ਪਿਛਲ ਰਾਤੀ ਜਾਗਣਾ ਨਾਮੁ ਦਾਨ ਇਸਨਾਨੁ ਦ੍ਰਿੜਾਏ।
(Vaaran Bhai Gurdas Steek, Giani Hazara Singh & Bhai Sahib Veer Singh, c. 1911): ੧. ਪਹਿਰ ਰਾਤ ਰਹਿਂਦੀ ਜਾਗਣਾ ਕਰੇ, ਨਾਮ, ਦਾਨ, ਇਸ਼ਨਾਨ ਦਾ ਅੱਭ੍ਯਾਸ ਕਰੇ। ਪਿਛਲ ਰਾਤੀ = ਪਹਿਰ ਰਾਤ ਰਹੀ।
(Vaaran Bhai Gurdas Ji Steek, Giani Harbans Singh, 2004): ੧. ਸਿੱਖ ਅੰਮ੍ਰਿਤ ਵੇਲੇ ਜਾਗੇ; ਨਹੀਂ, ਪਰ ਸਾਰੇ ਸੁਆਦ ਨਾਮ, ਦਾਨਾ ਤੇ ਇਸ਼ਨਾਨ ਨੂੰ ਦ੍ਰਿੜ੍ਹ ਕਰੇ (ਭਾਵ ਅਭਿਆਸ ਕਰੇ)।
(Vaaran Bhai Gurdas Ji Steek, Giani Mani Singh, c. 1998, 3rd Ed: 2011): ਅਰਥ: ਪ੍ਰ: ਭਾਈ ਸਾਹਿਬ ਜੀਉ! ਜਦੋਂ ਭੀ ਕੋਈ ਮਨੁੱਖ ਸਿੱਖੀ ਦੀ ਸਹੀ ਲਿਸਟ ਵਿਚ ਦਾਖ਼ਲ ਹੋ ਜਾਏ, ਕੀ ਦੱਸਣ ਦੀ ਕ੍ਰਿਪਾ ਕਰੋਗੇ ਕਿ ਉਸ ਸਿੱਖ ਦੀ ਕਿਰਤ ਗੁਰਮਤ ਅਨੁਸਾਰ ਕਿਵੇਂ ਹੈ? ਉ: ਹੇ ਭਾਈਓ! ਮੈਨੂੰ ਤਾਂ ਗੁਰਬਾਣੀ ਅਨੁਸਾਰ ਸਿੱਖ ਦੀ ਹਰ ਰੋਜ਼ ਦੀ ਕਰਮ ਕਿਰਤ ਇਉਂ ਹੀ ਪੜ੍ਹਨ ਵਿਚ ਆਈ ਹੈ, ਜਿਵੇਂ ਕਿ ਫ਼ੁਰਮਾਨ ਹੈ ਕਿ: ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ (ਜਪੁਜੀ, ਪੰਨਾ ੨)। ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥ ਮਤਿ ਹੋਦੀ ਹੋਇ ਇਆਣਾ ॥ ਤਾਣ ਹੋਦੇ ਹੋਇ ਨਿਤਾਣਾ ॥ (ਪੰਨਾ ੧੩੮੪)। ਸੇਵ ਕੀਤੀ ਸੰਤੋਖੀਈਂ ਜਿਨੑੀ ਸਚੋ ਸਚੁ ਧਿਆਇਆ ॥ ਓਨੑੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ ਓਨੑੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥ (ਪਉੜੀ, ਪੰਨਾ ੪੬੬)। ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ (ਸਲੋਕ ਮ: ੧, ਪੰਨਾ ੧੨੪੫)। ਗੁਰਮੁਖਿ ਨਾਮੁ ਦਾਨੁ ਇਸਨਾਨੁ ॥ ਗੁਰਮੁਖਿ ਲਾਗੈ ਸਹਜਿ ਧਿਆਨੁ ॥ ਗੁਰਮੁਖਿ ਪਾਵੈ ਦਰਗਹ ਮਾਨੁ ॥ (ਸਿਧ ਗੋਸਟਿ, ਪੰਨਾ ੯੪੨)। ਬਾਬਾ ਬੋਲਨਾ ਕਿਆ ਕਹੀਐ ॥ ਜੈਸੇ ਰਾਮ ਨਾਮ ਰਵਿ ਰਹੀਐ ॥੧॥ ਰਹਾਉ ॥ ਸੰਤਨ ਸਿਉ ਬੋਲੇ ਉਪਕਾਰੀ ॥ ਮੂਰਖ ਸਿਉ ਬੋਲੇ ਝਖ ਮਾਰੀ ॥੨॥ ਬੋਲਤ ਬੋਲਤ ਬਢਹਿ ਬਿਕਾਰਾ ॥ ਬਿਨੁ ਬੋਲੇ ਕਿਆ ਕਰਹਿ ਬੀਚਾਰਾ ॥੩॥ ਕਹੁ ਕਬੀਰ ਛੂਛਾ ਘਟੁ ਬੋਲੈ ॥ ਭਰਿਆ ਹੋਇ ਸੁ ਕਬਹੁ ਨ ਡੋਲੈ ॥੪॥੧॥ (ਗੋਂਡ ਭਗਤ ਕਬੀਰ ਜੀ, ਪੰਨਾ ੮੭੦)। ਇਸ ਤਰ੍ਹਾਂ ਗੁਰਸਿਖ ਦੀ ਰਹਿਣੀ, ਕਹਿਣੀ ਅਤੇ ਸਹਿਣੀ ਦੇ ਸੰਬੰਧ ਵਿਚ ਗੁਰਬਾਣੀ ਨੇ ਕਈ ਥਾਵਾਂ ‘ਤੇ ਉਨ੍ਹਾਂ ਦੀ ਨਿੱਤ ਦੀ ਧਾਰਨਾ ਬਾਰੇ ਸੰਕੇਤ ਦਰਸਾਏ ਹਨ, ਜਿਸ ਉਪਦੇਸ਼ ਨੂੰ ਸਿੱਖ ਮੁਖ ਰਖ ਕੇ ਗੁਰੂ ਦੀ ਆਗਿਆ ਅਨੁਸਾਰ ਸਦੀਵੀ ਜੀਵਨ ਗੁਜ਼ਾਰਦਾ ਹੈ। ਸੋ, ਮੈਂ ਭੀ ਗੁਰਬਾਣੀ ਤੋਂ ਪ੍ਰੇਰਨਾ ਲੈ ਕੇ ਇਸ ਪਉੜੀ ਵਿਚ ਸਿੱਖ ਦੀ ਰਹਿਤ ਸੰਬੰਧੀ ਤੁੱਛ ਵੀਚਾਰ ਅੰਕਤ ਕੀਤੇ ਹਨ ਕਿ ਸਿੱਖ ਹਮੇਸ਼ਾ ਕੀ ਕਰੇ: (੧) (ਗੁਰੂ ਦੀ ਆਗਿਆ ਅਨੁਸਾਰ) ਸਿੱਖ ਅੰਮ੍ਰਿਤ ਵੇਲੇ ਜਾਗੇ, ਨਾਮ ਦਾਨ ਤੇ ਇਸ਼ਨਾਨ ਨੂੰ ਦ੍ਰਿੜ੍ਹ ਕਰੇ (ਭਾਵ ਅਭਿਆਸ ਕਰੇ)।
(Sampradai Teeka, Sant Hari Singh Randhawa Damdami Taksal, c. 2022): ਗੁਰਮੁਖ ਪਿਛਲ = ਪਿਛਲੀ ਰਾਤੀ = ਰਾਤ ਭਾਵ ਪਹਿਰ ਰਾਤ ਰਹਿੰਦੀ (ਅੰਮ੍ਰਿਤ ਵੇਲੇ) ਜਾਗਣਾ = ਜਾਗ ਕੇ ਨਾਮ ਦਾ ਜਾਪ, ਦਾਨ ਤੇ ਇਸ਼ਨਾਨ ਕਰੇ ਤੇ ਇਹ ਸਾਰੇ ਨਿਯਮ ਸਤਿਗੁਰੂ ਜੀ ਦੇ ਦੱਸੇ ਹੋਏ ਆਪਣੇ ਜੀਵਨ ਵਿਚ ਦ੍ਰਿੜਾਏ = ਪੱਕੇ ਕਰੇ।
ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇ ਕੈ ਭਲਾ ਮਨਾਏ।
(Vaaran Bhai Gurdas Steek, Giani Hazara Singh & Bhai Sahib Veer Singh, c. 1911): ੨. ਕੋਮਲ ਵਾਕ ਬੋਲੇ, ਨਿੰਮ੍ਰੀ ਭੂਤ ਹੋਕੇ ਚਲੇ, ਹਥੋਂ ਦੇ ਕੇ ਭਲਾ ਮਨਾਵੇ, (ਭਾਵ ਹਸਾਨ ਨਾ ਕਰੇ, ਲੈਣ ਵਾਲੇ ਦਾ ਹਸਾਨ ਜਾਣੇ)। ਮਿਠਾ = ਕੋਮਲ ਬਚਨ।
(Vaaran Bhai Gurdas Ji Steek, Giani Harbans Singh, 2004): ੨. ਮਿੱਠੇ ਬਚਨ ਬੋਲੇ, ਨਿਮ੍ਰਤਾ ਵਿਚ ਚੱਲੇ ਤੇ (ਆਪਣੀ ਕਮਾਈ ਵਿਚੋਂ) ਹੱਥੋਂ ਦੇ ਕੇ (ਦਾਨ ਕਰਕੇ) ਭਲਾ ਮਨਾਏ।
(Vaaran Bhai Gurdas Ji Steek, Giani Mani Singh, c. 1998, 3rd Ed: 2011): (੨) ਮਿੱਠਾ ਬਚਨ ਬੋਲੇ, ਨਿੰਮ੍ਰਤਾ ਵਿਚ ਚੱਲੇ ਤੇ (ਆਪਣੀ ਕਮਾਈ ਵਿਚੋਂ) ਹੱਥੋਂ ਦੇ ਕੇ (ਦਾਨ ਕਰਕੇ) ਭਲਾ ਮਨਾਏ।
(Sampradai Teeka, Sant Hari Singh Randhawa Damdami Taksal, c. 2022): ਗੁਰਮੁਖ ਮਿੱਠਾ ਬੋਲਣੁ = ਬੋਲੇ, ਨਿਵ = ਨੀਵੇਂ ਭਾਵ ਨਿਮਰਤਾ ਨਾਲ ਜੀਵਨ ਵਿਚ ਚਲਣੁ = ਚੱਲੇ ਅਤੇ ਲੋੜਵੰਦਾਂ ਨੂੰ ਹਥਹੁ = ਹੱਥੋਂ ਦੇ ਕੈ = ਕੇ ਭਲਾ ਮਨਾਵੇ।
ਥੋੜਾ ਸਵਣਾ ਖਾਵਣਾ ਥੋੜਾ ਬੋਲਨੁ ਗੁਰਮਤਿ ਪਾਏ।
(Vaaran Bhai Gurdas Steek, Giani Hazara Singh & Bhai Sahib Veer Singh, c. 1911): ੩. ਸਵਣਾ, ਖਾਣਾ, ਬੋਲਨਾ ਥੋੜਾ ਕਰੇ ਅਰ ਗੁਰੂ ਦੀ ਮਤ (ਸਿਖਿਆ) ਗ੍ਰਹਿਣ ਕਰੇ। ਗੁਰਮਤਿ = ਗੁਰਸਿੱਖਯਾ।
(Vaaran Bhai Gurdas Ji Steek, Giani Harbans Singh, 2004): ੩. ਥੋੜ੍ਹਾ ਸੋਵੇਂ, ਥੋੜ੍ਹਾ ਖਾਏ, ਥੋੜ੍ਹਾ ਹੀ ਬੋਲੇ ਤੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰੇ।
(Vaaran Bhai Gurdas Ji Steek, Giani Mani Singh, c. 1998, 3rd Ed: 2011): (੩) ਥੋੜਾ ਸੌਂਵੇਂ, ਥੋੜਾ ਖਾਏ, ਥੋੜਾ ਹੀ ਬੋਲੇ ਤੇ ਗੁਰੂ ਦੀ ਸਿਖਿਆ ਨੂੰ ਗ੍ਰਹਿਣ ਕਰੇ।
(Sampradai Teeka, Sant Hari Singh Randhawa Damdami Taksal, c. 2022): ਗੁਰਮੁਖ ਥੋੜ੍ਹਾ ਸਵਣਾ = ਸੌਂਵੇਂ, ਥੋੜ੍ਹਾ ਖਾਵਣਾ = ਖਾਵੇ ਤੇ ਥੋੜ੍ਹਾ ਹੀ ਬੋਲਨੁ = ਬੋਲੇ ਅਤੇ ਗੁਰਮਤਿ = ਗੁਰੂ ਦੀ ਸਿੱਖਿਆ ਨੂੰ ਪਾਏ ਭਾਵ ਪ੍ਰਾਪਤ ਕਰੇ।
ਘਾਲਿ ਖਾਇ ਸੁਕ੍ਰਿਤੁ ਕਰੈ ਵਡਾ ਹੋਇ ਨ ਆਪੁ ਗਣਾਏ।
(Vaaran Bhai Gurdas Steek, Giani Hazara Singh & Bhai Sahib Veer Singh, c. 1911): ੪. ਕਮਾਈ (ਦਸਾਂ ਨੌਹਾਂ ਦੀ ਕਰਕੇ) ਖਾਵੇ, (‘ਸੁਕ੍ਰਿਤ ਕਰੇ’) ਭਲੇ ਕੰਮ ਕਰੇ (ਦਸਵੰਧ ਆਦਿਕ ਦਾਨ ਕਰੇ) ਪਰ ਵੱਡਾ (ਦਾਨੀ) ਬਣਕੱ ਆਪਣਾ ਆਪ ਨਾ ਗਿਣਾਵੇ (ਇਹ ਯਾਦ ਰਖੇ) “ਤੇਰਾ ਤੁਝ ਕਉ ਸਉਪਤੇ ਕਿਆ ਲਾਗੇ ਮੇਰਾ” (ਸ: ਕਬੀ-੨੦੩) ਜੇਕਰ ਮਾਲੀ ਮਾਲਕ ਦੇ ਬਾਗ਼ ਵਿਚੋਂ ਇਕ ਡਾਲੀ ਮਾਲਕ ਨੂੰ ਦੇਵੇ ਤਾਂ ਮਾਲੀ ਦੀ ਕੀ ਹਿੰਗ ਫਟਕਣੀ ਖਰਚ ਹੁੰਦੀ ਹੈ)। ਘਾਲਿ = ਕਮਾਈ।
(Vaaran Bhai Gurdas Ji Steek, Giani Harbans Singh, 2004): ੪. ਧਰਮ ਦੀ ਕਿਰਤ ਕਰਕੇ ਖਾਏ, ਚੰਗੇ ਕੰਮ ਕਰੇ ਤੇ ਵੱਡਾ ਹੋ ਕੇ ਵੀ ਆਪਣੇ ਆਪ ਨੂੰ ਨਾ ਜਣਾਏ (ਭਾਵ ਹਉਮੈ ਨਾ ਕਰੇ)।
(Vaaran Bhai Gurdas Ji Steek, Giani Mani Singh, c. 1998, 3rd Ed: 2011): (੪) ਧਰਮ ਦੀ ਕਿਰਤ ਕਰਕੇ ਖਾਏ, ਚੰਗੇ ਕਰਮ ਕਰੇ ਤੇ ਵੱਡਾ ਹੋ ਕੇ ਵੀ ਆਪਣੇ ਆਪ ਨੂੰ ਨਾ ਜਣਾਏ (ਭਾਵ ਹਉਮੈ ਨਾ ਕਰੇ)।
(Sampradai Teeka, Sant Hari Singh Randhawa Damdami Taksal, c. 2022): ਗੁਰਮੁਖ ਦਸਾਂ ਨਹੁੰਆਂ ਦੀ ਘਾਲਿ = ਕਮਾਈ ਕਰ ਕੇ ਖਾਇ = ਖਾਵੇ, ਸੁਕ੍ਰਿਤੁ = ਚੰਗੇ ਕਰਮ ਕਰੈ = ਕਰੇ ਅਤੇ ਵਡਾ ਹੋਇ = ਹੋ ਕੇ ਕਦੇ ਵੀ ਆਪਣਾ ਆਪ ਨਾ ਗਣਾਵੇ।
ਸਾਧ ਸੰਗਤਿ ਮਿਲਿ ਗਾਵਦੇ ਰਾਤਿ ਦਿਹੈ ਨਿਤ ਚਲਿ ਚਲਿ ਜਾਏ।
(Vaaran Bhai Gurdas Steek, Giani Hazara Singh & Bhai Sahib Veer Singh, c. 1911): ੫. ਜਿਥੇ ਸਾਧ ਸੰਗਤ ਮਿਲਕੇ ਕਥਾ ਕੀਰਤਨ ਕਰਨ ਰਾਤ ਦਿਨ ਨਿਤ ਤੁਰਕੇ ਜਾਵੇ (ਭਾਵ ਰਾਤ ਹੋਵੇ ਤਾਂ ਆਲਸ ਕਰਕੇ ਘੁਰਾੜੇ ਨਾ ਮਾਰੇ), (ਉਥੇ ਜਾਕੇ ਕੀ ਕਰੇ?)।
(Vaaran Bhai Gurdas Ji Steek, Giani Harbans Singh, 2004): ੫. ਜਿਥੇ ਸਾਧ ਸੰਗਤ ਹੋਵੇ, ਉਥੇ ਮਿਲ ਕੇ ਕੀਰਤਨ ਕਰੇ ਤੇ ਦਿਨੇ-ਰਾਤ ਸਤਸੰਗ ਕਰਨ ਲਈ ਚੱਲ ਕੇ ਜਾਵੇ।
(Vaaran Bhai Gurdas Ji Steek, Giani Mani Singh, c. 1998, 3rd Ed: 2011): (੫) ਜਿਥੇ ਸਾਧ ਸੰਗਤ ਹੋਵੇ, ਉਥੇ ਮਿਲ ਕੇ ਕੀਰਤਨ ਕਰੇ ਤੇ ਦਿਨੇ ਰਾਤ ਸਤਿਸੰਗਤ ਕਰਨ ਲਈ ਚੱਲ ਕੇ ਜਾਵੇ।
(Sampradai Teeka, Sant Hari Singh Randhawa Damdami Taksal, c. 2022): ਗੁਰਮੁਖ ਸਾਧਸੰਗਤ ਵਿਚ ਮਿਲ ਕੇ ਗੁਰੂ ਦੇ ਸ਼ਬਦ ਨੂੰ ਗਾਵਦੇ = ਗਾਵੇ ਅਤੇ ਰਾਤ ਦਿਹੈ = ਦਿਨ, ਨਿਤ = ਨਿਤਾਪ੍ਰਤਿ ਸਾਧਸੰਗਤ ਵਿਚ ਚੱਲ ਚੱਲ ਕੇ ਜਾਏ = ਜਾਵੇ।
ਸਬਦ ਸੁਰਤਿ ਪਰਚਾ ਕਰੈ ਸਤਿਗੁਰ ਪਰਚੈ ਮਨ ਪਰਚਾਏ।
(Vaaran Bhai Gurdas Steek, Giani Hazara Singh & Bhai Sahib Veer Singh, c. 1911): ੬. ਸ਼ਬਦ ਦੀ ਸੁਰਤ ਵਿਖੇ ਪ੍ਰੇਮ ਕਰੇ ਅਰ ਸਤਿਗੁਰੂ (ਗੁਰੂ ਨਾਨਕ ਦੇਵ ਦੇ) ਪ੍ਰੇਮ ਵਿਖੇ ਮਨ ਨੂੰ ਪਰਚਾਵੇ’ (ਪ੍ਰੇਰੇ)।
(Vaaran Bhai Gurdas Ji Steek, Giani Harbans Singh, 2004): ੬. ਸ਼ਬਦ ਵਿਚ ਪ੍ਰੇਮ ਨਾਲ ਸੁਰਤੀ ਨੂੰ ਲਾਵੇ ਤੇ ਸਤਿਗੁਰੂ ਦੇ ਪ੍ਰੇਮ ਵਿਚ ਆਪਣੇ ਮਨ ਨੂੰ ਪਰਚਾਵੇ।
(Vaaran Bhai Gurdas Ji Steek, Giani Mani Singh, c. 1998, 3rd Ed: 2011): (੬) ਸ਼ਬਦ ਵਿਚ ਪ੍ਰੇਮ ਨਾਲ ਸੁਰਤੀ ਨੂੰ ਲਾਵੇ ਤੇ ਸਤਿਗੁਰੂ ਦੇ ਪ੍ਰੇਮ ਵਿਚ ਆਪਣੇ ਮਨ ਨੂੰ ਪਰਚਾਵੇ।
(Sampradai Teeka, Sant Hari Singh Randhawa Damdami Taksal, c. 2022): ਗੁਰਮੁਖ ਗੁਰੂ-ਸ਼ਬਦ ਵਿਚ ਸੁਰਤਿ = ਚਿੱਤ ਨੂੰ ਜੋੜ ਕੇ ਸਾਧਸੰਗਤ ਨਾਲ ਪ੍ਰੇਮ ਰੂਪੀ ਪਰਚਾ ਕਰੈ = ਕਰੇ ਅਤੇ ਸਤਿਗੁਰੂ ਜੀ ਦੇ ਪ੍ਰੇਮ ਰੂਪੀ ਪਰਚੈ = ਪਰਚੇ ਵਿਚ ਮਨ ਨੂੰ ਪਰਚਾਏ = ਪਰਚਾਵੇ।
ਆਸਾ ਵਿਚਿ ਨਿਰਾਸੁ ਵਲਾਏ ॥੧੫॥
(Vaaran Bhai Gurdas Steek, Giani Hazara Singh & Bhai Sahib Veer Singh, c. 1911): ੭. ਆਸਾ ਵਿਖੇ ਨਿਰਾਸ ਹੋਕੇ ਰਹੇ (ਸਾਧ ਸੰਗਤ ਵਿਖੇ ਦੁਧ, ਪੁਤ, ਧਨ ਦੀ ਆਸਾ ਨਾ ਕਰੇ, ਕੇਵਲ ਗੁਰੂ ਨਾਨਕ ਜੀ ਦਾ ਪ੍ਰੇਮ ਕਰਕੇ ਨਿਸ਼ਕਾਮ ਭਗਤੀ ਕਰੇ)। ਵਲਾਏ = ਰਹੇ।
(Vaaran Bhai Gurdas Ji Steek, Giani Harbans Singh, 2004): ੭. ਆਸਾ ਵਿਚ ਨਿਰਾਸ ਹੋ ਕੇ ਸਮਾਂ ਬਤੀਤ ਕਰੇ ॥੧੫॥
(Vaaran Bhai Gurdas Ji Steek, Giani Mani Singh, c. 1998, 3rd Ed: 2011): (੭) ਆਸਾ ਵਿਚ ਨਿਰਾਸ ਹੋ ਕੇ ਸਮਾਂ ਬਿਤੀਤ ਕਰੇ ।੧੫। ਭਾਵਾਰਥ: ਭਾਈ ਸਾਹਿਬ ਗੁਰਬਾਣੀ ਦੀ ਪ੍ਰੇਰਨਾ ਅਨੁਸਾਰ ਹਰ ਗੁਰਸਿਖ ਨੂੰ ਪ੍ਰੇਰਨਾ ਕਰਦੇ ਹਨ ਕਿ ਹਰ ਸਿੱਖ ਆਪਣੀ ਜ਼ਿੰਦਗੀ ਨੂੰ ਬਾਣੀ ਵਿਚ ਦਰਸਾਏ ਨਿਯਮ ਅਨੁਸਾਰ ਬਿਤੀਤ ਕਰਕੇ ਆਪਣਾ ਜੀਵਨ ਸਫ਼ਲਾ ਕਰੇ।
(Sampradai Teeka, Sant Hari Singh Randhawa Damdami Taksal, c. 2022): ਇਉਂ ਗੁਰਮੁਖ ਆਸਾ ਰੂਪ ਜਗਤ ਦੇ ਵਿਚ ਨਿਰਾਸੁ = ਤੋਂ ਰਹਿਤ ਹੋ ਕੇ ਜੀਵਨ ਦਾ ਸਮਾਂ ਵਲਾਏ = ਬਤੀਤ ਕਰੇ ਵਾ: ਆਸਾ ਰੂਪ ਪ੍ਰਭੂ ਦੇ ਸਿਮਰਨ ਵਿਚ ਸੰਸਾਰ ਤੋਂ ਨਿਰਾਸੁ = ਉਪਰਾਮ ਹੋ ਕੇ ਸਮਾਂ ਬਤੀਤ ਕਰੇ। ਜੈਸਾ ਕਿ: ਆਸਾ ਮਾਹਿ ਨਿਰਾਸੁ ਵਲਾਏ ॥ (ਰਾਮਕਲੀ ਮ: ੧, ਅੰਗ ੮੭੮)
ਵਾਰਾਂ ਭਾਈ ਗੁਰਦਾਸ, ਵਾਰ ੨੮, ਪਉੜੀ ੧੫: ਸਿੱਖ ਦੀ ਨਿੱਤ ਕਮਾਈ।
