ਵਾਰ ਮਾਝ ਕੀ ਤਥਾ ਸਲੋਕ ਮਹਲਾ ੧

(Faridkot Teeka, c. 1870s): ਮਾਝ ਕੀ ਵਾਰ ਮਹਲਾ ੧। ਪਉੜੀ-ਵਾਰ ਭਾਵ: (੧) ਇਸ ਬਹੁ-ਰੰਗੀ ਜਗਤ ਵਿਚ ਜੀਵ ‘ਨਾਮ’ ਤੋਂ ਬਿਨਾ ਦੁਖੀ ਹੋ ਰਿਹਾ ਹੈ। (੨) ਬਹੁ-ਰੰਗੀ ਪਦਾਰਥਾਂ ਦੇ ਮੋਹ ਵਿਚ ਜੀਵ ਕਰਤਾਰ ਨੂੰ ਭੁੱਲ ਜਾਂਦਾ ਹੈ ਤੇ ਇਸ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜਕਦੀ ਹੈ। (੩) ਇਹ ਬਹੁ-ਰੰਗੀ ਜਗਤ ਹੈ ਤਾਂ ਪ੍ਰਭੂ ਆਪਣਾ ਸਰੂਪ, ਪਰ ਹਉਮੈ ਅਹੰਕਾਰ ਤੇ ਲੋਭ ਦੇ ਕਾਰਣ ਜੀਵ ਨੂੰ ਇਸ ਅਸਲੀਅਤ ਦੀ ਸਮਝ ਨਹੀਂ ਪੈਂਦੀ। (੪) ਮੂਰਖ ਪਰਾਈ ਵਸਤ ਨੂੰ ਆਪਣੀ ਜਾਣ ਕੇ ਭੋਗਾਂ ਵਿਚ ਪ੍ਰਵਿਰਤ ਹੁੰਦਾ ਹੈ ਤੇ ਦੁੱਖ ਉਠਾਂਦਾ ਹੈ। (੫) ਜਿਤਨਾ ਚਿਰ ਜੀਵ ਦੇ ਅੰਦਰ ਤ੍ਰਿਸ਼ਨਾ ਦਾ ਭਾਂਬੜ ਮਚਿਆ ਪਿਆ ਹੈ, ਤਦ ਤਕ ਜੰਗਲ ਵਿਚ ਭੀ ਜਾ ਡੇਰਾ ਲਾਇਆਂ ਸ਼ਾਂਤੀ ਨਹੀਂ ਮਿਲਦੀ। (੬) ਵਿੱਦਿਆ ਪ੍ਰਾਪਤ ਕਰ ਕੇ ਆਗੂ-ਪ੍ਰਚਾਰਕ ਬਣਿਆਂ ਭੀ ਜੀਵ ਦਾ ਆਪਣਾ ਕੁਝ ਨਹੀਂ ਸਉਰਦਾ। ਮੂਰਖ ਦਾ ਮੂਰਖ ਹੀ ਰਹਿੰਦਾ ਹੈ। (੭) ਜਦ ਤਕ ਜੀਵ ਕੱਚ ਦਾ ਵਪਾਰੀ ਹੈ ਜਦ ਤਕ ਮਾਇਆ ਵਿਚ ਫਸਿਆ ਹੋਇਆ ਹੈ ਤਦ ਤਾਈਂ ਇਹ ਕੰਗਾਲ ਹੀ ਹੈ ਦੁਖੀ ਹੈ। (੮) ਮੂਰਖ ਇਸ ਬਾਗ਼ ਮਿਲਖ ਘਰ ਬਾਰ ਨੂੰ ‘ਆਪਣਾ’ ਸਮਝਦਾ ਹੈ, ਇਹ ‘ਅਪਣੱਤ’ ਹੀ ਇਸ ਦੇ ਦੁੱਖਾਂ ਦਾ ਮੂਲ ਹੈ। (੯) ‘ਅਪਣੱਤ’ ਵਿਚ ਪੈ ਕੇ ਜੀਵ ‘ਆਪੇ’ ਨੂੰ ਨਹੀਂ ਪਛਾਣਦਾ, ਮਾਇਕ ਪਦਾਰਥਾਂ ਦੇ ਮੋਹ ਵਿਚ ਦੀਵਾਨਾ ਜਿਹਾ ਹੈ ਤੇ ਖਪਦਾ ਦੋਖੀ ਹੁੰਦਾ ਹੈ। (੧੦) ਬਹੁ-ਰੰਗੀ ਪਦਾਰਥਾਂ ਦੇ ਭੋਗ ਮਹੁਰੇ-ਸਮਾਨ ਹਨ। ਜੋ ਭੀ ਇਹਨਾਂ ਵਿਚ ਵਸਿਆ, ਉਹੀ ਮਾਰਿਆ ਗਿਆ ਭਾਵੇਂ ਕਿਸੇ ਜਾਤਿ ਦਾ ਹੋਵੇ। ‘ਜਾਤਿ’ ਭੀ ਮਦਦ ਨਹੀਂ ਕਰਦੀ। (੧੧) ਬਹੁ-ਰੰਗੀ ਪਦਾਰਥਾਂ ਦੀਆਂ ‘ਆਸਾਂ’ ਬਣਾ ਬਣਾ ਕੇ ਜੀਵ ਮੌਤ ਨੂੰ ਭੀ ਭੁਲਾ ਦੇਂਦਾ ਹੈ, ਆਪਣੇ ਆਪ ਨੂੰ ਚੰਗਾ ਸਮਝਦਾ ਹੈ, ਲੂਣ-ਹਰਾਮੀ ਜੀਵ ਪ੍ਰਭੂ ਦੇ ਉਪਕਾਰ ਵਿਸਾਰ ਕੇ ਦੁਖੀ ਹੁੰਦਾ ਹੈ। (੧੨) ਜਦ ਤਕ ਜੀਵ ਦੇ ਅੰਦਰ ‘ਮਾਇਆ’ ਵਾਲਾ ‘ਖੋਟ’ ਹੈ ਤਦ ਤਕ ਇਹ ਰੱਬੀ ਦਰਗਾਹ ਤੋਂ ਦੂਰ ਹੈ। ਪਰ ਜਿਸ ਨੂੰ ਗੁਰੂ ਦੀ ‘ਸਰਣ’ ਪ੍ਰਾਪਤ ਹੋ ਜਾਏ ਉਹ ਖੋਟਿਓਂ ਖਰਾ ਹੋ ਜਾਂਦਾ ਹੈ। (੧੩) ਗੁਰੂ ਦੇ ਸਨਮੁਖ ਹੋਇਆਂ ‘ਅਪਣੱਤ’ ਦਾ ਨਾਸ ਹੁੰਦਾ ਹੈ, ਬਹੁ-ਰੰਗੀ ਪਦਾਰਥਾਂ ਦੇ ਥਾਂ ਜੀਵ ਕਰਤਾਰ ਨੂੰ ਸੱਚਾ ਸਾਥੀ ਸਮਝਣ ਲੱਗ ਪੈਂਦਾ ਹੈ। (੧੪) ਪਰ, ਗੁਰੂ ਦੇ ਸਨਮੁਖ ਤਾਂ ਹੀ ਹੋ ਸਕਦਾ ਹੈ ਜੇ ਪ੍ਰਭੂ ਦੀ ਮਿਹਰ ਹੋਵੇ। ਗੁਰੂ ਦੀ ਸਿੱਖਿਆ ਤੇ ਤੁਰ ਕੇ ‘ਨਾਮ’ ਸਿਮਰ ਕੇ ‘ਆਪਾ’ ਗਵਾਈਦਾ ਹੈ, ਇਸ ਤਰ੍ਹਾਂ ਪ੍ਰਭੂ ਵਿਚ ਜੁੜਿਆਂ ਸੁਖੀ ਹੋਈਦਾ ਹੈ। (੧੫) ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਿਆਂ ਪ੍ਰਭੂ ਦਾ ‘ਨਾਮ’ ਪ੍ਰਾਪਤ ਹੁੰਦਾ ਹੈ ਤੇ ਪ੍ਰਭੂ ਵਿਚ ਲੀਨ ਹੋ ਜਾਈਦਾ ਹੈ। (੧੬) ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਹਉਮੈ ਦੇ ਕਾਰਣ ਦੁਖੀ ਹੁੰਦੇ ਹਨ। (੧੭) ‘ਨਾਮ’ ਪੂਰੇ ਗੁਰੂ ਤੋਂ ਹੀ ਮਿਲਦਾ ਹੈ, ਪਰ, ਗੁਰੂ ਦਾ ਰਾਹ ਛੱਡ ਕੇ ਮਨ ਦੇ ਮਗਰ ਤੁਰਨ ਵਾਲੇ ਦੁਨੀਆ ਦੇ ਧੰਧਿਆਂ ਵਿਚ ਹੀ ਠੱਗੇ ਜਾਂਦੇ ਹਨ ਤੇ ਜ਼ਿੰਦਗੀ ਵਿਅਰਥ ਗੁਆ ਲੈਂਦੇ ਹਨ। (੧੮) ਆਤਮਾ ਲਈ ‘ਭਾਉ’-ਰੂਪ ‘ਭੋਜਨ’ ਸਤਿਗੁਰੂ ਤੋਂ ਹੀ ਮਿਲਦਾ ਹੈ। ਗੁਰੂ ਨੇ ਤ੍ਰੁੱਠ ਕੇ ਜਿਸ ਨੂੰ ਇਹ ਦਾਤਿ ਦਿੱਤੀ, ਉਸ ਦਾ ਆਤਮਾ ਖਿੜਿਆ ਰਹਿੰਦਾ ਹੈ। (੧੯) ਜਗਤ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ; ਜਿਉਂ ਜਿਉਂ ਲਾਲਚ ਵਿਚ ਪ੍ਰਵਿਰਤ ਹੁੰਦਾ ਹੈ, ਇਹ ਅੱਗ ਹੋਰ ਭੜਕਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਇਹ ਬੁੱਝਦੀ ਹੈ। (੨੦) ਦੁਨੀਆ ਦੇ ਸਿਰ ਤੇ ਹਰ ਵੇਲੇ ਮੌਤ ਦਾ ਸਹਮ ਕਾਇਮ ਹੈ; ਦੁਨੀਆ ਦੇ ਪਦਾਰਥਾਂ ਦਾ ਸਾਥ ਨਿਭਦਾ ਨਹੀਂ ਸਾਥ ਨਿਭਦਾ ਨਹੀਂ, ਪਰ ਧੰਧਿਆਂ ਵਿਚ ਫਸਿਆ ਜੀਵ ਸਮਝਦਾ ਨਹੀਂ। ਇਹ ਸਮਝ ਸਤਿਗੁਰੂ ਦੀ ਮਿਹਰ ਨਾਲ ਹੀ ਆਉਂਦੀ ਹੈ। (੨੧) ਮਨੁੱਖ ਪਿਛਲੀਆਂ ਬਣੀਆਂ ‘ਵਾਦੀਆਂ’ ਦੇ ਆਸਰੇ ਤੁਰਦਾ ਹੈ, ਧਾਰਮਿਕ ਪੁਸਤਕਾਂ ਦੇ ਪਾਠ ਤੇ ਵਿਖਿਆਨ ਜਾਂ ਧਾਰਮਿਕ ਭੇਖ ਦੀ ਰਾਹੀਂ ‘ਵਾਦੀਆਂ’ ਦੀ ਲੀਹ ਵਿਚੋਂ ਨਿਕਲ ਕੇ ‘ਨਾਮ’ ਵਿਚ ਲੀਨ ਨਹੀਂ ਹੋ ਸਕੀਦਾ। ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਿਫ਼ਤਿ-ਸਾਲਾਹ ਹੀ ਪ੍ਰਭੂ ਵਿਚ ਜੋੜਦੀ ਹੈ। (੨੨) ਜੋ ਮਨੁੱਖ ਗੁਰ-ਸ਼ਬਦ ਰਾਹੀਂ ਸਿਫ਼ਤਿ-ਸਾਲਾਹ ਕਰਦੇ ਹਨ, ਉਹ ਖਸਮ-ਪ੍ਰਭੂ ਦੇ ਨੇੜੇ ਹੋਣ ਕਰਕੇ ਸੋਹਣੇ ਲਗਦੇ ਹਨ, ਉਹਨਾਂ ਨਾਲ ਖਸਮ-ਪ੍ਰਭੂ ਪਿਆਰ ਕਰਦਾ ਹੈ। (੨੩) ਖਸਮ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਢਾਡੀ ਦਾ ਹਿਰਦਾ-ਕਉਲ ਖਿੜ ਜਾਂਦਾ ਹੈ, ਵਿਕਾਰ ਉਸ ਦੇ ਨੇੜੇ ਨਹੀਂ ਢੁਕਦੇ। ਇਹ ਸੱਚਾ ਰਸਤਾ ਉਸ ਨੂੰ ਗੁਰੂ ਤੋਂ ਮਿਲਦਾ ਹੈ। (੨੪) ਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰੇ, ਉਸ ਨੂੰ ਸਤਿਗੁਰੂ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦਾ ਹੈ, ਉਸ ਨੂੰ ਅੰਦਰੋਂ ਹੀ ‘ਨਾਮ’-ਰਤਨ ਲੱਭ ਪੈਂਦਾ ਹੈ, ਉਸ ਦੇ ਅੰਦਰ ਚਾਨਣ ਹੋ ਜਾਂਦਾ ਹੈ। (੨੫) ਜਿਸ ਉਤੇ ਗੁਰੂ ਤ੍ਰੁੱਠਦਾ ਹੈ ਉਸ ਨੂੰ ‘ਨਾਮ’ ਮਿਲਦਾ ਹੈ, ਕੋਈ ਚਿੰਤਾ ਝੋਰਾ ਜਾਂ ਮੌਤ ਦਾ ਡਰ ਉਸ ਨੂੰ ਪੋਹ ਨਹੀਂ ਸਕਦਾ। (੨੬) ਪ੍ਰਭੂ ਦੇ ਦਰ ਤੋਂ ਸਿਫ਼ਤਿ-ਸਾਲਾਹ ਦੀ ਦਾਤਿ ਹੀ ਮੰਗਣੀ ਚਾਹੀਦੀ ਹੈ। ‘ਨਾਮ’ ਦੀ ਦਾਤਿ ਜਿਨ੍ਹਾਂ ਨੂੰ ਮਿਲਦੀ ਹੈ ਉਹ ਪ੍ਰਭੂ ਦਾ ਰੂਪ ਹੋ ਜਾਂਦੇ ਹਨ। (੨੭) ਜਿਨ੍ਹਾਂ ਨੂੰ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਸਿਫ਼ਤਿ ਹੀ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦੀ ਹੈ, ਸਿਫ਼ਤਿ-ਸਾਲਾਹ ਹੀ ਉਹਨਾਂ ਲਈ ਆਦਰ-ਸਤਕਾਰ ਹੈ ਕਿਉਂਕਿ ਸਿਫ਼ਤਿ ਦੀ ਰਾਹੀਂ ਉਹਨਾਂ ਨੂੰ ਸਿਫ਼ਤਾਂ ਦਾ ਮਾਲਕ ਮਿਲ ਪੈਂਦਾ ਹੈ। ਸਮੁੱਚਾ ਭਾਵ: (੧) ਇਹ ਬਹੁ-ਰੰਗੀ ਜਗਤ ਕਰਤਾਰ ਨੇ ਰਚਿਆ ਹੈ, ਤੇ ਕਰਤਾਰ ਦਾ ਰੂਪ ਹੈ। ਪਰ, ਜੀਵ ਇਸ ਦੇ ਮੋਹ ਵਿਚ ਤ੍ਰਿਸ਼ਨਾ-ਅਧੀਨ ਹੋ ਕੇ ਕਰਤਾਰ ਨੂੰ ਵਿਸਾਰ ਕੇ ਅਸਲੀਅਤ ਭੁੱਲ ਜਾਂਦਾ ਹੈ ਤੇ ਦੁਖੀ ਹੁੰਦਾ ਹੈ।(੧ ਤੋਂ ੪) (੨) ਇਸ ਤ੍ਰਿਸ਼ਨਾ ਦੇ ਭਾਂਬੜ ਤੋਂ ਬਚਣ ਲਈ ਨਾਹ ਜੰਗਲ ਵਿਚ ਡੇਰਾ, ਨਾਹ ਵਿੱਦਿਆ ਤੇ ਆਗੂ-ਪਨ, ਨਾਹ ਉੱਚੀ ਜਾਤਿ ਸਹੈਤਾ ਕਰ ਸਕਦੇ ਹਨ। ਇਸ ਬਾਗ਼-ਮਿਲਖ ਘਰ ਬਾਰ ਨੂੰ ‘ਆਪਣਾ’ ਸਮਝਣਾ ਮੂਰਖਤਾ ਹੈ, ਇਹ ‘ਅਪਣੱਤ’ ਹੀ ਮਨੁੱਖ ਨੂੰ ਪਾਗਲ ਕਰੀ ਰੱਖਦੀ ਹੈ, ਇਹ ਮਹੁਰਾ ਹੈ ਜੋ ਇਸ ਦੇ ਆਤਮਕ ਜੀਵਨ ਨੂੰ ਮਾਰਿ ਮੁਕਾਂਦਾ ਹੈ, ਕਿਉਂਕਿ ਇਸ ‘ਅਪਣੱਤ’ ਤੋਂ ਪੈਦਾ ਹੋਈਆਂ ‘ਆਸਾਂ’ ਦੇ ਕਾਰਨ ਜੀਵ ਕਰਤਾਰ-ਦਾਤਾਰ ਨੂੰ ਵਿਸਾਰ ਦੇਂਦਾ ਹੈ। (੫ ਤੋਂ ੧੧)। (੩) ਇਹ 'ਅਪਣੱਤ' ਗੁਰੂ ਦੀ ਸਰਨ ਪਿਆਂ ਮਿਟਦੀ ਹੈ; ਗੁਰੂ ਤੋਂ ‘ਨਾਮ’ ਮਿਲਦਾ ਹੈ ‘ਪ੍ਰੇਮ’ ਪ੍ਰਾਪਤ ਹੁੰਦਾ ਹੈ ਜੋ ਆਤਮਾ ਦੀ ਖ਼ੁਰਾਕ ਹੈ, ਜਿਉਂ ਜਿਉਂ ਇਹ ਆਤਮਕ ਖ਼ੁਰਾਕ ਮਿਲਦੀ ਹੈ ਤ੍ਰਿਸ਼ਨਾ ਦੀ ਅੱਗ ਬੁੱਝਦੀ ਹੈ ਮੌਤ ਦਾ ਸਹਮ ਦੂਰ ਹੁੰਦਾ ਹੈ ਤੇ ਪਰਮਾਤਮਾ ਸੱਚਾ ਸਾਥੀ ਪਰਤੀਤ ਹੋਣ ਲੱਗ ਪੈਂਦਾ ਹੈ। (੧੨ ਤੋਂ ੨੦)। (੪) ਮਨੁੱਖ ਪਿਛਲੀਆਂ ਬਣੀਆਂ 'ਵਾਦੀਆਂ' ਦੇ ਆਸਰੇ ਤੁਰਦਾ ਹੈ, ਇਹਨਾਂ ਲੀਹਾਂ ਵਿਚੋਂ ਕੋਈ ਧਾਰਮਿਕ ਭੇਖ ਜਾਂ ਪਾਠ-ਵਖਿਆਨ ਕੱਢ ਨਹੀਂ ਸਕਦੇ। ਜਦੋਂ ਗੁਰ-ਸ਼ਬਦ ਦੀ ਰਾਹੀਂ ਮਨੁੱਖ ਸਿਫ਼ਤਿ-ਸਾਲਾਹ ਵਿਚ ਲੱਗਦਾ ਹੈ ਤਾਂ ਇਸ ਦਾ ਹਿਰਦਾ ਖਿੜਨ ਲੱਗ ਪੈਂਦਾ ਹੈ, ਇਸ ਦੇ ਅੰਦਰ ਨਾਮ ਰਤਨ ਨਾਲ ਚਾਨਣ ਹੋ ਜਾਂਦਾ ਹੈ, ਤੇ ਕੋਈ ਚਿੰਤਾ ਝੋਰਾ ਜਾਂ ਮੌਤ ਦਾ ਦਰ ਇਸ ਨੂੰ ਪੋਹ ਨਹੀਂ ਸਕਦਾ। ਸੋ, ਪ੍ਰਭੂ ਦਰ ਤੋਂ ਸਿਫ਼ਤਿ-ਸਾਲਾਹ ਦੀ ਹੀ ਦਾਤਿ ਮੰਗੀਏ; ਜਿਉਂ ਜਿਉਂ ਸਿਫ਼ਤਿ-ਸਾਲਾਹ ਵਿਚ ਜੁੜੀਏ, ਇਹੀ ਜ਼ਿੰਦਗੀ ਦਾ ਆਸਰਾ ਬਣ ਜਾਂਦੀ ਹੈ, ਦੁਨੀਆ ਵਾਲੇ ਆਦਰ-ਮਾਣ ਇਸ ਦੇ ਸਾਹਮਣੇ ਤੁੱਛ ਜਾਪਦੇ ਹਨ ਕਿਉਂਕਿ ਸਿਫ਼ਤਿ ਦੀ ਰਾਹੀਂ ਸਿਫ਼ਤਾਂ ਦਾ ਮਾਲਕ ਮਿਲ ਪੈਂਦਾ ਹੈ। (੨੧ ਤੋਂ ੨੭)। ਮੁੱਖ-ਭਾਵ: ਕਰਤਾਰ ਦੇ ਰਚੇ ਬਹੁ-ਰੰਗੀ ਜਗਤ ਦੀ ਮਮਤਾ ਮਨੁੱਖ ਲਈ ਦੁੱਖਾਂ ਦਾ ਮੂਲ ਹੈ। ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆਂ ਹੀ ਇਸ ਤੋਂ ਬਚ ਸਕੀਦਾ ਹੈ; ਜੰਗਲ ਵਾਸ, ਵਿੱਦਿਆ, ਉੱਚੀ ਜਾਤਿ, ਧਾਰਮਿਕ ਭੇਖ, ਪਾਠ, ਜਾਂ ਕੋਈ ਸਿਆਣਪ ਚਤੁਰਾਈ ਇਸ ਤੋਂ ਬਚਾ ਨਹੀਂ ਸਕਦੇ। ਪ੍ਰਭੂ ਦੇ ਦਰ ਤੋਂ ਗੁਰੂ ਦੀ ਸਰਨ ਤੇ ਸਿਮਰਨ ਦੀ ਦਾਤਿ ਹੀ ਸਦਾ ਮੰਗੀਏ। ਨੋਟ: ਪਰ, ਇਸ ਦਾ ਇਹ ਭਾਵ ਨਹੀਂ ਕਿ ਇਸ ‘ਵਾਰ’ ਦੀਆਂ ‘ਪਉੜੀਆਂ ਤੇ ਸਲੋਕ’ ਗੁਰੂ ਨਾਨਕ ਦੇਵ ਨੇ ਇਕੱਠੇ ਹੀ ਉਚਾਰੇ ਸਨ। ‘ਵਾਰ’ ਸਿਰਫ਼ ‘ਪਉੜੀਆਂ’ ਦਾ ਸੰਗ੍ਰਹ ਹੈ, 'ਵਾਰ' ਦਾ ਅਸਲ ਰੂਪ ਕੇਵਲ ‘ਪਉੜੀਆਂ’ ਹਨ। ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਵੇਲੇ ਇਹ ਸਲੋਕ ਗੁਰੂ ਅਰਜਨ ਸਾਹਿਬ ਨੇ ਰਲਾ ਦਿੱਤੇ ਸਨ। ‘ਵਾਰਾ’ ਨਾਲ ਦਰਜ ਕਰਨ ਤੋਂ ਪਿਛੋਂ ਜਿਹੜੇ ਸਲੋਕ ਵਧ ਰਹੇ, ਉਹ ਉਹਨਾਂ ਅਖ਼ੀਰ ਤੇ ਇਕੱਠੇ ਲਿਖ ਦਿੱਤੇ ਤੇ ਸਿਰ-ਲੇਖ ਲਿਖਿਆ ‘ਸਲੋਕ ਵਾਰਾਂ ਤੇ ਵਧੀਕ’। ਬਣਤਰ: ਇਸ ‘ਵਾਰ’ ਦੀ ਸਾਰੀ ਬਣਤਰ ਨੂੰ ਰਤਾ ਗਹੁ ਨਾਲ ਵੇਖਿਆਂ ਹੀ ਇਹ ਗੱਲ ਸਾਫ਼ ਦਿੱਸ ਪੈਂਦੀ ਹੈ ਕਿ ਪਹਿਲਾਂ ਸਿਰਫ਼ ‘ਪਉੜੀਆਂ ਸਨ। ‘ਬਣਤਰ’ ਵਿਚ ਹੇਠ-ਲਿਖੀਆਂ ਗੱਲਾਂ ਧਿਆਨ-ਜੋਗ ਹਨ: ਕੁੱਲ ੨੭ ਪਉੜੀਆਂ ਹਨ ਤੇ ਹਰੇਕ ਪਉੜੀ ਦੀਆਂ ਅੱਠ ਅੱਠ ਤੁਕਾਂ ਹਨ। ੨੭ ਪਉੜੀਆਂ ਵਿਚੋਂ ਸਿਰਫ਼ ੧੪ ਐਸੀਆਂ ਹਨ, ਜਿਨ੍ਹਾਂ ਨਾਲ ਸਲੋਕ ਸਿਰਫ਼ ਗੁਰੂ ਨਾਨਕ ਦੇਵ ਜੀ ਦੇ ਹਨ। ਪਰ, ਇਹਨਾਂ ਸਲੋਕਾਂ ਦੀ ਗਿਣਤੀ ਹਰੇਕ ਪਉੜੀ ਨਾਲ ਇਕੋ ਜੇਹੀ ਨਹੀਂ। ੧੦ ਪਉੜੀਆਂ ਨਾਲ ਦੋ ਦੋ ਸਲੋਕ ਹਨ ਤੇ ਹੇਠ-ਲਿਖੀਆਂ ੪ ਪਉੜੀਆਂ ਦੇ ਸਲੋਕ ਇਉਂ ਹਨ: ਪਉੜੀ ਨੰ: ੧ ਨਾਲ ੩ ਸਲੋਕ ੭, ੩, ੯, ੪, ੧੩, ੭। (੪) ਪਉੜੀ ਨੰ: ੩, ੧੮, ੨੨ ਤੇ ੨੫ ਨਾਲ ਕੋਈ ਭੀ ਸਲੋਕ ਗੁਰੂ ਨਾਨਕ ਸਾਹਿਬ ਦਾ ਨਹੀਂ ਹੈ। (੫) ਬਾਕੀ ਰਹਿ ਗਈਆਂ ੯ ਪਉੜੀਆਂ; ਇਹਨਾਂ ਨਾਲ ਇਕ ਇਕ ਸਲੋਕ ਗੁਰੂ ਨਾਨਕ ਦੇਵ ਜੀ ਦਾ ਹੈ ਇਕ ਇਕ ਅਤੇ ਹੋਰ ਗੁਰ-ਵਿਅਕਤੀ ਦਾ। ਹਰੇਕ ‘ਪਉੜੀ’ ਵਿਚ ਤੁਕਾਂ ਦੀ ਗਿਣਤੀ ਇਕੋ ਜਿਹੀ ਹੋਣ ਤੋਂ ਇਹ ਗੱਲ ਸਾਫ਼ ਜਾਪਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਹ ‘ਵਾਰ’ ਲਿਖਣ ਵੇਲੇ 'ਕਵਿਤਾ' ਦੇ ਸੋਹਜ ਦਾ ਭੀ ਖ਼ਿਆਲ ਰੱਖਿਆ ਹੈ। ਪਰ ਜਿਸ ਕਵੀ-ਗੁਰੂ ਨੇ ਪਉੜੀਆਂ ਦੀ ਬਣਤਰ ਵਲ ਇਤਨਾ ਧਿਆਨ ਦਿੱਤਾ ਹੈ, ਉਸ ਸੰਬੰਧੀ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਸਲੋਕ ਲਿਖਣ ਵੇਲੇ ਕਿਤੇ ਦੋ ਦੋ ਲਿਖਦੇ, ਕਿਤੇ ੩, ਕਿਤੇ ੪, ਕਿਤੇ ੭ ਲਿਖਦੇ ਤੇ ਕਈ ਪਉੜੀਆਂ ਖ਼ਾਲੀ ਹੀ ਰਹਣ ਦੇਂਦੇ। ਅਸਲ ਗੱਲ ਇਹੀ ਹੈ ਕਿ ‘ਵਾਰ’ ਦਾ ਪਹਿਲਾ ਸਰੂਪ ਸਿਰਫ਼ ‘ਪਉੜੀਆਂ’ ਹੈ। ਸਲੋਕ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤੇ।

(22 Vaaran Steek, Principal Giani Nihal Singh Ras, 1937): ਇਹ ਵਾਰ ਮਾਝ ਰਾਗ ਵਿਚ ਹੈ, ਇਸ ਵਿਚ ਕੁਲ ੨੭ ਪਉੜੀਆਂ ਤੇ ੬੩ ਸਲੋਕ ਹਨ, ੨੭ ਪਉੜੀਆਂ ਤੇ ੪੬ ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ (ਮਹਲੇ ੧) ਦੇ ਹਨ। ੧੨ ਸਲੋਕ ਮਹਲੇ ਦੂਜੇ ਦੇ ਹਨ। ੩ ਸਲੋਕ ਮਹਲੇ ਤੀਜੇ ਦੇ ਤੇ ੨ ਸਲੋਕ ਮਹਲੇ ਚੌਥੇ ਦੇ ਹਨ। ਸਤਿਗੁਰੂ ਜੀ ਨੇ ਹੁਕਮ ਕੀਤਾ ਹੈ ਕਿ ਇਹ ਵਾਰ ਉਸ ਤਰਜ਼ ਨਾਲ ਗਾਈ ਜਾਵੇ ਜਿਸ ਤਰਜ਼ ਨਾਲ ਮਲਕ ਮੁਰੀਦ ਤੇ ਚੰਦਰਹੜਾ ਸੋਹੀਆ ਦੀ ਵਾਰ ਗਾਈ ਜਾਂਦੀ ਹੈ। ਇਸ ਵਾਰ ਦੀਆਂ ਤੁਕਾਂ ਦਾ ਨਮੂਨਾ ਹੇਠਾਂ ਦਿਤਾ ਜਾਂਦਾ ਹੈ: “ਕਾਬਲ ਵਿਚ ਮੁਰੀਦ ਨੇ ਬਹੁ ਧਾਂਙਾਂ ਪਾਈਆਂ, ਤੰਦ੍ਰਹੜਾ ਬਹੁ ਫੌਜ ਲੈ ਜਾ ਕੀਤੀਆਂ ਧਾਈਆਂ।

(SGGS Steek, Bhai Manmohan Singh, c. 1960): ਮਾਝ ਰਾਗ ਦੀ ਜੱਸਮਈ ਕਵਿਤਾ ਅਤੇ ਪਹਿਲੀ ਪਾਤਸ਼ਾਹੀ ਦੀ ਪਰਿਭਾਸ਼ਾ ॥

(SGGS Darpan, Prof. Sahib Singh, c. 1962-64): ਰਾਗ ਮਾਝ ਦੀ ਇਹ ਵਾਰ ਅਤੇ ਇਸ ਨਾਲ ਦਿੱਤੇ ਹੋਏ ਸਲੋਕ ਗੁਰੂ ਨਾਨਕ ਦੇਵ ਜੀ ਦੇ (ਉਚਾਰੇ ਹੋਏ) ਹਨ।

(S.G.P.C. Shabadarth, Bhai Manmohan Singh, c. 1962-69): ਵਾਰ ਮਾਝ ਕੀ ਤਥਾ¹ ਸਲੋਕ ਮਹਲਾ ੧ ¹ਅਤੇ।

(Arth Bodh SGGS, Dr. Rattan Singh Jaggi, c. 2007): (ਇਸ ਵਾਰ ਨੂੰ ਮਲਕ ਮੁਰੀਦ ਅਤੇ ਚੰਦ੍ਰਹੜਾ ਸੋਹੀਆ ਸੰਬੰਧੀ ਲੋਕ-ਵਾਰ ਦੀ ਧੁਨੀ ਉਤੇ ਗਾਉਣਾ ਹੈ)। 

ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥

(Faridkot Teeka, c. 1870s): ਗੁਰੂ ਅਰਜਨ ਸਾਹਿਬ ਜੀ ਨੇ ਜਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਕਰੀ ਤਬ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਰਜ ਕਰੀ ਕਿ ਹਮ ਕੋ ਬਾਣੀ ਰਚਨ ਕੀ ਕਿਆ ਆਗਿਆ ਹੈ। ਆਪਨੇ ਤੋ ਹੁਕਮ ਦੀਆ ਹੈ ਕੇ ਸ੍ਰੀ ਗ੍ਰੰਥ ਸਾਹਿਬ ਪਰ ਮੁਦਾਵਣੀ ਮੁਹਰ ਕਰੀ ਗਈ ਹੈ ਔਰ ਇਸ ਮੇਂ ਬਾਣੀ ਨ ਪਾਈ ਜਾਵੇ। ਤਬ ਸ੍ਰੀ ਗੁਰੂ ਜੀ ਨੇ ਹੁਕਮ ਦੀਆ ਤੁਮ ਨੇ ਜੰਗ ਅਖਾੜੇ ਕਰ ਕੇ ਦੁਸ਼ਟੋਂ ਕਾ ਨਾਸ਼ ਕਰਨਾਂ, ਔਰ ਧਰਮ ਸੰਬੰਧੀ ਸੂਰਮਿਆਂ ਕੀ ਵਾਰਾਂ ਸੁਨ ਕੇ ਉਨਕੀਆਂ ਧੁਨਾਂ ਵਾਰਾਂ ਮੇਂ ਰਖਣੀਆਂ। ਤਿਸ ਆਗਿਆ ਕੋ ਪ੍ਰਮਾਣ ਕਰ ਕੇ ਗੁਰੂ ਹਰਿ ਗੋਬਿੰਦ ਜੀ ਨੇ ਤਖਤ ਅਕਾਲ ਬੁੰਗੇ ਪਰ ਬੈਠ ਕਰ ਬੁਹਤ ਸੂਰਮਿਆਂ ਕੀਆਂ ਵਾਰਾਂ ਸੁਨੀਆਂ। ਤਿਨ ਮੇਂ ਸੇ ਨਉ ਧੁਨਾ ਪਸਿੰਦ ਕਰ ਕੇ ਨਉ ਵਾਰਾਂ ਮੇਂ ਰਖ ਦਈਆਂ। ਸੋ ਪ੍ਰਥਮ ਧੁਨ ਮਾਝ ਕੀ ਵਾਰ ਮੇਂ ਰਖੀ ਹੈ। ਤਿਸ ਕਾ ਏਹੁ ਬਿਰਤਾਂਤ ਹੈ: ਅਕਬਰ ਬਾਦਸ਼ਾਹ ਨੇ ਹੁਕਮ ਦੀਆ ਕਿ ਜੋ ਹਮ ਕੋ ਸੋਕ ਕੀ ਬਾਤ ਸੁਨਾਵੇਗਾ ਉਸ ਕੋ ਸਜਾ ਹੋਵੇਗੀ। ਅਕਬਰ ਕੇ ਦੋ ਸੂਬੇ ਮੁਖ੍ਯ ਥੇ। ਏਕ ਮਰੀਦ ਨਾਮ ਮਾਲਕ ਜਾਤੀ ਕਾ, (ਤਥਾ) ਤੈਸੇ ਹੀ ਚੰਦ੍ਰਹੜਾ ਨਾਮ ਸੋਹੀ ਜਾਤਾ ਕਾ ਥਾ। ਤਿਨ ਕਾ ਪਰਸਪਰ ਵਿਰੋਧ ਬਹੁਤ ਥਾ। ਏਕ ਸਮੇਂ ਕਾਬਲ ਆਕੀ ਹੂਆ, ਤਬ ਸਰਕਾਰੀ ਹੁਕਮ ਸੇ ਤਿਸ ਦੇਸ ਕੇ ਬੰਦੋਬਸਤ ਵਾਸਤੇ ਮੁਰੀਦ ਨਾਮ ਮੁਸਾਹਿਬ ਪਾਨਾ ਕਾ ਬੀੜਾ ਔਰ ਖੰਡਾ ਉਠਾਇਕੇ ਚੜ੍ਹਾ। ਊਹਾਂ ਕਾਲ ਵਿਸੇਸ ਲਗਣੇ ਸੇ ਤਿਸ ਪਰ ਚੰਦ੍ਰਹੜਾ ਨੇ ਚੁਗਲੀ ਖਾਈ ਕਿ ਊਹਾਂ ਹੀ ਹਜੂਰ ਕਾ ਅਲਾਕਾ ਦਬਾਇ ਕਰ ਬੈਠ ਗਿਆ ਹੈ। ਰਾਜਾ ਨੇ ਚੰਦ੍ਰਹੜਾ ਕੋ ਹੁਕਮ ਦੀਆ ਕਿ ਤੁਮ ਉਸ ਕੋ ਪਕੜ ਲਿਆਓਂ। ਤਬ ਚੜ੍ਹਾਈ ਕਰੀ, ਔਰ ਉਸ ਕੋ ਭੀ ਇਧਰ ਕਾ ਸਭ ਹਾਲੁ ਮਾਲੂਮ ਹੋ ਗਿਆ। ਵਹੁ ਆਗੇ ਸੇ ਲੜਨੇ ਕੋ ਤਿਆਰ ਹੂਆ। ਦੋਨੋਂ ਆਪਸ ਮੇਂ ਲੜ ਕਰ ਮ੍ਰਿਤੂ ਹੂਏ। ਔਰ ਮੁਸਾਹਿਬੋਂ ਨੇ ਵਿਚਾਰਾ ਕਿ ਏਹ ਅਤੀ ਸੋਕ ਕੀ ਖਬਰ ਹੈ, ਜੋ ਸੁਨਾਵਤੇ ਹਾਂ ਤੌ ਸਜਾਵਾਰ ਹੋਵੇਂਗੇ, ਨ ਸੁਨਾਵੇਂ ਤੋ ਜਬ ਪਾਤਸਾਹੁ ਸੁਨੇਗਾ ਤਬ ਹਮ ਕੋ ਖਰਾਬੀ ਹੋਵੇਗੀ ਕਿ ਤੁਮ ਨੇ ਕਿਉਂ ਨਹੀਂ ਖਬਰ ਦਈ। ਏਹ ਵਿਚਾਰ ਕਰ ਢਾਡੀਆਂ ਕੋ ਸਮਝਾਇ ਕਰ ਮਾਝ ਰਾਗ ਮੇਂ ਤਿਨ ਕੀ ਵਾਰ ਬਨਾਇ ਕਰ ਪਾਤਸ਼ਾਹ ਕੋ ਸੁਨਵਾਈ। ਤਬ ਉਸ ਨੇ ਜਾਨ ਲੀਆ ਕਿ ਮੇਰੇ ਦੋਨੋਂ ਮੁਸਾਹਿਬ ਮਰ ਗਏ। ਉਨ ਕੀ ਜਗਾ ਔਰ ਕੀਏ, ਵਹੁ ਧੁਨੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮਾਝ ਕੀ ਵਾਰ ਮੇਂ ਰਖਵਾਈ ਹੈ। ਧੁਨੀ ਨਾਮ ਗਾਉਣੇ ਕਾ ਵਹੀ ਪ੍ਰਕਾਰ ਰਖਾ ਹੈ, ਪਉੜੀ ਤਿਸ ਕੀ ਏਹ ਹੈ॥੧੧॥ ਪਉੜੀ॥ ਕਾਬਲ ਵਿਚਿ ਮੁਰੀਦ ਖਾਂ ਚੜਿਆ ਵਡਜੋਰ॥ ਚੰਦ੍ਰਹੜਾ ਲੈ ਫੌਜ ਕੋ ਦੜਿਆ ਵਡ ਤੌਰ॥ ਦੁਹਾਂ ਕੰਧਾਰਾਂ ਮੁਹ ਜੁੜੇ ਦੁਮਾਮੇ ਦੌਰ॥ ਸ਼ਸਤ੍ਰ ਪਜੂਤੇ ਸੂਰਿਆਂ ਸਿਰ ਬੰਧੇ ਟੌਰ॥ ਹੋਲੀ ਖੇਲੇ ਚੰਦ੍ਰਹੜਾ ਰੰਗ ਲਗੇ ਸੋਰ॥ ਦੋਵੇਂ ਤਰਫਾਂ ਜੁਟੀਆਂ ਸਰ ਵਗਨ ਕੌਰ॥ ਮੈਂ ਭੀ ਰਾਇ ਸਦਾਇਸਾਂ ਵੜਿਆ ਲਾਹੌਰ॥ ਦੋਨੋਂ ਸੂਰੇ ਸਾਮਣੇ ਜੂਝੇ ਉਸ ਠੌਰ॥ ਏਹ ਆਠ ਤੁਕ ਕੀ ਪਉੜੀ ਹੈ ਇਸ ਵਾਸਤੇ ਇਸ ਕੇ ਸਾਥ ਗੁਰੂ ਜੀ ਨੇ ਆਠ ਤੁਕ ਕੀ ਪਉੜੀ ਮੇਲੀ ਹੈ॥ ਤੂ ਕਰਤਾ ਪੁਰਖ ਅਗਮ ਹੈ ਆਪ ਸ੍ਰਿਸਟਿ ਉਪਾਤੀ॥ਪੌੜੀਆਂ ਮਈ ਛੰਦੋਂ ਕਰ ਸੂਰਮਿਆਂ ਕਾ ਜਸ ਕਥਨ ਕਰੀਏ, ਜਿਸ ਮੇਂ ਸੋ ਵਾਰ ਹੈ ਮਾਝ ਰਾਗ ਮੇਂ ਪਰਮੇਸ੍ਵਰ ਜਸ ਕਰੇਂਗੇ। ਆਦਿ ਮੇਂ ਗੁਰੋਂ ਕੀ ਉਸਤਤੀ ਰੂਪ ਮੰਗਲਾਚਰਨ ਕਰਤੇ ਹੈਂ; ਨੋਟ: ਮੁਰੀਦ ਖ਼ਾਂ ਤੇ ਚੰਦ੍ਰਹੜਾ ਦੋ ਰਾਜਪੂਤ ਸਰਦਾਰ ਹੋਏ ਹਨ ਅਕਬਰ ਦੇ ਦਰਬਾਰ ਵਿਚ; ਪਹਿਲੇ ਦੀ ਜਾਤਿ ਸੀ 'ਮਲਕ' ਦੂਜੇ ਦੀ 'ਸੋਹੀ'। ਦੋਹਾਂ ਦੀ ਆਪੋ ਵਿਚ ਲੱਗਦੀ ਸੀ। ਇਕ ਵਾਰੀ ਬਾਦਸ਼ਾਹ ਨੇ ਮੁਰੀਦ ਖ਼ਾਂ ਨੂੰ ਕਾਬਲ ਦੀ ਮੁਹਿੰਮ ਤੇ ਘੱਲਿਆ, ਉਸ ਨੇ ਵੈਰੀ ਨੂੰ ਜਿੱਤ ਤਾਂ ਲਿਆ, ਪਰ ਰਾਜ-ਪ੍ਰਬੰਧ ਵਿਚ ਕੁਝ ਦੇਰ ਲੱਗ ਗਈ। ਚੰਦ੍ਰਹੜੇ ਨੇ ਅਕਬਰ ਪਾਸ ਚੁਗ਼ਲੀ ਖਾਧੀ ਕਿ ਮੁਰੀਦ ਖ਼ਾਂ ਆਕੀ ਹੋ ਬੈਠਾ ਹੈ। ਸੋ, ਮਾਲਕ ਦੇ ਵਿਰੁਧ ਫ਼ੌਜ ਦੇ ਕੇ ਇਸ ਨੂੰ ਘੱਲਿਆ ਗਿਆ। ਦੋਵੇ ਜੰਗ ਵਿਚ ਆਪੋ ਵਿਚ ਲੜ ਕੇ ਮਾਰੇ ਗਏ। ਢਾਡੀਆਂ ਨੇ ਇਸ ਜੰਗ ਦੀ 'ਵਾਰ' ਲਿਖੀ, ਦੇਸ ਵਿਚ ਪ੍ਰਚਲਤ ਹੋਈ। ਨੋਟ: ਮੁਰੀਦ ਖ਼ਾਂ ਵਾਲੀ ਵਾਰ ਦਾ ਨਮੂਨਾ: “ਕਾਬਲ ਵਿਚ ਮੁਰੀਦ ਖ਼ਾਂ ਫੜਿਆ ਵਡ ਜੋਰ।”

(22 Vaaran Steek, Principal Giani Nihal Singh Ras, 1937): ਇਹ ਦੋਵੇਂ ਅਕਬਰ ਬਾਦਸ਼ਾਹ ਦੇ ਵੇਲੇ ਸੂਬੇਦਾਰ ਸਨ। ਜ਼ਾਤ ਦੇ ਰਾਜਪੂਤ ਸਨ ਅਤੇ ਬੜੇ ਬਹਾਦਰ ਸਨ। ਇਹ ਦੋਵੇਂ ਇਕ ਦੂਜੇ ਨਾਲ ਈਰਖਾ ਰੱਖਦੇ ਸਨ। ਇੱਕ ਵਾਰੀ ਬਾਦਸ਼ਾਹ ਨੇ ਮਲਕ ਮੁਰੀਦ ਨੂੰ ਬਹੁਤ ਸਾਰੀ ਫ਼ੌਜ ਦੇ ਕੇ ਕਾਬਲ ਦੀ ਬਗ਼ਾਵਤ ਹਟਾਵਣ ਲਈ ਭੇਜਿਆ। ਇਸ ਬਹਾਦਰ ਨੇ ਜਾਂਦਿਆਂ ਹੀ ਫਤਹ ਪਾਈ ਤੇ ਬਗਾਵਤ ਬੰਦ ਕਰ ਦਿੱਤੀ। ਅਤੇ ਆਪ ਅਲਾਕੇ ਦਾ ਪ੍ਰਬੰਧ ਕਰਨ ਲਈ ਓਥੇ ਹੀ ਰਹਿ ਪਿਆ। ਇਹ ਦੇਖਕੇ ਚੰਦ੍ਰਹੜਾ ਸੋਹੀਆ ਨੇ ਬਾਦਸ਼ਾਹ ਅਗੇ ਚੁਗਲੀ ਖਾਧੀ ਕਿ ਮਲਕ ਮੁਰੀਦ ਤੈਥੋਂ ਬਾਗ਼ੀ ਹੋ ਕੇ ਸਰਹੰਦ ਦਾ ਹਾਕਮ ਬਣ ਬੈਠਾ ਹੈ, ਉਸਦਾ ਪ੍ਰਬੰਧ ਕਰਨਾ ਚਾਹੀਦਾ ਹੈ। ਬਾਦਸ਼ਾਹ ਨੇ ਚੰਦ੍ਰਹੜਾ ਨੂੰ ਬਹੁਤ ਸਾਰੀ ਫ਼ੌਜ ਦੇਕੇ ਮਲਕ ਮੁਰੀਦ ਵੱਲ ਭੇਜਿਆ। ਦੋਵੇਂ ਬਹਾਦਰ ਫ਼ੌਜਾਂ ਨੂੰ ਪਿੱਛੇ ਹਟਾਕੇ ਇੱਕ ਦੂਜੇ ਦੇ ਸਾਹਮਣੇ ਹੋ ਕੇ ਖੂਬ ਲੜੇ। ਦੋਹਾਂ ਵਿੱਚੋਂ ਕੋਈ ਵੀ ਨਾ ਹਾਰਿਆ ਪਰ ਦੋਵੇਂ ਹੀ ਇੱਕ ਦੂਜੇ ਦੇ ਵਾਰਾਂ ਨਾਲ ਘਾਇਲ ਹੋ ਡਿੱਗੇ ਤੇ ਆਪਣੀਆਂ ਜਾਨਾਂ ਦੇ ਦਿੱਤੀਆਂ। ਢਾਡੀਆਂ ਨੇ ਇਨ੍ਹਾਂ ਬਹਾਦਰਾਂ ਦੀ ਲੜਾਈ ਦਾ ਹਾਲ ਵਾਰਾਂ ਵਿਚ ਉਚਾਰਿਆ ਹੈ ਜੋ ਬੜਾ ਦਿਲ ਖਿੱਚਵਾਂ ਤੇ ਬੀਰ ਰਸ ਨਾਲ ਭਰਪੂਰ ਹੈ।

(SGGS Steek, Bhai Manmohan Singh, c. 1960): ਮਲਕ ਮੁਰੀਦ ਅਤੇ ਚੰਦ੍ਰਹੜਾ ਸੂਹੀਆਂ ਦੀ ਸੁਰਤਾਲ ਤੇ ਗਾਇਨ ਕਰਨੀ ॥

(SGGS Darpan, Prof. Sahib Singh, c. 1962-64): ਗੁਰੂ ਅਰਜਨ ਸਾਹਿਬ ਨੇ ਉਪਰ ਲਿਖਿਆਂ ਸਿਰ-ਲੇਖ ਦੇ ਕੇ ਆਗਿਆ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਇਹ ਮਾਝ ਦੀ ਵਾਰ ਉਸ ਧੁਨੀ (ਸੁਰ) ਵਿਚ ਗਾਉਣੀ ਹੈ ਜਿਸ ਵਿਚ ਮੁਰੀਦ ਖਾਂ ਵਾਲੀ ਗਾਵੀਂ ਜਾਂਦੀ ਸੀ। ਤਥਾ = ਅਤੇ।

(S.G.P.C. Shabadarth, Bhai Manmohan Singh, c. 1962-69): ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥ ਮਲਕ ਜਾਤ ਦਾ ਮੁਰੀਦ ਖਾਂ ਅਤੇ ਸੋਹੀ ਜਾਤ ਦਾ ਚੰਦ੍ਰਹੜਾ ਅਕਬਰ ਬਾਦਸ਼ਾਹ ਦੇ ਦੋ ਵੱਡੇ ਸਰਦਾਰ ਸਨ। ਇਨ੍ਹਾਂ ਦੀ ਆਪਸ ਵਿੱਚ ਲਗਦੀ ਸੀ। ਇਕ ਵੇਰ ਸ਼ਾਹ ਨੇ ਕਾਬਲ ਦੀ ਮੁਹਿੰਮ ਤੇ ਮਲਕ ਨੂੰ ਭੇਜਿਆ, ਜਿਸ ਨੇ ਵੈਰੀ ਨੂੰ ਜਿੱਤਿਆ, ਪਰ ਅਮਨ ਦੀ ਬਹਾਲੀ ਵਿੱਚ ਕੁਝ ਦੇਰੀ ਹੋ ਗਈ। ਚੰਦ੍ਰਹੜਾ ਨੇ ਚੁਗਲੀ ਖਾਧੀ ਤੇ ਸ਼ਾਹ ਨੂੰ ਖੂ

(Arth Bodh SGGS, Dr. Rattan Singh Jaggi, c. 2007): (ਇਸ ਵਾਰ ਨੂੰ ਮਲਕ ਮੁਰੀਦ ਅਤੇ ਚੰਦ੍ਰਹੜਾ ਸੋਹੀਆ ਸੰਬੰਧੀ ਲੋਕ-ਵਾਰ ਦੀ ਧੁਨੀ ਉਤੇ ਗਾਉਣਾ ਹੈ)। 

ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

(22 Vaaran Steek, Principal Giani Nihal Singh Ras, 1937): ਉਹ ਅਕਾਲ ਪੁਰਖ ਇੱਕ ਹੈ, ਉਸ ਦਾ ਨਾਮ ਸੱਚਾ ਹੈ, ਉਹ ਪੁਰਸ਼ ਕਰਤਾ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। 

(SGGS Steek, Bhai Manmohan Singh, c. 1960): ਵਾਹਿਗੁਰੂ ਕੇਵਲ ਇਕ ਹੈ ॥ ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ ਗੁਰਾਂ ਦੀ ਮਿਹਰ ਦੁਆਰਾ ਉਹ ਪਾਇਆ ਜਾਂਦਾ ਹੈ ॥

(SGGS Darpan, Prof. Sahib Singh, c. 1962-64): ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

(S.G.P.C. Shabadarth, Bhai Manmohan Singh, c. 1962-69): ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ ਮੂਲ ਮੰਤਰ ਦਾ ਇਹ ਸੰਖੇਪ ਅੱਠ ਵਾਰੀ ਆਉਂਦਾ ਹੈ: ੧ ਵਾਰ ਇਸ ਰਾਗ ਵਿੱਚ, ੬ ਵਾਰ ਗਉੜੀ ਰਾਗ ਵਿੱਚ ਤੇ ੧ ਵਾਰ ਬਿਲਾਵਲੁ ਵਿੱਚ।

ਪਉੜੀ ॥

ਹਉ ਢਾਢੀ ਵੇਕਾਰੁ ਕਾਰੈ ਲਾਇਆ ॥

(Faridkot Teeka, c. 1870s): ਮੈਂ ਢਾਢੀ ਵੇਕਾਰ ਥਾ ਗੁਰੋਂ ਨੇ ਰਾਤ ਦਿਨ ਭਗਤੀ ਕਾਰ ਮੇਂ ਲਗਾਇਆ ਹੂੰ॥

(22 Vaaran Steek, Principal Giani Nihal Singh Ras, 1937): ਮੈਂ ਵਿਹਲਾ ਢਾਡੀ (ਜਸ ਗਾਉਣ ਵਾਲਾ) ਸਾਂ ਮੈਨੂੰ ਕੰਮ ਉਤੇ ਲਾ ਦਿਤਾ ਹੈ। 

(SGGS Steek, Bhai Manmohan Singh, c. 1960): ਮੈਂ ਨਿਕੰਮੇ ਭੱਟ ਨੂੰ ਪ੍ਰਭੂ ਨੇ ਆਪਣੀ ਸੇਵਾ ਵਿਚ ਲਾ ਲਿਆ ਹੈ ॥

(SGGS Darpan, Prof. Sahib Singh, c. 1962-64): ਮੈਂ ਵੇਹਲਾ ਸਾਂ, ਮੈਨੂੰ ਢਾਢੀ ਬਣਾ ਕੇ ਪ੍ਰਭੂ ਨੇ (ਅਸਲ) ਕੰਮ ਵਿਚ ਲਾ ਦਿੱਤਾ। ਢਾਢੀ = ‘ਵਾਰ’ ਗਾਵਣ ਵਾਲਾ। ਵੇਕਾਰੁ = ਬੇਕਾਰ, ਵੇਹਲਾ {ਨਿਰੇ ਦੁਨੀਆ ਵਾਲੇ ਕੰਮ ਅੰਤ ਨੂੰ ਕੰਮ ਨਹੀਂ ਆਉਂਦੇ ਹਨ, ਨਿਰਾ ਇਹਨਾਂ ਵਿਚ ਰੁੱਝੇ ਰਹਿਣਾ ਜੀਵਨ-ਸਫ਼ਰ ਵਿਚ ਵੇਹਲੇ ਰਹਿਣ ਦੇ ਬਰਾਬਰ ਹੈ}।

(S.G.P.C. Shabadarth, Bhai Manmohan Singh, c. 1962-69): ਹਉ ਢਾਢੀ ਵੇਕਾਰੁ ਕਾਰੈ ਲਾਇਆ ॥

(Arth Bodh SGGS, Dr. Rattan Singh Jaggi, c. 2007): (ਮੈਂ) ਵੇਹਲੇ ਢਾਢੀ ਨੂੰ (ਪਰਮਾਤਮਾ ਨੇ ਆਪਣਾ ਜਸ–ਗਾਨ ਕਰਨ ਦੇ) ਕੰਮ ਵਿਚ ਲਗਾਇਆ ਹੈ।

(Aad SGGS Darshan Nirney Steek, Giani Harbans Singh, c. 2009-11): ਬੇਕਾਰ ਢਾਢੀ ਨੂੰ (ਵਾਹਿਗੁਰੂ ਜੀ ਨੇ ਆਪਣੀ) ਕਾਰ ਵਿੱਚ ਲਾਇਆ ਹੈ।

ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥

(Faridkot Teeka, c. 1870s): ਸਦੀਵ ਕਾਲ ਪਰਮੇਸ੍ਵਰ ਨੇ (ਵਾਰ) ਜਸ ਕਾ ਕਰਣਾ, ਇਹੁ ਧੁਰੋਂ ਹੀ ਫੁਰਮਾਇਆ ਹੈ॥

(22 Vaaran Steek, Principal Giani Nihal Singh Ras, 1937): ਰਾਤ ਦਿਨ ਹੀ ਜਸ ਕਰ ਧੁਰ ਦਰਗਾਹੋਂ ਹੁਕਮ ਕਰ ਦਿਤਾ। 

(SGGS Steek, Bhai Manmohan Singh, c. 1960): ਐਨ ਆਰੰਭ ਵਿਚ ਉਸ ਨੇ ਰੈਣ ਆਪਣਾ ਜੱਸ ਗਾਇਨ ਕਰਨ ਦਾ ਹੁਕਮ ਮੈਨੂੰ ਦੇ ਦਿੱਤਾ ॥

(SGGS Darpan, Prof. Sahib Singh, c. 1962-64): ਪ੍ਰਭੂ ਨੇ ਧੁਰੋਂ ਹੁਕਮ ਦਿੱਤਾ ਕਿ ਭਾਵੇਂ ਰਾਤ ਹੋਵੇ ਭਾਵੇਂ ਦਿਨ ਜਸ ਕਰੋ। ਕੈ = ਭਾਵੈਂ। ਵਾਰ = ਜਸ ਦੀ ਬਾਣੀ।

(S.G.P.C. Shabadarth, Bhai Manmohan Singh, c. 1962-69): ਰਾਤਿ ਦਿਹੈ ਕੈ ਵਾਰ¹ ਧੁਰਹੁ ਫੁਰਮਾਇਆ ॥ ¹ਹਰੀ ਜਸ। ਹਜ਼ੂਰੋਂ ਹੁਕਮ ਹੋਇਆ ਕਿ ਰਾਤ ਦਿਨ ਜਸ ਕਰੋ।

(Arth Bodh SGGS, Dr. Rattan Singh Jaggi, c. 2007): (ਇਹ) ਧੁਰੋਂ ਫੁਰਮਾਨ (ਆਇਆ ਹੈ ਕਿ) ਰਾਤ ਦਿਨ (ਹਰਿ–ਜਸ ਦੀ) ਵਾਰ ਗਾਵਾਂ। 

(Aad SGGS Darshan Nirney Steek, Giani Harbans Singh, c. 2009-11): (ਇਹ) ਧੁਰ (ਆਰੰਭ) ਤੋਂ ਫ਼ੁਰਮਾਨ ਕੀਤਾ ਸੀ ਕਿ (ਭਾਵੇਂ) ਰਾਤ ਦਿਨ ਜਾਂ ਵਾਰ ਹੋਵੇ (ਸਦਾ ਜੱਸ ਕਰਦਾ ਰਹੀਂ)। 

ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥

(Faridkot Teeka, c. 1870s): ਢਾਢੀ ਨੂੰ ਸਚ (ਮਹਲਿ) ਸਰੂਪ ਮੇਂ ਖਸਮ ਨੇ ਬੁਲਾਇ ਲੀਆ ਹੈ, ਭਾਵ ਏਹ ਕਿ ਜਸ ਸੁਨ ਕਰ ਪ੍ਰਸਿੰਨ ਹੂਏ॥

(22 Vaaran Steek, Principal Giani Nihal Singh Ras, 1937): ਢਾਡੀ ਨੂੰ ਸਚੇ ਮਹਲ ਵਿਚ ਮਾਲਕ ਨੇ ਸੱਦ ਲਿਆ। 

(SGGS Steek, Bhai Manmohan Singh, c. 1960): ਮਾਲਕ ਨੇ ਭੱਟ ਨੂੰ ਆਪਣੇ ਸਚੇ ਦਰਬਾਰ ਅੰਦਰ ਸੱਦ ਘਲਿਆ ॥

(SGGS Darpan, Prof. Sahib Singh, c. 1962-64): ਮੈਨੂੰ ਢਾਢੀ ਨੂੰ (ਭਾਵ, ਜਦੋਂ ਮੈਂ ਉਸ ਦੀ ਸਿਫ਼ਤ-ਸਾਲਾਹ ਸਾਲਾਹ ਵਿਚ ਲੱਗਾ ਤਾਂ) ਖਸਮ ਨੇ ਆਪਣੇ ਸੱਚੇ ਮਹਲ ਵਿਚ (ਆਪਣੀ ਹਜ਼ੂਰੀ ਵਿਚ) ਸੱਦਿਆ।

(S.G.P.C. Shabadarth, Bhai Manmohan Singh, c. 1962-69): ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥

(Arth Bodh SGGS, Dr. Rattan Singh Jaggi, c. 2007): (ਜਸ–ਗਾਨ ਕਰਨ ‘ਤੇ ਮੈਨੂੰ) ਢਾਢੀ ਨੂੰ ਪ੍ਰਭੂ ਨੇ ਆਪਣੇ ਮਹਲ (ਭਾਵ ਆਪਣੀ ਹਜ਼ੂਰੀ ਵਿਚ) ਬੁਲਾ ਲਿਆ ਹੈ

(Aad SGGS Darshan Nirney Steek, Giani Harbans Singh, c. 2009-11): (ਜਦੋਂ ਮੈਂ ਇਹ ਕਾਰ ਕੀਤੀ ਤਾਂ) ਸੱਚੇ ਮਾਲਕ ਨੇ ਢਾਢੀ ਨੂੰ ਆਪਣੇ ਮਹਲ ਵਿੱਚ ਬੁਲਾਇਆ। 

ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥

(Faridkot Teeka, c. 1870s): ਸਚੀ ਜੋ ਪਰਮੇਸ੍ਵਰ ਕੀ ਸਿਫਤ ਹੈ ਤਿਸ ਕਾ ਸਲਾਹੁਣਾ ਰੂਪ ਬਸਤ੍ਰ ਮੈਂ ਢਾਢੀ ਨੇ ਪਾ ਲੀਆ ਹੈ॥

(22 Vaaran Steek, Principal Giani Nihal Singh Ras, 1937): ਸੱਚੀ ਸਿਫਤ ਤੇ ਵਡਿਆਈ ਦਾ ਕੱਪੜਾ (ਸਿਰੇ ਪਾ) ਪਾ ਦਿਤਾ। 

(SGGS Steek, Bhai Manmohan Singh, c. 1960): ਉਸ ਨੇ ਆਪਣੀ ਸੱਚੀ ਕੀਰਤੀ ਤੇ ਜੱਸ ਦੀ ਪੁਸ਼ਾਕ ਮੈਨੂੰ ਪਹਿਰ ਦਿੱਤੀ ॥

(SGGS Darpan, Prof. Sahib Singh, c. 1962-64): (ਉਸ ਨੇ) ਸੱਚੀ ਸਿਫ਼ਤ-ਸਾਲਾਹ-ਰੂਪ ਮੈਨੂੰ ਸਿਰੋਪਾਉ ਦਿੱਤਾ। ਕਪੜਾ = ਸਿਰੋਪਾਉ।

(S.G.P.C. Shabadarth, Bhai Manmohan Singh, c. 1962-69): ਸਚੀ ਸਿਫਤਿ ਸਾਲਾਹ ਕਪੜਾ¹ ਪਾਇਆ ॥ ¹ਸਰੋਪਾ।

(Arth Bodh SGGS, Dr. Rattan Singh Jaggi, c. 2007): ਅਤੇ ਸੱਚੀ ਸਿਫ਼ਤ ਅਤੇ ਸਰਾਹਨਾ ਦਾ ਸਰੋਪਾ (ਕਪੜਾ) ਪ੍ਰਦਾਨ ਕੀਤਾ ਹੈ।

(Aad SGGS Darshan Nirney Steek, Giani Harbans Singh, c. 2009-11): (ਉਥੇ ਪਹੁੰਚਣ ਤੇ ਸਾਈ ਨੇ ਮੈਨੂੰ) ਸੱਚੀ ਸਿਫਤਿ ਦਾ ਸਿਰੋਪਾ ਪਾ ਦਿੱਤਾ। 

ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥

(Faridkot Teeka, c. 1870s): ਔਰ ਸਚ ਨਾਮ ਜਪਣ ਰੂਪ ਅੰਮ੍ਰਿਤ ਭੋਜਨੁ ਆਇਆ ਹੈ॥

(22 Vaaran Steek, Principal Giani Nihal Singh Ras, 1937): ਸੱਚਾ ਨਾਮ ਰੂਪੀ ਅੰਮ੍ਰਿਤ ਖਾਣ ਵਾਸਤੇ ਆਇਆ। 

(SGGS Steek, Bhai Manmohan Singh, c. 1960): ਤਦ ਤੋਂ ਸਤਿਨਾਮ ਮੇਰਾ ਸੁਧ ਸਰੂਪ ਖਾਣਾ ਬਣ ਗਿਆ ਹੈ ॥

(SGGS Darpan, Prof. Sahib Singh, c. 1962-64): ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦੇਣ ਵਾਲਾ ਨਾਮ (ਮੇਰੇ ਆਤਮਾ ਦੇ ਆਧਾਰ ਲਈ ਮੈਨੂੰ) ਭੋਜਨ (ਉਸ ਪਾਸੋਂ) ਮਿਲਿਆ।

(S.G.P.C. Shabadarth, Bhai Manmohan Singh, c. 1962-69): ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥

(Arth Bodh SGGS, Dr. Rattan Singh Jaggi, c. 2007): (ਫਿਰ) ਸੱਚੇ ਨਾਮ ਦਾ ਅੰਮ੍ਰਿਤ ਰੂਪ ਭੋਜਨ ਆਇਆ ਹੈ।

(Aad SGGS Darshan Nirney Steek, Giani Harbans Singh, c. 2009-11): ਫਿਰ ਸੱਚਾ ਅੰਮ੍ਰਿਤ ਨਾਮ ਰੂਪੀ ਭੋਜਨ (ਖਾਣ ਲਈ) ਆਇਆ। 

ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥

(Faridkot Teeka, c. 1870s): ਮੈਨੇ ਗੁਰੋਂ ਕੀ ਸਿਖ੍ਯਾ ਲੇ ਕਰ ਖਾਧਾ ਅਰਥਾਤ ਜਪਿਆ ਹੈ ਤਿਸ ਕਰ ਤ੍ਰਿਪਤਿ ਹੋ ਕਰ ਸੁਖ ਪਾਇਆ ਹੈ॥

(22 Vaaran Steek, Principal Giani Nihal Singh Ras, 1937): (ਜਿਨ੍ਹਾਂ) ਗੁਰੂ ਦੀ ਮੱਤ ਲੈਕੇ ਰੱਜ ਕੇ ਖਾਧਾ ਉਨ੍ਹਾਂ ਨੇ ਸੁਖ ਪਾ ਲਿਆ। 

(SGGS Steek, Bhai Manmohan Singh, c. 1960): ਜੋ ਗੁਰਾਂ ਦੇ ਉਪਦੇਸ਼ ਤਾਬੇ, ਇਸ ਖਾਣੇ ਨੂੰ ਰੱਜ ਕੇ ਛਕਦੇ ਹਨ ਉਹ ਆਰਾਮ ਪਾਉਂਦੇ ਹਨ ॥

(SGGS Darpan, Prof. Sahib Singh, c. 1962-64): ਜਿਸ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ 'ਅੰਮ੍ਰਿਤ ਨਾਮੁ ਭੋਜਨ) ਰੱਜ ਕੇ ਖਾਧਾ ਹੈ ਉਸ ਨੇ ਸੁਖ ਪਾਇਆ ਹੈ।

(S.G.P.C. Shabadarth, Bhai Manmohan Singh, c. 1962-69): ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥

(Arth Bodh SGGS, Dr. Rattan Singh Jaggi, c. 2007): (ਜਿਨ੍ਹਾਂ ਨੇ) ਗੁਰੂ ਦੀ ਮਤਿ ਦੁਆਰਾ (ਨਾਮ ਰੂਪ ਭੋਜਨ) ਰਜ ਕੇ ਖਾਇਆ ਹੈ, ਉਨ੍ਹਾਂ ਨੇ ਪ੍ਰਗਟ ਕੀਤਾ ਹੈ।

(Aad SGGS Darshan Nirney Steek, Giani Harbans Singh, c. 2009-11): (ਜਿਨ੍ਹਾਂ ਨੇ) ਗੁਰਮਤਿ ਦੁਆਰਾ (ਇਸ ਭੋਜਨ ਨੂੰ) ਰੱਜ ਕੇ ਖਾਧਾ ਉਨ੍ਹਾਂ ਨੇ (ਸੱਚਾ) ਸੁੱਖ ਪ੍ਰਾਪਤ ਕੀਤਾ।

ਢਾਢੀ ਕਰੇ ਪਸਾਉ ਸਬਦੁ ਵਜਾਇਆ ॥

(Faridkot Teeka, c. 1870s): ਮੈਂ ਢਾਢੀ ਨੇ ਉਪਦੇਸ਼ ਕੋ (ਵਜਾਇਆ) ਜਪਯਾ ਹੈ ਪੁਨਾ ਦਾਤ ਕਰਤਾ ਹੂੰ॥

(22 Vaaran Steek, Principal Giani Nihal Singh Ras, 1937): ਢਾਡੀ ਉਸਦਾ ਜਸ ਸ਼ਬਦ ਦਵਾਰਾ ਕਰਦਾ ਹੈ। 

(SGGS Steek, Bhai Manmohan Singh, c. 1960): ਗੁਰਬਾਣੀ ਗਾਇਨ ਕਰਨ ਦੁਆਰਾ, ਮੈਂ ਜੱਸ ਗਾਉਣ ਵਾਲਾ ਸਾਹਿਬ ਦੀ ਵਡਿਆਈ ਵਿਸਤਾਰਦਾ ਹਾਂ ॥

(SGGS Darpan, Prof. Sahib Singh, c. 1962-64): ਮੈਂ ਢਾਢੀ (ਭੀ ਜਿਉਂ ਜਿਉਂ) ਸਿਫ਼ਤ-ਸਾਲਾਹ ਦਾ ਗੀਤ ਗਾਉਂਦਾ ਹਾਂ, ਪ੍ਰਭੂ-ਦਰ ਤੋਂ ਮਿਲੇ ਇਸ ਨਾਮ-ਪ੍ਰਸ਼ਾਦ ਨੂੰ ਛਕਦਾ ਹਾਂ (ਭਾਵ, ਨਾਮ ਦਾ ਆਨੰਦ ਮਾਣਦਾ ਹਾਂ)। ਪਸਾਉ = {ਸੰ: ਪ੍ਰਸਾਦੁ} ਖਾਣ ਵਾਲੀ ਉਹ ਚੀਜ਼ ਜੋ ਆਪਣੇ ਇਸ਼ਟ ਦੇ ਦਰ ਤੇ ਪਹਿਲਾਂ ਭੇਟ ਕੀਤੀ ਜਾਏ ਤੇ ਫਿਰ ਓਥੋਂ ਦਰ ਤੇ ਗਏ ਬੰਦਿਆਂ ਨੂੰ ਮਿਲੇ, ਜਿਵੇਂ ਕੜਾਹ ਪ੍ਰਸ਼ਾਦ, ਗੁਰੂ-ਦਰ ਤੋਂ ਮਿਲਿਆ ਪਦਾਰਥ, ਪ੍ਰਭੂ-ਦਰ ਤੋਂ ਮਿਲੀ ਦਾਤਿ। ਪਸਾਉ ਕਰੇ = ਪ੍ਰਭੂ-ਦਰ ਤੋਂ ਮਿਲਿਆ ਭੋਜਨ ਪਾਂਦਾ ਹੈ ਛਕਦਾ ਹੈ। ਵਜਾਇਆ = ਗਾਂਵਿਆ।

(S.G.P.C. Shabadarth, Bhai Manmohan Singh, c. 1962-69): ਢਾਢੀ ਕਰੇ ਪਸਾਉ¹ ਸਬਦੁ ਵਜਾਇਆ ॥ ¹ਫੈਲਾਉ, ਪਰਚਾਰ। ਸ਼ਬਦ ਨੁੰ ਪਰਗਟ ਕਰ ਕੇ ਥਾਂ-ਥਾਂ ਵੰਡਿਆ ਹੈ।

(Arth Bodh SGGS, Dr. Rattan Singh Jaggi, c. 2007): ਮੈਂ ਢਾਢੀ (ਨਾਮ ਦਾ) ਪ੍ਰਚਾਰ–ਵਿਸਤਾਰ (ਪਸਾਉ) ਕਰਦਾ ਹੋਇਆ ਸ਼ਬਦ ਨੂੰ ਪ੍ਰਗਟ (ਵਜਾਇਆ) ਕਰਦਾ ਹਾਂ।

(Aad SGGS Darshan Nirney Steek, Giani Harbans Singh, c. 2009-11): ਢਾਢੀ (ਨਾਮ ਦਾ) ਪ੍ਰਤਾਰ–ਪਰਸਾਰ ਕਰ ਰਿਹਾ ਹੈ (ਅਤੇ) ਸ਼ਬਦ ਨੂੰ ਪ੍ਰਗਟ ਕਰ ਰਿਹਾ ਹੈ

ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥੨੭॥ ਸੁਧੁ

(Faridkot Teeka, c. 1870s): ਸ੍ਰੀ ਗੁਰੂ ਜੀ ਕਹਤੇ ਹੈਂ: ਸਚ ਰੂਪ ਕੋ ਸਲਾਹ ਕਰ ਬ੍ਰਹਮ ਕੋ ਮੈਂਨੇ ਪਾਇਆ ਹੈ॥ (ਸੁਧੁ) ਕੀਚੇ ਸਿਧਾਂਤ ਕੀ ਸਮਝ ਕਰਨੀ ਵਾ ਸੋਧੀ ਹੋਈ ਵਾਰ ਹੈ॥ ਏਕ ਦਾਸ ਨੇ ਪ੍ਰਸ਼ਨੁ ਕੀਆ ਸੰਸਾਰ ਸੈ ਉਧਾਰਨ ਕਾ ਕੌਨੁ ਕਰਮੁ ਹੈ? ਤਿਸ ਪਰ ਕਹਤੇ ਹੈਂ:

(22 Vaaran Steek, Principal Giani Nihal Singh Ras, 1937): ਸਤਿਗੁਰੂ ਜੀ ਕਹਿੰਦੇ ਹਨ ਕਿ ਸਤਿਨਾਮ ਦੀ ਵਡਿਆਈ ਕਰਨ ਨਾਲ ਪੂਰਾ ਅਕਾਲ ਪੁਰਖ ਪਾ ਲਈਦਾ ਹੈ ॥ਸੁੱਧ॥

(SGGS Steek, Bhai Manmohan Singh, c. 1960): ਨਾਨਕ, ਸਚੇ ਨਾਮ ਦੀ ਉਸਤਤੀ ਕਰਨ ਦੁਆਰਾ ਮੈਂ ਮੁਕੰਮਲ ਮਾਲਕ ਨੂੰ ਪਰਾਪਤ ਕਰ ਲਿਆ ਹੈ ॥

(SGGS Darpan, Prof. Sahib Singh, c. 1962-64): ਹੇ ਨਾਨਕ! ਸੱਚੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਉਸ ਪੂਰਨ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ॥੨੭॥ ਸੁਧੁ।

(S.G.P.C. Shabadarth, Bhai Manmohan Singh, c. 1962-69): ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥੨੭॥ ਸੁਧੁ¹ ¹ਦੇਖੋ ਪੰਨਾ ੯੧, ਫੁਟ ਨੋਟ।

(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਸਤਿਸਰੂਪ ਪ੍ਰਭੂ ਦੀ ਉਸਤਤ ਕਰਕੇ (ਮੈਂ) ਪੂਰਿਪੂਰਣ (ਪ੍ਰਭੂ) ਨੂੰ ਪ੍ਰਾਪਤ ਕਰ ਲਿਆ ਹੈ ।੨੭।ਸੁਧੁ।

(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਮੈਂ) ਸੱਚ ਰੂਪ (ਨਾਮ) ਨੂੰ ਸਲਾਹ ਕੇ ਪੂਰਾ (ਪ੍ਰਭੂ) ਪਾ ਲਿਆ ਹੈ ।੨੭।ਸੁਧੁ।