕਾਰਣ ਸੁਗੰਧਿਤ ਨਹੀਂ ਹੁੰਦਾ ।੫।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਚੰਦਨ ਦੇ) ਨੇੜੇ ਬਾਂਸ ਦਾ (ਰੁੱਖ) ਵਸਦਾ ਹੈ (ਪਰ ਉਹ ਆਪਣੇ) ਅਹੰਕਾਰ ਵਾਲੀ ਬੁਧੀ ਕਾਰਨ ਸੁਗੰਧਤ ਨਹੀਂ ਹੁੰਦਾ ਹੈ ।੫। ਨਿਕਟਿ = ਨੇੜੇ। ਬਸੰਤੋ = ਵਸਦਾ ਹੈ। ਬਾਂਸੋ = ਬਾਂਸ। ਅਹੰਬੁਧਿ = ਅਹੰਕਾਰ ਵਾਲੀ ਬੁਧੀ ਕਰਕੇ। ਨ ਬੋਹਤੇ = ਸੁਗੰਧਤ ਨਹੀਂ ਹੁੰਦਾ ।੫।
ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ ॥
(Faridkot Teeka, c. 1870s): ਇਸ (ਗਾਥਾ) ਬਾਣੀ ਮੇਂ, ਭਾਵ ਇਸ ਉਪਲਖਤ ਜੋ ਪਰਮੇਸ੍ਵਰ ਸੰਬੰਧਨੀ ਬਾਣੀ ਹੈ ਅਰ ਜਿਸ ਮੇਂ ਗੋਪਾਲ ਕੇ ਜਸ ਕੀ ਕਥਾ (ਗੁੰਫ) ਗੁੰਥਨ ਕਰੀ ਹੈ, ਤਿਸ ਕੇ (ਮਥੰ) ਵਿਚਾਰਨੇ ਸੇ ਦੇਹ ਅਭਿਮਾਨ ਆਦੀ ਵਿਕਾਰੋਂ ਕਾ (ਮਰਦਨਹ) ਨਾਸ ਹੋ ਜਾਤਾ ਹੈ, ਭਾਵ ਯੇਹ ਵੀਚਾਰਵਾਨ ਪੁਰਸ਼ ਨਿਰਅਭਿਮਾਨ ਹੋ ਜਾਤਾ ਹੈ॥
(SGGS Steek, Bhai Manmohan Singh, c. 1960): ਇਸ ‘ਗਾਥਾ’ ਦੀ ਬਾਣੀ ਅੰਦਰ ਵਾਹਿਗੁਰੂ ਦੀ ਕਥਾ ਗੁਥੰਨ ਕੀਤੀ ਹੋਈ ਹੈ, ਜਿਸ ਨੂੰ ਵਿਚਾਰਣ ਦੁਆਰਾ ਹੰਗਤਾ ਕੁਚਲੀ ਜਾਂਦੀ ਹੈ ॥
(SGGS Darpan, Prof. Sahib Singh, c. 1962-64): ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਕਹਾਣੀਆਂ ਦਾ ਗੁੰਦਣ ਮਨੁੱਖ ਦੇ ਅਹੰਕਾਰ ਨੂੰ ਕੁਚਲ ਦੇਂਦਾ ਹੈ ਨਾਸ ਕਰ ਦੇਂਦਾ ਹੈ। ਗਾਥਾ = ਉਸਤਤਿ, ਸਿਫ਼ਤ-ਸਾਲਾਹ (गाथा = a religious verse. गै = to sing)। ਗੁੰਫ = ਗੁੰਦਣਾ, ਕਵਿ-ਰਚਨਾ ਕਰਨੀ (गुंफ् = to string together, to compose)। ਕਥੰ = ਕਥਾ (कथा)। ਮਥੰ = ਕੁਚਲ ਦੇਣਾ, ਨਾਸ ਕਰ ਦੇਣਾ (मन्थ् = to crush, destroy)। ਮਰਦਨਹ = ਮਲਿਆ ਜਾਂਦਾ ਹੈ (मर्दनां)।
(S.G.P.C. Shabadarth, Bhai Manmohan Singh, c. 1962-69): ¹ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ ॥ ¹ਇਸ ਗਾਥਾ ਵਿੱਚ ਹਰੀ ਦੇ ਜਸ ਦੀ ਕਥਾ ਗੁੰਥਨ ਕੀਤੀ ਹੈ; ਇਸ ਨੂੰ ਵਿਚਾਰਿਆਂ ਹੰਕਾਰ ਨਾਸ ਹੁੰਦਾ ਹੈ; ਪੰਜ ਕਾਮਾਦਿਕ ਸ਼ਤਰੂ ਨਾਸ ਹੁੰਦੇ ਹਨ, ਹਰੀ-ਬਾਣ ਦੇ ਚਲਾਣ ਨਾਲ।
(Gatha Steek, Bhai Joginder Singh Talwara, c. 1981): ਗਾਥਾ (ਨਾਮ ਦਾ ਬਾਣੀ) ਵਿਚ ਗੋਪਾਲ ਪ੍ਰਭੂ ਦੀ ਕਥਾ ਗੁੰਦੀ ਹੋਈ ਹੈ। ਇਸ ਨੂੰ ਕਥਨ ਅਤੇ ਵਿਚਾਰਨ ਨਾਲ ਮਾਣ-ਹੰਕਾਰ ਦਲਿਆ ਮਲਿਆ ਜਾਂਦਾ ਹੈ। ਗਾਥਾ–ਕਥਾ, ਪ੍ਰਭੂ ਦੀ ਉਸਤਤ। ਗੁੰਫ–ਗੁੰਫਣਾ, ਗੁੰਦਣਾ। ਕਥੰ–ਕਥਨ ਨਾਲ। ਮਥੰ–ਵਿਚਾਰਨ ਨਾਲ। ਮਰਦਨਹ–ਦਲਿਆ ਮਲਿਆ ਜਾਂਦਾ ਹੈ, ਨਾਸ ਹੋ ਜਾਂਦਾ ਹੈ।
(Arth Bodh SGGS, Dr. Rattan Singh Jaggi, c. 2007): ਗਾਥਾ (ਨਾਂ ਦੀ ਇਸ ਬਾਣੀ) ਵਿਚ ਪ੍ਰਭੂ ਦੀ ਕਥਾ ਗੁੰਦੀ ਹੋਈ (ਗੁੰਫ) ਹੈ। (ਇਸ ਨੂੰ) ਮੱਥਣ/ਵਿਚਾਰਨ ਨਾਲ ਹੰਕਾਰ ਨਸ਼ਟ ਹੋ ਜਾਂਦਾ (ਮਰਦਨਹ) ਹੈ।
(Aad SGGS Darshan Nirney Steek, Giani Harbans Singh, c. 2009-11): (ਇਸ) ਗਾਥਾ (ਬਾਣੀ) ਵਿਚ ਪਰਮਾਤਮਾ ਦੀ ਕਥਾ ਗੁੰਦੀ ਹੋਈ ਹੈ (ਇਸ ਕਥਾ ਦੇ) ਉਚਾਰਨ ਤੇ ਵੀਚਾਰਨ ਨਾਲ ਅਹੰਕਾਰ ਨਾਸ਼ ਹੋ ਜਾਂਦਾ ਹੈ। ਗਾਥਾ = (ਹਰੀ ਜਸ ਦੀ) ਵਡਿਆਈ ਵਾਲੀ ਕਥਾ। ਗੁੰਫ = ਗੁੰਦਣਾ। ਕਥੰ = ਕਥਾ। ਮਥੰ = ਮਥਣ, ਰਿੜਕਣ ਭਾਵ ਵਿਚਾਰਨ ਨਾਲ। ਮਰਦਨਹ = ਮਲਿਆ ਜਾਂਦਾ ਹੈ।
ਹਤੰ ਪੰਚ ਸਤ੍ਰੇਣ ਨਾਨਕ ਹਰਿ ਬਾਣੇ ਪ੍ਰਹਾਰਣਹ ॥੬॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਕੇ ਨਾਮੋਂ ਰੂਪੀ ਬਾਣੋਂ ਕੋ (ਪ੍ਰਹਾਰਣਹ) ਚਲਾਵਨੇ ਕਰ ਕੇ ਅਰਥਾਤ ਜਪਣੇ ਕਰ ਕਾਮ ਆਦੀ ਪਾਂਚ ਸਤ੍ਰੂ (ਹਤੰ) ਨਸਟ ਹੋ ਜਾਤੇ ਹੈਂ ॥੬॥ * ਭਾਵ: ਸਿਫ਼ਤਿ-ਸਾਲਾਹ ਵਿਚ ਬੜੀ ਤਾਕਤ ਹੈ, ਇਸ ਦੀ ਬਰਕਤਿ ਨਾਲ ਮਨੁੱਖ ਦੇ ਅੰਦਰੋਂ ਕਾਮਾਦਿਕ ਪੰਜੇ ਵੈਰੀ ਨਾਸ ਹੋ ਜਾਂਦੇ ਹਨ।
(SGGS Steek, Bhai Manmohan Singh, c. 1960): ਰੱਬ ਦੇ ਨਾਮ ਦੇ ਤੀਰ ਚਲਾਉਣ ਦੁਆਰਾ, ਹੇ ਨਾਨਕ! ਪੰਜ ਦੁਸ਼ਮਨ ਮਾਰੇ ਜਾਂਦੇ ਹਨ ॥
(SGGS Darpan, Prof. Sahib Singh, c. 1962-64): ਹੇ ਨਾਨਕ! ਪਰਮਾਤਮਾ (ਦੀ ਸਿਫ਼ਤ-ਸਾਲਾਹ) ਦਾ ਤੀਰ ਚਲਾਇਆਂ (ਕਾਮਾਦਿਕ) ਪੰਜੇ ਵੈਰੀ ਨਾਸ ਹੋ ਜਾਂਦੇ ਹਨ ॥੬॥ ਹਤੰ = ਨਾਸ ਹੋ ਜਾਂਦੇ ਹਨ। ਬਾਣੇ = (बाण) ਤੀਰ। ਪ੍ਰਹਾਰਣਹ = ਚਲਾਇਆਂ (प्रहरणं = striking, throwing) ॥੬॥
(S.G.P.C. Shabadarth, Bhai Manmohan Singh, c. 1962-69): ਹਤੰ ਪੰਚ ਸਤ੍ਰੇਣ ਨਾਨਕ ਹਰਿ ਬਾਣੇ ਪ੍ਰਹਾਰਣਹ ॥੬॥
(Gatha Steek, Bhai Joginder Singh Talwara, c. 1981): ‘ਨਾਨਕ’! ਹਰਿ ਨਾਮ (ਸਿਮਰਨ) ਰੂਪ ਤੀਰ ਚਲਾਉਣ ਨਾਲ (ਕਾਮ ਕ੍ਰੋਧ ਲੋਭ ਮੋਹ ਹੰਕਾਰ) ਪੰਜੇ ਹੀ ਵੈਰੀ ਮਰ-ਮਿਟ ਜਾਂਦੇ ਹਨ ।੬। ਹਤੰ–ਮਰ ਜਾਂਦੇ ਹਨ, ਨਾਸ ਹੋ ਜਾਂਦੇ ਹਨ। ਪੰਚ ਸਤ੍ਰੇਣ–ਪੰਜ ਕਾਮ ਕ੍ਰੋਧ ਆਦਿ ਵੈਰੀ। ਬਾਣੇ–ਤੀਰ। ਪ੍ਰਹਾਰਣਹ–ਪ੍ਰਹਾਰ ਕਰਨ ਨਾਲ, ਚਲਾਉਣ ਨਾਲ ।੬।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਹਰਿ (–ਨਾਮ) ਰੂਪ ਬਾਣ ਦੇ ਚਲਾਉਣ (ਪ੍ਰਹਾਰਣਹ) ਨਾਲ ਪੰਜ ਵੈਰੀ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਮਾਰੇ ਜਾਂਦੇ ਹਨ ।੬।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਹਰੀ ਨਾਮ ਦੇ ਤੀਰ ਚਲਾਉਣ ਨਾਲ ਪੰਜ ਕਾਮ, ਕ੍ਰੋਧ ਆਦਿ ਸ਼ਤਰੂ (ਵੈਰੀ) ਮਰ ਜਾਂਦੇ ਹਨ ।੬। ਹਤੰ = ਮਰ ਜਾਂਦੇ ਹਨ, ਭਾਵ ਨਾਸ਼ ਹੋ ਜਾਂਦੇ ਹਨ। ਪੰਚ ਸਤ੍ਰੇਣ = ਪੰਜ ਕਾਮ, ਕ੍ਰੋਧ ਆਦਿ ਵੈਰੀ। ਬਾਣੇ = ਤੀਰ। ਪ੍ਰਹਾਰਣਹ = ਚਲਾਉਣ ਨਾਲ ।੬।
ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਣਹ ॥
(Faridkot Teeka, c. 1870s): ਸੰਤੋਂ ਕਾ ਬਚਨ ਸੁਖ ਕੀ ਪ੍ਰਾਪਤੀ ਕੀ (ਪੰਥਾ) ਮਾਰਗ ਹੈ, ਤਿਨੋਂ ਕੋ ਬਡੇ ਕਰਮੋਂ ਵਾਲਾ ਅਰਥਾਤ ਬਡੇ ਭਾਗੋਂ ਵਾਲਾ (ਲਹੰਥਾ) ਪ੍ਰਾਪਤਿ ਹੋਤਾ ਹੈ॥
(SGGS Steek, Bhai Manmohan Singh, c. 1960): ਸੰਤਾਂ ਦੇ ਬਚਨ–ਬਿਲਾਸ ਆਰਾਮ ਦੇ ਮਾਰਗ ਹਨ ॥ ਉਹ ਵੱਡੀ ਪ੍ਰਾਲਭਧ ਦੁਆਰਾ ਪਰਾਪਤ ਹੁੰਦੇ ਹਨ ॥
(SGGS Darpan, Prof. Sahib Singh, c. 1962-64): ਗੁਰੂ ਦੇ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਬਚਨ ਸੁਖ ਦਾ ਰਸਤਾ ਹਨ, ਪਰ ਇਹ ਬਚਨ ਭਾਗਾਂ ਨਾਲ ਮਿਲਦੇ ਹਨ। ਸਾਧ = (साधु) ਗੁਰੂ, ਗੁਰਮੁਖ। ਪੰਥਾ = ਰਸਤਾ (पन्था)।ਲਹੰਥਾ = ਲੱਭਦੇ ਹਨ।
(S.G.P.C. Shabadarth, Bhai Manmohan Singh, c. 1962-69): ਬਚਨ ਸਾਧ ¹ਸੁਖ ਪੰਥਾ ਲਹੰਥਾ² ਬਡ ਕਰਮਣਹ ॥ ¹ਸੁਖ ਦਾ ਰਸਤਾ। ²ਲਭਦਾ ਹੈ।
(Gatha Steek, Bhai Joginder Singh Talwara, c. 1981): ਸਾਧੂ-ਸਤਿਗੁਰੂ ਦੇ ਬਚਨ (ਕਮਾਉਣੇ) ਜੀਵਨ ਦਾ ਸੁਖਦਾਇਕ ਮਾਰਗ ਹੈ, ਜੋ ਵੱਡੇ ਭਾਗਾਂ ਨਾਲ ਲੱਭਦਾ ਹੈ। ਸਾਧ–ਸਤਿਗੁਰੂ। ਬਚਨ ਸਾਧ–ਸਤਿਗੁਰੂ ਦੇ ਬਚਨ, ਉਪਦੇਸ਼। ਸੁਖ ਪੰਥਾ–ਸੁੱਖਾਂ ਦਾ ਰਸਤਾ, ਮਾਰਗ। ਲਹੰਥਾ–ਲਭੱਦਾ ਹੈ। ਬਡ ਕਰਮਣਹ–ਵੱਡੇ ਭਾਗਾਂ ਨਾਲ।
(Arth Bodh SGGS, Dr. Rattan Singh Jaggi, c. 2007): ਸਾਧ ਬਚਨ (ਜੀਵਨ ਲਈ) ਸੁਖਾਂ ਦਾ ਰਸਤਾ ਹੈ, (ਪਰ) ਲਭਦਾ ਵਡੇ ਭਾਗਾਂ ਕਰਕੇ ਹੈ।
(Aad SGGS Darshan Nirney Steek, Giani Harbans Singh, c. 2009-11): ਸਾਧੂ (ਸਤਿਗੁਰਾਂ ਦੇ ਅੰਮ੍ਰਿਤ) ਬਚਨ (ਜੀਵਨ ਮਾਰਗ ਵਿਚ) ਸੁੱਖਾਂ ਦਾ ਰਸਤਾ ਹੈ (ਪਰ ਇਹ) ਵਡੇਭਾਗਾਂ ਨਾਲ ਲਭਦਾ ਹੈ। ਬਚਨ ਸਾਧ = ਸਾਧੂ (ਸਤਿਗੁਰੂ) ਦੇ ਬਚਨ, ਅੰਮ੍ਰਿਤ ਵਾਕ। ਸੁਖ ਪੰਥਾ = ਸੁਖਾਂ ਦਾ ਰਸਤਾ ਹੈ। ਲਹੰਥਾ = ਲਭਦਾ ਹੈ। ਬਡ ਕਰਮਣਹ = ਵਡੇ ਭਾਗਾਂ ਨਾਲ।
ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰਿ ਕੀਰਤਨਹ ॥੭॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਹਰੀ ਕੇ ਕੀਰਤਨ (ਰਮਣੰ) ਉਚਾਰਨ ਕਰਨੇ ਤੇ ਜੀਵ ਜਨਮ ਮਰਨ ਤੇ ਰਹਿਤ ਹੋ ਜਾਤਾ ਹੈ ॥੭॥ * ਭਾਵ: ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਸੁਖੀ ਜੀਵਨ ਬਿਤੀਤ ਕਰਦਾ ਹੈ, ਮਨੁੱਖ ਜਨਮ ਮਰਨ ਦੇ ਗੇੜ ਵਾਲੇ ਰਾਹੇ ਨਹੀਂ ਪੈਂਦਾ।
(SGGS Steek, Bhai Manmohan Singh, c. 1960): ਸੁਆਮੀ ਦੀਆਂ ਸਿਫਤਾਂ ਉਚਾਰਨ ਕਰਨ ਦੁਆਰਾ ਬੰਦੇ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ ॥
(SGGS Darpan, Prof. Sahib Singh, c. 1962-64): ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ ॥੭॥ ਰਹੰਤਾ = ਰਹਿ ਜਾਂਦਾ ਹੈ, ਮੁੱਕ ਜਾਂਦਾ ਹੈ। ਰਮਣੰ = ਸਿਮਰਨ ॥੭॥
(S.G.P.C. Shabadarth, Bhai Manmohan Singh, c. 1962-69): ਰਹੰਤਾ¹ ਜਨਮ ਮਰਣੇਨ ਰਮਣੰ² ਨਾਨਕ ਹਰਿ ਕੀਰਤਨਹ ॥੭॥ ¹ਮੁਕਦਾ ਹੈ। ²ਸਿਮਰਨ।
(Gatha Steek, Bhai Joginder Singh Talwara, c. 1981): ‘ਨਾਨਰ’! ਪ੍ਰਭੂ ਦੀ ਕੀਰਤੀ (ਸਿਫ਼ਤਿ-ਸਾਲਾਹ) ਕਰਨ ਨਾਲ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ ।੭। ਰਹੰਤਾ–ਰਹਿ ਜਾਂਦਾ ਹੈ। ਜਨਮ ਮਰਣੇਨ–ਜਨਮ ਮਰਨ ਦਾ ਚੱਕਰ। ਰਮਣੰ–ਉਚਾਰਣ ਨਾਲ ।੭।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਹਰਿ ਦੇ ਜਸ-ਗਾਨ ਅਤੇ ਸਿਮਰਨ ਨਾਲ ਜਨਮ ਮਰਨ (ਦਾ ਚੱਕਰ) ਮਿਟ ਜਾਂਦਾ (ਰਹੰਤਾ) ਹੈ ।੭।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਹਰੀ ਦਾ ਕੀਰਤਨ ਉਚਾਰਨ ਨਾਲ ਜਨਮ ਮਰਨ ਦਾ ਚਕਰ ਮੁਕ ਜਾਂਦਾ ਹੈ ।੭। ਰਹੰਤਾ = ਰਹਿ ਜਾਂਦਾ ਹੈ, ਮਿੱਟ ਜਾਂਦਾ ਹੈ। ਜਨਮ ਮਰਣੇਨ = ਜਨਮ ਮਰਨ ਦਾ ਚੱਕਰ। ਰਮਣੰ = ਉਚਾਰਨ (ਸਿਮਰਨ) ਨਾਲ ।੭।
ਪਤ੍ਰ ਭੁਰਿਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ ॥
(Faridkot Teeka, c. 1870s): ਜੈਸੇ (ਭੁਰਿਜੇਣ) ਅਪਨੀ ਅਪਨੀ ਰੁਤ ਮੇਂ ਬ੍ਰਿਛੋਂ ਕੇ ਪਤ੍ਰ (ਝੜੀਯੰ) ਝੜ ਜਾਤੇ ਹੈਂ ਪੁਨਾ ਤਿਨ ਬ੍ਰਿਛੋਂ ਕੀ (ਸੰਪਤਾ) ਡਾਲੀਓਂ ਸਾਥ ਉਹ ਝੜੇ ਹੋਏ ਪਤ੍ਰ ਜੜੇ ਨਹੀਂ ਜਾਤੇ ਹੈਂ, ਭਾਵ ਯੇਹ ਓਹ ਪਤ੍ਰ ਪਵਨ ਕਰ ਚਾਰੋਂ ਦਿਸਾ ਭ੍ਰਮਤੇ ਹੂਏ ਹੀ ਨਸਟ ਹੋ ਜਾਤੇ ਹੈਂ॥
(SGGS Steek, Bhai Manmohan Singh, c. 1960): ਜਦ ਸੁੱਕ ਕੇ ਪੱਤੇ ਝੜ ਜਾਂਦੇ ਹਨ, ਉਹ ਮੁੜ ਕੇ ਬਿਰਵੇ ਦੀ ਸ਼ਾਖ ਨਾਲ ਨਹੀਂ ਜੁੜ ਸਕਦੇ ॥
(SGGS Darpan, Prof. Sahib Singh, c. 1962-64): (ਜਿਵੇਂ ਰੁਖ ਦੇ) ਪੱਤ੍ਰ ਭੁਰ ਭੁਰ ਕੇ (ਰੁੱਖ ਨਾਲੋਂ) ਝੜ ਜਾਂਦੇ ਹਨ, (ਤੇ ਮੁੜ ਰੁੱਖ ਦੀਆਂ ਸ਼ਾਖਾਂ ਨਾਲ ਜੁੜ ਨਹੀਂ ਸਕਦੇ, ਭੁਰਿਜੇਣ = ਭੁਰ ਕੇ। ਪੇਡ = ਰੁੱਖ। ਸੰਪਤਾ = ਸੰਪਤ ਨਾਲ (संपद् = Wealth)। ਪੇਡ ਸੰਪਤਾ = ਰੁੱਖ ਦੀ ਸੰਪਤ ਨਾਲ, ਰੁੱਖ ਦੀਆਂ ਟਾਹਣੀਆਂ ਨਾਲ।
(S.G.P.C. Shabadarth, Bhai Manmohan Singh, c. 1962-69): ¹ਪਤ੍ਰ ਭੁਰਿਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ ॥ ¹ਜਿਵੇਂ ਰੁੱਖ ਦੇ ਪਤ੍ਰ ਭੁਰ ਕੇ ਝੜਦੇ ਹਨ ਤੇ ਫਿਰ ਰੁੱਖ ਦੀ ਸੰਪਤਾ (ਮਾਲ ਭਾਵ ਡਾਲੀ) ਨਾਲ ਨਹੀਂ ਲੱਗ ਸਕਦੇ।
(Gatha Steek, Bhai Joginder Singh Talwara, c. 1981): (ਜਿਹੜੇ) ਪੱਤੇ ਖ਼ੁਸ਼ਕ ਹੋ ਕੇ ਬ੍ਰਿਛ ਦੀ ਟਾਹਣੀ ਨਾਲੋਂ ਡਿੱਗ ਪੈਂਦੇ ਹਨ, ਉਹ (ਮੁੜ) ਉਸ ਨਾਲ ਜੜੇ ਨਹੀਂ ਜਾ ਸਕਦੇ। ਭੁਰਿਜੇਣ–(ਜਿਹੜੇ) ਪੱਤੇ ਸੁੱਕ ਕੇ (ਖ਼ੁਸ਼ਕ ਹੋ ਕੇ)। ਝੜੀਯੰ–ਝੜ ਜਾਂਦੇ ਹਨ। ਨਹ ਜੜੀਅੰ–ਨਹੀਂ ਜੜੇ ਜਾ ਸਕਦੇ। ਪੇਡ ਸੰਪਤਾ–ਬ੍ਰਿਛ ਦੀਆਂ ਟਾਹਣੀਆਂ।
(Arth Bodh SGGS, Dr. Rattan Singh Jaggi, c. 2007): ਜਿਵੇਂ (ਦਰਖ਼ਤ ਦੇ) ਪੱਤਰ ਭੁਰ ਕੇ ਝੜ ਜਾਂਦੇ (ਝੜੀਯੰ) ਹਨ ਅਤੰ (ਫਿਰ) ਬ੍ਰਿਛ ਦੀ ਡਾਲੀ (ਸੰਪਤਾ, ਸੰਪੱਤੀ) ਨਾਲ ਜੜ੍ਹੇ ਨਹੀਂ ਜਾ ਸਕਦੇ,
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਜਿਹੜੇ ਪੱਤੇ ਦਰਖਤ ਦੀਆਂ ਟਾਹਣੀਆਂ ਨਾਲੋਂ ਝੜ ਜਾਂਦੇ ਹਨ (ਓਹ ਇਧਰ ਉਧਰ ਰੁਲਦੇ ਰਹਿੰਦੇ ਹਨ, ਟਹਿਣੀਆਂ ਨਾਲ) ਨਹੀਂ ਜੋੜੇ ਜਾ ਸਕਦੇ। ਭੁਰਿ = ਭੁਰ ਕੇ। ਜੇਣ = ਜਿਹੜੇ। ਝੜੀਅੰ = ਝੁੜ ਜਾਂਦੇ ਹਨ। ਨਹ ਜੜੀਅੰ = ਨਹੀਂ ਜੜ੍ਹੇ ਜਾ ਸਕਦੇ। ਪੇਡ ਸੰਪਤਾ = ਬ੍ਰਿਛ ਦੀਆਂ ਟਾਹਣੀਆਂ ਨਾਲ।
ਨਾਮ ਬਿਹੂਣ ਬਿਖਮਤਾ ਨਾਨਕ ਬਹੰਤਿ ਜੋਨਿ ਬਾਸਰੋ ਰੈਣੀ ॥੮॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਤੈਸੇ ਜੋ ਨਾਮ ਕੇ ਜਪਨੇ ਸੇ ਬਿਨਾ ਇਹ (ਬਿਖਮਤਾ) ਕਠਨ ਜੋਨੀ ਅਰਥਾਤ ਟੇਢੀ ਜੋਨੀਓਂ ਮੇਂ ਦਿਨੇ ਰਾਤ੍ਰ ਭ੍ਰਮਤਾ ਰਹਿਤਾ ਹੈ ॥੮॥ * ਭਾਵ: ਨਾਮ ਤੋਂ ਵਾਂਜਿਆ ਮਨੁੱਖ ਦੁੱਖ ਸਹਾਰਦਾ ਹੈ ਤੇ ਜੀਵਨ ਅਜਾਈਂ ਗਵਾ ਜਾਂਦਾ ਹੈ।
(SGGS Steek, Bhai Manmohan Singh, c. 1960): ਨਾਨਕ, ਨਾਮ ਦੇ ਬਗੈਰ ਦੁੱਖ–ਤਕਲੀਫ ਹੀ ਹੈ ਅਤੇ ਦਿਨ ਤੇ ਰਾਤ ਜੀਵ ਜੂਨੀਆਂ ਅੰਦਰ ਭਟਕਦਾ ਹੈ ॥
(SGGS Darpan, Prof. Sahib Singh, c. 1962-64): (ਤਿਵੇਂ) ਹੇ ਨਾਨਕ! ਨਾਮ ਤੋਂ ਵਾਂਜੇ ਹੋਏ ਮਨੁੱਖ ਦੁੱਖ ਸਹਾਰਦੇ ਹਨ ਤੇ, ਦਿਨ ਰਾਤ (ਹੋਰ ਹੋਰ) ਜੂਨਾਂ ਵਿਚ ਪਏ ਭਟਕਦੇ ਹਨ ॥੮॥ ਬਿਖਮਤਾ = ਕਠਨਾਈ (विषमता)। ਬਹੰਤਿ = (ਦੁੱਖ) ਸਹਾਰਦੇ ਹਨ, ਭਟਕਦੇ ਹਨ (वहन्तिावह = to suffer experience)। ਬਾਸਰੋ = ਦਿਨ (वासरः)। ਰੈਣੀ = ਰਾਤ (रजनि, रजनी, रअणि, रैणि) ॥੮॥
(S.G.P.C. Shabadarth, Bhai Manmohan Singh, c. 1962-69): ਨਾਮ ਬਿਹੂਣ ਬਿਖਮਤਾ¹ ਨਾਨਕ ਬਹੰਤਿ ਜੋਨਿ ਬਾਸਰੋ ਰੈਣੀ ॥੮॥ ¹ਦੁੱਖ। ਦੁੱਖ ਝਾਗਦਾ ਹੈ ਤੇ ਦਿਨ ਰਾਤ ਜੂਨਾਂ ਵਿੱਚ ਭਰਮਦਾ ਹੈ।
(Gatha Steek, Bhai Joginder Singh Talwara, c. 1981): (ਇਸੇ ਤਰ੍ਹਾਂ) ‘ਨਾਨਕ’! ਨਾਮ ਤੋਂ ਵਿਰਵੇ ਮਨੁੱਖ ਬਿਪਤਾ ਝਾਗਦੇ ਹਨ ਅਤੇ ਦਿਨ ਰਾਤ, ਭਾਵ, ਸਦੀਵ-ਕਾਲ ਜੂਨਾਂ ਵਿਚ ਪਏ ਰਹਿੰਦੇ ਹਨ ।੮। ਬਿਹੂਣ–ਖ਼ਾਲੀ, ਵਿਰਵੇ। ਬਿਖਮਤਾ–ਕਠਨਾਈ, ਮੁਸ਼ਕਲ। ਬਹੰਤਿ–ਵਹਿੰਦੇ ਹਨ, ਭਟਕਦੇ ਹਨ। ਜੋਨਿ–ਜੂਨਾਂ ਵਿਚ। ਬਾਸਰੋ–ਦਿਨ। ਰੈਣੀ–ਰਾਤ ।੮।
(Arth Bodh SGGS, Dr. Rattan Singh Jaggi, c. 2007): (ਤਿਵੇਂ) ਨਾਮ ਤੋਂ ਵਾਂਝੇ (ਵਿਅਕਤੀ) ਦਿਨ ਰਾਤ ਔਖਿਆਈ (ਬਿਖਮਤਾ) (ਵਿਚ ਰਹਿੰਦੇ ਹਨ ਅਤੇ) ਜੂਨਾਂ (ਦੇ ਪ੍ਰਵਾਹ ਵਿਚ) ਵਹਿੰਦੇ ਰਹਿੰਦੇ ਹਨ ।੮।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਸੇ ਤਰ੍ਹਾਂ) ਨਾਮ ਤੋਂ ਸਖਣੇ ਮਨੁੱਖ ਦਿਨ ਰਾਤ ਕਠਿਨਾਈ (ਮੁਸ਼ਕਲ) ਵਿਚ ਰਹਿੰਦੇ ਹਨ (ਅਤੇ ਅੰਤ ਗੰਦੀਆਂ ਮੰਦੀਆਂ) ਜੂਨਾਂ ਦੇ (ਹੜ) ਵਿਚ ਵਹਿੰਦੇ (ਰੁੜ੍ਹਦੇ ਖੁਆਰ ਹੁੰਦੇ ਰਹਿੰਦੇ ਹਨ) ।੮। ਨਾਮ ਬਿਹੂਣ = ਨਾਮ ਤੋਂ ਖਾਲੀ (ਸਖਣਾ)। ਬਿਖਮਤਾ = ਅੰਖਿਆਈ, ਮੁਸ਼ਕਲ। ਬਹੰਤਿ = ਵਹਿੰਦੇ ਹਨ। ਜੋਨਿ = ਜੂਨਾਂ ਵਿਚ। ਬਾਸਰੋ = ਦਿਨ। ਰੈਣੀ = ਰਾਤ ।੮।
ਭਾਵਨੀ ਸਾਧ ਸੰਗੇਣ ਲਭੰਤੰ ਬਡ ਭਾਗਣਹ ॥
(Faridkot Teeka, c. 1870s): ਸੰਤੋਂ ਕੀ ਸੰਗਤਿ ਮੇਂ (ਭਾਵਨੀ) ਸਰਧਾ ਕੋ ਬਡੇ ਭਾਗੋਂ ਵਾਲਾ ਪੁਰਸ਼ ਹੀ (ਲਭੰਤੰ) ਪ੍ਰਾਪਤ ਹੋਤਾ ਹੈ॥
(SGGS Steek, Bhai Manmohan Singh, c. 1960): ਭਾਰੇ ਚੰਗੇ ਨਸੀਬਾ ਰਾਹੀਂ, ਸਤਿਸੰਗਤ ਵਾਸਤੇ ਪ੍ਰੇਮ ਦੀ ਦਾਤ ਮਿਲਦੀ ਹੈ ॥
(SGGS Darpan, Prof. Sahib Singh, c. 1962-64): ਸਾਧ ਸੰਗਤ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਸਰਧਾ ਵੱਡੇ ਭਾਗਾਂ ਨਾਲ ਮਿਲਦੀ ਹੈ। ਭਾਵਨੀ = ਸਰਧਾ (भावना = feeling of devotion, faith)।
(S.G.P.C. Shabadarth, Bhai Manmohan Singh, c. 1962-69): ਭਾਵਨੀ¹ ਸਾਧ ਸੰਗੇਣ ਲਭੰਤੰ² ਬਡ ਭਾਗਣਹ ॥ ¹ਸ਼ਰਧਾ। ²ਲੱਭਦੀ।
(Gatha Steek, Bhai Joginder Singh Talwara, c. 1981): (ਹਰੀ-ਪ੍ਰਭੂ ਪ੍ਰਤੀ) ਸ਼ਰਧਾ-ਭਾਵਨੀ ਸਾਧ ਸੰਗਤ ਵਿਚ ਜੁੜਨ ਨਾਲ ਉਪਜਦੀ ਹੈ, ਪਰ ਇਹ ਸਾਧ ਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ। ਭਾਵਨੀ–ਸ਼ਰਧਾ। ਸਾਧ ਸੰਗਣੇ–ਸਾਧ ਸੰਗਤ ਵਿਚ। ਲਭੰਤੰ–ਲੱਭਦੀ ਹੈ। ਬਡ ਭਾਗਣਹ–ਵੱਡੇ ਭਾਗਾਂ ਨਾਲ।
(Arth Bodh SGGS, Dr. Rattan Singh Jaggi, c. 2007): ਸਾਧ-ਸੰਗ ਵਿਚ ਵਡੇ ਭਾਗਾਂ ਕਰਕੇ (ਪ੍ਰਭੂ ਦੇ ਨਾਮ ਵਿਚ) ਸ਼ਰਧਾ (ਭਾਵਨੀ) ਪ੍ਰਾਪਤ ਹੁੰਦੀ ਹੈ।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਸਾਧ ਸੰਗਤ ਵਿਚ ਵਡੇਭਾਗਾਂ ਨਾਲ (ਨਾਮ ਸਿਮਰਨ ਲਈ) ਸ਼ਰਧਾ ਪੈਦਾ ਹੁੰਦੀ ਹੈ। ਭਾਵਨੀ = ਸ਼ਰਧਾ। ਸਾਧ ਸੰਗੇਣ = ਸੰਗਤ ਵਿਚ। ਲਭੰਤੰ = ਲਭਦੀ ਹੈ। ਬਡ ਭਾਗਣਹ = ਵਡੇ ਭਾਗਾਂ ਨਾਲ।
ਹਰਿ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹ ਬਿਆਪਣਹ ॥੯॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਸੰਤੋਂ ਕੇ ਸੰਗ ਕਰ ਜੋ ਹਰੀ ਕੇ ਨਾਮ ਔਰ ਗੁਣੋਂ ਕੋ (ਰਮਣੰ) ਉਚਾਰਨ ਕਰਤੇ ਹੈਂ ਤਿਨੋਂ ਕੋ ਸੰਸਾਰ ਸਮੁੰਦਰ ਨਹੀਂ ਵਿਆਪਤਾ ਹੈ, ਭਾਵ ਸੰਸਾਰ ਮੇਂ ਡੂਬਤੇ ਨਹੀਂ ਹੈਂ ॥੯॥ * ਭਾਵ: ਸਾਧ ਸੰਗਤਿ ਦੀ ਰਾਹੀਂ ਹੀ ਪਰਮਾਤਮਾ ਦੇ ਨਾਮ ਵਿਚ ਸਰਧਾ ਬਣਦੀ ਹੈ, ਮਨੁੱਖ ਦੀ ਜ਼ਿੰਦਗੀ ਦੀ ਬੇੜੀ ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤ ਪਾਰ ਲੰਘ ਜਾਂਦੀ ਹੈ।
(SGGS Steek, Bhai Manmohan Singh, c. 1960): ਜੋ ਕੋਈ ਵਾਹਿਗੁਰੂ ਦੇ ਨਾਮ ਅਤੇ ਸਿਫ਼ਤਾਂ ਦਾ ਉਚਾਰਨ ਕਰਦਾ ਹੈ ਉਸ ਨੂੰ ਜਗਤ ਸੁਮੰਦਰ ਪੋਹਦਾ ਨਹੀਂ, ਹੇ ਨਾਨਕ!
(SGGS Darpan, Prof. Sahib Singh, c. 1962-64): ਹੇ ਨਾਨਕ! ਪਰਮਾਤਮਾ ਦੇ ਨਾਮ ਤੇ ਗੁਣਾਂ ਦੀ ਯਾਦ ਨਾਲ ਸੰਸਾਰ-ਸਮੁੰਦਰ (ਜੀਵ ਉਤੇ) ਆਪਣਾ ਜ਼ੋਰ ਨਹੀਂ ਪਾ ਸਕਦਾ ॥੯॥ ਰਮਣੰ = ਸਿਮਰਨ। ਸਾਗਰ = ਸਮੁੰਦਰ (सागर)। ਬਿਆਪਣਹ = (व्याप = to pervade) ਜ਼ੋਰ ਪਾ ਸਕਦਾ ॥੯॥
(S.G.P.C. Shabadarth, Bhai Manmohan Singh, c. 1962-69): ਹਰਿ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹ ਬਿਆਪਣਹ ॥੯॥
(Gatha Steek, Bhai Joginder Singh Talwara, c. 1981): ‘ਨਾਨਕ’! (ਸਾਧ ਸੰਗਤ ਵਿਚ ਮਿਲ ਕੇ) ਹਰਿ ਨਾਮ ਸਿਮਰਨ ਕਰਨ, ਅਥਵਾ, ਪ੍ਰਭੂ ਦੇ ਗੁਣ ਗਾਇਨ ਕਰਨ ਦਾ ਸਦਕਾ ਜੀਵ ਨੂੰ ਸੰਸਾਰ-ਸਮੁੰਦਰ ਦੀਆਂ ਵਿਸ਼ੇ-ਵਿਕਾਰਾਂ ਰੂਪੀ ਲਹਿਰਾਂ ਨਹੀਂ ਵਿਆਪਦੀਆਂ ।੯। ਰਮਣੰ–ਉਚਾਰਣ ਨਾਲ। ਸੰਸਾਰ ਸਾਗਰ–ਸੰਸਾਰ-ਸਮੁੰਦਰ। ਨਹ ਬਿਆਪਣਹ–ਨਹੀਂ ਵਿਆਪ ਸਕਦੇ ।੯।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਹਰਿ-ਨਾਮ ਅਤੇ (ਪਰਮਾਤਮਾ ਦੇ) ਗੁਣਾਂ ਨੂੰ ਸਿਮਰਨ (ਰਮਣੰ) ਨਾਲ ਭਵ-ਸਾਗਰ (ਦੇ ਦੁਖ) ਨਹੀਂ ਵਿਆਪ ਸਕਦੇ ।੯।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਸਾਧ ਸੰਗਤ ਵਿਚ ਵਡੇਭਾਗਾਂ ਨਾਲ (ਨਾਮ ਸਿਮਰਨ ਲਈ) ਸ਼ਰਧਾ ਪੈਦਾ ਹੁੰਦੀ ਹੈ। ਭਾਵਨੀ = ਸ਼ਰਧਾ। ਸਾਧ ਸੰਗੇਣ = ਸੰਗਤ ਵਿਚ। ਲਭੰਤੰ = ਲਭਦੀ ਹੈ। ਬਡ ਭਾਗਣਹ = ਵਡੇ ਭਾਗਾਂ ਨਾਲ।
ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ ॥
(Faridkot Teeka, c. 1870s): ਇਹ ਜੋ ਅਪਾਰ ਵਾਹਿਗੁਰੂ ਕੀ ਕਥਾ ਹੈ, ਸੋ ਪਰਮ ਗੋਹ੍ਯ ਹੈ। ਇਸ ਕੇ ਸਿਧਾਂਤ ਕੋ ਕੋਈ ਵਿਰਲਾ ਸੰਤ ਜਨ ਸਮਝਤਾ ਹੈ। ਪਰੰਤੂ ਜੋ ਸਮਝਤਾ ਹੈ, ਸੋ ਤਿਸ ਕੀ ਅਵਸਥਾ ਕਹੇ ਹੈਂ॥
(SGGS Steek, Bhai Manmohan Singh, c. 1960): ਡੂੰਘੀ ਅਤੇ ਬੇਅੰਤ ਹੈ ਸੁਆਮੀ ਦੀ ਕਥਾ–ਵਾਰਤਾ, ਕੋਈ ਟਾਵਾਂ ਟੱਲਾ ਜਣਾ ਹੀ ਇਸ ਨੂੰ ਸਮਝਦਾ ਹੈ ॥
(SGGS Darpan, Prof. Sahib Singh, c. 1962-64): ਬੇਅੰਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਇਕ ਡੂੰਘੀ (ਰਮਜ਼ ਵਾਲਾ) ਕੰਮ ਹੈ, ਇਸ ਨੂੰ ਕੋਈ ਵਿਰਲਾ ਮਨੁੱਖ ਸਮਝਦਾ ਹੈ। ਗਾਥਾ = ਸਿਫ਼ਤ-ਸਾਲਾਹ (गाथा = A religious verse)। ਗੂੜ = ਡੂੰਘੀ (गुह = hidden, concealed गुह = to conceal)। ਅਪਾਰੰ = ਬੇਅੰਤ (ਪ੍ਰਭੂ) (अपार)।
(S.G.P.C. Shabadarth, Bhai Manmohan Singh, c. 1962-69): ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ ॥
(Gatha Steek, Bhai Joginder Singh Talwara, c. 1981): ‘ਨਾਨਕ’! ਗਾਥਾ ਨਾਮ ਦੀ ਬਾਣੀ ਵਿਚ (ਗੁੰਫਤ) ਅਪਾਰ ਪ੍ਰਭੂ ਦੀ ਕਥਾ ਬੜੀ ਡੂੰਘੀ (ਰਹੱਸਮਈ) ਹੈ, (ਪਰ ਇਸ ਦੇ ਗੂੜ੍ਹ ਰਹੱਸ ਨੂੰ) ਕੋਈ ਵਿਰਲਾ ਜਨ ਹੀ ਸਮਝਦਾ ਹੈ। ਗਾਥਾ–ਕਥਾ। ਗੂੜ–ਗੂੜ੍ਹੀ, ਡੂੰਘੀ। ਅਪਾਰੰ–ਅਪਾਰ ਪ੍ਰਭੂ ਦੀ। ਬਿਰਲਾ ਜਨਹ–ਕੋਈ ਵਿਰਲਾ ਪੁਰਸ਼।
(Arth Bodh SGGS, Dr. Rattan Singh Jaggi, c. 2007): ਅਪਾਰ (ਪ੍ਰਭੂ ਦੀ ਇਹ) ਗਾਥਾ ਬਹੁਤ ਡੂੰਘੇ (ਭਾਵਾਂ ਵਾਲੀ ਹੈ, ਕੋਈ) ਵਿਰਲਾ ਸੇਵਕ ਹੀ (ਇਸ ਨੂੰ) ਸਮਝ ਸਕਦਾ ਹੈ।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ! ਇਹ) ਗਾਥਾ (ਬਾਣੀ ਜੋ) ਅਪਾਰ (ਪ੍ਰਭੂ) ਦੀ (ਕਥਾ ਹੈ) ਬਹੁਤ ਹੀ ਡੂੰਘੀ ਹੈ ਸਮਝਣੀ (ਔਖੀ) ਹੈ, ਕੋਈ ਵਿਰਲਾ ਮਨੁੱਖ ਹੀ (ਇਸ ਦੇ ਸਿਧਾਂਤ ਨੂੰ) ਸਮਝ ਸਕਦਾ ਹੈ। (ਇਸ ਤੇ ਅਮਲ ਕਰਨ ਲਈ) ਸੰਸਾਰ ਦੇ (ਮਾਇਆਵੀ) ਕੰਮ ਤਿਆਗਣੇ ਪੈਂਦੇ ਹਨ। ਗੂੜ = ਗੂੜ੍ਹੀ, ਡੂੰਘੀ। ਅਪਾਰੰ = ਪਾਰ ਰਹਿਤ (ਪ੍ਰਭੂ) ਦੀ। ਬਿਰਲਾ ਜਨਹ = (ਕੋਈ) ਵਿਰਲਾ ਸੇਵਕ-ਜਨ।
ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹ ॥੧੦॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਸੰਤੋਂ ਕੇ ਸੰਗਮ ਕਰ ਕੇ ਗੋਬਿੰਦ ਕੇ ਗੁਣੋਂ ਕੋ ਰਵਣ ਕਰਨਾ ਪੁਨਾ ਸੰਸਾਰ ਕੇ (ਕਾਮ) ਸੰਕਲਪੋਂ ਕੋ ਤਿਆਗ ਦੇਨਾ, ਭਾਵ ਯੇਹ ਵਿਕਾਰੋਂ ਸੇ ਰਹਿਤ ਹੋਣਾ ਇਹ ਕਠਨਤਾ ਹੈ ॥੧੦॥ * ਭਾਵ: ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਕੀਤਿਆਂ ਦੁਨੀਆ ਦੀਆਂ ਵਾਸਨਾਂ ਜ਼ੋਰ ਨਹੀਂ ਪਾਂਦੀਆਂ। ਪਰ ਸਿਫ਼ਤਿ ਸਾਲਾਹ ਦੀ ਤਾਕਤ ਦੀ ਕਿਸੇ ਵਿਰਲੇ ਨੂੰ ਸਮਝ ਪੈਂਦੀ ਹੈ।
(SGGS Steek, Bhai Manmohan Singh, c. 1960): ਜੋ ਇਸ ਨੂੰ ਸਮਝਦੇ ਹਨ, ਹੇ ਨਾਨਕ! ਉਹ ਦੁਨਿਆਵੀ ਮਮਤਾ ਨੂੰ ਛੱਡ ਦਿੰਦੇ ਹਨ ਅਤੇ ਸਤਿਸੰਗਤ ਅੰਦਰ ਸੰਸਾਰ ਦੇ ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦੇ ਹਨ ॥
(SGGS Darpan, Prof. Sahib Singh, c. 1962-64): ਹੇ ਨਾਨਕ! ਸਤਸੰਗ ਵਿਚ ਰਹਿ ਕੇ ਪਰਮਾਤਮਾ ਦਾ ਸਿਮਰਨ ਕੀਤਿਆਂ ਦੁਨੀਆ ਦੀਆਂ ਵਾਸਨਾਂ ਤਿਆਗੀਆਂ ਜਾ ਸਕਦੀਆਂ ਹਨ ॥੧੦॥ ਕਾਮ = ਵਾਸਨਾ। ਤਜਣੰ = (त्जय् = to give up)। ਸਾਧ ਸੰਗਮਹ = (साधु संगम) ਸਤਸੰਗ ॥੧੦॥
(S.G.P.C. Shabadarth, Bhai Manmohan Singh, c. 1962-69): ¹ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹ ॥੧੦॥ ¹ਸੰਸਾਰਕ ਕਾਮਨਾ ਤਿਆਗ ਦਈਦੀ ਹੈ।
(Gatha Steek, Bhai Joginder Singh Talwara, c. 1981): (ਜਿਹੜਾ ਸਮਝ ਲੈਂਦਾ ਹੈ) ਉਹ ਸੰਸਾਰਕ ਪਦਾਰਥਾਂ ਦੀ ਕਾਮਨਾ ਛੱਡ ਦਿੰਦਾ ਹੈ ਅਤੇ ਸਾਧ ਸੰਗਤ ਵਿਚ ਜੁੜ ਕੇ ਗੋਬਿੰਦ-ਪ੍ਰਭੂ ਦਾ ਸਿਮਰਨ ਕਰਦਾ ਰਹਿੰਦਾ ਹੈ ।੧੦। ਕਾਮ–ਕਾਮਨਾ, ਵਾਸ਼ਨਾ। ਸੰਸਾਰ ਕਾਮ–ਸੰਸਾਰਕ ਪਦਾਰਥਾਂ ਦੀ ਕਾਮਨਾ। ਤਜਣੰ–ਛੱਡਣਾ। ਗੋਬਿੰਦ ਰਮਣੰ–ਗੋਬਿੰਦ ਦੇ ਗੁਣ ਗਾਉਣ ਨਾਲ। ਸਾਧ ਸੰਗਮਹ–ਸਾਧ ਸੰਗਤ ਵਿਚ ।੧੦।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਸਾਧ-ਸੰਗ ਵਿਚ ਗੋਬਿੰਦ (ਦੇ ਨਾਮ ਨੂੰ) ਸਿਮਰਨ ਨਾਲ ਸੰਸਾਰ ਦੀਆਂ ਕਾਮਨਾਵਾਂ/ਇੱਛਾਵਾਂ ਨੂੰ ਤਿਆਗਣਾ ਹੁੰਦਾ ਹੈ ।੧੦।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਹੜਾ ਜਗਿਆਸੂ) ਸਾਧ ਸੰਗਤ ਵਿਚ ਗੋਬਿੰਦ ਦੇ (ਗੁਣਾਂ ਨੂੰ) ਉਚਾਰਦਾ ਹੈ (ਉਹੀ ਗੁਰੂ ਦੀ ਕਿਰਪਾ ਨਾਲ ਇਸ ਨੂੰ ਸਮਝਣ ਦੇ ਸਮਰਥ ਹੋ ਸਕਦਾ ਹੈ ।੧੦। ਕਾਮ = ਕਾਮਨਾ, ਵਾਸ਼ਨਾ। ਤਜਣੰ = ਛਡਣਾ। ਰਮਣੰ = ਉਚਾਰਦਿਆਂ, ਸਿਮਰਦਿਆਂ। ਸਾਧ ਸੰਗਮਹ = ਸਾਧ ਸੰਗਤ ਵਿਚ ।੧੦।
ਸੁਮੰਤ੍ਰ ਸਾਧ ਬਚਨਾ ਕੋਟਿ ਦੋਖ ਬਿਨਾਸਨਹ ॥
(Faridkot Teeka, c. 1870s): ਸ੍ਰੇਸ੍ਟ ਮੰਤ੍ਰ ਰੂਪ ਜੋ ਸੰਤੋਂ ਕੇ ਬਚਨ ਹੈਂ, ਸੋ ਕਰੋੜੋਂ ਦੋਖੋਂ ਕੇ ਨਾਸ ਕਰਣੇਹਾਰੇ ਹੈਂ॥ ਤਿਨ ਬਚਨੋਂ ਕੋ ਸਰਵਨ ਕਰਕੇ:
(SGGS Steek, Bhai Manmohan Singh, c. 1960): ਸੰਤ ਦਾ ਬੋਲ ਸ਼੍ਰੇਸ਼ਟ ਜਾਦੂ ਹੈ ॥ ਇਸ ਦੇ ਰਾਹੀਂ ਕ੍ਰੋੜਾ ਪਾਪ ਨਾਸ ਹੋ ਜਾਂਦੇ ਹਨ ॥
(SGGS Darpan, Prof. Sahib Singh, c. 1962-64): ਗੁਰੂ ਦੇ ਬਚਨ (ਐਸੇ) ਸ੍ਰੇਸ਼ਟ ਮੰਤ੍ਰ ਹਨ (ਜੋ) ਕ੍ਰੋੜਾਂ ਪਾਪਾਂ ਦਾ ਨਾਸ ਕਰ ਦੇਂਦੇ ਹਨ। ਸੁਮੰਤ੍ਰ = ਸ੍ਰੇਸ਼ਟ ਮੰਤ੍ਰ (सुमंत्र)। ਕੋਟਿ = ਕ੍ਰੋੜ (कोटि)।
(S.G.P.C. Shabadarth, Bhai Manmohan Singh, c. 1962-69): ¹ਸੁਮੰਤ੍ਰ ਸਾਧ ਬਚਨਾ ਕੋਟਿ ਦੋਖ ਬਿਨਾਸਨਹ ॥ ¹ਸਰੇਸ਼ਟ ਮੰਤਰ।
(Gatha Steek, Bhai Joginder Singh Talwara, c. 1981): ਸਾਧੂ-ਸਤਿਗੁਰੂ ਦੇ ਬਚਨ ਉੱਤਮ ਉਪਦੇਸ਼ ਹਨ, ਜੋ ਕਰੋੜਾਂ ਦੁੱਖ ਤੇ ਪਾਪ ਨਾਸ ਕਰ ਦਿੰਦੇ ਹਨ। ਸੁਮੰਤ੍ਰ–ਸ੍ਰੇਸ਼ਟ ਮੰਤਰ, ਉੱਤਮ ਉਪਦੇਸ਼। ਸਾਧ ਬਚਨਾ–ਸਾਧੂ-ਸਤਿਗੁਰੂ ਦੇ ਬਚਨ। ਕੋਟਿ ਦੋਖ–ਕਰੋੜਾਂ ਪਾਪ। ਬਿਨਾਸਨਹ–ਨਾਸ ਹੋ ਜਾਂਦੇ ਹਨ।
(Arth Bodh SGGS, Dr. Rattan Singh Jaggi, c. 2007): ਸਾਧ/ਗੁਰੂ ਦੇ ਬਚਨ ਉਤਮ ਉਪਦੇਸ਼ ਹਨ (ਜੋ) ਕਰੋੜਾਂ ਦੋਸ਼ਾਂ ਨੂੰ ਨਸ਼ਟ ਕਰ ਦਿੰਦੇ ਹਨ।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਸਾਧ (ਗੁਰੂ ਦੇ) ਬਚਨ ਸ੍ਰੇਸ਼ਟ (ਉਪਦੇਸ਼ ਦਾਤੇ ਅਤੇ) ਕ੍ਰੋੜਾਂ ਪਾਪਾਂ ਦਾ ਨਾਸ਼ ਕਰਨ ਵਾਲੇ ਹਨ। ਸੁਮੰਤ੍ਰ = ਸ੍ਰੇਸ਼ਟ ਮੰਤ੍ਰ, ਉਤਮ ਉਪਦੇਸ਼। ਸਾਧ ਬਚਨਾ = ਸਾਧੂ (ਸਤਿਗੁਰੂ) ਦੇ ਬਚਨ। ਕੋਟਿ = ਕ੍ਰੋੜਾਂ। ਦੋਖ = ਪਾਪ। ਬਿਨਾਸਨਹ = ਨਾਸ਼ ਕਰਨ ਵਾਲੇ ਹਨ।
ਹਰਿ ਚਰਣ ਕਮਲ ਧੵਾਨੰ ਨਾਨਕ ਕੁਲ ਸਮੂਹ ਉਧਾਰਣਹ ॥੧੧॥
(Faridkot Teeka, c. 1870s): ਜੋ ਹਰੀ ਕੇ ਚਰਨ ਕਮਲੋਂ ਕਾ ਧਿਆਨ ਕਰਤਾ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਪੁਰਖ ਸਮੂਹ ਕੁਲੋਂ ਕਾ ਉਧਾਰ ਕਰ ਲੇਤਾ ਹੈ ॥੧੧॥ * ਭਾਵ: ਗੁਰੂ ਦੇ ਬਚਨ ਕ੍ਰੋੜਾਂ ਪਾਪਾਂ ਦਾ ਨਾਸ ਕਰ ਦੇਂਦੇ ਹਨ। ਇਹਨਾਂ ਬਚਨਾਂ ਉੱਤੇ ਤੁਰ ਕੇ ਨਾਮ ਸਿਮਰਨ ਵਾਲਾ ਮਨੁੱਖ ਆਪਣੇ ਅਨੇਕਾਂ ਸਾਥੀਆਂ ਦਾ ਉੱਧਾਰ ਕਰ ਲੈਂਦਾ ਹੈ।
(SGGS Steek, Bhai Manmohan Singh, c. 1960): ਵਾਹਿਗੁਰੂ ਦੇ ਕੇਵਲ ਪੈਰਾਂ ਦਾ ਆਰਾਧਨ ਕਰਨ ਦੁਆਰਾ ਹੇ ਨਾਨਕ! ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ ॥
(SGGS Darpan, Prof. Sahib Singh, c. 1962-64): ਹੇ ਨਾਨਕ! (ਉਹਨਾਂ ਬਚਨਾਂ ਦੀ ਰਾਹੀਂ) ਪ੍ਰਭੂ ਦੇ ਕੌਲ ਫੁੱਲਾਂ ਵਰਗੇ ਸੋਹਣੇ ਚਰਨਾਂ ਦਾ ਧਿਆਨ ਸਾਰੀਆਂ ਕੁਲਾਂ ਦਾ ਉੱਧਾਰ ਕਰ ਦੇਂਦਾ ਹੈ ॥੧੧॥ ਸਮੂਹ = ਢੇਰ (समुह)। ਦੋਖ = ਪਾਪ (दोष)। ਧ੍ਯ੍ਯਾਨੰ = (ध्यान)। ਸਾਧ = (साधु) ਗੁਰੂ ॥੧੧॥
(S.G.P.C. Shabadarth, Bhai Manmohan Singh, c. 1962-69): ਹਰਿ ਚਰਣ ਕਮਲ ਧੵਾਨੰ ਨਾਨਕ ਕੁਲ ਸਮੂਹ ਉਧਾਰਣਹ ॥੧੧॥
(Gatha Steek, Bhai Joginder Singh Talwara, c. 1981): ‘ਨਾਨਕ’! ਪ੍ਰਭੂ ਦੇ ਚਰਨ ਕਮਲਾਂ ਦਾ ਧਿਆਨ ਸਾਰੀਆਂ ਕੁਲਾਂ ਦਾ ਉੱਧਾਰ ਕਰ ਦਿੰਦਾ ਹੈ ।੧੧। ਧੵਾਨੰ–ਧਿਆਨ। ਕੁਲ ਸਮੂਹ–ਸਾਰੀਆਂ ਕੁਲਾਂ ।੧੧।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਹਰਿ ਦੇ ਚਰਣ-ਕਮਲਾਂ ਦਾ ਧਿਆਨ ਸਾਰੀ ਕੁਲ ਦਾ ਉਧਾਰ ਕਰਨ ਵਾਲਾ ।੧੧।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਹੜੇ ਜਗਿਆਸੂ) ਪਰਮਾਤਮਾ ਦੇ ਸੋਹਣੇ ਚਰਨਾਂ ਦਾ ਧਿਆਨ ਧਰਦੇ ਹਨ (ਉਹ ਮਾਨੋ ਆਪਣੀਆਂ) ਸਾਰੀਆਂ ਕੁਲਾਂ ਦਾ ਉਧਾਰ ਕਰਨ ਵਾਲੇ ਹੋ ਨਿਬੜਦੇ ਹਨ ।੧੧। ਧੵਾਨੰ = ਧਿਆਨ ਧਰਨ ਨਾਲ। ਕੁਲ ਸਮੂਹ = ਸਾਰੀਆਂ ਕੁਲਾਂ। ਉਧਾਰਣਹ = ਉਧਾਰ ਕਰਨ ਵਾਲੇ ।੧੧।
ਸੁੰਦਰ ਮੰਦਰ ਸੈਣਹ ਜੇਣ ਮਧੵ ਹਰਿ ਕੀਰਤਨਹ ॥
(Faridkot Teeka, c. 1870s): ਜਿਨੋਂ ਬੀਚ ਹਰੀ ਕਾ ਕੀਰਤਨ ਹੋਤਾ ਹੈ (ਸੈਣਹ) ਸੋਈ ਮੰਦਰ ਸੁੰਦਰ ਹੈ॥
(SGGS Steek, Bhai Manmohan Singh, c. 1960): ਸੋਹਣਾ ਹੈ ਉਹ ਮਹਲ, ਜਿਸ ਅੰਦਰ ਸੁਆਮੀ ਦਾ ਜਸ ਗਾਇਨ ਕੀਤਾ ਜਾਂਦਾ ਹੈ ॥
(SGGS Darpan, Prof. Sahib Singh, c. 1962-64): ਉਹਨਾਂ ਘਰਾਂ ਵਿਚ ਵੱਸਣਾ ਹੀ ਸੁਹਾਵਣਾ ਹੈ ਜਿਨ੍ਹਾਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੋਵੇ। ਮੰਦਰ = ਘਰ (मन्दिर = a dwelling)। ਸੈਣਹ = ਸੌਣਾ, ਵੱਸਣਾ (स्वप्ह= to lie down, to rest)। ਜੇਣ ਮਧੵ = ਜਿਨ੍ਹਾਂ ਦੇ ਅੰਦਰ (येनां मध्ये)।
(S.G.P.C. Shabadarth, Bhai Manmohan Singh, c. 1962-69): ਸੁੰਦਰ ਮੰਦਰ ਸੈਣਹ¹ ਜੇਣ ਮਧੵ ਹਰਿ ਕੀਰਤਨਹ ॥ ¹ਸੋਈ। ਓਹੀ ਮੰਦਰ ਸੁੰਦਰ ਹੈ ਜਿਸ ਦੇ ਵਿੱਚ ਮਿੱਠਾ ਕੀਰਤਨ ਹੁੰਦਾ ਹੈ। ਜੋ ਗੋਬਿੰਦ ਨੂੰ ਸਿਮਰਦੇ ਹਨ ਓਹ ਮੁਕਤ ਹਨ।
(Gatha Steek, Bhai Joginder Singh Talwara, c. 1981): ਸਾਧੂ-ਸੱਜਣਾਂ ਦੇ ਘਰ-ਮੰਦਰ ਸੁਹਾਵਣੇ ਹਨ, ਜਿਨ੍ਹਾਂ ਵਿਚ (ਨਿਰੰਤਰ) ਪ੍ਰਭੂ ਦਾ ਕੀਰਤਨ ਗਾਇਨ ਹੁੰਦਾ ਰਹਿੰਦਾ ਹੈ। ਸੁੰਦਰ–ਸੋਹਣੇ, ਸੁਹਾਵਣੇ। ਮੰਰਦ–ਘਰ। ਸੈਣਹ–ਸੱਜਣਾਂ, ਸਾਧੂ ਸੱਜਣਾਂ ਦੇ। ਜੇਣ ਮਧੵ–ਜਿਨ੍ਹਾਂ ਵਿਚ।
(Arth Bodh SGGS, Dr. Rattan Singh Jaggi, c. 2007): (ਉਹ) ਘਰ ਸੁੰਦਰ ਅਤੇ ਨਿਵਾਸ ਕਰਨ ਯੋਗ (ਸੈਣਹ–ਸੌਣ ਯੋਗ) ਹਨ ਜਿਨ੍ਹਾਂ ਵਿਚ ਹਰਿ ਦਾ ਕੀਰਤਨ/ਜਸ-ਗਾਨ ਹੁੰਦਾ ਹੈ।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ! ਉਹ) ਘਰ-ਮੰਦਰ ਸੋਹਣੇ ਤੇ ਸੁਹਾਵਣੇ ਹਨ ਜਿਨ੍ਹਾਂ ਵਿਚ ਹਰੀ ਦਾ ਅਖੰਡ ਕੀਰਤਨ ਹੁੰਦਾ ਹੈ। ਸੁੰਦਰ = ਸੋਹਣੇ। ਮੰਦਰ = ਘਰ। ਜੇਣ ਮਧੵ = ਜਿਨ੍ਹਾਂ ਵਿਚ (ਉਚਾਰਨ-ਮਧਿਅ)।
ਮੁਕਤੇ ਰਮਣ ਗੋਬਿੰਦਹ ਨਾਨਕ ਲਬਧੵੰ ਬਡ ਭਾਗਣਹ ॥੧੨॥
(Faridkot Teeka, c. 1870s): ਜੋ ਗੋਬਿੰਦ ਕਾ ਨਾਮ ਉਚਾਰਨ ਕਰਤੇ ਹੈਂ, ਸੋ ਮੁਕਤਿ ਰੂਪ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਪ੍ਰੰਤੂ ਗੋਬਿੰਦ ਕਾ ਸਿਮਰਨ ਬਡੇ ਭਾਗੋਂ ਕਰ ਕੇ ਪ੍ਰਾਪਤ ਹੋਤਾ ਹੈ ॥੧੨॥ * ਭਾਵ: ਜਿਸ ਥਾਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਰਹੇ ਉਹ ਥਾਂ ਹੀ ਸੁਹਾਵਣਾ ਹੋ ਜਾਂਦਾ ਹੈ। ਸਿਫ਼ਤਿ-ਸਾਲਾਹ ਕਰਨ ਵਾਲੇ ਬੰਦੇ ਭੀ ਦੁਨੀਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ।
(SGGS Steek, Bhai Manmohan Singh, c. 1960): ਜੋ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੇ ਹਨ, ਉਹ ਮੋਖਸ਼ ਥੀ ਵੰਦੇ ਹਨ ॥ ਹੇ ਨਾਨਕ! ਕੇਵਲ ਭਾਰੇ ਨਸੀਬਾਂ ਵਾਲੇ ਹੀ ਇਸ ਅਵਸਥਾਂ ਨੂੰ ਪ੍ਰਾਪਤ ਹੁੰਦੇ ਹਨ ॥
(SGGS Darpan, Prof. Sahib Singh, c. 1962-64): ਜੋ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ (ਦੁਨੀਆ ਦੇ ਬੰਧਨਾਂ ਤੋਂ) ਮੁਕਤ ਹੋ ਜਾਂਦੇ ਹਨ। ਪਰ, ਹੇ ਨਾਨਕ! (ਇਹ ਸਿਮਰਨ) ਵੱਡੇ ਭਾਗਾਂ ਨਾਲ ਮਿਲਦਾ ਹੈ ॥੧੨॥ ਮੁਕਤੇ = ਸੁਤੰਤਰ, ਆਜ਼ਾਦ (मुकत)। ਰਮਣ = ਸਿਮਰਨ ॥੧੨॥
(S.G.P.C. Shabadarth, Bhai Manmohan Singh, c. 1962-69): ਮੁਕਤੇ ਰਮਣ ਗੋਬਿੰਦਹ ਨਾਨਕ ਲਬਧੵੰ ਬਡ ਭਾਗਣਹ ॥੧੨॥
(Gatha Steek, Bhai Joginder Singh Talwara, c. 1981): ‘ਨਾਨਕ’! ਗੋਬਿੰਦ ਦਾ ਜਸ ਗਾਉਣ ਵਾਲੇ (ਸੰਸਾਰਕ ਕਾਮਨਾਵਾਂ ਤੋਂ ਅਤੇ ਜਨਮ ਮਰਨ ਦੇ ਗੇੜ ਤੋਂ) ਮੁਕਤ ਹੋ ਜਾਂਦੇ ਹਨ। (ਪਰ ਇਹ ਸਿਫ਼ਤਿ-ਸਾਲਾਹ ਦੀ ਦਾਤਿ) ਵੱਡੇ ਭਾਗਾਂ ਨਾਲ ਮਿਲਦੀ ਹੈ ।੧੨। ਮੁਕਤੇ–ਮੁਕਤ। ਰਮਣ ਗੋਬਿੰਦਹ–ਗੋਬਿੰਦ ਦਾ ਜਸ ਗਾਉਣ ਵਾਲੇ। ਲਬਧੵੰ–ਲੱਭਦਾ ਹੈ। ਬਡ ਭਾਗਣਹ–ਵੱਡੇ ਭਾਗਾਂ ਨਾਲ ।੧੨।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ ਜੋ) ਪ੍ਰਭੂ ਦਾ ਸਿਮਰਨ (ਗਮਣ) ਕਰਦੇ ਹਨ, (ਉਹ) ਮੁਕਤ ਹਨ, (ਪਰ ਸਿਮਰਨ) ਵਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ।੧੨।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਹੜੇ ਪ੍ਰਾਣੀ) ਗੋਬਿੰਦ ਦਾ ਜਸ ਗਾਉਂਦੇ ਹਨ (ਉਹ ਮਾਇਆ ਦੇ ਬੰਧਨਾਂ ਤੋਂ) ਮੁਕਤ ਹੋ ਜਾਂਦੇ ਹਨ (ਪਰ ਇਹੋ ਜਿਹੇ ਪ੍ਰਭੂ ਪਿਆਰਿਆਂ ਦਾ ਸੰਗ) ਵਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ।੧੨। ਮੁਕਤੇ = ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ। ਰਮਣ ਗੋਬਿੰਦਹ = (ਜੋ) ਗੋਬਿੰਦ ਦਾ (ਜਸ) ਗਾਉਂਦੇ ਹਨ। ਲਬਧੵੰ = ਲਭਦਾ ਹੈ (ਉਚਾਰਨ-ਲਬਧਿਅੰ)। ਬਡ ਭਾਗਾਣਹ = ਵਡੇ ਭਾਗਾਂ ਨਾਲ ।੧੨।
ਹਰਿ ਲਬਧੋ ਮਿਤ੍ਰ ਸੁਮਿਤੋ ॥
(Faridkot Teeka, c. 1870s): ਸ੍ਰੇਸਟ ਮਿਤ੍ਰ ਜੋ ਸੰਤ ਜਨ ਹੈਂ ਤਿਨੋਂ ਸੇ ਹੀ ਹਰੀ ਮਿਤ੍ਰ ਪ੍ਰਾਪਤ ਹੋਤਾ ਹੈ॥ ਸੋ ਹਰੀ ਕੈਸਾ ਹੈ?
(SGGS Steek, Bhai Manmohan Singh, c. 1960): ਮੈਂ ਆਪਣੇ ਦੋਸਤ, ਹਾਂ ਆਪਣੇ ਚੰਗੇ ਦੋਸਤ ਵਜੋ ਵਾਹਿਗੁਰੂ ਨੂੰ ਪਾ ਲਿਆ ਹੈ,
(SGGS Darpan, Prof. Sahib Singh, c. 1962-64): ਮੈਂ ਉਹ ਸ੍ਰੇਸ਼ਟ ਮਿੱਤ੍ਰ ਪਰਮਾਤਮਾ ਲੱਭ ਲਿਆ ਹੈ, ਲਬਧੋ = ਲੱਭਾ ਹੈ (लब्धः)। ਸੁਮਿਤੋ = ਸ੍ਰੇਸ਼ਟ ਮਿੱਤ੍ਰ (सुर्मित्र)।
(S.G.P.C. Shabadarth, Bhai Manmohan Singh, c. 1962-69): ਹਰਿ ¹ਲਬਧੋ ਮਿਤ੍ਰ ਸੁਮਿਤੋ ॥ ¹ਸਰੇਸ਼ਟ ਮਿੱਤਰ (ਹਰੀ) ਲਭਦਾ ਹੈ।
(Gatha Steek, Bhai Joginder Singh Talwara, c. 1981): ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ ਹਰੀ-ਪ੍ਰਭੂ ਹੀ ਲੱਭਾ ਹੈ, ਲਬਧੋ–ਲੱਭਿਆ ਹੈ। ਮਿਤ੍ਰ ਸੁਮਿਤ੍ਰ–ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ।
(Arth Bodh SGGS, Dr. Rattan Singh Jaggi, c. 2007): ਮਿਤਰਾਂ ਵਿਚੋਂ ਸ੍ਰੇਸ਼ਠ ਮਿਤਰ ਹਰਿ ਲਭ ਪਿਆ ਹੈ।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ! ਮੈਨੂੰ) ਹਰੀ, ਜੋ ਮਿਤਰਾਂ ਚੋਂ ਸ੍ਰੇਸ਼ਟ ਮਿਤਰ ਹੈ, ਲਭ ਪਿਆ ਹੈ। ਲਬਧੋ = ਲਭਿਆ ਹੈ। ਸੁਮਿਤੋ = ਸ੍ਰੇਸ਼ਟ ਮਿੱਤਰ।
ਬਿਦਾਰਣ ਕਦੇ ਨ ਚਿਤੋ ॥
(Faridkot Teeka, c. 1870s): ਜੋ ਅਪਨੇ ਪ੍ਰੇਮੀ ਜਨੋ ਕਾ ਚਿਤ ਕਬੀ ਬਿਦਾਰਨ ਨਹੀਂ ਕਰਤਾ ਹੈ॥
(SGGS Steek, Bhai Manmohan Singh, c. 1960): ਅਤੇ ਉਹ ਕਦਾਚਿਤ ਮੇਰੇ ਦਿਲ ਨੂੰ ਨਹੀਂ ਤੋੜਦਾ ॥
(SGGS Darpan, Prof. Sahib Singh, c. 1962-64): ਜੋ ਕਦੇ (ਮੇਰੀ) ਦਿਲ-ਸ਼ਿਕਨੀ ਨਹੀਂ ਕਰਦਾ, ਬਿਦਾਰਣ = ਫਾੜਨਾ, ਤੋੜਨਾ (वद्ह = to cut pieces, विदारणं = breaking)। ਚਿਤੋ ਬਿਦਾਰਣ = ਦਿਲ ਨੂੰ ਤੋੜਨਾ, ਦਿਲ-ਸ਼ਿਕਨੀ।
(S.G.P.C. Shabadarth, Bhai Manmohan Singh, c. 1962-69): ¹ਬਿਦਾਰਣ ਕਦੇ ਨ ਚਿਤੋ ॥ ¹ਉਹ ਹਰੀ ਕਦੀ ਦਿਲ ਨਹੀਂ ਤੋੜਦਾ (ਦਿਲ-ਸ਼ਿਕਨੀ ਨਹੀਂ ਕਰਦਾ)।
(Gatha Steek, Bhai Joginder Singh Talwara, c. 1981): ਜਿਹੜਾ ਕਦੇ ਵੀ ਕਿਸੇ ਦਾ ਦਿਲ ਤੋੜਨ ਵਾਲਾ ਨਹੀਂ, ਬਿਦਾਰਣ–ਤੋੜਨ ਵਾਲਾ। ਚਿਤੋ–ਹਿਰਦਾ, ਦਿਲ।
(Arth Bodh SGGS, Dr. Rattan Singh Jaggi, c. 2007): (ਇਹ ਮਿਤਰ) ਕਦੇ ਚਿਤ ਨੂੰ ਤੋੜਦਾ (ਬਿਦਾਰਣ) ਨਹੀਂ ਹੈ।
(Aad SGGS Darshan Nirney Steek, Giani Harbans Singh, c. 2009-11): (ਉਹ ਹਰੀ) ਕਦੇ ਵੀ (ਆਪਣੇ ਪਿਆਰਿਆਂ ਦਾ) ਦਿਲ ਨਹੀਂ ਤੋੜਦਾ। ਬਿਦਾਰਣ = ਤੋੜਨਾ।
ਜਾ ਕਾ ਅਸਥਲੁ ਤੋਲੁ ਅਮਿਤੋ ॥
(Faridkot Teeka, c. 1870s): ਜਿਸ ਕੇ ਸਤਸੰਗ ਰੂਪੀ ਅਸਥਾਨ ਕਾ (ਤੋਲੁ) ਵੀਚਾਰ ਅਮਿਤ ਹੈ॥
(SGGS Steek, Bhai Manmohan Singh, c. 1960): ਜਿਸ ਦਾ ਨਿਵਾਸ–ਅਸਥਾਨ ਅਤੇ ਭਾਰ ਅਜੋਖ ਹੈ,
(SGGS Darpan, Prof. Sahib Singh, c. 1962-64): ਅਤੇ ਜਿਸ ਦਾ ਟਿਕਾਣਾ ਅਮਿਣਵੇਂ ਤੋਲ ਵਾਲਾ ਹੈ, ਅਸਥਲੁ = ਥਾਂ (स्थ्लं = firm ground)। ਅਮਿਤੋ = ਅਤੋਲਵਾਂ, ਜੋ ਮਿਣਿਆ ਨਾ ਜਾ ਸਕੇ (अमित)।
(S.G.P.C. Shabadarth, Bhai Manmohan Singh, c. 1962-69): ਜਾ ਕਾ ਅਸਥਲੁ¹ ਤੋਲੁ ਅਮਿਤੋ ॥ ¹ਅਸਥਾਨ।
(Gatha Steek, Bhai Joginder Singh Talwara, c. 1981): ਜਿਸ ਦਾ ਟਿਕਾਣਾ ਅਤੇ ਗੌਰਵ ਮਿਤ (ਅੰਦਾਜ਼ੇ) ਤੋਂ ਪਰੇ ਹੈ। ਅਸਥੁਲ–ਅਸਥਾਨ, ਟਿਕਾਣਾ। ਤੋਲੁ–ਗੌਰਵ। ਅਮਿਤੋ–ਮਿਤ ਤੋਂ ਬਾਹਰ।
(Arth Bodh SGGS, Dr. Rattan Singh Jaggi, c. 2007): ਜਿਸ (ਮਿਤਰ) ਦਾ ਠਿਕਾਣਾ ਅਮਿਣਵੇਂ ਤੋਲ ਵਾਲਾ ਹੈ,
(Aad SGGS Darshan Nirney Steek, Giani Harbans Singh, c. 2009-11): ਜਿਸ (ਸ੍ਰੇਸ਼ਟ ਮਿਤਰ) ਦਾ ਅਸਥਾਨ ਤੇ ਤੋਲ ਅਮਿਣਵਾ ਹੈ। ਜਾ ਕਾ = ਜਿਸ (ਪ੍ਰਭੂ) ਦਾ। ਅਸਥਲੁ = ਅਸਥਾਨ। ਤੋਲੁ = ਵਜ਼ਨ ਭਾਵ ਗੌਰਵ। ਅਮਿਤੋ = ਅਮਿਣਵਾ ਹੈ।
ਸੋੁਈ ਨਾਨਕ ਸਖਾ ਜੀਅ ਸੰਗਿ ਕਿਤੋ ॥੧੩॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਸੋਈ ਵਾਹਿਗੁਰੂ ਅਪਨੇ ਜੀਵ ਕਾ ਸਖਾ ਕੀਆ ਹੈ ॥੧੩॥ * ਭਾਵ: ਪਰਮਾਤਮਾ ਹੀ ਮਨੁੱਖ ਦਾ ਅਸਲ ਸਾਥੀ ਅਸਲ ਮਿੱਤਰ ਹੈ।
(SGGS Steek, Bhai Manmohan Singh, c. 1960): ਕੇਵਲ ਉਸ ਨੂੰ ਹੀ ਨਾਨਕ ਨੇ ਆਪਣੇ ਦਿਲ ਦਾ ਸਾਥੀ ਬਣਾਇਆ ਹੈ ॥
(SGGS Darpan, Prof. Sahib Singh, c. 1962-64): ਹੇ ਨਾਨਕ! ਮੈਂ ਉਸ (ਪਰਮਾਤਮਾ) ਨੂੰ ਆਪਣੀ ਜਿੰਦ ਨਾਲ ਰਹਿਣ ਵਾਲਾ ਸਾਥੀ ਬਣਾਇਆ ਹੈ ॥੧੩॥ ਕਿਤੋ = ਕੀਤਾ ਹੈ (कृतः) ॥੧੩॥
(S.G.P.C. Shabadarth, Bhai Manmohan Singh, c. 1962-69): ਸੋੁਈ ਨਾਨਕ ¹ਸਖਾ ਜੀਅ ਸੰਗਿ ਕਿਤੋ ॥੧੩॥ ¹ਬੇਲੀ ਕੀਤਾ ਹੈ ਦਿਲ ਨਾਲ।
(Gatha Steek, Bhai Joginder Singh Talwara, c. 1981): ‘ਨਾਨਕ’! ਓਹੀ (ਲੋਕ-ਪਰਲੋਕ ਵਿਚ) ਜੀਅ ਨਾਲ ਨਿੱਭਣ ਵਾਲਾ ਪ੍ਰਭੂ ਅਸਾਂ ਮਿੱਤਰ ਬਣਾਇਆ ਹੈ ।੧੩। ਸੋੁਈ ਸਖਾ ਕਿਤੋ–ਓਹੀ ਮਿੱਤਰ ਬਣਾਇਆ ਹੈ ।੧੩।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ ਅਸੀਂ) ਉਸ (ਪ੍ਰਭੂ ਨੂੰ) ਮਿਤਰ ਬਣਾਇਆ ਹੈ (ਜੋ ਸਦਾ) ਜਿੰਦ ਨਾਲ ਰਹਿੰਦਾ ਹੈ ।੧੩।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਦਸਦੇ ਹਨ ਕਿ ਅਸਾਂ) ਉਹੀ (ਪ੍ਰਭੂ ਜਿਹੜਾ ਹਰ ਵੇਲੇ) ਦਿਲ ਦੇ ਨਾਲ ਰਹਿੰਦਾ ਹੈ, (ਆਪਣਾ) ਮਿੱਤਰ ਬਣਾਇਆ ਹੈ ।੧੩। ਸੋਈ = ਓਹੀ (ਪ੍ਰਭੂ) (ਉਚਾਰਨ-ਸੁਈ)। ਸਖਾ = ਮਿੱਤਰ। ਜੀਅ ਸੰਗ = ਜੀਅ ਨਾਲ (ਰਹਿਣ ਵਾਲਾ)। ਕਿਤੋ = ਕੀਤਾ, ਬਣਾਇਆ ।੧੩।
ਅਪਜਸੰ ਮਿਟੰਤ ਸਤ ਪੁਤ੍ਰਹ ॥
(Faridkot Teeka, c. 1870s): ਜੈਸੇ ਸ੍ਰੇਸਟ ਪੁਤ੍ਰ ਕੇ ਜਨਮਨੇ ਸੇ ਪੂਰਬ ਕਾਲ ਕਾ ਸੰਪੂਰਨ ਅਪਜਸ ਮਿਟ ਜਾਤਾ ਹੈ। ਤਾਂ ਤੇ ਐਸਾ ਪੁਤ੍ਰ ਉਤਪਤਿ ਕਰਨਾ ਜੋਗ ਹੈ, ਜਿਸ ਤੇ ਸਭ ਕਲੰਕ ਦੂਰ ਹੋ ਜਾਤਾ ਹੈ॥
(SGGS Steek, Bhai Manmohan Singh, c. 1960): ਉਹ ਸੱਚਾ ਪੁੱਤ ਮੰਦੀ ਸ਼ੁਹਰਤ ਨੂੰ ਮੇਟ ਸੁਟਦਾ ਹੈ ॥
(SGGS Darpan, Prof. Sahib Singh, c. 1962-64): (ਜਿਵੇਂ) ਚੰਗਾ ਪੁੱਤ੍ਰ ਜੰਮ ਪੈਣ ਨਾਲ ਸਾਰੀ ਕੁਲ ਦੀ ਪਿਛਲੀ ਕੋਈ) ਬਦਨਾਮੀ ਧੁਪ ਜਾਂਦੀ ਹੈ, ਅਪਜਸੰ = ਬਦਨਾਮੀ (अपयशस्ह)। ਸਤ ਪੁਤ੍ਰਹ = ਚੰਗਾ ਪੁਤ੍ਰ (सत्पुत्र)।
(S.G.P.C. Shabadarth, Bhai Manmohan Singh, c. 1962-69): ¹ਅਪਜਸੰ ਮਿਟੰਤ ਸਤ ਪੁਤ੍ਰਹ ॥ ¹ਜਿਵੇਂ ਸਪੁਤ੍ਰਾਂ ਦੇ ਜੰਮਿਆਂ ਅਪਜਸ ਮਿਟਦਾ ਹੈ, ਤਿਵੇਂ ਨਾਮ ਜਪਿਆਂ ਸੁਖ ਹੁੰਦਾ ਹੈ।
(Gatha Steek, Bhai Joginder Singh Talwara, c. 1981): ਹਿਰਦੇ ਵਿਚ ਗੁਰ ਮੰਤ੍ਰ ਦਾ ਸਿਮਰਨ ਕਰਨ ਵਾਲੇ, ਅਪਜਸੰ–ਅਪ-ਕੀਰਤੀ, ਬਦਖੋਈ, ਬਦਨਾਮੀ। ਸਤ ਪੁਤ੍ਰਹ–ਪ੍ਰਭੂ ਦੇ ਪੁੱਤਰ, ਸੰਤ ਜਨ, ਸਤ ਪੁਰਸ਼।
(Arth Bodh SGGS, Dr. Rattan Singh Jaggi, c. 2007): (ਜਿਵੇਂ) ਸ੍ਰੇਸ਼ਠ (ਸਤ) ਪੁੱਤਰ (ਦੇ ਪੈਦਾ ਹੋਣ ਨਾਲ ਪਹਿਲਾਂ ਹੋ ਚੁਕਿਆ) ਅਪਜਸ ਮਿਟ ਜਾਂਦਾ ਹੈ,
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਸ੍ਰੇਸ਼ਟ ਪੁਤ੍ਰ ਪੈਦਾ ਹੋਣ ਨਾਲ (ਕੁਲ ਦੀ ਪਿਛਲੀ) ਬਦਨਾਮੀ ਮਿਟ ਜਾਂਦੀ ਹੈ (ਕਿਉਂਕਿ ਉਹ ਆਪਣੇ) ਹਿਰਦੇ ਵਿਚ ਗੁਰ-ਮੰਤਰ ਸਿਮਰਦਾ ਰਹਿੰਦਾ ਹੈ। ਅਪਜਸੰ = ਬਦਨਾਮੀ। ਸਤ ਪੁਤ੍ਰਹ = ਸ੍ਰੇਸ਼ਟ ਪੁੱਤ੍ਰ ਦੇ (ਪੈਦਾ ਹੋਣ ਤੇ)।
ਸਿਮਰਤਬੵ ਰਿਦੈ ਗੁਰ ਮੰਤ੍ਰਣਹ ॥
(Faridkot Teeka, c. 1870s): ਤੈਸੇ ਗੁਰਾਂ ਕਾ ਮੰਤ੍ਰ ਰਿਦੇ ਮੇਂ ਅਵਸ੍ਯ ਕਰ ਸਿਮਰਨੇ ਜੋਗ ਹੈ॥
(SGGS Steek, Bhai Manmohan Singh, c. 1960): ਜੋ ਗੁਰਾਂ ਦੀ ਬਾਣੀ ਦਾ ਆਪਣੇ ਮਨ ਵਿੱਚ ਧਿਆਨ ਧਾਰਦਾ ਹੈ ॥
(SGGS Darpan, Prof. Sahib Singh, c. 1962-64): (ਤਿਵੇਂ ਪਰਲੋਕ ਵਿੱਚ ਬਦਨਾਮੀ ਤੋਂ ਬਚਣ ਲਈ) ਗੁਰੂ ਦਾ ਉਪਦੇਸ਼ ਹਿਰਦੇ ਵਿਚ ਟਿਕਾ ਰੱਖਣਾ ਚਾਹੀਦਾ ਹੈ। ਸਿਮਰਤਬੵ = ਸਿਮਰਨਾ ਚਾਹੀਦਾ ਹੈ (स्मृ = to remember, स्मरति = remembers)। ਰਿਦੈ = ਹਿਰਦੇ ਵਿਚ। ਮੰਤ੍ਰਣਹ = ਉਪਦੇਸ਼।
(S.G.P.C. Shabadarth, Bhai Manmohan Singh, c. 1962-69): ਸਿਮਰਤਬੵ ਰਿਦੈ ਗੁਰ ਮੰਤ੍ਰਣਹ ॥
(Gatha Steek, Bhai Joginder Singh Talwara, c. 1981): ਪ੍ਰਭੂ ਦੇ ਸਤਿਵਾਦੀ ਪੁੱਤਰਾਂ ਦੀ ਅਪ-ਕੀਰਤੀ ਮਿਟ ਜਾਂਦੀ ਹੈ। ਸਿਮਰਤਬੵ–ਸਿਮਰਨ ਕਰਨਾ। ਗੁਰ ਮੰਤ੍ਰਣਹ–ਗੁਰੂ ਦਾ ਮੰਤਰ।
(Arth Bodh SGGS, Dr. Rattan Singh Jaggi, c. 2007): (ਤਿਵੇਂ) ਗੁਰੂ ਦਾ ਮੰਤ੍ਰ/ਉਪਦੇਸ਼ ਹਿਰਦੇ ਵਿਚ ਸਿਮਰਨ ਯੋਗ ਹੈ (ਕਿਉਂਕਿ ਇਸ ਨਾਲ ਸਾਰੇ ਪਾਪ ਮਿਟ ਜਾਂਦੇ ਹਨ)।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਸ੍ਰੇਸ਼ਟ ਪੁਤ੍ਰ ਪੈਦਾ ਹੋਣ ਨਾਲ (ਕੁਲ ਦੀ ਪਿਛਲੀ) ਬਦਨਾਮੀ ਮਿਟ ਜਾਂਦੀ ਹੈ (ਕਿਉਂਕਿ ਉਹ ਆਪਣੇ) ਹਿਰਦੇ ਵਿਚ ਗੁਰ-ਮੰਤਰ ਸਿਮਰਦਾ ਰਹਿੰਦਾ ਹੈ। ਸਿਮਰਤਬੵ = ਸਿਮਰਦਾ ਹੈ। ਰਿਦੈ = ਹਿਰਦੇ ਵਿਚ। ਮੰਤ੍ਰਣਹ = ਉਪਦੇਸ਼।
ਪ੍ਰੀਤਮ ਭਗਵਾਨ ਅਚੁਤ ॥
(Faridkot Teeka, c. 1870s): ਅਚੁਤ ਸਰੂਪ ਭਗਵਾਨ ਪ੍ਰੀਤਮ ਹੋ ਕਰ॥
(SGGS Steek, Bhai Manmohan Singh, c. 1960): ਪਿਆਰਾ, ਅਬਿਨਾਸੀ ਪ੍ਰਭੂ,
(SGGS Darpan, Prof. Sahib Singh, c. 1962-64): ਅਵਿਨਾਸ਼ੀ ਪਿਆਰੇ ਪਰਮਾਤਮਾ (ਦਾ ਸਿਮਰਨ)-ਅਚੁਤ = ਅਵਿਨਾਸ਼ੀ (अच्युत)।
(S.G.P.C. Shabadarth, Bhai Manmohan Singh, c. 1962-69): ਪ੍ਰੀਤਮ ਭਗਵਾਨ ਅਚੁਤ¹ ॥ ¹(ਅਚਯੁਤ) ਅਬਿਨਾਸੀ, ਅਟੱਲ।
(Gatha Steek, Bhai Joginder Singh Talwara, c. 1981): ‘ਨਾਨਕ’! ਉਨ੍ਹਾਂ ਨੂੰ ਪਿਆਰਾ ਅਬਿਨਾਸ਼ੀ ਪ੍ਰਭੂ ਸੰਸਾਰ-ਸਾਗਰ ਤੋਂ ਤਾਰ ਲੈਂਦਾ ਹੈ ।੧੪। ਪ੍ਰੀਤਮ–ਪਿਆਰਾ। ਭਗਵਾਨ–ਮਾਲਕ ਪ੍ਰਭੂ। ਅਚੁਤ–ਅਬਿਨਾਸ਼ੀ ।੧੪।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਅਵਿਨਾਸ਼ੀ ਭਗਵਾਨ ਪ੍ਰੀਤਮ (ਬਣ ਕੇ) ਸੰਸਾਰ ਸਾਗਰ ਤੋਂ ਤਾਰ ਦਿੰਦਾ ਹੈ ।੧੪।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਹੇ ਭਾਈ!) ਪਿਆਰੇ ਅਬਿਨਾਸ਼ੀ ਮਾਲਕ ਦਾ (ਸਿਮਰਨ) ਸੰਸਾਰ ਸਾਗਰ ਤੋਂ ਤਾਰ ਦਿੰਦਾ ਹੈ ।੧੪। ਪ੍ਰੀਤਮ = ਪਿਆਰਾ। ਭਗਵਾਨ = ਮਾਕਲ। ਅਚੁਤ = ਅਬਿਨਾਸੀ।
ਨਾਨਕ ਸੰਸਾਰ ਸਾਗਰ ਤਾਰਣਹ ॥੧੪॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਸੰਸਾਰ ਸਮੁੰਦਰ ਸੇ ਤਾਰ ਦੇਤਾ ਹੈ ॥੧੪॥ * ਭਾਵ: ਪਰਮਾਤਮਾ ਦਾ ਸਿਮਰਨ ਮਨੁੱਖ ਨੂੰ ਦੁਨੀਆ ਦੇ ਵਿਕਾਰਾਂ ਤੋਂ ਬਚਾ ਲੈਂਦਾ ਹੈ। ਇਹ ਸਿਮਰਨ ਮਿਲਦਾ ਹੈ ਗੁਰੂ ਦੀ ਰਾਹੀਂ।
(SGGS Steek, Bhai Manmohan Singh, c. 1960): ਹੇ ਨਾਨਕ! ਬੰਦੇ ਨੂੰ ਜਗਤ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ ॥
(SGGS Darpan, Prof. Sahib Singh, c. 1962-64): ਹੇ ਨਾਨਕ! ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਬਚਾ ਲੈਂਦਾ ਹੈ ॥੧੪॥
(S.G.P.C. Shabadarth, Bhai Manmohan Singh, c. 1962-69): ਨਾਨਕ ਸੰਸਾਰ ਸਾਗਰ ਤਾਰਣਹ ॥੧੪॥
(Gatha Steek, Bhai Joginder Singh Talwara, c. 1981): ‘ਨਾਨਕ’! ਉਨ੍ਹਾਂ ਨੂੰ ਪਿਆਰਾ ਅਬਿਨਾਸ਼ੀ ਪ੍ਰਭੂ ਸੰਸਾਰ-ਸਾਗਰ ਤੋਂ ਤਾਰ ਲੈਂਦਾ ਹੈ ।੧੪। ਪ੍ਰੀਤਮ–ਪਿਆਰਾ। ਭਗਵਾਨ–ਮਾਲਕ ਪ੍ਰਭੂ। ਅਚੁਤ–ਅਬਿਨਾਸ਼ੀ ।੧੪।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਅਵਿਨਾਸ਼ੀ ਭਗਵਾਨ ਪ੍ਰੀਤਮ (ਬਣ ਕੇ) ਸੰਸਾਰ ਸਾਗਰ ਤੋਂ ਤਾਰ ਦਿੰਦਾ ਹੈ ।੧੪।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਹੇ ਭਾਈ!) ਪਿਆਰੇ ਅਬਿਨਾਸ਼ੀ ਮਾਲਕ ਦਾ (ਸਿਮਰਨ) ਸੰਸਾਰ ਸਾਗਰ ਤੋਂ ਤਾਰ ਦਿੰਦਾ ਹੈ ।੧੪।
ਮਰਣੰ ਬਿਸਰਣੰ ਗੋਬਿੰਦਹ ॥
(Faridkot Teeka, c. 1870s): ਜੋ ਗੋਬਿੰਦ ਕਾ ਬਿਸਰਨਾ ਹੈ ਏਹੀ ਜੀਵ ਕਾ ਮਰਨਾ ਹੈ॥
(SGGS Steek, Bhai Manmohan Singh, c. 1960): ਸੰਸਾਰ ਦੇ ਸੁਆਮੀ ਨੂੰ ਭੁਲਾਉਣਾ ਬੰਦੇ ਦੀ ਮੌਤ ਹੈ ॥
(SGGS Darpan, Prof. Sahib Singh, c. 1962-64): ਗੋਬਿੰਦ ਨੂੰ ਬਿਸਾਰਨਾ (ਆਤਮਕ) ਮੌਤ ਹੈ, ਮਰਣੰ = ਮੌਤ (मरणं)।ਬਿਸਰਣੰ = (विस्मरणं) ਭੁਲਾਣਾ, ਵਿਸਾਰਨਾ। ਬਿਸਰਣੰ ਗੋਬਿੰਦਹ = ਪਰਮਾਤਮਾ ਨੂੰ ਵਿਸਾਰਨਾ।
(S.G.P.C. Shabadarth, Bhai Manmohan Singh, c. 1962-69): ¹ਮਰਣੰ ਬਿਸਰਣੰ ਗੋਬਿੰਦਹ ॥ ¹ਹਰੀ ਨੂੰ ਵਿਸਰਨਾ ਮੌਤ ਹੈ ਤੇ ਸਿਮਰਨਾ ਜ਼ਿੰਦਗੀ ਹੈ।
(Gatha Steek, Bhai Joginder Singh Talwara, c. 1981): ਗੋਬਿੰਦ-ਪ੍ਰਭੂ (ਦਾ ਨਾਮ) ਵਿਸਰ ਜਾਣਾ (ਆਤਮਕ) ਮੌਤ ਹੈ; ਮਰਣੰ–ਮਰਨਾ। ਬਿਸਰਣੰ–ਵਿਸਰਨਾ।
(Arth Bodh SGGS, Dr. Rattan Singh Jaggi, c. 2007): ਪ੍ਰਭੂ (ਦੇ ਨਾਮ) ਦਾ ਵਿਸਰਨਾ (ਮਾਨੋ) ਮੌਤ ਹੈ
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਗੋਬਿੰਦ (ਨਾਮ ਦਾ) ਵਿਸਰਨਾ ਮੌਤ ਹੈ (ਅਤੇ) ਹਰੀ ਦਾ ਨਾਮ ਧਿਆਉਣਾ (ਅਮਰ) ਜੀਵਨ ਹੈ। ਮਰਣੰ = ਮਰਨਾ, ਮੌਤ। ਬਿਸਰਣੰ ਗੋਬਿੰਦਹ = ਗੋਬਿੰਦ ਦਾ ਵਿਸਰਨਾ।
ਜੀਵਣੰ ਹਰਿ ਨਾਮ ਧੵਾਵਣਹ ॥
(Faridkot Teeka, c. 1870s): ਜੋ ਹਰੀ ਕਾ ਨਾਮ ਧਿਆਵਨਾ ਹੈ ਏਹ ਜੀਵਣਾ ਹੈ॥
(SGGS Steek, Bhai Manmohan Singh, c. 1960): ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਬੰਦੇ ਦੀ ਜਿੰਦਗੀ ਹੈ ॥
(SGGS Darpan, Prof. Sahib Singh, c. 1962-64): ਅਤੇ ਪਰਮਾਤਮਾ ਦਾ ਨਾਮ ਚੇਤੇ ਰੱਖਣਾ (ਆਤਮਕ) ਜੀਵਨ ਹੈ।
(S.G.P.C. Shabadarth, Bhai Manmohan Singh, c. 1962-69): ਜੀਵਣੰ ਹਰਿ ਨਾਮ ਧੵਾਵਣਹ ॥
(Gatha Steek, Bhai Joginder Singh Talwara, c. 1981): ਅਤੇ ਹਰੀ-ਨਾਮ ਦਾ ਧਿਆਵਣਾ ਹੀ (ਆਤਮਕ) ਜੀਵਨ ਹੈ। ਧੵਾਵਣਹ–ਧਿਆਉਣਾ।
(Arth Bodh SGGS, Dr. Rattan Singh Jaggi, c. 2007): ਅਤੇ ਹਰਿ ਦਾ ਨਾਮ ਆਰਾਧਣਾ (ਜਾਣੋ) ਜੀਵਨ ਹੈ।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਗੋਬਿੰਦ (ਨਾਮ ਦਾ) ਵਿਸਰਨਾ ਮੌਤ ਹੈ (ਅਤੇ) ਹਰੀ ਦਾ ਨਾਮ ਧਿਆਉਣਾ (ਅਮਰ) ਜੀਵਨ ਹੈ। ਜੀਵਣੰ = (ਅਮਰ) ਜੀਵਨ। ਧੵਾਵਣਹ = ਧਿਆਉਣਾ।
ਲਭਣੰ ਸਾਧ ਸੰਗੇਣ ॥
(Faridkot Teeka, c. 1870s): ਸੰਤੋਂ ਕੀ ਸੰਗਤ ਸੇ (ਲਭਣੰ) ਪ੍ਰਾਪਤਿ
(SGGS Steek, Bhai Manmohan Singh, c. 1960): ਸਤਿਸੰਗਤ ਕਰਨ ਦੁਆਰਾ ਹਰੀ ਪਰਾਪਤ ਹੁੰਦਾ ਹੈ,
(SGGS Darpan, Prof. Sahib Singh, c. 1962-64): (ਪਰ ਪ੍ਰਭੂ ਦਾ ਸਿਮਰਨ) ਸਾਧ ਸੰਗਤ ਵਿਚ-ਸਾਧ ਸੰਗੇਣ = (साधु सांगेन) ਗੁਰੂ ਦੀ ਸੰਗਤ ਦੀ ਰਾਹੀਂ। ਲਭਣੰ = (लभनं)।
(S.G.P.C. Shabadarth, Bhai Manmohan Singh, c. 1962-69): ਲਭਣੰ ਸਾਧ ਸੰਗੇਣ ॥
(Gatha Steek, Bhai Joginder Singh Talwara, c. 1981): ‘ਨਾਨਕ’! ਇਹ (ਹਰਿ-ਨਾਮ) ਪ੍ਰਭੂ ਵੱਲੋਂ ਧੁਰੋਂ ਲਿਖੇ ਲੇਖ ਅਨੁਸਾਰ ਸਾਧੂ-ਸਤਿਗੁਰੂ ਦੀ ਸੰਗਤ ਦੁਆਰਾ ਹੀ ਪ੍ਰਾਪਤ ਹੁੰਦਾ ਹੈ ।੧੫। ਸਾਧ ਸੰਗੇਣ–ਸਾਧੂ ਦੀ ਸੰਗਤ। ਪੂਰਬਿ ਲਿਖਣਹ–ਧੁਰ ਤੋਂ ਲਿਖੇ ਲੇਖ ਅਨੁਸਾਰ ।੧੫।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਹਰਿ (–ਨਾਮ) ਸਾਧ-ਸੰਗ ਵਿਚੋਂ (ਉਸ ਨੂੰ) ਲਭਦਾ ਹੈ (ਜਿਸ ਦੇ ਭਾਗਾਂ ਵਿਚ) ਧੁਰੋਂ ਲਿਖਿਆ ਹੁੰਦਾ ਹੈ ।੧੫।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਹ ਨਾਮ) ਸਾਧ ਸੰਗਤ ਵਿਚ (ਉਸ ਨੂੰ) ਲਭਦਾ ਹੈ (ਜਿਸ ਦੇ ਮਥੇ ਉਤੇ) ਹਰੀ ਨੇ ਧੁਰੋਂ ਹੀ ਲੇਖ ਲਿਖੇ ਹੋਣ ।੧੫। ਲਭਣੰ = ਲਭਦਾ ਹੈ। ਸਾਧ ਸੰਗੇਣ = ਸਾਧ ਸੰਗਤ ਵਿਚ।
ਨਾਨਕ ਹਰਿ ਪੂਰਬਿ ਲਿਖਣਹ ॥੧੫॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਹਰੀ ਕੇ ਨਾਮ ਕਾ ਸਿਮਰਨ ਪੂਰਬਲੇ ਲੇਖੋਂ ਕੇ ਅਨੁਸਾਰ ਹੋਤਾ ਹੈ ॥੧੫॥ * ਭਾਵ: ਪਰਮਾਤਮਾ ਦੀ ਸਿਫ਼ਤਿ-ਸਾਲਾਹ ਮਨੁੱਖ ਵਾਸਤੇ ਆਤਮਕ ਜੀਵਨ ਹੈ, ਇਹ ਦਾਤਿ ਸਾਧ ਸੰਗਤਿ ਵਿਚੋਂ ਮਿਲਦੀ ਹੈ।
(SGGS Steek, Bhai Manmohan Singh, c. 1960): ਹੇ ਨਾਨਕ, ਪਰਾਪੂਰਬਲੀ ਲਿਖਤ ਅਨੁਸਾਰ ॥
(SGGS Darpan, Prof. Sahib Singh, c. 1962-64): ਹੇ ਨਾਨਕ! ਪੂਰਬਲੇ ਲਿਖੇ ਅਨੁਸਾਰ ਮਿਲਦਾ ਹੈ ॥੧੫॥ ਪੂਰਬਿ ਲਿਖਣਹ = ਪੂਰਬਲੇ ਸਮੇ ਵਿਚ ਲਿਖੇ ਅਨੁਸਾਰ। ਪੂਰਬਿ = (पुर्व) ਪੂਰਬਲੇ ਸਮੇ ਵਿਚ ॥੧੫॥
(S.G.P.C. Shabadarth, Bhai Manmohan Singh, c. 1962-69): ਨਾਨਕ ਹਰਿ ¹ਪੂਰਬਿ ਲਿਖਣਹ ॥੧੫॥ ¹ਪਿਛਲੇ ਲਿਖੇ ਅਨੁਸਾਰ।
(Gatha Steek, Bhai Joginder Singh Talwara, c. 1981): ‘ਨਾਨਕ’! ਇਹ (ਹਰਿ-ਨਾਮ) ਪ੍ਰਭੂ ਵੱਲੋਂ ਧੁਰੋਂ ਲਿਖੇ ਲੇਖ ਅਨੁਸਾਰ ਸਾਧੂ-ਸਤਿਗੁਰੂ ਦੀ ਸੰਗਤ ਦੁਆਰਾ ਹੀ ਪ੍ਰਾਪਤ ਹੁੰਦਾ ਹੈ ।੧੫। ਸਾਧ ਸੰਗੇਣ–ਸਾਧੂ ਦੀ ਸੰਗਤ। ਪੂਰਬਿ ਲਿਖਣਹ–ਧੁਰ ਤੋਂ ਲਿਖੇ ਲੇਖ ਅਨੁਸਾਰ ।੧੫।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਹਰਿ (–ਨਾਮ) ਸਾਧ-ਸੰਗ ਵਿਚੋਂ (ਉਸ ਨੂੰ) ਲਭਦਾ ਹੈ (ਜਿਸ ਦੇ ਭਾਗਾਂ ਵਿਚ) ਧੁਰੋਂ ਲਿਖਿਆ ਹੁੰਦਾ ਹੈ ।੧੫।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਹ ਨਾਮ) ਸਾਧ ਸੰਗਤ ਵਿਚ (ਉਸ ਨੂੰ) ਲਭਦਾ ਹੈ (ਜਿਸ ਦੇ ਮਥੇ ਉਤੇ) ਹਰੀ ਨੇ ਧੁਰੋਂ ਹੀ ਲੇਖ ਲਿਖੇ ਹੋਣ ।੧੫। ਪੂਰਬਿ ਲਿਖਣਹ = ਪਹਿਲੇ, ਪਿਛਲੇ ਧੁਰ ਤੋਂ ਲਿਖੇ ਹੋਏ ਲੇਖ ।੧੫।
ਦਸਨ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾਰੰ ॥
(Faridkot Teeka, c. 1870s): ਜੈਸੇ (ਦਸਨ) ਦਾਂਤੋਂ ਸੇ ਬਿਨਾ ਜੋ ਸਰਪ ਹੈ ਤਿਸ ਕੇ ਕਾਟਣੇ ਤੇ ਜ਼ੈਹਰ ਨਹੀਂ ਚੜਤੀ ਹੈ ਔਰ ਜੋ ਦਾਂਤੋਂ ਕੇ ਕਾਟਣੇ ਸੇ ਚੜ੍ਹਤੀ ਹੈ ਤਿਸ ਕੋ ਗਾਰੜੂ ਮੰਤ੍ਰ ਕਰ ਕੇ ਨਿਵਰਤ ਕਰ ਦੇਤਾ ਹੈ। ਤੈਸੇ ਜਿਸ ਕੇ ਹੰਕਾਰ ਰੂਪੀ ਸਰਪ, ਭਾਵ ਹੰਕਾਰਾ ਭਾਸੁ ਹੈ, ਰਾਗ, ਦ੍ਵੈਸ ਦਾਂਤੋਂ ਸੇ ਬਿਨਾ ਹੈ ਤਿਸ ਕੀ ਤੌ ਜ਼ਹਰ ਨਹੀਂ ਚੜਤੀ ਹੈ, ਸੋ ਗਿਆਨੀ ਕੇ ਹੈਂ। ਔਰ ਜੋ ਜਗ੍ਯਾਸੀ ਹੈ ਤਿਸ ਕੋ ਹੰਕਾਰ ਸਰਪ ਕੇ ਰਾਗ, ਦ੍ਵੈਸ ਰੂਪ ਦਾਂਤੋਂ ਕੇ ਕਾਟੇ ਹੂਏ ਕੋ ਹਰਖ ਸੋਕ ਰੂਪੀ ਜ਼ਹਿਰ ਚੜਤੀ ਹੈ, ਸੋ ਗੁਰਮੰਤ੍ਰ ਸੇ ਜਗ੍ਯਾਸੀ ਦੂਰ ਕਰਤਾ ਹੈ॥
(SGGS Steek, Bhai Manmohan Singh, c. 1960): ਜਿਸ ਤਰ੍ਹਾਂ ਸੱਪਾਂ ਦਾ ਮੰਤ੍ਰੀ, ਜਾਦੂ ਟੂਣੇ ਦੁਆਰਾ ਸਰਪ ਨੂੰ ਜ਼ਹਿਰ–ਰਹਿਤ ਤੇ ਦੰਦ–ਰਹਿਤ ਕਰ ਦਿੰਦਾ ਹੈ,
(SGGS Darpan, Prof. Sahib Singh, c. 1962-64): (ਜਿਵੇਂ) ਗਰੁੜ-ਮੰਤ੍ਰ ਜਾਨਣ ਵਾਲਾ ਮਨੁੱਖ ਸੱਪ ਨੂੰ ਦੰਦ-ਹੀਣ ਕਰ ਦੇਂਦਾ ਹੈ ਅਤੇ (ਸੱਪ ਦੇ ਜ਼ਹਰ ਨੂੰ) ਮੰਤ੍ਰਾਂ ਨਾਲ ਦੂਰ ਕਰ ਦੇਂਦਾ ਹੈ, ਦਸਨ = ਦੰਦ (दशन = a tooth। दंश्ह = to bite)। ਭੁਯੰਗੰ = ਸੱਪ (भुजंग = a serpent)। ਗਾਰੁੜੀ = ਗਰੁੜ-ਮੰਤ੍ਰ ਦਾ ਜਾਨਣ ਵਾਲਾ, ਸੱਪ ਦਾ ਜ਼ਹਰ ਦੂਰ ਕਰਨ ਵਾਲੀ ਦਵਾਈ ਦਾ ਜਾਣੂ (गरूडं = a charm against snake poison)।
(S.G.P.C. Shabadarth, Bhai Manmohan Singh, c. 1962-69): ਦਸਨ¹ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾਰੰ ॥ ¹ਦੰਦ। ਜਿਵੇਂ ਗਾਰੜੀ ਮੰਤ੍ਰ ਨਾਲ ਵਿਹੁ ਦੂਰ ਕਰਦਾ ਹੈ ਤੇ ਸੱਪ ਨੂੰ ਦੰਦ-ਹੀਣ ਕਰ ਦਿੰਦਾ ਹੈ, ਤਿਵੇਂ ਸੰਤ ਜਨ ਰੋਗ ਦੂਰ ਕਰਨ ਜੋਗ ਹਨ।
(Gatha Steek, Bhai Joginder Singh Talwara, c. 1981): ਜਿਵੇਂ ਮਾਂਦਰੀ ਗਾਰੁੜੀ-ਮੰਤਰ ਦੁਆਰਾ ਸੱਪ ਨੂੰ ਦੰਦ-ਹੀਣਾ ਕਰ ਕੇ, ਦਸਨ–ਦੰਦ। ਬਿਹੂਨ–ਬਿਨਾਂ। ਭੁਯੰਗੰ–ਸੱਪ।
(Arth Bodh SGGS, Dr. Rattan Singh Jaggi, c. 2007): (ਜਿਵੇਂ) ਮਾਂਦਰੀ (ਗਾਰੁੜੀ) ਮੰਤ੍ਰ ਨਾਲ ਸੱਪ (ਭੁਯੰਗੰ) ਦੀ ਜ਼ਹਿਰ ਨੂੰ ਦੂਰ ਕਰਦਾ ਹੈ।
(Aad SGGS Darshan Nirney Steek, Giani Harbans Singh, c. 2009-11): (ਜਿਵੇ) ਸਪ ਦਾ ਮੰਤਰ ਜਾਣਨ ਵਾਲਾ ਭਾਵ ਮਾਂਦਰੀ ਸਪ ਦੀ ਜ਼ਹਿਰ ਦੂਰ ਕਰਨ ਹਿਤ ਉਸ ਨੂੰ ਦੰਦ ਹੀਣਾ ਕਰ ਦਿੰਦਾ ਹੈ, ਦਸਨ = ਦੰਦ। ਬਿਹੂਨ = ਬਿਨਾ। ਭੁਯੰਗੰ = ਸੱਪ। ਮੰਤ੍ਰੰ = ਮੰਤਰ ਨਾਲ। ਗਾਰੁੜੀ = ਸਪ ਦੀ ਜ਼ਹਿਰ ਦੂਰ ਕਰਨ ਵਾਲਾ ਮਾਂਦਰੀ। ਨਿਵਾਰੰ = ਦੂਰ ਕਰ ਦਿੰਦਾ ਹੈ।
ਬੵਾਧਿ ਉਪਾੜਣ ਸੰਤੰ ॥
(Faridkot Teeka, c. 1870s): ਤਿਸ ਬਿਆਧੀ ਕੇ ਦੂਰ ਕਰਨੇਹਾਰੇ ਸੰਤ ਹੀ ਗਾਰੜੂ ਹੈਂ
(SGGS Steek, Bhai Manmohan Singh, c. 1960): ਏਸੇ ਤਰ੍ਹਾਂ ਹੀ ਸਾਧੂ ਮੁਸੀਬਤ ਨੂੰ ਦੂਰ ਕਰ ਦਿੰਦੇ ਹਨ,
(SGGS Darpan, Prof. Sahib Singh, c. 1962-64): (ਤਿਵੇਂ) ਸੰਤ ਜਨ (ਮਨੁੱਖ ਦੇ ਆਤਮਕ) ਰੋਗਾਂ ਦਾ ਨਾਸ ਕਰ ਦੇਂਦੇ ਹਨ। ਬੵਾਧਿ = ਰੋਗ (व्याधि = ailment)।
(S.G.P.C. Shabadarth, Bhai Manmohan Singh, c. 1962-69): ਬੵਾਧਿ ਉਪਾੜਣ ਸੰਤੰ ॥
(Gatha Steek, Bhai Joginder Singh Talwara, c. 1981): ਉਸ ਦੀ ਜ਼ਹਿਰ ਕੱਢ ਦੇਂਦਾ ਹੈ, ਤਿਵੇਂ ਹੀ ‘ਨਾਨਕ’! ਸੰਤ ਜਨ (ਨਾਮ ਬਾਣੀ ਦੁਆਰਾ ਜੀਵ ਦੇ) ਸਰਬ ਰੋਗ ਤੇ ਦੋਖ ਕਟਣਹਾਰ ਹਨ। ਅਜਿਹੇ ਗੁਰਮੁਖ ਜਨਾਂ ਦਾ ਸੰਗ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ।੧੬। ਗਾਰੁੜੀ–ਸੱਪ ਦਾ ਜ਼ਹਿਰ ਦੂਰ ਕਰਨ ਵਾਲਾ, ਮਾਂਦਰੀ। ਮੰਤ੍ਰੰ ਗਾਰੁੜੀ–ਸੱਪ ਦਾ ਜ਼ਹਿਰ ਦੂਰ ਕਰਨ ਵਾਲਾ ਮੰਤਰ। ਨਿਵਾਰੰ–ਦੂਰ ਕਰਨਾ। ਬੵਾਧਿ–ਬਿਆਧ, ਰੋਗ। ਉਪਾੜਣ–ਨਾਸ ਕਰਨ ਵਾਲੇ। ਲਬਧ ਕਰਮਣਹ–ਭਾਗਾਂ ਨਾਲ ਲੱਭਦੇ ਹਨ ।੧੬।
(Arth Bodh SGGS, Dr. Rattan Singh Jaggi, c. 2007): ਅਤੇ (ਉਸ ਨੂੰ) ਦੰਦਾਂ (ਦਮਨ) ਤੋਂ ਵਾਂਝਿਆ ਕਰ ਦਿੰਦਾ ਹੈ,
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਰਬੀ-ਸੰਤ ਗੁਰੂ ਦੇ ਨਾਮ) ਮੰਤ੍ਰ ਨਾਲ (ਜੀਵ ਦੇ ਆਧਿ, ਬਿਆਧਿ ਉਪਾਧਿ ਤਿੰਨੇ ਰੋਗ) ਨਾਸ਼ ਕਰ ਦਿੰਦਾ ਹੈ (ਪਰ ਅਜਿਹਾ ਗੁਰੂ) ਵਡੇ ਭਾਗਾਂ ਨਾਲ ਲਭਦਾ ਹੈ ।੧੬। ਬੵਾਧਿ = ਰੋਗ। ਉਪਾੜਣ = ਨਾਸ਼ ਕਰਨ ਵਾਲਾ।
ਨਾਨਕ ਲਬਧ ਕਰਮਣਹ ॥੧੬॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਸੰਤ ਭਾਗੋਂ ਕਰ ਕੇ ਪ੍ਰਾਪਤਿ ਹੋਤੇ ਹੈਂ ॥੧੬॥ * ਭਾਵ: ਸਾਧ ਸੰਗਤਿ ਵਿਚ ਟਿਕਿਆਂ ਮਨੁੱਖ ਦੇ ਸਾਰੇ ਆਤਮਕ ਰੋਗ ਦੂਰ ਹੋ ਜਾਂਦੇ ਹਨ।
(SGGS Steek, Bhai Manmohan Singh, c. 1960): ਪਰ ਉਹ ਚੰਗੇ ਭਾਗਾਂ ਰਾਹੀਂ ਮਿਲਦੇ ਹਨ ॥
(SGGS Darpan, Prof. Sahib Singh, c. 1962-64): ਪਰ, ਹੇ ਨਾਨਕ! (ਸੰਤਾਂ ਦੀ ਸੰਗਤ) ਭਾਗਾਂ ਨਾਲ ਲੱਭਦੀ ਹੈ ॥੧੬॥ ਲਬਧ = (लब्ध) ਲੱਭਦਾ। ਕਰਮਣਹ = ਭਾਗਾਂ ਨਾਲ ॥੧੬॥
(S.G.P.C. Shabadarth, Bhai Manmohan Singh, c. 1962-69): ਨਾਨਕ ਲਬਧ ਕਰਮਣਹ¹ ॥੧੬॥ ¹ਭਾਗਾਂ ਨਾਲ।
(Gatha Steek, Bhai Joginder Singh Talwara, c. 1981): ਉਸ ਦੀ ਜ਼ਹਿਰ ਕੱਢ ਦੇਂਦਾ ਹੈ, ਤਿਵੇਂ ਹੀ ‘ਨਾਨਕ’! ਸੰਤ ਜਨ (ਨਾਮ ਬਾਣੀ ਦੁਆਰਾ ਜੀਵ ਦੇ) ਸਰਬ ਰੋਗ ਤੇ ਦੋਖ ਕਟਣਹਾਰ ਹਨ। ਅਜਿਹੇ ਗੁਰਮੁਖ ਜਨਾਂ ਦਾ ਸੰਗ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ।੧੬। ਗਾਰੁੜੀ–ਸੱਪ ਦਾ ਜ਼ਹਿਰ ਦੂਰ ਕਰਨ ਵਾਲਾ, ਮਾਂਦਰੀ। ਮੰਤ੍ਰੰ ਗਾਰੁੜੀ–ਸੱਪ ਦਾ ਜ਼ਹਿਰ ਦੂਰ ਕਰਨ ਵਾਲਾ ਮੰਤਰ। ਨਿਵਾਰੰ–ਦੂਰ ਕਰਨਾ। ਬੵਾਧਿ–ਬਿਆਧ, ਰੋਗ। ਉਪਾੜਣ–ਨਾਸ ਕਰਨ ਵਾਲੇ। ਲਬਧ ਕਰਮਣਹ–ਭਾਗਾਂ ਨਾਲ ਲੱਭਦੇ ਹਨ ।੧੬।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ ਤਿਵੇਂ) ਸੰਤ ਜਨ (ਨਾਮ ਰਾਹੀਂ ਮਨੁੱਖ ਦਾ) ਰੋਗ ਦੂਰ ਕਰਨ ਵਾਲਾ (ਉਪਾੜਣ) ਹੈ, ਪਰ (ਅਜਿਹੇ ਸੰਤ) ਵਡੇ ਭਾਗਾਂ ਨਾਲ ਮਿਲਦੇ ਹਨ ।੧੬।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਰਬੀ-ਸੰਤ ਗੁਰੂ ਦੇ ਨਾਮ) ਮੰਤ੍ਰ ਨਾਲ (ਜੀਵ ਦੇ ਆਧਿ, ਬਿਆਧਿ ਉਪਾਧਿ ਤਿੰਨੇ ਰੋਗ) ਨਾਸ਼ ਕਰ ਦਿੰਦਾ ਹੈ (ਪਰ ਅਜਿਹਾ ਗੁਰੂ) ਵਡੇ ਭਾਗਾਂ ਨਾਲ ਲਭਦਾ ਹੈ ।੧੬। ਲਬਧ = ਲਭਦਾ ਹੈ। ਕਰਮਣਹ = ਕਰਮ (ਭਾਗਾਂ) ਨਾਲ ।੧੬।
ਜਥ ਕਥ ਰਮਣੰ ਸਰਣੰ ਸਰਬਤ੍ਰ ਜੀਅਣਹ ॥
(Faridkot Teeka, c. 1870s): ਜਹਾਂ ਕਹਾਂ ਅਰਥਾਤ ਸਰਬ ਅਸਥਾਨੋਂ ਮੇਂ ਪੂਰਨ ਰੂਪ ਜੋ ਸਰਬ ਜੀਵੋਂ ਕਾ (ਸਰਣੰ) ਆਸਰਾ ਵਾਹਿਗੁਰੂ ਹੈ॥
(SGGS Steek, Bhai Manmohan Singh, c. 1960): ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ ਅਤੇ ਸਮੂਹ ਜੀਵਾਂ ਨੂੰ ਪਨਾਹ ਦਿੰਦਾ ਹੈ ॥
(SGGS Darpan, Prof. Sahib Singh, c. 1962-64): ਜੋ ਪਰਮਾਤਮਾ ਹਰ ਥਾਂ ਵਿਆਪਕ ਹੈ ਅਤੇ ਸਾਰੇ ਜੀਵਾਂ ਦਾ ਆਸਰਾ ਹੈ, ਜਥ ਕਥ = ਜਿਥੇ ਕਿਥੇ, ਹਰ ਥਾਂ। ਰਮਣੰ = ਵਿਆਪਕ। ਸਰਣੰ = ਓਟ, ਆਸਰਾ (शरणं)। ਸਰਬਤ੍ਰ = ਸਾਰੇ (सर्वत्र = in all places)।
(S.G.P.C. Shabadarth, Bhai Manmohan Singh, c. 1962-69): ¹ਜਥ ਕਥ ਰਮਣੰ ਸਰਣੰ ਸਰਬਤ੍ਰ ਜੀਅਣਹ ॥ ¹ਜਿੱਥੇ ਕਿੱਥੇ, ਭਾਵ ਸਭ ਥਾਈਂ ਜੋ ਹਰੀ ਵਿਆਪਕ ਹੈ ਤੇ ਸਭ ਜੀਵਾਂ ਦਾ ਆਸਰਾ ਹੈ, ਉਸ ਨਾਲ ਪਰੇਮ ਗੁਰੂ ਦੇ ਦਰਸ਼ਨ ਤੇ ਕ੍ਰਿਪਾ ਦਵਾਰਾ ਲੱਗਦਾ ਹੈ।
(Gatha Steek, Bhai Joginder Singh Talwara, c. 1981): (ਰਮਤ ਰਾਮ) ਜਿਥੇ ਕਿਥੇ, ਭਾਵ, ਸਭਨੀਂ ਥਾਈਂ ਰਵ ਰਿਹਾ ਹੈ। ਜਥ ਕਥ–ਜਿਥੇ ਕਿਥੇ, ਭਾਵ ਸਭ ਥਾਈਂ। ਰਮਣੰ–ਰਮ ਰਿਹਾ ਹੈ, ਵਿਆਪ ਰਿਹਾ ਹੈ। ਸਰੰਣ ਸਰਬਤ੍ਰ ਜੀਅਣਹ–ਸਾਰੇ ਜੀਵਾਂ ਲਈ ਸਰਣ-ਜੋਗ ਹੈ।
(Arth Bodh SGGS, Dr. Rattan Singh Jaggi, c. 2007): (ਪਰਮਾਤਮਾ) ਜਿਥੇ ਕਿਥੇ ਵਿਆਪਕ ਹੋ ਰਿਹਾ ਹੈ
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ! ਉਹ ਪਰਮਾਤਮਾ) ਜਿੱਥੇ ਕਿੱਥੇ (ਵੇਖੋ) ਵਿਆਪਕ ਹੋ ਰਿਹਾ ਹੈ (ਅਤੇ ਉਹ) ਸਾਰੇ ਜੀਆਂ ਨੂੰ ਸ਼ਰਣ (ਆਸਰਾ ਦੇਣ ਦੇ ਸਮਰਥ ਹੈ)। ਜਥ ਕਥ = ਜਿਥੇ ਕਿਥੇ ਭਾਵ ਹਰ ਥਾਂ ਤੇ। ਰਮਣੰ = ਰਵ ਰਿਹਾ, ਵਿਆਪਕ ਹੋ ਰਿਹਾ ਹੈ। ਸਰਣੰ = ਸਰਨ। ਸਰਬਤ੍ਰ ਜੀਅਣਹ = ਸਾਰੇ ਜੀਆਂ ਨੂੰ।
ਤਥ ਲਗਣੰ ਪ੍ਰੇਮ ਨਾਨਕ ॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਹਮਾਰਾ (ਤਬ) ਤਿਸ ਵਾਹਿਗੁਰੂ ਮੇਂ ਪ੍ਰੇਮ ਲਾਗਾ ਹੈ॥
(SGGS Steek, Bhai Manmohan Singh, c. 1960): ਹੇ ਨਾਨਕ! ਮੁਨਸ਼ ਦੇ ਮਨ ਨੂੰ ਉਸ ਦਾ ਪਿਆਰ ਲਗ ਜਾਂਦਾ ਹੈ,
(SGGS Darpan, Prof. Sahib Singh, c. 1962-64): ਉਸ ਵਿਚ, ਹੇ ਨਾਨਕ! (ਜੀਵ ਦਾ) ਪਿਆਰ ਬਣਦਾ ਹੈ-ਤਥ = ਉਸ ਵਿਚ।
(S.G.P.C. Shabadarth, Bhai Manmohan Singh, c. 1962-69): ਤਥ ਲਗਣੰ ਪ੍ਰੇਮ ਨਾਨਕ ॥
(Gatha Steek, Bhai Joginder Singh Talwara, c. 1981): ਉਹ ਸਾਰੇ ਜੀਵਾਂ ਲਈ ਸਰਣ-ਜੋਗ ਹੈ। ਤਥ–ਤਿਥੇ, ਉਸ (ਦੀ ਚਰਨ-ਸ਼ਰਨ ਵਿਚ)।
(Arth Bodh SGGS, Dr. Rattan Singh Jaggi, c. 2007): ਅਤੇ ਸਾਰਿਆਂ ਜੀਵਾ ਨੂੰ ਸ਼ਰਣ (ਦੇਣ ਦੇ ਸਮਰਥ ਹੈ)।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਸ ਗੁਰੂ ਦੇ ਦਰਸ਼ਨ ਦੀ ਬਕਰਤ ਨਾਲ ਹੀ (ਸੱਚਾ) ਪ੍ਰੇਮ ਲਗਦਾ ਹੈ ।੧੭। ਤਥ = ਉਸ (ਪ੍ਰਭੂ) ਵਿਚ।
ਪਰਸਾਦੰ ਗੁਰ ਦਰਸਨਹ ॥੧੭॥
(Faridkot Teeka, c. 1870s): ਸਤਿਗੁਰੋਂ ਕੇ ਦਰਸ਼ਨ ਔ ਕ੍ਰਿਪਾ ਤੇ ॥੧੭॥ * ਭਾਵ: ਗੁਰੂ ਦੀ ਸੰਗਤਿ ਕੀਤਿਆਂ ਹੀ ਪਰਮਾਤਮਾ ਨਾਲ ਪਿਆਰ ਬਣਦਾ ਹੈ।
(SGGS Steek, Bhai Manmohan Singh, c. 1960): ਗੁਰਾਂ ਦੀ ਦਇਆ ਦੁਆਰਾ ਅਤੇ ਦੀਦਾਰ ਦੀ ਬਰਕਤ ਦੁਆਰਾ ॥
(SGGS Darpan, Prof. Sahib Singh, c. 1962-64): ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ॥੧੭॥ ਪਰਸਾਦੰ = ਕਿਰਪਾ (प्रसाद) ॥੧੭॥
(S.G.P.C. Shabadarth, Bhai Manmohan Singh, c. 1962-69): ਪਰਸਾਦੰ ਗੁਰ ਦਰਸਨਹ ॥੧੭॥
(Gatha Steek, Bhai Joginder Singh Talwara, c. 1981): ‘ਨਾਨਕ’! ਗੁਰੂ ਦੀ ਬਖ਼ਸ਼ਸ਼ ਅਤੇ ਗੁਰੂ ਦੇ ਗਿਆਨ ਦੁਆਰਾ ਤਿਥੇ (ਉਸ ਦੀ ਚਰਨ-ਸ਼ਰਨ ਵਿਚ) ਪ੍ਰੇਮ ਲੱਗਦਾ ਹੈ ।੧੭। ਪਰਸਾਦੰ–ਕਿਰਪਾ, ਬਖ਼ਸ਼ਸ਼। ਗੁਰ ਦਰਸਨਹ–ਗੁਰੂ ਦੇ ਦਰਸ਼ਨ ਦੁਆਰਾ, ਗਿਆਨ ਦੁਆਰਾ, ਉਪਦੇਸ਼ ਦੁਆਰਾ ।੧੭।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਗੁਰੂ ਦੇ ਦਰਸ਼ਨ ਦੀ ਮਿਹਰ ਨਾਲ ਉਸ (ਪ੍ਰਭੂ) ਨਾਲ ਪ੍ਰੇਮ ਲਗਦਾ ਹੈ ।੧੭।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਸ ਗੁਰੂ ਦੇ ਦਰਸ਼ਨ ਦੀ ਬਕਰਤ ਨਾਲ ਹੀ (ਸੱਚਾ) ਪ੍ਰੇਮ ਲਗਦਾ ਹੈ ।੧੭। ਪਰਸਾਦੰ = ਕਿਰਪਾ ਦੁਆਰਾ। ਗੁਰ ਦਰਸਨਹ = ਗੁਰੂ ਦੇ ਦਰਸ਼ਨ ।੧੭।
ਚਰਣਾਰਬਿੰਦ ਮਨ ਬਿਧੵੰ ॥
(Faridkot Teeka, c. 1870s): ਜਿਸ ਕਾ ਮਨ ਤਿਸ ਵਾਹਿਗੁਰੂ ਕੇ ਚਰਣਾਰਬਿੰਦ ਮਨ (ਬਿਧੵੰ) ਮਿਲਿਆ ਹੈ ਅਰਥਾਤ ਅਭੇਦ ਹੂਆ ਹੈ॥
(SGGS Steek, Bhai Manmohan Singh, c. 1960): ਪ੍ਰਭੂ ਦੇ ਕੰਵਲ ਪੈਰਾ ਨਾਲ ਮੇਰਾ ਹਿਰਦਾ ਵਿਨ੍ਹਿਆ ਗਿਆ ਹੈ,
(SGGS Darpan, Prof. Sahib Singh, c. 1962-64): (ਜਿਸ ਮਨੁੱਖ ਦਾ) ਮਨ (ਪਰਮਾਤਮਾ ਦੇ) ਸੋਹਣੇ ਚਰਨਾਂ ਵਿਚ ਵਿੱਝਦਾ ਹੈ, ਚਰਣਾਰਬਿੰਦ = ਚਰਣ-ਅਰਬਿੰਦ (चरण-अरविन्द), ਚਰਨ ਕਮਲ (ਅਰਬਿੰਦ, अरविन्द = ਕੌਲ ਫੁੱਲ)। ਬਿਧੵੰ = ਵਿੰਨ੍ਹਿਆ ਹੋਇਆ (विध्दं)।
(S.G.P.C. Shabadarth, Bhai Manmohan Singh, c. 1962-69): ¹ਚਰਣਾਰਬਿੰਦ ਮਨ ਬਿਧੵੰ ॥ ¹ਚਰਨ ਕਮਲਾਂ ਨਾਲ ਮਨ ਮਿਲ ਗਿਆ ਹੈ ਤੇ ਸਭ ਸੁਖ ਹੋਇਆ ਹੈ।
(Gatha Steek, Bhai Joginder Singh Talwara, c. 1981): (ਜਿਸ ਜੀਵ ਦਾ) ਮਨ ਪ੍ਰਭੂ ਦੇ ਚਰਨ-ਕਮਲਾਂ ਵਿਚ ਵਿੰਨ੍ਹਿਆ ਜਾਂਦਾ ਹੈ; ਚਰਣਾਰਬਿੰਦ–ਚਰਨ-ਅਰਬਿੰਦ, ਚਰਨ-ਕਮਲ। ਬਿਧੵੰ–ਵਿੰਨ੍ਹਿਆ ਜਾਂਦਾ ਹੈ।
(Arth Bodh SGGS, Dr. Rattan Singh Jaggi, c. 2007): (ਜਿਸ ਸਾਧਕ ਦਾ) ਮਨ (ਪਰਮਾਤਮਾ ਦੇ) ਚਰਣ-ਕਮਲਾਂ (ਚਰਣਾਰਬਿੰਦ) ਨਾਲ ਵਿੰਨ੍ਹਿਆ (ਬਿਧੵੰ) ਜਾਂਦਾ ਹੈ,
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ! ਜਿਸ ਮਨੁੱਖ ਦੇ) ਮਨ (ਪ੍ਰਭੂ ਦੇ) ਸੋਹਣੇ ਚਰਨਾ ਨਾਲ ਵਿੰਨ੍ਹਿਆ ਜਾਂਦਾ ਹੈ, ਚਰਣਾਰਬਿੰਦ = ਚਰਨਾਰ ਬਿੰਦ ਭਾਵ ਕਮਲ ਸਾਰਖੇ ਸੋਹਣੇ ਚਰਨ। ਬਿਧੵੰ = ਵਿੰਨ੍ਹਿਆ ਜਾਂਦਾ ਹੈ।
ਸਿਧੵੰ ਸਰਬ ਕੁਸਲਣਹ ॥
(Faridkot Teeka, c. 1870s): ਤਿਸ ਕੋ ਸਰਬ (ਕੁਸਲਣਹ) ਸੁਖ (ਸਿਧੵੰ) ਪ੍ਰਾਪਤ ਹੂਏ ਹੈਂ॥
(SGGS Steek, Bhai Manmohan Singh, c. 1960): ਅਤੇ ਮੈਨੂੰ ਸਾਰੀਆਂ ਖੁਸ਼ੀਆਂ ਪਰਾਪਤ ਹੋ ਗਈਆਂ ਹਨ ॥
(SGGS Darpan, Prof. Sahib Singh, c. 1962-64): (ਉਸ ਨੂੰ) ਸਾਰੇ ਸੁਖ ਮਿਲ ਜਾਂਦੇ ਹਨ। ਕੁਸਲਣਹ = ਸੁਖ (कुशल)।
(S.G.P.C. Shabadarth, Bhai Manmohan Singh, c. 1962-69): ਸਿਧੵੰ ਸਰਬ ਕੁਸਲਣਹ ॥
(Gatha Steek, Bhai Joginder Singh Talwara, c. 1981): (ਉਸ ਨੂੰ) ਸਾਰੇ ਸੁੱਖ ਅਨੰਦ ਪ੍ਰਾਪਤ ਹੋ ਜਾਂਦੇ ਹਨ। ਸਿਧੵੰ–ਸਿਧ ਹੁੰਦਾ ਹਨ, ਪ੍ਰਾਪਤ ਹੁੰਦਾ ਹਨ। ਕੁਸਲਣਹ–ਸੁੱਖ।
(Arth Bodh SGGS, Dr. Rattan Singh Jaggi, c. 2007): (ਉਹ) ਸਭ ਪ੍ਰਕਾਰ ਦਾ ਸੁਖ (ਕੁਸਲਣਹ) ਪ੍ਰਾਪਤ ਕਰਨ ਵਿਚ ਸਫਲ-ਮਨੋਰਥ ਹੋ ਜਾਂਦਾ ਹੈ।
(Aad SGGS Darshan Nirney Steek, Giani Harbans Singh, c. 2009-11): (ਉਸ ਨੂੰ) ਸਾਰੇ ਕੁਸਲ (ਸੁਖ ਅਨੰਦ) ਮਿਲ ਜਾਂਦੇ ਹਨ। ਸਿਧੵੰ = ਸਿਧ ਹੋ ਜਾਂਦੇ ਹਨ ਭਾਵ ਸਫਲ ਹੋ ਜਾਂਦੇ ਹਨ। ਸਰਬ = ਸਾਰੇ। ਕੁਸਲਣਹ = ਸੁਖ, ਕਲਿਆਣ।
ਗਾਥਾ ਗਾਵੰਤਿ ਨਾਨਕ ਭਬੵੰ ਪਰਾ ਪੂਰਬਣਹ ॥੧੮॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਇਸੀ ਸੇ ਜੋ ਪਰੰਪਰਾ ਸ੍ਰੇਸ੍ਟ ਪੂਰਬ ਗਿਆਨੀ ਹੂਏ ਹੈਂ, ਸੋ ਪਰਮੇਸ੍ਵਰ ਕੀ (ਗਾਥਾ) ਕਥਾ ਕੋ ਗਾਵਤੇ ਭਏ ਹੈਂ ਔ ਅਬ ਭੀ ਗਾਵਤੇ ਹੈਂ ॥੧੮॥ * ਭਾਵ: ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦਾ ਜੀਵਨ ਸੁਖੀ ਹੋ ਜਾਂਦਾ ਹੈ।
(SGGS Steek, Bhai Manmohan Singh, c. 1960): ਪ੍ਰਾਚੀਨ ਸਮੇ ਤੋਂ ਹੀ ਪਵਿੱਤਰ ਪੁਰਸ਼ ਹਰੀ ਦੀ ਮਹਿਮਾ ਗਾਇਨ ਕਰਦੇ ਚਲੇ ਆਏ ਹਨ, ਹੇ ਨਾਨਕ!
(SGGS Darpan, Prof. Sahib Singh, c. 1962-64): ਪਰ, ਹੇ ਨਾਨਕ! ਉਹੀ ਬੰਦੇ ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਂਦੇ ਹਨ ਜਿਨ੍ਹਾਂ ਦੇ ਪੂਰਬਲੇ ਭਾਗ ਹੋਣ ॥੧੮॥ ਗਾਥਾ = ਸਿਫ਼ਤ-ਸਾਲਾਹ (गाथा)। ਭਬੵੰ = ਭਾਵੀ, ਨਸੀਬ (भव्य = prosperity)। ਪਰਾ ਪੂਰਬਣਹ = ਬਹੁਤ ਪੂਰਬ ਕਾਲ ਦੇ। ਗਾਵੰਤਿ = (गायन्ति) ਗਾਂਦੇ ਹਨ ॥੧੮॥
(S.G.P.C. Shabadarth, Bhai Manmohan Singh, c. 1962-69): ਗਾਥਾ¹ ਗਾਵੰਤਿ ਨਾਨਕ ਭਬੵੰ² ਪਰਾ ਪੂਰਬਣਹ ॥੧੮॥ ¹ਕਥਾ। ²ਸਰੇਸ਼ਟ ਲੋਕ। ਪ੍ਰੰਪਰਾ ਤੋਂ ਹੀ ਉਤਮ ਪੁਰਸ਼ ਉਸ ਦੀ ਕਥਾ ਗਾਉਂਦੇ ਆਏ ਹਨ।
(Gatha Steek, Bhai Joginder Singh Talwara, c. 1981): ‘ਨਾਨਕ’! ਓਹੋ ਭਾਗ-ਸ਼ੀਲ ਪੁਰਸ਼ ਪ੍ਰਭੂ ਦੀ ਸੁਖਦਾਈ ਗਾਥਾ ਗਾਉਂਦਾ ਹੈ, ਜਿਸ ਦੇ ਭਾਗਾਂ ਵਿਚ ਧੁਰੋਂ ਲਿਖਿਆ ਹੁੰਦਾ ਹੈ ।੧੮। ਗਾਥਾ–ਪ੍ਰਭੂ ਦੇ ਗੁਣਾਂ ਦੀ ਕਥਾ। ਭਬੵੰ–ਭਾਗ-ਸ਼ੀਲ ਪੁਰਸ਼, ਸ੍ਰੇਸ਼ਟ ਪੁਰਸ਼। ਪਰਾ ਪੂਰਬਣਹ–ਪੂਰਬਲੇ ਲਿਖੇ ਲੇਖ ।੧੮।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ ਉਹ ਵਿਅਕਤੀ ਪ੍ਰਭੂ ਦੀ) ਗਾਥਾ ਗਾਉਂਦੇ ਹਨ, (ਜਿਨ੍ਹਾਂ ਦੇ) ਬਹੁਤ ਪਹਿਲਾਂ ਦੇ ਭਾਗ (ਭਬੵੰ) ਹੋਣ ।੧੮।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਰਬੀ-ਗੁਣਾਂ ਦੀ) ਗਾਥਾ (ਓਹੀ) ਗਾਉਂਦੇ ਹਨ (ਜਿਨ੍ਹਾਂ ਦੇ ਮਥੇ ਤੇ) ਪੂਰਬਲੇ ਭਾਗ ਹੋਣ ।੧੮। ਗਾਥਾ = ਪ੍ਰਭੂ ਦੀ ਸਿਫਤਿ-ਸਾਲਾਹ ਵਾਲੀ ਗੂੜੀ ਕਥਾ। ਗਾਵੰਤ = ਗਾਉਂਦੇ ਹਨ। ਭਬੵੰ = ਭਾਵੀ, ਭਾਗ। ਪਰਾ ਪੂਰਬਣਹ = ਬਹੁਤ ਪਹਿਲਾਂ ਕਾਲ ਦੇ ।੧੮।
ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣਹ ॥
(Faridkot Teeka, c. 1870s): ਸੰਤੋਂ ਕੀ ਸੰਗਤ ਮੇਂ (ਗਵਣੰ) ਜਾਇਕਰ ਜੋ ਸਭ ਬਚਨੋਂ ਕਾ ਉਚਾਰਣ ਕਰਣਾ ਹੈ॥
(SGGS Steek, Bhai Manmohan Singh, c. 1960): ਸਤਿਸੰਗਤ ਨਾਲ ਜੁੜ, ਗੁਰਾਂ ਦੀ ਸ਼੍ਰੇਸ਼ਟ ਬਾਣੀ ਦਾ ਉਚਾਰਨ ਅਤੇ ਗਾਇਨ ਕਰਨ ਦੁਆਰਾ,
(SGGS Darpan, Prof. Sahib Singh, c. 1962-64): (ਜੋ ਮਨੁੱਖ) ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਹਨ, (ਉਹਨਾਂ ਦਾ) ਉੱਧਾਰ ਹੋ ਜਾਂਦਾ ਹੈ। ਸੁਭ ਬਚਨ = ਸੋਹਣੇ ਬੋਲ, ਸਿਫ਼ਤ-ਸਲਾਹ ਦੀ ਬਾਣੀ (शुभ वचन)।ਰਮਣੰ = ਉਚਾਰਨ ਕਰਨਾ। ਗਵਣੰ = ਜਾਣਾ, ਪਹੁੰਚਣਾ (गमनं)। ਸਾਧ ਸੰਗੇਣ = (साधु सांगेनं) ਗੁਰੂ ਦੀ ਸੰਗਤ ਦੀ ਰਾਹੀਂ। ਉਧਰਣਹ = ਉੱਧਾਰ (उध्दरणं)।
(S.G.P.C. Shabadarth, Bhai Manmohan Singh, c. 1962-69): ¹ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣਹ ॥ ¹ਸ਼ੁਭ ਬਚਨ ਸਿਮਰਨਾ ਤੇ ਗਾਉਣਾ ਸਾਧ-ਸੰਗਤ ਦਵਾਰਾ ਉਧਾਰ ਕਰਦਾ ਹੈ।
(Gatha Steek, Bhai Joginder Singh Talwara, c. 1981): ‘ਨਾਨਕ’! (ਨਿਤਾਪ੍ਰਤਿ) ਸਾਧ ਸੰਗਤ ਵਿਚ ਜਾਣ ਅਤੇ ਸਾਧੂ-ਸਤਿਗੁਰੂ ਦੇ ਸ਼ੁਭ ਬਚਨ (ਗੁਰਬਾਣੀ) ਉਚਾਰਣ ਕਰਨ ਨਾਲ ਸੰਸਾਰ-ਸਾਗਰ ਤੋਂ ਤਰ ਜਾਈਦਾ ਹੈ ਅਤੇ ਫਿਰ ਸੰਸਾਰ-ਸਮੁੰਦਰ ਵਿਚ ਜਨਮ ਨਹੀਂ ਲੈਣਾ ਪੈਂਦਾ ।੧੯। ਰਮਣੰ–ਉਚਾਰਣ ਨਾਲ। ਗਵਣੰ–ਗਮਨ ਕਰਨ ਨਾਲ, ਜਾਣ ਨਾਲ। ਸਾਧ ਸੰਗੇਣ–ਸਾਧ ਸੰਗਤ ਵਿਚ। ਉਧਰਣਹ–ਉਧਰ ਜਾਈਦਾ ਹੈ, ਤਰ ਜਾਈਦਾ ਹੈ।
(Arth Bodh SGGS, Dr. Rattan Singh Jaggi, c. 2007): (ਜੋ) ਸਾਧ-ਸੰਗ ਵਿਚ ਜਾ ਕੇ (ਗਵਣੰ) ਸੁਭ ਬੋਲਾਂ ਦਾ ਉਚਾਰਣ ਕਰਦੇ ਹਨ, (ਉਹ) ਉਧਰ ਜਾਂਦੇ ਹਨ।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਸਾਧ-ਸੰਗਤ ਵਿਚ ਜਾ ਕੇ (ਪਰਮਾਤਮਾ ਦੀ ਸਿਫਤਿ ਸਾਲਾਹ ਦੇ) ਸ੍ਰੇਸ਼ਟ ਬੋਲ ਉਚਾਰਨ ਨਾਲ (ਜੀਵ ਦਾ) ਉਧਾਰ ਹੋ ਜਾਂਦਾ ਹੈ। ਸੁਭ ਬਚਨ = ਸੋਹਣੇ ਬੋਲ। ਰਮਣੰ = ਉਚਾਰਨ ਨਾਲ। ਗਵਣੰ = ਗਮਨ ਕਰਨ ਨਾਲ। ਸਾਧ ਸੰਗੇਣ = ਸਾਧ ਸੰਗਤ ਵਿਚ। ਉਧਰਣਹ = ਉਧਾਰ ਹੋ ਜਾਂਦਾ ਹੈ।
ਸੰਸਾਰ ਸਾਗਰੰ ਨਾਨਕ ਪੁਨਰਪਿ ਜਨਮ ਨ ਲਭੵਤੇ ॥੧੯॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਕਰ ਪੁਰਸ਼ ਕਾ ਸੰਸਾਰ ਸਮੁੰਦਰ ਸੇ ਤਰਨਾ ਹੋਤਾ ਹੈ ਪੁਨਾ ਨਿਸਚੇ ਕਰ ਜਨਮ ਮਰਨ ਕੋ ਨਹੀਂ ਪਾਵਤਾ ਹੈ ॥੧੯॥ * ਭਾਵ: ਸਾਧ ਸੰਗਤਿ ਵਿਚ ਟਿਕ ਕੇ ਸਿਫ਼ਤਿ-ਸਾਲਾਹ ਕੀਤਿਆਂ ਵਿਕਾਰਾਂ ਤੋਂ ਬਚ ਜਾਈਦਾ ਹੈ।
(SGGS Steek, Bhai Manmohan Singh, c. 1960): ਇਨਸਾਨ ਨੂੰ ਜਗਤ ਸਮੁੰਦਰ ਤੋਂ ਪਾਰ ਹੋਣਾ ਚਾਹੀਦਾ, ਹੇ ਨਾਨਕ! ਇਹ ਮਨੁਸ਼ੀ ਜੀਵਨ ਉਸ ਨੂੰ ਮੁੜ ਕੇ ਨਹੀਂ ਲੱਭੇਗਾ ॥
(SGGS Darpan, Prof. Sahib Singh, c. 1962-64): ਹੇ ਨਾਨਕ! ਉਹਨਾਂ ਨੂੰ (ਇਸ) ਸੰਸਾਰ-ਸਮੁੰਦਰ ਵਿਚ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ ॥੧੯॥ ਪੁਨਰਪਿ = ਪਨਹ ਅਪਿ, ਫਿਰ ਭੀ, ਮੁੜ ਮੁੜ (पुनरपि पुनः अपि) ॥੧੯॥
(S.G.P.C. Shabadarth, Bhai Manmohan Singh, c. 1962-69): ਸੰਸਾਰ ਸਾਗਰੰ ਨਾਨਕ ਪੁਨਰਪਿ¹ ਜਨਮ ਨ ਲਭੵਤੇ ॥੧੯॥ ¹ਫੇਰ।
(Gatha Steek, Bhai Joginder Singh Talwara, c. 1981): ‘ਨਾਨਕ’! (ਨਿਤਾਪ੍ਰਤਿ) ਸਾਧ ਸੰਗਤ ਵਿਚ ਜਾਣ ਅਤੇ ਸਾਧੂ-ਸਤਿਗੁਰੂ ਦੇ ਸ਼ੁਭ ਬਚਨ (ਗੁਰਬਾਣੀ) ਉਚਾਰਣ ਕਰਨ ਨਾਲ ਸੰਸਾਰ-ਸਾਗਰ ਤੋਂ ਤਰ ਜਾਈਦਾ ਹੈ ਅਤੇ ਫਿਰ ਸੰਸਾਰ-ਸਮੁੰਦਰ ਵਿਚ ਜਨਮ ਨਹੀਂ ਲੈਣਾ ਪੈਂਦਾ ।੧੯। ਸੰਸਾਰ ਸਾਗਰੰ–ਸੰਸਾਰ-ਸਮੁੰਦਰ ਤੋਂ। ਪੁਨਰਪਿ–ਮੁੜ ਕੇ, ਫੇਰ, ਪੁਨਾ। ਲਭੵਤੇ–ਲੱਭਦਾ, ਮਿਲਦਾ ।੧੯।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ ਉਨ੍ਹਾਂ ਨੂੰ) ਸੰਸਾਰ ਸਾਗਰ ਵਿਚ ਫਿਰ (ਪੁਨਰਪਿ) ਜਨਮ ਨਹੀਂ ਲੈਣਾ ਪੈਂਦਾ ।੧੯।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਗੁਣ ਗਾਉਣ ਨਾਲ ਮਨੁੱਖ) ਸੰਸਾਰ ਸਾਗਰ ਤੋਂ (ਤਰ ਜਾਂਦਾ ਹੈ ਉਸ ਨੂੰ) ਮੁੜ ਕੇ (ਕੋਈ) ਜਨਮ ਨਹੀਂ ਲੈਣਾ ਪੈਂਦਾ (ਭਾਵ ਉਹ ਪ੍ਰਭੂ ਵਿਚ ਅਭੇਦ ਹੋ ਜਾਂਦਾ ਹੈ) ।੧੯। ਪੁਨਰਪਿ = ਫੇਰ, ਮੁੜ ਕੇ। ਨ ਲਭੵਤੇ = ਨਹੀਂ ਲਭਦਾ ।੧੯।
ਬੇਦ ਪੁਰਾਣ ਸਾਸਤ੍ਰ ਬੀਚਾਰੰ ॥
(Faridkot Teeka, c. 1870s): ਜਿਸ ਨੇ ਵੇਦੋਂ ਔ ਪੁਰਾਣੋਂ ਸ਼ਾਸਤ੍ਰੋਂ ਕਾ ਬੀਚਾਰ ਕਰਕੇ॥
(SGGS Steek, Bhai Manmohan Singh, c. 1960): ਪ੍ਰਣੀ ਵੇਦਾਂ, ਪੁਰਾਨਾਂ ਅਤੇ ਸ਼ਾਸਤਰਾ ਨੂੰ ਵੀਚਾਰਦੇ ਹਨ ॥
(SGGS Darpan, Prof. Sahib Singh, c. 1962-64): ਜੇਹੜਾ ਕੋਈ ਮਨੁੱਖ ਵੇਦ ਪੁਰਾਣ ਸ਼ਾਸਤ੍ਰ (ਆਦਿਕ ਧਰਮ-ਪੁਸਤਕਾਂ ਨੂੰ) ਵਿਚਾਰ ਕੇ-
(S.G.P.C. Shabadarth, Bhai Manmohan Singh, c. 1962-69): ਬੇਦ ਪੁਰਾਣ ਸਾਸਤ੍ਰ ਬੀਚਾਰੰ ॥
(Gatha Steek, Bhai Joginder Singh Talwara, c. 1981): ਇੱਕੋ ਇਕ ਅਦੁੱਤੀ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਅੰਦਰ ਧਾਰਨ ਕਰਨ ਵਿਚ ਹੀ ਵੇਦਾਂ, ਪੁਰਾਣਾਂ, ਸ਼ਾਸਤ੍ਰਾਂ ਦੀ ਵੀਚਾਰ ਆ ਜਾਂਦੀ ਹੈ।
(Arth Bodh SGGS, Dr. Rattan Singh Jaggi, c. 2007): ਪ੍ਰਭੂ (ਏਕੰਕਾਰ) ਦਾ ਨਾਮ ਹਿਰਦੇ ਵਿਚ ਧਾਰਣ ਕਰਨ ਨਾਲ ਵੇਦਾਂ, ਪੁਰਾਣਾਂ ਅਤੇ ਸ਼ਾਸਤ੍ਰ ਦਾ ਵਿਚਾਰ (ਸੁਭਾਵਿਕ ਹੀ ਪ੍ਰਾਪਤ ਹੋ ਜਾਂਦਾ ਹੈ)।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਏਕੰਕਾਰ (ਪਰਮਾਤਮਾ) ਦਾ ਨਾਮ ਹਿਰਦੇ ਵਿਚ ਧਾਰਨ ਨਾਲ ਵੇਦਾਂ ਪੁਰਾਣਾਂ ਸ਼ਾਸਤਰਾਂ (ਆਦਿ) ਦਾ ਵੀਚਾਰ (ਸੁਤੇ) ਹੀ ਅੰਦਰ ਆ ਜਾਂਦਾ ਹੈ। ਬੀਚਾਰ = ਵੀਚਾਰ।
ਏਕੰਕਾਰ ਨਾਮ ਉਰ ਧਾਰੰ ॥
(Faridkot Teeka, c. 1870s): ਏਕ ਸਰੂਪ ਅਰਥਾਤ ਅਕਾਲ ਪੁਰਖ ਕਾ ਨਾਮ ਰਿਦੇ ਮੇਂ ਧਾਰਨ ਕੀਆ ਹੈ॥
(SGGS Steek, Bhai Manmohan Singh, c. 1960): ਇਕ ਵਾਹਿਗੁਰੂ ਦਾ ਨਾਮ ਹੀ ਆਪਣੇ ਹਿਰਦੇ ਅੰਦਰ ਟਿਕਾਉਣਾ ਉਚਿਤ ਹੈ ॥
(SGGS Darpan, Prof. Sahib Singh, c. 1962-64): ਇੱਕ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ, ਏਕੰਕਾਰ ਨਾਮ = ਇਕ ਪਰਮਾਤਮਾ ਦਾ ਨਾਮ। ਉਰ = ਹਿਰਦਾ (उरस = heart)।
(S.G.P.C. Shabadarth, Bhai Manmohan Singh, c. 1962-69): ਏਕੰਕਾਰ ਨਾਮ ਉਰ ਧਾਰੰ¹ ॥ ¹ਦਿਲ ਵਿੱਚ ਧਾਰਦੇ ਹਨ।
(Gatha Steek, Bhai Joginder Singh Talwara, c. 1981): (ਇਸ ਤਰ੍ਹਾਂ ਸਿਮਰਨ ਦੀ ਬਰਕਤ ਨਾਲ ਜੀਵ ਦੀਆਂ) ਸਾਰੀਆਂ ਕੁਲਾਂ ਦਾ ਉੱਧਾਰ ਹੋ ਜਾਂਦਾ ਹੈ। ਏਕੰਕਾਰ–ਇੱਕੋ ਇਕ ਵਾਹਿਗੁਰੂ। ਉਰਧਾਰੰ–ਹਿਰਦੇ ਵਿਚ ਧਾਰਨ ਨਾਲ।
(Arth Bodh SGGS, Dr. Rattan Singh Jaggi, c. 2007): ਪ੍ਰਭੂ (ਏਕੰਕਾਰ) ਦਾ ਨਾਮ ਹਿਰਦੇ ਵਿਚ ਧਾਰਣ ਕਰਨ ਨਾਲ ਵੇਦਾਂ, ਪੁਰਾਣਾਂ ਅਤੇ ਸ਼ਾਸਤ੍ਰ ਦਾ ਵਿਚਾਰ (ਸੁਭਾਵਿਕ ਹੀ ਪ੍ਰਾਪਤ ਹੋ ਜਾਂਦਾ ਹੈ)।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਏਕੰਕਾਰ (ਪਰਮਾਤਮਾ) ਦਾ ਨਾਮ ਹਿਰਦੇ ਵਿਚ ਧਾਰਨ ਨਾਲ ਵੇਦਾਂ ਪੁਰਾਣਾਂ ਸ਼ਾਸਤਰਾਂ (ਆਦਿ) ਦਾ ਵੀਚਾਰ (ਸੁਤੇ) ਹੀ ਅੰਦਰ ਆ ਜਾਂਦਾ ਹੈ। ਏਕੰਕਾਰ = ਇਕੋ ਇਕ, ਇਕ-ਰਸ ਰਹਿਣ ਵਾਲਾ ਪ੍ਰਭੂ। ਉਰ ਧਾਰੰ = ਹਿਰਦੇ ਵਿਚ ਧਾਰਨ ਨਾਲ।
ਕੁਲਹ ਸਮੂਹ ਸਗਲ ਉਧਾਰੰ ॥
(Faridkot Teeka, c. 1870s): ਤਿਸ ਨੇ ਅਪਨੀ ਸੰਪੂਰਨ ਕੁਲੋਂ ਕਾ ਔ ਔਰੋਂ ਕੀ ਸਮੂਹ ਕੁਲੋਂ ਕਾ ਉਧਾਰ ਕੀਆ ਹੈ॥
(SGGS Steek, Bhai Manmohan Singh, c. 1960): ਜਿਸ ਦੇ ਰਾਹੀਂ ਉਹ ਆਪਣੀਆਂ ਸਾਰੀਆਂ ਪੀੜ੍ਹੀਆਂ ਦੇ ਸਾਰੇ ਜੀਵਾਂ ਨੂੰ ਬਚਾ ਸਕਦੇ ਹਨ ॥
(SGGS Darpan, Prof. Sahib Singh, c. 1962-64): ਉਹ ਆਪਣੀਆਂ ਅਨੇਕਾਂ ਸਾਰੀਆਂ ਕੁਲਾਂ ਨੂੰ (ਵੀ) ਤਾਰ ਲੈਂਦਾ ਹੈ, ਕੁਲਹ ਸਮੂਹ = ਸਾਰੀਆਂ ਕੁਲਾਂ।
(S.G.P.C. Shabadarth, Bhai Manmohan Singh, c. 1962-69): ਕੁਲਹ ਸਮੂਹ ਸਗਲ ਉਧਾਰੰ ॥
(Gatha Steek, Bhai Joginder Singh Talwara, c. 1981): ‘ਨਾਨਕ’! (ਸਿਮਰਨ ਦੁਆਰਾ) ਕੋਈ ਵਿਰਲਾ ਵਡਭਾਗਾ ਮਨੁੱਖ ਹੀ ਆਪਣੇ ਆਪ ਨੂੰ ਤੇ ਕੁਲਾਂ ਨੂੰ ਤਾਰਨ ਵਾਲਾ ਹੁੰਦਾ ਹੈ ।੨੦। ਕੁਲਹ ਸਮੂਹ–ਸਾਰੀਆਂ ਕੁਲਾਂ। ਉਧਾਰੰ–ਉੱਧਾਰ ਹੁੰਦਾ ਹੈ।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਕੋਈ ਵਡੇ ਭਾਗਾਂ ਵਾਲਾ ਹੀ (ਨਾਮ ਜਪ ਕੇ) ਸਾਰੀਆਂ ਕੁਲਾਂ ਅਤੇ ਸਮੁੱਚੇ (ਜੀਵਾਂ ਨੂੰ) ਤਾਰਨ ਵਾਲਾ ਬਣਦਾ ਹੈ ।੨੦।
(Aad SGGS Darshan Nirney Steek, Giani Harbans Singh, c. 2009-11): (ਨਾਮ) ਸਾਰੀਆਂ ਕੁਲਾਂ ਤੇ (ਜਗਤ ਦੇ) ਸਾਰੇ (ਜੀਆਂ ਨੂੰ) ਉਧਾਰਨ ਵਾਲਾ ਹੈ। ਕੁਲਹ ਸਮੂਹ = ਸਾਰੀਆਂ ਕੁਲਾਂ ਦਾ। ਉਧਾਰੰ = ਉਧਾਰਨ ਵਾਲਾ।
ਬਡਭਾਗੀ ਨਾਨਕ ਕੋ ਤਾਰੰ ॥੨੦॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਐਸੇ ਬਡਭਾਗੀ ਜਨ ਨਾਮ ਜਪ ਕਰ ਆਪ ਤਰ ਕਰ ਔਰੋਂ ਕੋ ਤਾਰਨੇ ਵਾਲੇ ਕੋਈ ਦੁਰਲਭ ਹੋਤੇ ਹੈਂ ॥੨੦॥ * ਭਾਵ: ਧਰਮ ਪੁਸਤਕ ਦੇ ਪੜ੍ਹਨ ਤੋਂ ਅਸਲ ਲਾਭ ਇਹੀ ਮਿਲਣਾ ਚਾਹੀਦਾ ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਸਿਮਰੇ।
(SGGS Steek, Bhai Manmohan Singh, c. 1960): ਹੇ ਨਾਨਕ! ਬਹੁਤ ਥੋੜ੍ਹੇ ਭਾਰੇ ਭਾਗਾਂ ਵਾਲੇ ਇਸ ਤਰ੍ਹਾਂ ਪਾਰ ਉਤਰ ਜਾਂਦੇ ਹਨ ॥
(SGGS Darpan, Prof. Sahib Singh, c. 1962-64): ਅਤੇ ਹੇ ਨਾਨਕ! ਉਹ ਕੋਈ (ਵਿਰਲਾ) ਵੱਡੇ ਭਾਗਾਂ ਵਾਲਾ ਮਨੁੱਖ (ਆਪ ਵੀ) ਤਰ ਜਾਂਦਾ ਹੈ ॥੨੦॥ ਬਡਭਾਗੀ ਕੋ = ਕੋਈ ਵੱਡੇ ਭਾਗਾਂ ਵਾਲਾ ਮਨੁੱਖ ॥੨੦॥
(S.G.P.C. Shabadarth, Bhai Manmohan Singh, c. 1962-69): ਬਡਭਾਗੀ ਨਾਨਕ ਕੋ ਤਾਰੰ ॥੨੦॥
(Gatha Steek, Bhai Joginder Singh Talwara, c. 1981): ‘ਨਾਨਕ’! (ਸਿਮਰਨ ਦੁਆਰਾ) ਕੋਈ ਵਿਰਲਾ ਵਡਭਾਗਾ ਮਨੁੱਖ ਹੀ ਆਪਣੇ ਆਪ ਨੂੰ ਤੇ ਕੁਲਾਂ ਨੂੰ ਤਾਰਨ ਵਾਲਾ ਹੁੰਦਾ ਹੈ ।੨੦। ਕੋ–ਕੋਈ ।੨੦।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਕੋਈ ਵਡੇ ਭਾਗਾਂ ਵਾਲਾ ਹੀ (ਨਾਮ ਜਪ ਕੇ) ਸਾਰੀਆਂ ਕੁਲਾਂ ਅਤੇ ਸਮੁੱਚੇ (ਜੀਵਾਂ ਨੂੰ) ਤਾਰਨ ਵਾਲਾ ਬਣਦਾ ਹੈ ।੨੦।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਕੋਈ (ਵਿਰਲਾ ਵਡੇਭਾਗਾਂ ਨਾਲ) (ਮਨੁੱਖ ਆਪ ਨਾਮ ਜਪ ਕੇ ਹੋਰਨਾਂ ਨੂੰ) ਤਾਰਨ ਵਾਲਾ ਬਣਦਾ ਹੈ ।੨੦। ਕੋ = ਕੋਈ। ਤਾਰੰ = ਤਾਰਨ ਵਾਲਾ ।੨੦।
ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਹ ॥
(Faridkot Teeka, c. 1870s): ਗੋਬਿੰਦ ਕਾ ਨਾਮ ਸਿਮਰਨ ਕਰਨੇ ਤੇ ਸਮੂਹ ਕੁਲੋਂ ਕਾ ਉਧਾਰ ਹੋਤਾ ਹੈ॥
(SGGS Steek, Bhai Manmohan Singh, c. 1960): ਸੰਸਾਰ ਦੇ ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ, ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ ॥
(SGGS Darpan, Prof. Sahib Singh, c. 1962-64): ਗੋਬਿੰਦ ਦਾ ਨਾਮ ਸਿਮਰਿਆਂ ਸਾਰੀਆਂ ਕੁਲਾਂ ਦਾ ਉੱਧਾਰ ਹੋ ਜਾਂਦਾ ਹੈ, ਸਿਮਰਣੰ = (स्मरणं) ਸਿਮਰਨ ਕਰਨ ਦੁਆਰਾ, ਬੰਦਗੀ ਰਾਹੀਂ, ਭਜਨ ਕਰਨ ਨਾਲ।
(S.G.P.C. Shabadarth, Bhai Manmohan Singh, c. 1962-69): ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਹ ॥
(Gatha Steek, Bhai Joginder Singh Talwara, c. 1981): ਸ੍ਰਿਸ਼ਟੀ ਦੇ ਮਾਲਕ ਗੋਬਿੰਦ ਦੇ ਨਾਮ ਦਾ ਸਿਮਰਨ ਕਰਨ ਨਾਲ ਸਾਰੀਆਂ ਕੁਲਾਂ ਦਾ ਪਾਰ-ਉਤਾਰਾ ਹੋ ਜਾਂਦਾ ਹੈ। ਗੋਬਿੰਦ ਨਾਮੰ–ਪ੍ਰਭੂ ਦਾ ਨਾਮ। ਉਧਰਣੰ–ਪਾਪ-ਉਤਾਰਾ ਹੁੰਦਾ ਹੈ। ਕੁਲ ਸਮੂਹਣਹ–ਸਾਰੀਆਂ ਕੁਲਾਂ।
(Arth Bodh SGGS, Dr. Rattan Singh Jaggi, c. 2007): ਪ੍ਰਭੂ ਦਾ ਨਾਮ ਸਿਮਰਨ ਨਾਲ ਸਾਰੀਆਂ ਕੁਲਾਂ ਦਾ ਪਾਰ-ਉਤਾਰਾ ਹੋ ਜਾਂਦਾ ਹੈ।
(Aad SGGS Darshan Nirney Steek, Giani Harbans Singh, c. 2009-11): ਗੋਬਿੰਦ ਦਾ ਨਾਮ ਸਿਮਰਨ ਨਾਲ ਸਾਰੀਆਂ ਕੁਲਾਂ ਦਾ ਉਧਾਰ ਹੋ ਜਾਂਦਾ ਹੈ। ਸਿਮਰਣੰ = ਸਿਮਰਨ ਕਰਨ ਨਾਲ। ਗੋਬਿੰਦ ਨਾਮੰ = ਪਰਮਾਤਮਾ ਦਾ ਨਾਮ। ਉਧਰਣੰ = ਉਧਾਰ ਹੋ ਜਾਂਦਾ ਹੈ। ਕੁਲ ਸਮੂਹਣਹ = ਸਾਰੀਆਂ ਕੁਲਾਂ ਦਾ।
ਲਬਧਿਅੰ ਸਾਧ ਸੰਗੇਣ ਨਾਨਕ ਵਡਭਾਗੀ ਭੇਟੰਤਿ ਦਰਸਨਹ ॥੨੧॥
(Faridkot Teeka, c. 1870s): ਸੋ ਨਾਮ ਸੰਤੋਂ ਕੀ ਸੰਗਤਿ ਕਰ ਕੇ ਪ੍ਰਾਪਤਿ ਹੋਤਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਪਰੰਤੂ ਤਿਨ ਸੰਤੋਂ ਕਾ ਦਰਸਨ ਬਡੇ ਭਾਗੋਂ ਕਾ ਮਿਲਤਾ ਹੈ ॥੨੧॥ * ਭਾਵ: ਪਰਮਾਤਮਾ ਦੇ ਨਾਮ ਦੀ ਦਾਤਿ ਸਾਧ ਸੰਗਤਿ ਵਿਚੋਂ ਮਿਲਦੀ ਹੈ।
(SGGS Steek, Bhai Manmohan Singh, c. 1960): ਸਤਿਸੰਗਤ ਕਰਨ ਦੁਆਰਾ ਵਾਹਿਗੁਰੂ ਦਾ ਸਿਮਰਨ ਪਰਾਪਤ ਹੁੰਦਾ ਹੈ ॥ ਪਰਮ ਚੰਗੇ ਨਸੀਬਾਂ ਦੁਆਰਾ ਸੁਆਮੀ ਦਾ ਪਵਿੱਤ੍ਰ ਦੀਦਾਰ ਦੇਖਿਆ ਜਾਂਦਾ ਹੈ ॥
(SGGS Darpan, Prof. Sahib Singh, c. 1962-64): ਪਰ (ਗੋਬਿੰਦ ਦਾ ਨਾਮ) ਹੇ ਨਾਨਕ! ਸਾਧ ਸੰਗਤ ਵਿਚ ਮਿਲਦਾ ਹੈ, (ਤੇ, ਸਾਧ ਸੰਗਤ ਦਾ) ਦਰਸਨ ਵਡੇ ਭਾਗਾਂ ਵਾਲੇ (ਬੰਦੇ) ਕਰਦੇ ਹਨ ॥੨੧॥ ਲਬਧਿਅੰ = ਲੱਭਦਾ ਹੈ (लब्धय)। ਸਾਧ ਸੰਗੇਣ = (साधु संगेन) ਗੁਰੂ ਦੀ ਸੰਗਤ ਦੀ ਰਾਹੀਂ। ਭੇਟੰਤਿ = ਮਿਲਦੇ ਹਨ। ਭੇਟੰਤਿ ਦਰਸਨਹ = ਦਰਸਨ ਕਰਦੇ ਹਨ ॥੨੧॥
(S.G.P.C. Shabadarth, Bhai Manmohan Singh, c. 1962-69): ਲਬਧਿਅੰ ਸਾਧ ਸੰਗੇਣ ਨਾਨਕ ਵਡਭਾਗੀ ¹ਭੇਟੰਤਿ ਦਰਸਨਹ ॥੨੧॥ ¹ਦਰਸ਼ਨ ਕਰਦੇ ਹਨ।
(Gatha Steek, Bhai Joginder Singh Talwara, c. 1981): ‘ਨਾਨਕ’! ਇਹ ਸਿਮਰਨ ਸਾਧੂ-ਸਤਿਗੁਰੂ ਦੀ ਸੰਗਤ ਵਿੱਚੋਂ ਲੱਭਦਾ ਹੈ, ਪਰ ਕੋਈ ਵਿਰਲਾ ਵਡਭਾਗਾ ਮਨੁੱਖ ਹੀ ਸਤਿਗੁਰੂ ਦਾ ਦਰਸ਼ਨ ਪਰਦਾ ਹੈ ।੨੧। ਲਬਧਿਅੰ–ਲਭੱਦਾ ਹੈ। ਸਾਧ ਸੰਗੇਣ–ਸਾਧੂ ਦੀ ਸੰਗਤ ਵਿਚ। ਭੇਟੰਤਿ ਦਰਸਨਹ–ਦਰਸ਼ਨ ਪਰਸਦਾ ਹੈ ।੨੧।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ ਨਾਮ ਸਿਮਰਨ ਦੀ ਦਾਤ) ਸਾਧ-ਸੰਗ ਤੋਂ ਪ੍ਰਾਪਤ ਹੁੰਦੀ ਹੈ, (ਪਰ ਸਾਧ-ਸੰਗ ਦੇ) ਦਰਸ਼ਨ ਵਡੇ ਭਾਗਾਂ ਵਾਲੇ ਨੂੰ ਮਿਲਦੇ (ਭੇਟੰਤਿ) ਹਨ ।੨੧।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਹ ਸਿਮਰਨ) ਸਾਧ ਸੰਗਤ ਵਿਚੋਂ ਲਭਦਾ ਹੈ ਪਰ ਕਿਸੇ ਵਡੇਭਾਗਾਂ ਵਾਲੇ (ਪਰਸ਼ ਨੂੰ ਗੁਰ-ਪਰਮੇਸ਼ਰ ਜੀ ਦੇ) ਦਰਸ਼ਨ ਮਿਲਦੇ ਹਨ ।੨੧। ਲਬਧਿਅੰ = ਲਭਦਾ ਹੈ। ਸਾਧ ਸੰਗੇਣ = ਸਾਧੂ ਦੀ ਸੰਗਤ ਵਿਚ। ਵਡਭਾਗੀ = ਵਡੇ ਭਾਗਾਂ ਵਾਲੇ। ਭੇਟੰਤਿ = ਮਿਲਦੇ ਹਨ। ਦਰਸਨਹ = ਦਰਸ਼ਨ (ਕਰਦੇ ਹਨ) ।੨੧।
ਸਰਬ ਦੋਖ ਪਰੰਤਿਆਗੀ ਸਰਬ ਧਰਮ ਦ੍ਰਿੜੰਤਣਃ ॥
(Faridkot Teeka, c. 1870s): ਸਰਬ ਦੋਖੋਂ ਕੋ ਪਰੀਤਿਆਗ ਕਰ ਕੇ ਸਰਬ ਪ੍ਰਕਾਰ ਸੇ ਧਰਮ ਕੋ ਜੋ ਰਿਦੇ ਮੇਂ ਦ੍ਰਿੜ ਕਰਨਾ ਹੈ॥
(SGGS Steek, Bhai Manmohan Singh, c. 1960): ਸਾਧੂ ਆਪਣੇ ਸਾਰੇ ਕਸਮਲਾਂ ਨੂੰ ਤਿਆਗ ਦਿੰਦਾ ਹੈ ਅਤੇ ਸਮੂਹ ਧਰਮ-ਈਮਾਨ ਨੂੰ ਆਪਣੇ ਵਿੱਚ ਪੱਕਾ ਕਰ ਲੈਂਦਾ ਹੈ ॥
(SGGS Darpan, Prof. Sahib Singh, c. 1962-64): ਹੇ ਨਾਨਕ! ਸਾਰੇ ਵਿਕਾਰ ਚੰਗੀ ਤਰ੍ਹਾਂ ਤਿਆਗ ਦੇਣੇ ਅਤੇ ਧਰਮ ਨੂੰ ਪੱਕੀ ਤਰ੍ਹਾਂ (ਹਿਰਦੇ ਵਿਚ) ਟਿਕਾਣਾ-ਦੋਖ = ਵਿਕਾਰ (दोष)। ਪਰੰ = ਚੰਗੀ ਤਰ੍ਹਾਂ, ਪੂਰੇ ਤੌਰ ਤੇ। ਤਿਆਗੀ = ਤਿਆਗਣ ਵਾਲਾ (ਬਣਨਾ)। ਦ੍ਰਿੜੰਤਣਃ (ਹਿਰਦੇ ਵਿਚ) ਪੱਕਾ ਕਰਨਾ।
(S.G.P.C. Shabadarth, Bhai Manmohan Singh, c. 1962-69): ਸਰਬ ਦੋਖ ਪਰੰਤਿਆਗੀ¹ ਸਰਬ ਧਰਮ ਦ੍ਰਿੜੰਤਣਃ ॥ ¹ਚੰਗੀ ਤਰ੍ਹਾਂ ਤਿਆਗਦੇ ਹਨ।
(Gatha Steek, Bhai Joginder Singh Talwara, c. 1981): ‘ਨਾਨਕ’! ਜਿਸ ਦੇ ਮੱਥੇ ਉੱਤੇ (ਸ਼ੁਭ) ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਸਾਧੂ-ਸਤਿਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਉਹ ਮਨੁੱਖੀ ਫ਼ਰਜ਼ ਦ੍ਰਿੜ੍ਹ ਕਰਨ ਵਾਲਾ ਅਤੇ ਕਾਮਾਦਿਕ ਸਾਰੇ ਦੋਖੀਆਂ ਦਾ ਮੂਲੋਂ ਹੀ ਤਿਆਗੀ ਹੋ ਜਾਂਦਾ ਹੈ ।੨੨। ਸਰਬ ਦੋਖ–ਸਾਰੇ ਪਾਪ। ਪਰੰਤਿਆਗੀ–ਪੂਰੀ ਤਰ੍ਹਾਂ ਛੁਟਕਾਰਾ ਪਾਉਣ ਵਾਲਾ। ਸਰਬ ਧਰਮ–ਸਾਰੇ ਧਰਮ। ਦ੍ਰਿੜੰਤਣਃ–ਦ੍ਰਿੜ੍ਹ ਕਰਦਾ ਹੈ। ਨੋਟ: ਚਿੰਨ੍ਹ (ਃ) ਵਿਸਰਗ ਹੈ, ਜਿਸਦਾ ਉਚਾਰਣ ‘ਹ’ ਵਾਂਗ ਹੁੰਦਾ ਹੈ।
(Arth Bodh SGGS, Dr. Rattan Singh Jaggi, c. 2007): ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਤਿਆਗਣ ਅਤੇ ਧਰਮ ਨੂੰ ਚੰਗੀ ਤਰ੍ਹਾਂ ਦ੍ਰਿੜ੍ਹ ਕਰਨ (ਦੀ ਦਾਤ ਉਸ ਨੂੰ) ਸਾਧ-ਸੰਗ ਦੁਆਰਾ ਪ੍ਰਾਪਤ ਹੁੰਦਾ ਹੈ,
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਸ ਮਨੁੱਖ ਦੇ) ਮੱਥੇ ਉਤੇ ਚੰਗਾ ਲੇਖ ਲਿਖਿਆ ਹੋਵੇ ਉਹ ਸਾਰੇ ਪਾਪਾਂ ਦਾ ਚੰਗੀ ਤਰ੍ਹਾਂ ਤਿਆਗੀ ਅਤੇ ਸਾਰੇ ਧਰਮਾਂ ਨੂੰ ਦ੍ਰਿੜ ਕਰਨ ਵਾਲਾ ਬਣ ਜਾਂਦਾ ਹੈ (ਕਿਉਂਕਿ ਇਹ ਦਾਤਿ ਉਸ ਨੂੰ) ਸਾਧ ਸੰਗਤ ਵਿਚੋਂ ਲਭ ਪੈਂਦਾ ਹੈ ।੨੨। ਸਰਬ ਦੋਖ = ਸਾਰੇ ਪਾਪ। ਪਰੰ ਤਿਆਗੀ = ਚੰਗੀ ਤਰ੍ਹਾਂ, ਪੂਰਨ ਤਿਆਗੀ। ਸਰਬ ਧਰਮ = ਸਾਰੇ ਧਰਮ। ਦ੍ਰਿੜੰਤਣਃ = ਪੱਕੇ ਹੋ ਜਾਂਦੇ ਹਨ।
ਲਬਧੇਣਿ ਸਾਧ ਸੰਗੇਣਿ ਨਾਨਕ ਮਸਤਕਿ ਲਿਖੵਣਃ ॥੨੨॥
(Faridkot Teeka, c. 1870s): ਸੋ ਸੰਤੋਂ ਕੇ ਸੰਗ ਸੇ ਹੀ ਪ੍ਰਾਪਤ ਹੋਤਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਸਤਸੰਗ ਮਸਤਕ ਕੇ ਲੇਖ ਲਿਖੇ ਅਨੁਸਾਰ ਮਿਲਤਾ ਹੈ ॥੨੨॥ * ਭਾਵ: ਉਸ ਮਨੁੱਖ ਦੇ ਭਾਗ ਜਾਗ ਪਏ ਜਾਣੋ ਜੋ ਸਾਧ ਸੰਗਤਿ ਵਿਚ ਜਾਣ ਲੱਗ ਪੈਂਦਾ ਹੈ। ਸਾਧ ਸੰਗਤਿ ਵਿਚ ਨਾਮ ਸਿਮਰਨ ਨਾਲ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ।
(SGGS Steek, Bhai Manmohan Singh, c. 1960): ਜਿਨ੍ਹਾਂ ਦੇ ਮੱਥੇ ਉਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਹੇ ਨਾਨਕ! ਉਹ ਹੀ ਸਤਿਸੰਗਤ ਨੂੰ ਪਰਾਪਤ ਹੁੰਦੇ ਹਨ ॥
(SGGS Darpan, Prof. Sahib Singh, c. 1962-64): (ਇਹ ਦਾਤ ਉਸ ਬੰਦੇ ਨੂੰ) ਸਾਧ ਸੰਗਤ ਵਿਚ ਮਿਲਦੀ ਹੈ (ਜਿਸ ਦੇ) ਮੱਥੇ ਉਤੇ (ਚੰਗਾ) ਲੇਖ ਲਿਖਿਆ ਹੋਵੇ ॥੨੨॥ ਮਸਤਕਿ = ਮੱਥੇ ਉਤੇ (मस्तक = ਮੱਥਾ। मस्तके = ਮੱਥੇ ਉਤੇ)। ਲਿਖੵਣਃ ਲਿਖਿਆ ਹੋਇਆ ਲੇਖ ॥੨੨॥
(S.G.P.C. Shabadarth, Bhai Manmohan Singh, c. 1962-69): ¹ਲਬਧੇਣਿ ਸਾਧ ਸੰਗੇਣਿ ਨਾਨਕ ਮਸਤਕਿ ਲਿਖੵਣਃ ॥੨੨॥ ¹ਸਾਧ ਸੰਗਤ ਦਵਾਰਾ ਲਭਦੇ ਹਨ, ਮੱਥੇ ਉੱਤੇ ਲਿਖੇ ਭਾਗਾਂ ਅਨੁਸਾਰ।
(Gatha Steek, Bhai Joginder Singh Talwara, c. 1981): ‘ਨਾਨਕ’! ਜਿਸ ਦੇ ਮੱਥੇ ਉੱਤੇ (ਸ਼ੁਭ) ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਸਾਧੂ-ਸਤਿਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਉਹ ਮਨੁੱਖੀ ਫ਼ਰਜ਼ ਦ੍ਰਿੜ੍ਹ ਕਰਨ ਵਾਲਾ ਅਤੇ ਕਾਮਾਦਿਕ ਸਾਰੇ ਦੋਖੀਆਂ ਦਾ ਮੂਲੋਂ ਹੀ ਤਿਆਗੀ ਹੋ ਜਾਂਦਾ ਹੈ ।੨੨। ਲਬਧੇਣਿ–ਲੱਭਦੀ ਹੈ। ਸਾਧ ਸੰਗੇਣਿ–ਸਾਧੂ-ਸਤਿਗੁਰੂ ਦੀ ਸੰਗਤ। ਮਸਤਕਿ–ਮੱਥੇ ਉੱਤੇ। ਲਿਖੵਣਃ–ਲਿਖੇ ਲੇਖ ਅਨੁਸਾਰ ।੨੨। ਨੋਟ: ਚਿੰਨ੍ਹ (ਃ) ਵਿਸਰਗ ਹੈ, ਜਿਸਦਾ ਉਚਾਰਣ ‘ਹ’ ਵਾਂਗ ਹੁੰਦਾ ਹੈ।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ ਜਿਸ ਦੇ) ਮੱਥੇ ਉਤੇ (ਭਾਗ) ਲਿਖੇ ਹੋਣ ।੨੨।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਸ ਮਨੁੱਖ ਦੇ) ਮੱਥੇ ਉਤੇ ਚੰਗਾ ਲੇਖ ਲਿਖਿਆ ਹੋਵੇ ਉਹ ਸਾਰੇ ਪਾਪਾਂ ਦਾ ਚੰਗੀ ਤਰ੍ਹਾਂ ਤਿਆਗੀ ਅਤੇ ਸਾਰੇ ਧਰਮਾਂ ਨੂੰ ਦ੍ਰਿੜ ਕਰਨ ਵਾਲਾ ਬਣ ਜਾਂਦਾ ਹੈ (ਕਿਉਂਕਿ ਇਹ ਦਾਤਿ ਉਸ ਨੂੰ) ਸਾਧ ਸੰਗਤ ਵਿਚੋਂ ਲਭ ਪੈਂਦਾ ਹੈ ।੨੨। ਲਭਧੇਣਿ = ਲਭਦੇ ਹਨ। ਸਾਧ ਸੰਗੇਣਿ = ਸਾਧ ਸੰਗਤ ਵਿਚੋਂ। ਮਸਤਕਿ = ਮੱਥੇ ਉਤੇ। ਲਿਖੵਣਃ = ਲਿਖੇ ਹੋਏ ਲੇਖ ।੨੨।
ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣਃ ॥
(Faridkot Teeka, c. 1870s): ਜੋ ਵਾਹਿਗੁਰੂ ਸੰਪੂਰਨ ਸ੍ਰਿਸ਼੍ਟੀ ਕੇ ਕਰਨੇ ਭਰਨੇ ਵਾਲਾ ਪੀਛੇ ਹੂਆ ਹੈ ਔਰ ਅਬ ਹੈ ਪੁਨਾ ਆਗੇ ਕੋ ਹੋਵੇਗਾ ਅਰਥਾਤ ਤ੍ਰਿਕਾਲ ਅਬਾਧ੍ਯ ਸਤਿ ਸਰੂਪ ਹੈ॥
(SGGS Steek, Bhai Manmohan Singh, c. 1960): ਪ੍ਰਭੂ ਹੈ ਸੀ, ਹੁਣ ਹੈ, ਅਤੇ ਸਦਾ ਹੋਵੇਗਾ ਭੀ ॥ ਉਹ ਸਾਰਿਆਂ ਨੂੰ ਪਾਲਦਾ-ਪੋਸਦਾ ਤੇ ਨਸ਼ਟ ਕਰਦਾ ਹੈ ॥
(SGGS Darpan, Prof. Sahib Singh, c. 1962-64): ਜੋ ਪਰਮਾਤਮਾ ਭੂਤ ਵਰਤਮਾਨ ਭਵਿੱਖਤ ਵਿਚ ਸਦਾ ਹੀ ਥਿਰ ਰਹਿਣ ਵਾਲਾ ਹੈ, ਜੋ ਸਭ ਜੀਵਾਂ ਨੂੰ ਨਾਸ ਕਰਨ ਵਾਲਾ ਹੈ ਸਭ ਦਾ ਪਾਲਣ ਵਾਲਾ ਹੈ ਅਤੇ ਸਭ ਵਿਚ ਵਿਆਪਕ ਹੈ, ਹੋਯੋ = ਜੋ ਪਿਛਲੇ ਸਮੇ ਵਿਚ ਮੌਜੂਦ ਸੀ। ਹੈ = ਜੋ ਹੁਣ ਭੀ ਮੌਜੂਦ ਹੈ। ਹੋਵੰਤੋ = ਜੋ ਅਗਾਂਹ ਨੂੰ ਭੀ ਮੌਜੂਦ ਰਹੇਗਾ। ਹਰਣ = ਨਾਸ ਕਰਨ ਵਾਲਾ। ਭਰਣ = ਪਾਲਣ ਵਾਲਾ। ਸੰਪੂਰਣਃ ਵਿਆਪਕ।
(S.G.P.C. Shabadarth, Bhai Manmohan Singh, c. 1962-69): ¹ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣਃ ॥ ¹ਜੋ ਸਭ ਨੂੰ ਹਰਣ ਭਰਣ (ਨਾਸ ਕਰਤਾ ਤੇ ਪਾਲਣ ਯੋਗ) ਹੈ ਅਤੇ ਅੱਗੇ, ਹੁਣ ਤੇ ਅੱਗੋਂ ਰਹੇਗਾ, ਉਸ ਦੀ ਪ੍ਰੀਤੀ ਦਾ ਕਾਰਨ ਨਿਸਚੇ ਕਰਕੇ ਸਾਧੂ ਹੈ।
(Gatha Steek, Bhai Joginder Singh Talwara, c. 1981): (ਸਰਬ ਜੀਵਾਂ ਦੇ) ਨਾਸ ਕਰਨ ਵਾਲਾ ਅਤੇ ਪ੍ਰਤਿਪਾਲਣ ਵਾਲਾ ਪੂਰਾ ਪ੍ਰਭੂ ਤਿੰਨਾਂ ਕਾਲਾਂ ਵਿਚ ਪਰੀਪੂਰਣ ਹੈ, ਭਾਵ ਪਿੱਛੇ ਸੀ, ਹੁਣ ਹੈ ਅਤੇ ਅੱਗੇ ਨੂੰ ਹੋਵੇਗਾ। ਹੋਯੋ–ਜੋ ਪਹਿਲਾਂ ਸੀ। ਹੈ–ਜੋ ਹੁਣ ਹੈ। ਹੋਵੰਤੇ–ਜੋ ਅਗਾਂਹ ਨੂੰ ਹੋਵੇਗਾ। ਹਰਣ–ਹਰਣ ਵਾਲਾ, ਨਾਸ ਕਰਨ ਵਾਲਾ। ਭਰਣ–ਭਰਨ ਵਾਲਾ, ਪਾਲਣ ਵਾਲਾ। ਸੰਪੂਰਣਃ–ਸੰਪੂਰਣ, ਪਰੀਪੂਰਣ ਹੈ।
(Arth Bodh SGGS, Dr. Rattan Singh Jaggi, c. 2007): (ਜੋ ਪ੍ਰਭੂ) ਅਗੇ, ਹੁਣ ਅਤੇ ਅਗੋਂ ਰਹੇਗਾ ਅਤੇ ਸਭ ਨੂੰ ਨਸ਼ਟ ਕਰਨ (ਹਰਣ) ਅਤੇ ਪਾਲਣ ਪੋਸ਼ਣ (ਭਰਣ) ਵਾਲਾ ਹੈ,
(Aad SGGS Darshan Nirney Steek, Giani Harbans Singh, c. 2009-11): (ਜਿਹੜਾ ਹਰੀ) ਨਾਸ਼ ਕਰਨ ਵਾਲਾ ਤੇ (ਸਭ ਦਾ ਪੇਟ) ਭਰਨ ਵਾਲਾ (ਅਤੇ ਸਦਾ ਹੀ) ਸੰਪੂਰਨ (ਤੇ ਪਰੀਪੂਨ) ਹੈ, ਹੋਯੋ = ਜੋ ਹੋ ਚੁਕਾ ਹੈ। ਹੈ = ਜੋ ਹੁਣ ਹੈ। ਹੋਵੰਤੋ = ਜੋ ਅਗੇ ਨੂੰ ਹੋਵੇਗਾ। ਹਰਣ = ਨਾਸ਼ ਕਰਨ ਵਾਲਾ। ਭਰਣ = ਤਰਨ ਵਾਲਾ ਭਾਵ ਪਾਲਨਾ ਕਰਨ ਵਾਲਾ। ਸੰਪੂਰਣਃ = ਸੰਪੂਰਨ, ਮੁਕੰਮਲ ਹੈ।
ਸਾਧੂ ਸਤਮ ਜਾਣੋ ਨਾਨਕ ਪ੍ਰੀਤਿ ਕਾਰਣੰ ॥੨੩॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਹਰੀ ਕੀ ਪ੍ਰੀਤਿ ਕਾ ਕਾਰਨ ਸਰਬ ਤੇ ਉਤਮ ਸੰਤ ਜਨ ਹੈਂ ਐਸੇ ਜਾਣੋ ॥੨੩॥ * ਭਾਵ: ਸਾਧ ਸੰਗਤਿ ਦੀ ਰਾਹੀਂ ਹੀ ਪਰਮਾਤਮਾ ਨਾਲ ਪਿਆਰ ਬਣ ਸਕਦਾ ਹੈ।
(SGGS Steek, Bhai Manmohan Singh, c. 1960): ਹੇ ਨਾਨਕ! ਤੂੰ ਸੰਤਾਂ ਨੂੰ ਸੱਚੇ ਕਰਕੇ ਜਾਣ, ਕਿਉਂ ਜੋ ਉਹ ਆਪਣੇ ਪ੍ਰਭੂ ਨੂੰ ਪਿਆਰ ਕਰਦੇ ਹਨ ॥
(SGGS Darpan, Prof. Sahib Singh, c. 1962-64): ਹੇ ਨਾਨਕ! ਉਸ ਨਾਲ ਪਿਆਰ ਪਾਣ ਦਾ ਕਾਰਨ ਨਿਸ਼ਚੇ ਕਰ ਕੇ ਸੰਤਾਂ ਨੂੰ ਹੀ ਸਮਝੋ ॥੨੩॥ ਸਤਮ = (सत्यं) ਨਿਸ਼ਚੇ ਕਰ ਕੇ। ਜਾਣੋ = ਸਮਝੋ ॥੨੩॥
(S.G.P.C. Shabadarth, Bhai Manmohan Singh, c. 1962-69): ਸਾਧੂ ਸਤਮ¹ ਜਾਣੋ ਨਾਨਕ ਪ੍ਰੀਤਿ ਕਾਰਣੰ ॥੨੩॥ ¹ਨਿਸਚੇ ਕਰਕੇ।
(Gatha Steek, Bhai Joginder Singh Talwara, c. 1981): ‘ਨਾਨਕ’! ਇਹ ਨਿਸਚੇ ਕਰ ਕੇ ਜਾਣੋ ਕਿ (ਐਸੇ ਪ੍ਰਭੂ ਨਾਲ) ਪ੍ਰੀਤ ਪਾਉਣ ਦਾ ਵਸੀਲਾ (ਕੇਵਲ ਤੇ ਕੇਵਲ) ਸਾਧੂ-ਸਤਿਗੁਰੂ ਹੀ ਹੈ ।੨੩। ਸਾਧੂ–ਸਤਿਗੁਰੂ। ਸਤਮ ਜਾਣੋ–ਸੱਚ ਕਰ ਕੇ ਜਾਣੋ, ਨਿਸਚੇ ਕਰ ਕੇ ਜਾਣੋ ।੨੩।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ ਉਸ ਨਾਲ) ਪ੍ਰੀਤ ਲਗਣ ਦਾ (ਮੂਲ) ਕਾਰਣ ਸਾਧੂ/ਸੰਤ ਨੂੰ ਸਮਝੋ ।੨੩।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਐਸੇ ਪ੍ਰਭੂ ਨਾਲ) ਪ੍ਰੀਤ ਪਾਣ ਦਾ ਕਾਰਨ ਨਿਸਚੇ ਹੀ ਸਤਿਗੁਰੂ ਨੂੰ ਜਾਣੋ ।੨੩। ਸਾਧੂ = ਸਤਿਗੁਰੂ। ਸਤਮ ਜਾਣੋ = ਨਿਸਚੇ ਕਰਕੇ ਜਾਣੋ, ਸਚ ਕਰਕੇ ਜਾਣੋ। ਪ੍ਰੀਤਿ ਕਾਰਣੰ = ਪ੍ਰੀਤਿ ਪਾਉਣ ਦਾ ਕਾਰਨ ।੨੩।
ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣਃ ॥
(Faridkot Teeka, c. 1870s): ਜਿਨ ਜੀਵੋਂ ਕੀ ਸੁਖੋਂ ਕੇ ਦੇਣੇ ਵਾਲੇ ਸੰਤ ਜਨੋਂ ਕੇ ਰਤਨ ਰੂਪ ਬਚਨੋਂ ਮੇਂ (ਰਤਨੰ) ਪ੍ਰੀਤੀ ਨਹੀਂ ਹੋਤੀ ਹੈ ਔ ਕਸੁੰਭੇ ਕੇ ਰੰਗ ਸਮ ਛਿਨਭੰਗਰ ਸੁਖੋਂ ਮੇਂ ਰਚ ਰਹੇ ਹੈਂ॥
(SGGS Steek, Bhai Manmohan Singh, c. 1960): ਪ੍ਰਾਣੀ ਗੁਰਾਂ ਦੀ ਬਾਣੀ ਨੂੰ ਪਿਆਰ ਨਹੀਂ ਕਰਦਾ, ਜੋ ਖੁਸ਼ੀ ਬਖਸ਼ਦੀ ਹੈ, ਪਰ ਕੁਸੰਭੱ ਦੇ ਫੁਲ ਦੇ ਰੰਗ ਵਿੱਚ ਰੰਗਿਆ ਹੋਇਆ ਹੈ ॥
(SGGS Darpan, Prof. Sahib Singh, c. 1962-64): (ਮਾਇਆ-) ਕਸੁੰਭੇ ਦੇ ਰੰਗਾਂ ਵਿਚ ਅਤੇ (ਮਾਇਆ ਸੰਬੰਧੀ) ਸੁਖਦਾਈ ਸੋਹਣੇ ਬੋਲਾਂ ਵਿਚ ਮਸਤ ਰਿਹਾਂ- ਸੁਖੇਣ = ਸੁਖਦਾਈ। ਬੈਣ ਰਤਨੰ = ਬੋਲ ਰੂਪ ਰਤਨ (वचन, वअण)। ਰਚਨੰ = ਮਸਤ ਹੋਣਾ। ਕਸੁੰਭ ਰੰਗਣਃ = (ਮਾਇਆ-) ਕਸੁੰਭੇ ਦੇ ਰੰਗਾਂ ਵਿਚ।
(S.G.P.C. Shabadarth, Bhai Manmohan Singh, c. 1962-69): ¹ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣਃ ॥ ¹ਦੁਨਿਆਵੀ ਸੁਖ, ਵੇਸਵਾ ਆਦਿ ਦੇ ਸੁੰਦਰ ਬਚਨ ਤੇ ਮਾਇਆ ਦੇ ਰੰਗਾਂ ਵਿੱਚ ਖਚਤ ਪੁਰਸ਼ ਦੁੱਖਾਂ ਰੋਗਾਂ ਸੋਗਾਂ ਦਾ ਭਾਗੀ ਹੈ।
(Gatha Steek, Bhai Joginder Singh Talwara, c. 1981): ‘ਨਾਨਕ’! (ਗਾਥਾ ਵਿਚ ਗੁੰਦੇ, ਅਥਵਾ, ਅੰਕਿਤ ਕੀਤਾ) ਰਤਨਾਂ ਸਮਾਨ ਅਮੋਲਕ ਅਤੇ ਸੁਖਦਾਈ ਬਚਨਾਂ ਦੇ ਹੁੰਦਿਆਂ (ਜੋ ਮਨੁੱਖ) ਕਸੁੰਭੇ ਦੇ ਰੰਗ, ਭਾਵ, ਛਿਨ-ਭੰਗਰ ਮਾਇਆ ਦੇ ਪਿਆਰ ਵਿਚ ਖੱਚਤ ਹੁੰਦਾ ਹੈ, ਰੋਗ ਸੋਗ ਤੇ ਵਿਛੋੜਾ ਹੀ ਉਸ ਦੇ (ਪੱਲੇ ਪੈਂਦੇ) ਹਨ ਅਤੇ ਉਸ ਨੂੰ ਸੁਪਨੇ ਵਿਚ ਵੀ ਸੁੱਖ ਨਸੀਬ ਨਹੀਂ ਹੁੰਦਾ ।੨੪। ਸੁਖੇਣ–ਸੁੱਖ ਦੇਣ ਵਾਲੇ, ਸੁਖਦਾਈ। ਬੈਣ–ਬਚਨ। ਰਚਨੰ–ਰਚਣ ਨਾਲ, ਖਚਤ ਹੋਇਆਂ। ਕਸੁੰਭ ਰੰਗਣਃ–ਕਸੁੰਭੇ ਦਾ ਕੱਚਾ ਰੰਗ, ਮਾਇਆ ਦਾ ਪਿਆਰ।
(Arth Bodh SGGS, Dr. Rattan Singh Jaggi, c. 2007): (ਗੁਰੂ ਦੇ) ਸੁਖ ਦੇਣ ਵਾਲੇ ਰਤਨ ਰੂਪ ਬਚਨਾਂ ਦੀ ਥਾਂ (ਜੋ ਵਿਅਕਤੀ) ਕਸੁੰਭੜੇ ਦੇ ਕੱਚੇ ਰੰਗ ਵਲ ਰੁਚਿਤ ਹੁੰਦੇ ਹਨ,
(Aad SGGS Darshan Nirney Steek, Giani Harbans Singh, c. 2009-11): (ਗੁਰਬਾਣੀ ਦੇ) ਸੁਖ ਦੇਣ ਵਾਲੇ ਰਤਨਾਂ ਵਰਗੇ ਅਮੋਲਕ ਬਚਨਾਂ ਦੇ ਹੁੰਦਿਆਂ (ਜਿਹੜੇ ਜੀਵ) ਕਸੁੰਭ ਦੇ (ਕਚੇ ਰੰਗ ਭਾਵ ਮਾਇਆ ਵਿਚ) ਖਚਿਤ ਹੁੰਦੇ ਹਨ, ਸੁਖੇਣ = ਸੁਖ ਦੇਣ ਵਾਲੇ। ਬੈਣ = ਬਚਨ। ਰਤਨੰ = ਰਤਨ। ਰਚਨੰ = ਖਚਿਤ ਹੋਣਾ। ਕਸੁੰਭ ਰੰਗਣ = ਕਸੁੰਭੜੇ ਦੇ ਕੱਚੇ ਰੰਗ ਭਾਵ ਮਾਇਆ ਵਿਚ।
ਰੋਗ ਸੋਗ ਬਿਓਗੰ ਨਾਨਕ ਸੁਖੁ ਨ ਸੁਪਨਹ ॥੨੪॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪੰਡਤੋ! ਸੇ ਪੁਰਸ਼ ਵਾਹਿਗੁਰੂ ਕੇ ਵਿਯੋਗ ਕਰ ਰੋਗ, ਸੋਗ ਕਰ ਗ੍ਰਸਤ ਰਹਿਤੇ ਹੈਂ, ਤਾਂ ਤੇ ਤਿਨੋਂ ਕੋ ਸੁਪਨੇ ਮਾਤ੍ਰ ਮੇਂ ਭੀ ਸੁਖ ਨਹੀਂ ਪ੍ਰਾਪਤਿ ਹੋਤਾ ਹੈ ॥੨੪॥ ਸ੍ਰੀ ਗੁਰੂ ਅਰਜਨ ਸਾਹਿਬ ਜੀ ਮੌ ਨਾਮ ਨਗਰ ਮੇਂ ਬਿਵਾਹ ਕੇ ਸਮੇਂ ਲੜਕੀਆਂ ਕੋ ਇਹ ਛੰਦ ਸੁਨਾਏ ਹੈਂ। ਇਸ ਛੰਦ ਕਾ ਨਾਮੁ ਫੁਨਹੇ ਹੈ। ਇਸ ਫੁਨਹੇ ਛੰਦ ਮੇਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਜੀਵੋਂ ਕੋ ਬਹੁਤ ਪ੍ਰਕਾਰ ਸੇ ਉਪਦੇਸ਼ ਉਚਾਰਨ ਕਰਤੇ ਹੈਂ। ਪ੍ਰਿਥਮ ਸ੍ਰੀ ਪ੍ਰਮੇਸ੍ਵਰ ਜੀ ਕੇ ਆਗੇ ਬੇਨਤੀ ਕਰਤੇ ਹੈਂ: * ਭਾਵ: ਮਾਇਆ ਦੇ ਰੰਗ ਤਮਾਸ਼ੇ ਕਸੁੰਭੇ ਦੇ ਫੁੱਲ ਵਰਗੇ ਹੀ ਹਨ। ਇਹਨਾਂ ਵਿਚ ਫਸੇ ਰਿਹਾਂ ਸੁਖ ਨਹੀਂ ਮਿਲ ਸਕਦਾ। * ਨੋਟ: ਸਹਸਕ੍ਰਿਤੀ ਸਲੋਕ ਅਤੇ ਗਾਥਾ ਦਾ ਟੀਕਾ ਅਗਸਤ ੧੯੫੫ ਵਿਚ ਲਿਖਿਆ ਅਤੇ ਸਤੰਬਰ ੧੯੬੩ ਵਿਚ ਇਸ ਟੀਕੇ ਦੀ ਸੁਧਾਈ ਕੀਤੀ।
(SGGS Steek, Bhai Manmohan Singh, c. 1960): ਬੀਮਾਰੀ, ਗਮ ਤੇ ਵਿਛੋਡਾ ਉਸ ਨੂੰ ਵਾਪਰਦੇ ਹਨ, ਹੇ ਨਾਨਕ! ਅਤੇ ਸੁਫਨੇ ਭੀ ਉਸ ਨੂੰ ਆਰਾਮ ਨਹੀਂ ਮਿਲਦਾ ॥
(SGGS Darpan, Prof. Sahib Singh, c. 1962-64): ਰੋਗ ਚਿੰਤਾ ਅਤੇ ਦੁੱਖ (ਹੀ ਵਿਆਪਦੇ ਹਨ)। ਹੇ ਨਾਨਕ! ਸੁਖ ਸੁਪਨੇ ਵਿਚ ਭੀ ਨਹੀਂ ਮਿਲਦਾ ॥੨੪॥ ਸੋਗ = (शोक) ਚਿੰਤਾ। ਬਿਓਗੰ = ਵਿਛੋੜਾ, ਦੁੱਖ। ਸੁਪਨਹ = (स्व्प्ने) ॥੨੪॥
(S.G.P.C. Shabadarth, Bhai Manmohan Singh, c. 1962-69): ਰੋਗ ਸੋਗ ਬਿਓਗੰ ਨਾਨਕ ਸੁਖੁ ਨ ਸੁਪਨਹ ॥੨੪॥
(Gatha Steek, Bhai Joginder Singh Talwara, c. 1981): ‘ਨਾਨਕ’! (ਗਾਥਾ ਵਿਚ ਗੁੰਦੇ, ਅਥਵਾ, ਅੰਕਿਤ ਕੀਤਾ) ਰਤਨਾਂ ਸਮਾਨ ਅਮੋਲਕ ਅਤੇ ਸੁਖਦਾਈ ਬਚਨਾਂ ਦੇ ਹੁੰਦਿਆਂ (ਜੋ ਮਨੁੱਖ) ਕਸੁੰਭੇ ਦੇ ਰੰਗ, ਭਾਵ, ਛਿਨ-ਭੰਗਰ ਮਾਇਆ ਦੇ ਪਿਆਰ ਵਿਚ ਖੱਚਤ ਹੁੰਦਾ ਹੈ, ਰੋਗ ਸੋਗ ਤੇ ਵਿਛੋੜਾ ਹੀ ਉਸ ਦੇ (ਪੱਲੇ ਪੈਂਦੇ) ਹਨ ਅਤੇ ਉਸ ਨੂੰ ਸੁਪਨੇ ਵਿਚ ਵੀ ਸੁੱਖ ਨਸੀਬ ਨਹੀਂ ਹੁੰਦਾ ।੨੪। ਸੋਗ–ਚਿੰਤਾ। ਬਿਓਗੰ–ਵਿਜੋਗ, ਵਿਛੋੜਾ। ਸੁਪਨਹ–ਸੁਪਨੇ ਵਿਚ ।੨੪।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ ਉਨ੍ਹਾਂ ਨੂੰ) ਰੋਗ, ਗਮ ਅਤੇ ਵਿਛੋੜਾ (ਹੀ ਪ੍ਰਾਪਤ ਹੁੰਦਾ ਹੈ) ਅਤੇ ਸੁਪਨੇ ਵਿਚ ਵੀ ਸੁਖ ਨਹੀਂ ਮਿਲਦਾ ।੨੪।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਰੋਗ ਚਿੰਤਾ ਤੇ ਵਿਛੋੜਾ ਹੀ (ਉਨ੍ਹਾਂ ਦੇ ਪਲੇ ਪੈਂਦੇ ਹਨ) ਸੁਖ (ਤਾਂ ਉਨ੍ਹਾਂ ਨੂੰ) ਸੁਪਨੇ ਵਿਚ ਵੀ ਨਸੀਬ ਨਹੀਂ ਹੁੰਦਾ ।੨੪। ਸੋਗ = ਚਿੰਤਾ। ਬਿਓਗੰ = ਵਿਜੋਗ, ਵਿਛੋੜਾ। ਸੁਪਨਹ = ਸੁਪਨੇ ਵਿਚ ।੨੪।
