ਸੂਹੀ ਮਹਲਾ ੫ ਗੁਣਵੰਤੀ ॥
(Faridkot Teeka, c. 1870s): (ਗੁਣਵੰਤੀ) ਪ੍ਰੇਮ ਗੁਨ ਵਾਲੀ ਉਤਮ ਜਗ੍ਯਾਸੀ ਕਹਤੀ ਹੈ:
(SGGS Teeka, Giani Bishan Singh, c. 1930): ਸੂਹੀ ਮਹਲਾ ੫ ਗੁਣਵੰਤੀ ॥ (ਪ੍ਰੇਮ ਗੁਣਾਂ ਵਾਲੀ ਇਸਤ੍ਰੀ)
(SGGS Steek, Bhai Manmohan Singh, c. 1960): ਸੂਹੀ ਪੰਜਵੀਂ ਪਾਤਿਸ਼ਾਹੀ ॥ ਗੁਣਵੰਤੀ ॥
(SGGS Darpan, Prof. Sahib Singh, c. 1962-64): ਗੁਣਵੰਤੀ = ਗੁਣਾਂ ਵਾਲੀ।
(S.G.P.C. Shabadarth, Bhai Manmohan Singh, c. 1962-69): ਸੂਹੀ ਮਹਲਾ ੫ ਗੁਣਵੰਤੀ ॥
(Arth Bodh SGGS, Dr. Rattan Singh Jaggi, c. 2007): ਸੂਹੀ ਮਹਲਾ ੫ ਗੁਣਵੰਤੀ ॥
(Aad SGGS Darshan Nirney Steek, Giani Harbans Singh, c. 2009-11): ਸੂਹੀ ਮਹਲਾ ੫ ਗੁਣਵੰਤੀ ॥ ਪਦ ਅਰਥਃ ਗੁਣਵੰਤੀ = ਗੁਣਾ ਵਾਲੀ।
(Tafsir-e-Arth Sri Gunvanti, Anmol Singh Rode, c. 2025): ਰਾਗੁ ਸੂਹੀ ਦੇ ਵਿੱਚ ਸ਼ਬਦ ਗੁਣਵੰਤੀ, ਮਹਲਾ ੫ — ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਗੁਰਬਾਣੀ। ਗੁਣਵੰਤੀ – ਔਰਤ ਜੋ ਗੁਣਾਂ ਵਾਲੀ ਹਨ।
ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥
(Faridkot Teeka, c. 1870s): ਜੋ ਗੁਰੂ ਸਿਖ੍ਯਾ ਕੇ ਲੇਣੇ ਵਾਲਾ ਦੇਖੂੰ, ਤਿਸ ਕੇ ਜੀਉ ਮਨ ਕਰ ਕੇ ਚਰਨੋਂ ਮੇਂ ਨਿਉਂ ਨਿਉਂ ਕਰ ਲਗੂੰ॥
(SGGS Teeka, Giani Bishan Singh, c. 1930): ਜੇਹੜਾ ਗੁਰੂ ਦਾ ਸਿਖ ਦਿਸੇ ਉਸਦੇ ਪੈਰੀਂ ਨਿਵ ਨਿਵ ਕੇ ਲਗਾਂ ॥ ਸਿਖੜਾ = ਸਿਖ
(SGGS Steek, Bhai Manmohan Singh, c. 1960): ਜੇਕਰ ਮੈਂ ਗੁਰ ਦੇ ਸਿੱਖ ਨੂੰ ਲਵਾਂ, ਤਾਂ ਮੈਂ ਨੀਵੀਂ ਝੁੱਕ ਉਸ ਦੇ ਪੈਂਦੀ ਹਾਂ ॥
(SGGS Darpan, Prof. Sahib Singh, c. 1962-64): ਮੈਨੂੰ ਜੇਹੜਾ ਭੀ ਕੋਈ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਹੈ, ਮੈਂ ਨੀਊਂ ਨੀਊਂ ਕੇ (ਭਾਵ, ਨਿਮ੍ਰਤਾ-ਅਧੀਨਗੀ ਨਾਲ) ਉਸ ਦੀ ਪੈਰੀਂ ਲੱਗਦਾ ਹਾਂ, ਸਿਖੜਾ = ਪਿਆਰਾ ਸਿੱਖ। ਲਾਗਉ = ਮੈਂ ਲੱਗਾਂ। ਪਾਇ = ਪੈਰੀਂ।
(S.G.P.C. Shabadarth, Bhai Manmohan Singh, c. 1962-69): ਜੋ ਦੀਸੈ ਗੁਰਸਿਖੜਾ¹ ਤਿਸੁ ਨਿਵਿ ਨਿਵਿ ਲਾਗਉ ਪਾਇ² ਜੀਉ ॥ ¹ਸਿੱਖ। ²ਪੈਰੀਂ, ਚਰਨੀਂ।
(Arth Bodh SGGS, Dr. Rattan Singh Jaggi, c. 2007): (ਮੈਨੂੰ) ਜੋ ਵੀ ਗੁਰੂ ਦਾ ਸਿੱਖ ਦਿਸ ਪਏ, (ਮੈਂ) ਨਿਉਂ ਨਿਉਂ ਕੇ ਉਸ ਦੀ ਚਰਣੀ ਲਗਦਾ ਹਾਂ।
(Aad SGGS Darshan Nirney Steek, Giani Harbans Singh, c. 2009-11): (ਮੈਨੂੰ) ਜੋ ਭੀ ਸਿਖਿਆ ਧਾਰਨ ਵਾਲਾ ਗੁਰੂ ਦਾ ਸਿੱਖ ਨਜ਼ਰ ਆਉਂਦਾ ਹੈ (ਮੈਂ) ਨਿਉਂ ਨਿਉਂ ਕੇ ਉਸ ਦੀ ਪੈਰੀ ਲਗਦਾ ਹਾਂ। ਗੁਰ ਸਿਖੜਾ = ਗੁਰੂ ਦੀ ਸਿਖਿਆ ਧਾਰਨ ਵਾਲਾ। ਨਿਵਿ ਨਿਵਿ = ਨਿਉਂ ਨਿਉਂ ਕੇ, ਨਿੰਮਰਤਾ ਸਹਿਤ। ਪਾਇ = ਪੈਰੀਂ, ਚਰਨੀ।
(Tafsir-e-Arth Sri Gunvanti, Anmol Singh Rode, c. 2025): ਜੇਕਰ ਮੈਂ ਗੁਰਸਿੱਖੜਾ, ਓਹ ਗੁਰੂ ਦਾ ਸਿੱਖ ਜੋ ਗੁਰਮਤ ਤੌਰ ਤੇ ਰਹਿੰਦਾ ਹੈ, ਦਾ ਦਰਸ਼ਨ ਕਰੇ, ਮੈਂ ਓਹਨਾ ਦੇ ਪ੍ਰੇਮ ਨਾਲ ਪੈਰੀਂ ਲਗਦਾ ਹੈ। ਮੁਹੱਬਤ ਤੌਰ ਤੇ ਓਸ ਦੇ ਨਿਮਰਤਾ ਨਾਲ ਮੁਲਾਕਾਤ ਕਰਦੇ ਹਨ। ਗੁਰਸਿੱਖੜਾ ਇੱਕ ਬਚਨ ਹੈ ਜਿੱਥੇ ਗੁਰਬਾਣੀ ਵਿੱਚ ਗੁਰੂ ਸਾਹਿਬ ਗੁਰਮੁਖਿ ਦੇ ਗਿਯਾਨ ਦਾ ਸਿਫ਼ਤ ਕਰਦੇ ਹਨ।
ਆਖਾ ਬਿਰਥਾ ਜੀਅ ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ ॥
(Faridkot Teeka, c. 1870s): ਮੈਂ ਅਪਨੇ ਜੀ ਕੀ ਏਹੁ ਬਿਰਥਾ ਕਹੂੰ: ਗੁਰੂ ਜੀ ਜੋ ਸੱਜਣ ਹੈ, ਸੋ ਮੁਝੇ ਮਿਲਾ ਦੇਵੋ॥
(SGGS Teeka, Giani Bishan Singh, c. 1930): ਆਪਣੇ ਜੀਅ ਦੀ ਪੀੜ ਦੱਮਾਂ ਕਿ ਹੇ ਗੁਰੂ ਜੀ ਮੈਨੂੰ ਪ੍ਰਮੇਸਰ ਮਿਲਾ ਦਿਓ ॥
(SGGS Steek, Bhai Manmohan Singh, c. 1960): ਉਸ ਨੂੰ ਮੈਂ ਆਪਣੇ ਦਿਲ ਦਾ ਦੁੱਖ ਦੱਸਦੀ ਹਾਂ ਅਤੇ ਬਿਨੈ ਕਰਦੀ ਹਾਂ ਕਿ ਉਹ ਮੈਨੂੰ ਮੇਰੇ ਮਿੱਤਰ ਗੁਰਾਂ ਨਾਲ ਮਿਲਾ ਦੇਵੇ,
(SGGS Darpan, Prof. Sahib Singh, c. 1962-64): ਤੇ ਉਸ ਨੂੰ ਆਪਣੇ ਦਿਲ ਦੀ ਪੀੜਾ (ਤਾਂਘ) ਦੱਸਦਾ ਹਾਂ (ਤੇ ਬੇਨਤੀ ਕਰਦਾ ਹਾਂ-ਹੇ ਗੁਰਸਿੱਖ!) ਮੈਨੂੰ ਸੱਜਣ-ਗੁਰੂ ਮਿਲਾ ਦੇ। ਬਿਰਥਾ = ਪੀੜਾ, ਦੁੱਖ। ਜੀਅ ਕੀ = ਜਿੰਦ ਦੀ।
(S.G.P.C. Shabadarth, Bhai Manmohan Singh, c. 1962-69): ਆਖਾ ਬਿਰਥਾ¹ ਜੀਅ ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ ॥ ¹(ਸੰ. ਵਯਥਾ) ਦੁੱਖ, ਪੀੜ। ਜੀਅ (ਦਿਲ) ਦੀ ਤਕਲੀਫ਼ ਦਾ ਹਾਲ।
(Arth Bodh SGGS, Dr. Rattan Singh Jaggi, c. 2007): (ਮੈਂ ਉਸ ਅਗੇ ਆਪਣੇ) ਹਿਰਦੇ ਦੀ ਪੀੜ ਦਸਦਾ ਹਾਂ ਕਿ (ਮੈਨੂੰ) ਗੁਰੂ ਰੂਪ ਸੱਜਣ ਮਿਲਾ ਦਿਓ।
(Aad SGGS Darshan Nirney Steek, Giani Harbans Singh, c. 2009-11): (ਮੈਂ ਉਸ ਅਗੇ ਆਪਣੇ) ਦਿਲ ਦੀ ਵਿਥਿਆ (ਭਾਵ ਪੀੜਾ) ਦਸਦਾ ਹਾਂ ਕੀ (ਮੈਨੂੰ ਮੇਰਾ) ਸਜਣ ਗੁਰੂ ਮਿਲਾ ਦਿਓ। ਆਖਾ = ਦਸਾਂ। ਬਿਰਥਾ = ਵਿਥਿਆ, ਪੀੜਾ, ਹਾਲਤ।
(Tafsir-e-Arth Sri Gunvanti, Anmol Singh Rode, c. 2025): ਮੈਂ ਓਸ ਗੁਰਸਿੱਖੜਾ ਨੂੰ ਆਖਦਾ ਹੈ ਕਿ ਮੈਨੂੰ ਸਜਣ ਸਤਿਗੁਰ, ਕਰਤਾਰ–ਖ਼ੁਦਾ ਅਤੇ ਗੁਰੂ ਸਾਹਿਬ, ਨਾਲ ਮਿਲਾ ਦਿਓ। ਇਸ ਸਜਣ ਸਤਿਗੁਰ ਦੇ ਘਾਟਾ ਤੋਂ ਮੈਂ ਮੇਰੇ ਦਿਲ ਦੀਆਂ ਪੀੜਾਂ, ਦੁੱਖਾਂ ਅਤੇ ਬਰਬਾਦੀ ਤੁਹਾਡੇ ਨਾਲ ਕਥਨ ਕਰਦਾ ਹੈ, ਓ ਮਿੱਤਰਾ।
ਸੋਈ ਦਸਿ ਉਪਦੇਸੜਾ ਮੇਰਾ ਮਨੁ ਅਨਤ ਨ ਕਾਹੂ ਜਾਇ ਜੀਉ ॥
(Faridkot Teeka, c. 1870s): ਮੇਰੇ ਕੋ ਵਹੁ ਉਪਦੇਸ ਕਹੋ ਜਿਸ ਕਰ ਕੇ ਪਰਮੇਸਰ ਕੋ ਛੋਡ ਕਰ ਮੇਰਾ ਮਨ ਔਰ ਕਿਸੇ ਪਦਾਰਥ ਕੀ ਇੱਛਾ ਕਰਨੇ ਨਾ ਜਾਏ।
(SGGS Teeka, Giani Bishan Singh, c. 1930): ਮੈਨੂੰ ਓਹ ਉਪਦੇਸ਼ ਦਸੋ ਜਿਸ ਕਰਕੇ ਮੇਰਾ ਮਨ ਪ੍ਰਮੇਸਰ ਨੂੰ ਛੱਡਕੇ ਕਿਸੇ ਹੋਰ ਪਾਸੇ ਕਿਸੇ ਪਦਾਰਥ ਵੱਲ ਨ ਜਾਵੇ ॥ ਅਨਤ = ਹੋਰ
(SGGS Steek, Bhai Manmohan Singh, c. 1960): ਅਤੇ ਮੈਨੂੰ ਇਹੋ ਜਿਹਾ ਉਪਦੇਸ਼ ਦੇਵੇ ਕਿ ਮੇਰੀ ਆਤਮਾ ਹੋਰ ਕਿਧਰੇ ਨਾਂ ਜਾਵੇ ॥
(SGGS Darpan, Prof. Sahib Singh, c. 1962-64): ਮੈਨੂੰ ਕੋਈ ਅਜੇਹਾ ਸੋਹਣਾ ਉਪਦੇਸ਼ ਦੱਸ (ਜਿਸ ਦੀ ਬਰਕਤਿ ਨਾਲ) ਮੇਰਾ ਮਨ ਕਿਸੇ ਹੋਰ ਪਾਸੇ ਵਲ ਨਾਹ ਜਾਏ। ਉਪਦੇਸੜਾ = ਸੋਹਣਾ ਉਪਦੇਸ਼। ਅਨਤ = {अन्यत्र} ਕਿਸੇ ਹੋਰ ਪਾਸੇ।
(S.G.P.C. Shabadarth, Bhai Manmohan Singh, c. 1962-69): ਸੋਈ ਦਸਿ ਉਪਦੇਸੜਾ ਮੇਰਾ ਮਨੁ ਅਨਤ¹ ਨ ਕਾਹੂ ਜਾਇ ਜੀਉ ॥ ¹ਹੋਰਥੇ; ਹੋਰ ਪਾਸੇ।
(Arth Bodh SGGS, Dr. Rattan Singh Jaggi, c. 2007): ਮੈਨੂੰ ਉਹੀ ਉਪਦੇਸ ਦਿਓ ਕਿ ਮੇਰਾ ਮਨ (ਪ੍ਰਭੂ ਤੋਂ) ਭਿੰਨ ਕਿਤੇ ਹੋਰ ਨ ਜਾਵੇ।
(Aad SGGS Darshan Nirney Steek, Giani Harbans Singh, c. 2009-11): ਨਾਲ ਹੀ ਇਹ ਬੇਨਤੀ ਕਰਦਾ ਹਾਂ ਕਿ ਹੇ ਗੁਰਸਿਖ (ਵੀਰ!) ਮੈਨੂੰ ਓਹੀ ਉਪਦੇਸ਼ ਦਸ (ਜਿਸ) ਨਾਲ ਮੇਰਾ ਮਨ (ਗੁਰੂ ਤੋਂ ਬਿਨਾ) ਹੋਰ ਕਿਸੇ ਪਾਸੇ ਵਲ ਨਾ ਜਾਵੇ। ਅਨਤ = ਹੋਰ (ਪਾਸੇ)।
(Tafsir-e-Arth Sri Gunvanti, Anmol Singh Rode, c. 2025): ਇਹ ਮੇਰੀ ਬੇਨਤੀ ਹੈ, ਓ ਗੁਰਸਿੱਖੜਾ ਪਿਆਰੇ, ਓਸ ਗਿਯਾਨ–ਉਪਦੇਸ਼–ਮੱਤ ਮੈਨੂੰ ਦਸ ਦਿਓ ਜਿਸ ਨਾਲ ਮੇਰਾ ਮਨ, ਸੋਚ ਅਤੇ ਧਿਆਨ ਹੋਰ ਕੋਈ ਪਾਸੇ ਨਹੀਂ ਜਾਵੇ। ਕਿ ਮੇਰਾ ਮਨ, ਸੋਚ ਅਤੇ ਧਿਆਨ ਸਿਰਫ਼ ਸਜਣ ਸਤਿਗੁਰ, ਆਦਿ ਪੁਰਖੁ–ਪਰਵਦਗਾਰ ਅਤੇ ਗੁਰੂ ਸਾਹਿਬ ਨਾਲ ਰਹਿਣ। ਮੇਰੇ ਮਨ ਦਾ ਇੱਛਾ ਇਹ ਹਨ।
ਇਹੁ ਮਨੁ ਤੈ ਕੂੰ ਡੇਵਸਾ ਮੈ ਮਾਰਗੁ ਦੇਹੁ ਬਤਾਇ ਜੀਉ ॥
(Faridkot Teeka, c. 1870s): ਯਹਿ ਮਨ ਤੁਝ ਕੋ ਮੇਂ ਦੇਵੋਂਗਾ, ਹੇ ਸਤਿਗੁਰੋਂ ਕੇ ਸਿਖ! ਮੇਰੇ ਕੋ ਰਸਤਾ ਬਤਾਇ ਦੇਵੋ॥
(SGGS Teeka, Giani Bishan Singh, c. 1930): ਮੈਂ ਇਹ ਆਪਣਾ ਮਨ ਤੈਨੂੰ ਦੇ ਦਿਆਂਗਾ ਭਾਵ ਤੇਰਾ ਨੌਕਰ ਬਣ ਜਾਵਾਂਗਾ ॥ ਹੇ ਗੁਰਸਿਖ ਇਕ ਵਾਰੀ ਮੈਨੂੰ ਗੁਰੂ ਦਾ ਰਸਤਾ ਦੱਸ ਦੇ ॥ ਡੇਵਸਾ = ਦਿਆਂ
(SGGS Steek, Bhai Manmohan Singh, c. 1960): ਮੈਂ ਆਪਣੀ ਇਹ ਜਿੰਦੜੀ ਤੈਨੂੰ ਸਮਰਪਣ ਕਰ ਦੇਵਾਂਗੀ ॥ ਤੂੰ ਮੈਨੂੰ ਮੇਰੇ ਮਾਲਕ ਦਾ ਰਸਤਾ ਵਿਖਾਲ ਦੇ ॥
(SGGS Darpan, Prof. Sahib Singh, c. 1962-64): ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ, ਮੈਨੂੰ ਰਸਤਾ ਦੱਸ (ਜਿਸ ਰਾਹੇ ਪੈ ਕੇ ਪ੍ਰਭੂ ਦਾ ਦਰਸਨ ਕਰ ਸਕਾਂ)। ਤੈ ਕੂੰ = ਤੈਨੂੰ। ਡੇਵਸਾ = ਮੈਂ ਦੇ ਦਿਆਂਗਾ। ਮਾਰਗੁ = ਰਸਤਾ।
(S.G.P.C. Shabadarth, Bhai Manmohan Singh, c. 1962-69): ਇਹੁ ਮਨੁ ਤੈ ਕੂੰ ਡੇਵਸਾ¹ ਮੈ ਮਾਰਗੁ² ਦੇਹੁ ਬਤਾਇ ਜੀਉ ॥ ¹ਦੇਵਾਂਗਾ। ²ਰਸਤਾ।
(Arth Bodh SGGS, Dr. Rattan Singh Jaggi, c. 2007): ਇਹ ਮਨ (ਮੈਂ) ਤੈਨੂੰ ਭੇਂਟ ਕਰ ਦਿਆਂਗਾ (ਜੇ ਤੂੰ ਮੈਨੂੰ ਗੁਰੂ ਦੇ ਮਿਲਣ ਦਾ) ਮਾਰਗ ਦਸ ਦੇਏਂ।
(Aad SGGS Darshan Nirney Steek, Giani Harbans Singh, c. 2009-11): ਮੈਂ (ਆਪਣਾ) ਇਹ ਮਨ ਤੈਨੂੰ (ਅਰਪਨ) ਕਰ ਦਿਆਂਗ। ਮੈਨੂੰ (ਗੁਰੂ ਦੇ ਮਿਲਣ ਦਾ) ਰਸਤਾ ਦਸ ਦੇ। ਡੇਵਸਾ = ਦੇਵਾਂਗਾ। ਮਾਰਗੁ = ਰਸਤਾ।
(Tafsir-e-Arth Sri Gunvanti, Anmol Singh Rode, c. 2025): ਇਹ ਮਨ ਮੇਰੇਆ ਮੈਂ ਤੁਹਾਨੂੰ ਦੇਵੇਗਾ, ਮੈਂ ਤੁਹਾਨੂੰ ਸਮਰਪਣ ਕਰੇਗਾ ਓ ਗੁਰਸਿੱਖੜਾ, ਜੇ ਤੁਸੀਂ ਮੈਨੂੰ ਦਸ ਅਤੇ ਵਿਖਾ ਸਕਦੇ ਹਨ ਓਹ ਰਸਤਾ ਸਜਣ ਸਤਿਗੁਰ, ਪ੍ਰਭੂ–ਅੱਲ੍ਹਾ ਅਤੇ ਗੁਰੂ ਸਾਹਿਬ, ਦੇ ਮਿਲਣ ਦਾ।
ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ ॥
(Faridkot Teeka, c. 1870s): ਮੈਂ ਦੂਰ ਸੇ ਚਲ ਕਰ ਆਯਾ ਹੂੰ ਅਰਥਾਤ ਅਨੇਕ ਜੂਨੋਂ ਮੇਂ ਭ੍ਰਮਤਾ ਆਪ ਕੀ ਸਰਣ ਆਯਾ ਹੂੰ, ਮੈਨੇ ਤੇਰੀ ਹੀ ਸਰਨ ਤਕੀ ਹੈ॥
(SGGS Teeka, Giani Bishan Singh, c. 1930): ਮੈਂ ਬਹੁਤ ਦੂਰ ਤੋਂ ਚੱਲਕੇ ਆਇਆ ਹਾਂ ਭਾਵ ਜੂਨੀਆਂ ਵਿੱਚੋਂ ਹੁਣ ਮੈਂ ਤੇਰਾ ਸ਼ਰਨ ਤੱਕੀ ਭਾਵ ਲਈ ਹੈ ॥
(SGGS Steek, Bhai Manmohan Singh, c. 1960): ਮੈਂ ਦੁਰੇਡਿਉਂ ਟੁਰ ਕੇ ਆਈ ਹਾਂ ਅਤੇ ਮੈਂ ਤੇਰੀ ਪਨਾਹ ਤਕਾਈ ਹੈ ॥
(SGGS Darpan, Prof. Sahib Singh, c. 1962-64): ਮੈਂ (ਚੌਰਾਸੀ ਲੱਖ ਦੇ) ਦੂਰ ਦੇ ਪੈਂਡੇ ਤੋਂ ਤੁਰ ਕੇ ਆਇਆ ਹਾਂ, ਹੁਣ ਮੈਂ ਤੇਰਾ ਆਸਰਾ ਤੱਕਿਆ ਹੈ। ਹਉ = ਮੈਂ। ਸਰਣਾਇ = ਆਸਰਾ।
(S.G.P.C. Shabadarth, Bhai Manmohan Singh, c. 1962-69): ਹਉ ਆਇਆ ਦੂਰਹੁ ਚਲਿ ਕੈ ਮੈ ਤਕੀ¹ ਤਉ ਸਰਣਾਇ ਜੀਉ ॥ ¹ਦੇਖੀ; ਢੂੰਢੀ (ਤੇਰੀ ਸ਼ਰਨ)।
(Arth Bodh SGGS, Dr. Rattan Singh Jaggi, c. 2007): ਮੈਂ (ਆਵਾਗਵਣ ਦੇ) ਦੁਰੇਡੇ ਪੈਂਡੇ ਤੋਂ ਚਲ ਕੇ ਆਇਆ ਹਾਂ (ਅਤੇ ਹੁਣ) ਤੇਰੀ ਸ਼ਰਣ ਤਕੀ ਹੈ।
(Aad SGGS Darshan Nirney Steek, Giani Harbans Singh, c. 2009-11): ਮੈਂ (ਚੌਰਾਸੀ ਲਖ ਜੂਨਾਂ ਚੋਂ ਲੰਘ ਲੰਘ ਕੇ ਬਹੁਤ) ਦੂਰ ਤੋਂ ਪੈਂਡਾ ਝਾਗ ਕੇ ਆਇਆ ਹਾਂ [ਦੂਰਹ = ਦੂਰ ਤੋਂ।]
(Tafsir-e-Arth Sri Gunvanti, Anmol Singh Rode, c. 2025): ਮੈਂ ਬਹੁਤ ਦੂਰ ਤੋਂ ਚੱਲ ਕੇ ਆਇਆ। ਇਹ ਦੂਰੀ ਲੰਬੀ ਰਸਤੇ ਦੀ ਤੁਰਨ ਔਰ ਚੌਰਾਸੀ ਲੱਖ ਜੂਨਾਂ ਦੇ ਲੰਘਣ ਦਾ ਹਨ। ਮੈਂ ਹੁਣ ਤੁਹਾਡੇ ਸ਼ਰਨ–ਪਨਾਹ ਅਤੇ ਆਸਰਾ ਤੱਕਿਆ ਹੈ। ਇਹ ਸ਼ਰਨ–ਪਨਾਹ ਅਤੇ ਆਸਰਾ ਦੋਵੇਂ ਗੁਰਸਿੱਖੜਾ ਅਤੇ ਹਰਿ–ਖ਼ਾਲਕ ਦਾ ਹਨ।
ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥
(Faridkot Teeka, c. 1870s): ਮੈਂਨੇ ਚਿਤ ਮੇਂ ਏਹੀ ਆਸਾ ਰਖੀ ਹੈ ਕਿ ਤੁਮ ਹੀ ਤਾਰੋਗੇ, ਇਸ ਤੇ ਮੇਰਾ ਸਭ ਦੁਖ ਗਵਾਈਏ ਜੀਉ॥ ਆਗੇ ਤੇ ਗੁਰਸਿਖ ਕਹਿਤਾ ਹੈ:
(SGGS Teeka, Giani Bishan Singh, c. 1930): ਹੁਣ ਮੈਂ ਚਿਤ ਵਿਚ ਤੇਰੀ ਹੀ ਆਸਾ ਰੱਖੀ ਹੈ ਕਿ ਤੁਸੀਂ ਹੀ ਤਾਰੋਗੇ ਇਸ ਲਈ ਮੇਰਾ ਸਾਰਾ ਦੁਖ ਦੂਰ ਕਰ ਦਿਓ ॥
(SGGS Steek, Bhai Manmohan Singh, c. 1960): ਆਪਣੇ ਮਨ ਅੰਦਰ ਮੈਂ ਤੇਰੇ ਵਿੱਚ ਉਮੈਦ ਬੰਨ੍ਹੀ ਹੈ! ਤੂੰ ਮੇਰਾ ਸਮੂਹ ਦੁਖੜਾ ਦੂਰ ਕਰ ॥
(SGGS Darpan, Prof. Sahib Singh, c. 1962-64): ਮੈਂ ਆਪਣੇ ਚਿੱਤ ਵਿਚ ਇਹ ਆਸ ਰੱਖੀ ਹੋਈ ਹੈ ਕਿ ਤੂੰ ਮੇਰਾ ਸਾਰਾ ਦੁੱਖ ਦੂਰ ਕਰ ਦੇਵੇਂਗਾ। ਮਹਿ = ਵਿਚ। ਸਭੋ = ਸਭੁ, ਸਾਰਾ।
(S.G.P.C. Shabadarth, Bhai Manmohan Singh, c. 1962-69): ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥
(Arth Bodh SGGS, Dr. Rattan Singh Jaggi, c. 2007): ਮੈਂ (ਇਹ) ਆਸ ਚਿਤ ਵਿਚ ਰਖੀ ਹੈ, ਮੇਰਾ ਸਾਰਾ ਦੁਖ ਦੂਰ ਕਰ ਦਿਓ।
(Aad SGGS Darshan Nirney Steek, Giani Harbans Singh, c. 2009-11): (ਅਤੇ ਹੁਣ ਮੈਂ) ਤੇਰੀ ਸ਼ਰਨ ਤੱਕੀ ਹੈ, (ਨਾਲ ਹੀ) ਮੈਂ (ਆਪਣੇ) ਚਿਤ ਵਿੱਚ (ਇਹ) ਆਸਾ ਰਖੀ ਹੈ ਕਿ ਤੂੰ ਮੇਰਾ ਸਾਰਾ ਦੁਖ ਦੂਰ ਕਰ ਦੇ।
(Tafsir-e-Arth Sri Gunvanti, Anmol Singh Rode, c. 2025): ਇਹ ਮੇਰਾ ਆਸ ਹੈ, ਓ ਗੁਰਸਿੱਖੜਾ, ਕਿ ਤੁਸੀਂ ਮੇਰੇ ਦੁੱਖ ਅਤੇ ਦਿਲ ਦਿਆਂ ਪੀੜਾਂ ਮਿਟਾ ਦਿਓ। ਇਹ ਆਸ ਮੈਂ ਮੇਰੇ ਚਿੱਤ–ਮਨ ਵਿੱਚ ਰੱਖਿਆ।
ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ ॥
(Faridkot Teeka, c. 1870s): ਹੇ ਭਾਈ! ਤੂੰ ਜੋ ਇਸ ਮਾਰਗ ਮੇਂ ਚਲੇਂ ਤੋ ਜੋ ਕਾਰ ਗੁਰੂ ਕਹੇ ਸੋ ਕਮਾਓ॥
(SGGS Teeka, Giani Bishan Singh, c. 1930): ਹੇ ਭਰਾ ਇਸ ਰਸਤੇ ਵਿਚ ਸਿਖ ਚਲੇ ਜੋ ਗੁਰੂ ਆਖੇ ਓਹ ਕਾਰ ਕਸਾਵੇ ॥ ਮਾਰਗ = ਰਸਤਾ
(SGGS Steek, Bhai Manmohan Singh, c. 1960): ਹੇ ਭੈਣੇ! ਤੂੰ ਜੋ ਇਸ ਰਾਹੇ ਟੁਰਦੀ ਹੈਂ ਤੂੰ ਉਹ ਕੰਮ ਕਰ ਜਿਹੜਾ ਗੁਰੂ ਜੀ ਤੈਨੂੰ ਆਖਦੇ ਹਨ ॥
(SGGS Darpan, Prof. Sahib Singh, c. 1962-64): (ਅੱਗੋਂ ਉੱਤਰ ਮਿਲਦਾ ਹੈ-) ਇਸ ਰਸਤੇ ਉਤੇ ਜੇਹੜੇ ਗੁਰ-ਭਾਈ ਤੁਰਦੇ ਹਨ (ਉਹ ਗੁਰੂ ਦੀ ਦੱਸੀ ਕਾਰ ਕਰਦੇ ਹਨ) ਤੂੰ ਭੀ ਉਹੀ ਕਾਰ ਕਰ ਜੋ ਗੁਰੂ ਦੱਸਦਾ ਹੈ। ਇਤੁ ਮਾਰਗਿ = ਇਸ ਰਸਤੇ ਉਤੇ। ਭਾਈਅੜੇ = ਪਿਆਰੇ ਭਰਾ।
(S.G.P.C. Shabadarth, Bhai Manmohan Singh, c. 1962-69): ¹ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ ॥ ¹ਹੇ ਇਸ ਰਸਤੇ ਚੱਲਣ ਵਾਲੇ ਭਰਾ! ਜੋ ਗੁਰੂ ਆਖੇ ਤੂੰ ਉਹੋ ਕੰਮ ਕਰ।
(Arth Bodh SGGS, Dr. Rattan Singh Jaggi, c. 2007): ਹੇ ਭਾਈ! (ਜੇ ਤੂੰ) ਇਸ ਮਾਰਗ ਉਪਰ ਚਲੇਂ ਅਤੇ ਜੋ ਗੁਰੂ ਕਹੇ, ਉਹੀ ਕਾਰ ਕਮਾਏਂ।
(Aad SGGS Darshan Nirney Steek, Giani Harbans Singh, c. 2009-11): (ਉਤਰ) — ਹੇ ਭਾਈ! (ਜੇ ਤੂੰ) ਇਸ ਰਸਤੇ ਤੇ ਚਲੇਂ (ਤਾਂ) ਜੋ ਗੁਰੂ ਆਖੇ (ਤੂੰ) ਉਹ ਕਾਰ ਕਮਾਅ।
(Tafsir-e-Arth Sri Gunvanti, Anmol Singh Rode, c. 2025): ਓ ਭਾਈਅੜੇ, ਜੇ ਤੁਸੀਂ ਇਤੁ ਮਾਰਗ, ਇਸ ਰਸਤੇ ਚੱਲਣਾ ਚਾਹੁੰਦੇ ਹੋ ਤਾਂ ਜੋ ਗੁਰੂ ਆਖੇ ਤੁਸੀਂ ਕਾਰ ਕਮਾਇ, ਓਹ ਕੰਮ ਕਰੋ ਜੋ ਗੁਰੂ ਸਾਹਿਬ ਤੁਹਾਨੂੰ ਆਖੇ। ਸਭ ਕਮਾਈ ਇਸ ਦੁਨੀਆ ਤੇ ਪਰਮੇਸ਼ਰ–ਪਾਰਬ੍ਰਹਮ ਅਤੇ ਗੁਰੂ ਸਾਹਿਬਾਨ ਦਾ ਹਨ। ਇਹ ਕਰਤਾ–ਤਰਿਕਾ ਓਹ ਸੱਚਾ ਗੁਰਸਿੱਖੜਾ ਤੁਰ ਰਿਹਾ ਹੈ।
ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ ॥
(Faridkot Teeka, c. 1870s): ਜੌ ਤੂੰ ਮਨ ਕੀ ਮੱਤ ਕੋ ਤਿਆਗੇਂ ਔ ਦੈਤ ਭਾਵ ਕੋ ਵਿਸਾਰ ਦੇਵੈਂ॥
(SGGS Teeka, Giani Bishan Singh, c. 1930): ਮਨ ਦੀ ਮੱਤ ਛੱਡ ਦੇਵੇ ਅਤੇ ਦੂਸਰ ਖਿਆਲ ਵੀ ਭੁਲਾ ਦੇਵੇ ॥ (ਜਾਂ ਛੁੱਡ, ਭੁਲਾ ਇਕਰ ਵੀ ਹੈ)
(SGGS Steek, Bhai Manmohan Singh, c. 1960): ਤੂੰ ਆਪਣੇ ਚਿੱਤ ਦੀ ਅਕਲ ਨੂੰ ਛੱਡ ਦੇ ਅਤੇ ਹੋਰਸ ਦੀ ਪ੍ਰੀਤ ਨੂੰ ਤਲਾਂਜਲੀ ਦੇ ਦੇ ॥
(SGGS Darpan, Prof. Sahib Singh, c. 1962-64): ਜੇ ਤੂੰ ਆਪਣੇ ਮਨ ਦੀ ਕੋਝੀ ਮਤਿ ਛੱਡ ਦੇਵੇਂ, ਜੇ ਤੂੰ ਪ੍ਰਭੂ ਤੋਂ ਬਿਨਾ ਹੋਰ (ਮਾਇਆ ਆਦਿਕ) ਦਾ ਪਿਆਰ ਭੁਲਾ ਦੇਵੇਂ, ਤਿਆਗੇਂ = ਜੇ ਤੂੰ ਤਿਆਗ ਦੇਵੇਂ। ਮਤੜੀ = ਕੋਝੀ ਮਤਿ। ਵਿਸਾਰੇਂ = ਜੇ ਤੂੰ ਵਿਸਾਰ ਦੇਵੇਂ। ਭਾਉ = ਪਿਆਰ।
(S.G.P.C. Shabadarth, Bhai Manmohan Singh, c. 1962-69): ਤਿਆਗੇਂ ਮਨ ਕੀ ਮਤੜੀ¹ ਵਿਸਾਰੇਂ ਦੂਜਾ ਭਾਉ ਜੀਉ ॥ ¹ਮੱਤ। ਮਨ ਦੀ ਮੱਤ (ਆਪ-ਹੁਦਰਾ-ਪਣ) ਛੱਡ ਦੇਹ ਅਤੇ ਦ੍ਵੈਤ ਭਾਵ ਵਿਸਾਰ ਦੇਹ।
(Arth Bodh SGGS, Dr. Rattan Singh Jaggi, c. 2007): (ਆਪਣੇ) ਮਨ ਦਾ ਆਪ–ਹੁਦਰਾਪਨ (ਮਤੜੀ) ਛਡ ਦੇਏਂ ਅਤੇ ਦ੍ਵੈਤ–ਭਾਵ ਨੂੰ ਵਿਸਾਰ ਦੇਏਂ।
(Aad SGGS Darshan Nirney Steek, Giani Harbans Singh, c. 2009-11): (ਤੂੰ ਆਪਣੇ) ਮਨ ਦੀ ਮਤਿ (ਆਪ ਹੁਦਰਾਪਨ) ਛੱਡ ਦੇਵੇਂ, ਦ੍ਵੈਤ–ਭਾਵ (ਮਾਇਆ ਤੇ ਪਦਾਰਥਾਂ ਦਾ ਮੋਹ) ਭੁਲਾ ਦੇਵੇਂ, [ਭਾਉ = ਦ੍ਰੈਤ ਭਾਵ।]
(Tafsir-e-Arth Sri Gunvanti, Anmol Singh Rode, c. 2025): ਓ ਭਾਈਅੜੇ, ਤਿਆਗੇਂ ਮਨ ਕੀ ਮਤੜੀ, ਤੁਸੀਂ ਆਪਣੇ ਮਨ ਦੀ ਮਤ–ਸੋਚ (ਵਹਿਮ) ਮਨ੍ਹਾ ਕਰੋ ਅਤੇ ਛੱਡ ਦਿਓ। ਉਸ ਦ੍ਵੈਤ–ਭਾਵ, ਦੁਜੀ–ਵੱਖਰਾ ਸੋਚ ਨੂੰ ਭੁੱਲਾ ਦਿਓ, ਵਿਸਾਰ ਦਿਓ। ਓਹ ਸੱਚਾ ਗੁਰਸਿੱਖੜਾ ਇਸ ਮਨ ਦੀ ਮਤ ਅਤੇ ਦ੍ਵੈਤ–ਭਾਵ ਨੂੰ ਤੋੜ ਦਿੱਤਾ ਹੈ।
ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ ॥
(Faridkot Teeka, c. 1870s): ਇਉਂ ਹਰੀ ਕਾ ਦਰਸਨ ਪਾਵੇਂਗਾ ਫੇਰ ਤੇਰੇ ਕੋ ਤੱਤੀ ਪਉਨ ਨ ਲਗੇਗੀ, ਭਾਵ ਕੋਈ ਦੁਖ ਕੀ ਲੇਸ ਭੀ ਨਾ ਰਹੇਗੀ॥
(SGGS Teeka, Giani Bishan Singh, c. 1930): ਇੱਕੁਰ ਪ੍ਰਮੇਸ਼ਰ ਦਾਂ ਦ ਦਰਸ਼ਨ ਪਾਵੈਂਗਾ ਫਿਰ ਤੈਨੂੰ ਤੱਤੀ ਵਾ ਨਹੀਂ ਲਗੈ ਗੀ ਭਾਵ ਦੁਖ ॥
(SGGS Steek, Bhai Manmohan Singh, c. 1960): ਇਸ ਤਰ੍ਹਾਂ ਨੂੰ ਆਪਣੇ ਸੁਆਮੀ ਦਾ ਦੀਦਾਰ ਪਾ ਲਵੇਂਗੀ ਅਤੇ ਤੈਨੂੰ ਗਰਮ ਹਵਾ ਤੱਕ ਨਹੀਂ ਲਗੇਗੀ ॥
(SGGS Darpan, Prof. Sahib Singh, c. 1962-64): ਤਾਂ ਇਸ ਤਰ੍ਹਾਂ ਤੂੰ ਪ੍ਰਭੂ ਦਾ ਸੋਹਣਾ ਦਰਸਨ ਕਰ ਲਵੇਂਗਾ, ਤੈਨੂੰ ਕੋਈ ਦੁੱਖ-ਕਲੇਸ਼ ਨਹੀਂ ਵਿਆਪੇਗਾ। ਇਉ = ਇਸ ਤਰ੍ਹਾਂ। ਦਰਸਾਵੜਾ = ਸੋਹਣਾ ਦੀਦਾਰ। ਵਾਉ = ਹਵਾ। ਤਤੀ ਵਾਉ = ਸੇਕ, ਦੁੱਖ-ਕਲੇਸ਼।
(S.G.P.C. Shabadarth, Bhai Manmohan Singh, c. 1962-69): ਇਉ ਪਾਵਹਿ ਹਰਿ ਦਰਸਾਵੜਾ¹ ²ਨਹ ਲਗੈ ਤਤੀ ਵਾਉ ਜੀਉ ॥ ¹ਦਰਸ਼ਨ। ²ਕੋਈ ਤਕਲੀਫ਼ ਨਾ ਹੋਵੇਗੀ।
(Arth Bodh SGGS, Dr. Rattan Singh Jaggi, c. 2007): ਇਸ ਤਰ੍ਹਾਂ (ਭਾਵ–ਇਸ ਜੀਵਨ—ਜੁਗਤ ਨਾਲ) ਹਰਿ ਦਾ ਦਰਸ਼ਨ ਪ੍ਰਾਪਤ ਕਰ ਲਵੇਂਗਾ ਅਤੇ ਤੈਨੂੰ ਕੋਈ ਕਸ਼ਟ ਨਹੀਂ ਹੋਵੇਗਾ।
(Aad SGGS Darshan Nirney Steek, Giani Harbans Singh, c. 2009-11): ਇਸ ਤਰ੍ਹਾਂ ਹਰੀ ਦਾ ਸੋਹਣਾ ਦਰਸ਼ਨ ਪ੍ਰਾਪਤ ਕਰ ਲਵੇਂਗਾ (ਤੈਨੂੰ ਕੋਈ ਤਕਲੀਫ਼ ਨਹੀਂ ਝਲਣੀ ਪਵੇਗੀ)। ਦਰਸਾਵੜਾ = ਦਰਸ਼ਨ। ਤਤੀ ਵਾਉ = ਦੁਖ, ਤਕਲੀਫ਼।
(Tafsir-e-Arth Sri Gunvanti, Anmol Singh Rode, c. 2025): ਇਸ ਤਰੀਕੇ ਨਾਲ ਤੁਸੀਂ ਹਰਿ–ਖ਼ੁਦਾਵੰਦ ਦਾ ਸੁੰਦਰ–ਖੂਬਸੂਰਤ ਦਰਸ਼ਨ ਦੇਖ ਸਕਦੇ ਹੋ। ਓਹ ਗੁਰਸਿੱਖੜਾ ਜੋ ਇਸ ਤਰ੍ਹਾਂ ਅਕਾਲ ਪੁਰਖ ਨੂੰ ਪ੍ਰਾਪਤ ਕੀਤਾ ਉਸ ਨੂੰ ਤਤੀ ਵਾਉ, ਗਰਮ ਹਵਾ, ਦੁੱਖ ਅਤੇ ਦਿਲ ਦਿਆਂ ਪੀੜਾਂ ਜਾਂ ਤਕਲੀਫ਼ਾਂ ਨਹੀਂ ਪਰੇਸ਼ਾਨ ਕਰਦੇ।
ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥
(Faridkot Teeka, c. 1870s): ਮੈਂ ਆਪ ਤੋ ਬੋਲਣ ਭੀ ਨਹੀਂ ਜਾਣਤਾ, ਜਿਤਨਾ ਕਹਾ ਹੈ ਸਭ ਉਸ ਕਾ ਹੁਕਮ ਹੀ ਕਹਾ ਹੈ, ਭਾਵ ਜੋ ਬੇਦ ਸਾਸਤ੍ਰ ਹੈਂ ਸਭ ਉਸੀ ਕਾ ਹੁਕਮ ਹੈ॥
(SGGS Teeka, Giani Bishan Singh, c. 1930): ਮੈ ਆਪ ਤਾਂ ਕੁਛ ਵੀ ਬੋਲਣਾ ਨਹੀਂ ਜਾਣਦਾ ਹਾਂ ਜਿਤਨਾ ਆਖਿਆ ਹੈ ਸਾਰਾ ਉਸਦਾ ਹੁਕਮ ਹੀ ਆਖਿਆ ਹੈ ॥
(SGGS Steek, Bhai Manmohan Singh, c. 1960): ਆਪਣੇ ਆਪ ਤਾਂ ਮੈਂ ਬੋਲਣਾ ਹੀ ਨਹੀਂ ਜਾਣਦਾ ॥ ਮੈਂ ਸਮੂਹ ਉਹ ਹੀ ਉਚਾਰਨ ਹਕਰਦਾ ਹਾਂ, ਜਿਹੜਾ ਮੇਰੇ ਪ੍ਰਭੂ ਦਾ ਫੁਰਮਾਨ ਹੈ ॥
(SGGS Darpan, Prof. Sahib Singh, c. 1962-64): ਮੈਂ ਜੋ ਕੁਝ ਤੈਨੂੰ ਦੱਸਿਆ ਹੈ ਗੁਰੂ ਦਾ ਹੁਕਮ ਹੀ ਦੱਸਿਆ ਹੈ, ਮੈਂ ਆਪਣੀ ਅਕਲ ਦਾ ਆਸਰਾ ਲੈ ਕੇ ਇਹ ਰਸਤਾ ਨਹੀਂ ਦੱਸ ਰਿਹਾ। ਆਪਹੁ = ਆਪਣੇ ਆਪ ਤੋਂ, ਆਪਣੀ ਅਕਲ ਨਾਲ। ਹੁਕਮਾਉ = ਪ੍ਰਭੂ ਦਾ ਹੁਕਮ ਹੀ।
(S.G.P.C. Shabadarth, Bhai Manmohan Singh, c. 1962-69): ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ¹ ਜੀਉ ॥ ¹ਹੁਕਮੋਂ, (ਮਾਲਕ ਦੇ) ਹੁਕਮ ਅਨੁਸਾਰ।
(Arth Bodh SGGS, Dr. Rattan Singh Jaggi, c. 2007): ਮੈਂ ਆਪ (ਕੁਝ ਵੀ) ਬੋਲਣਾ ਨਹੀਂ ਜਾਣਦਾ, (ਜੋ) ਮੈਂ ਕਿਹਾ ਹੈ, ਸਭ (ਪ੍ਰਭੂ ਦੇ) ਹੁਕਮ ਅਨੁਸਾਰ ਹੀ (ਦਸਿਆ) ਹੈ।
(Aad SGGS Darshan Nirney Steek, Giani Harbans Singh, c. 2009-11): (ਹੇ ਵੀਰ!) ਮੈਂ ਆਪਣੇ ਆਪ (ਭਾਵ ਆਪਣੀ ਅਕਲ ਨਾਲ) ਬੋਲਣਾ ਨਹੀਂ ਜਾਣਦਾ (ਜੋ ਕੁਝ ਮੈਂ ਤੈਨੂੰ) ਆਖਿਆ ਹੈ (ਉਹ) ਸਭ (ਗੁਰੂ ਦੇ) ਹੁਕਮ ਅਨੁਸਾਰ ਹੀ (ਕਿਹਾ) ਹੈ। ਆਪਹੁ = ਆਪ ਤੋਂ, ਭਾਵ ਆਪਣੀ ਮਰਜ਼ੀ ਨਾਲ। ਹੁਕਮਾਉ = ਹੁਕਮ ਅਨੁਸਾਰ।
(Tafsir-e-Arth Sri Gunvanti, Anmol Singh Rode, c. 2025): ਮੈਂ ਆਪ ਨਹੀਂ ਬੋਲ ਦਾ ਹਨ, ਮੈਂ ਆਪਣੇ ਆਪ ਬੋਲਣਾ ਨਹੀਂ ਜਾਣਦਾ ਹਨ। ਜੋ ਤੁਹਾਨੂੰ ਮੈਂ ਆਖਿਆ, ਜੋ ਮੈਂ ਕਹਿਆ ਇਹ ਸਭ ਵਾਹਿਗੁਰੂ ਦਾ ਹੁਕਮ, ਰੱਬ–ਅੱਲ-ਰਹਿਮ ਦਾ ਫ਼ਰਮਾਨ ਹਨ। ਕਿਉਂਕਿ ਗੁਰੂ ਸਾਹਿਬਾਨ ਖ਼ੁਦ ਖ਼ੁਦਾ ਹੋਵੇ।
ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ ॥
(Faridkot Teeka, c. 1870s): ਸ੍ਰੀ ਗੁਰੂ ਅਰਜਨ ਦੇਵ ਜੀ ਕਹਤੇ ਹੈਂ: ਜਬ ਗੁਰੋਂ ਨੇ ਮੇਰੇ ਕੋ ਉਪਦੇਸ਼ ਰੂਪ (ਪਸਾਉ) ਦਾਨ ਕੀਆ ਹੈ ਤਬ ਹਰੀ ਨੇ ਮੁਝੇ ਭਗਤੀ ਕਾ ਖਜ਼ਾਨਾ ਹੀ ਬਖਸ ਦੀਆ ਹੈ॥
(SGGS Teeka, Giani Bishan Singh, c. 1930): ਗੁਰੂ ਜੀ, ਜਦੋਂ ਮੈਨੂੰ ਗੁਰੂ ਰਾਮਦਾਸ ਜੀ ਨੇ ਉਪਦੇਸ਼ ਰੂਪ ਪਸਾਊ=ਦਾਨ ਦਿਤਾ ਤਾਂ ਪ੍ਰਸੇਸਰ ਨੇ ਮੈਨੂੰ ਭਗਤੀ ਦਾ ਖ਼ਜ਼ਾਨਾਂ ਬਖਸ਼ ਦਿਤਾ ॥
(SGGS Steek, Bhai Manmohan Singh, c. 1960): ਗੁਰੂ ਨਾਨਕ ਨੇ ਮੇਰੇ ਉਤੇ ਰਹਿਮਤ ਧਾਰੀ ਹੈ ਅਤੇ ਮੈਨੂੰ ਵਾਹਿਗੁਰੂ ਦੀ ਪ੍ਰੇਮਮਈ ਸੇਵਾ ਦਾ ਭੰਡਾਰ ਪਰਦਾਨ ਕੀਤਾ ਹੈ ॥
(SGGS Darpan, Prof. Sahib Singh, c. 1962-64): ਜਿਸ (ਸੁਭਾਗ ਬੰਦੇ) ਉਤੇ ਨਾਨਕ ਨੇ ਕਿਰਪਾ ਕੀਤੀ ਹੈ, ਪਰਮਾਤਮਾ ਨੇ ਉਸ ਨੂੰ ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ ਦਿੱਤਾ ਹੈ। ਗੁਰਿ = ਗੁਰੂ ਨੇ। ਨਾਨਕਿ = ਨਾਨਕ ਨੇ। ਪਸਾਉ = ਪ੍ਰਸਾਦੁ, ਕਿਰਪਾ।
(S.G.P.C. Shabadarth, Bhai Manmohan Singh, c. 1962-69): ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ¹ ਜੀਉ ॥ ¹ਮਿਹਰ। ਗੁਰੂ ਨਾਨਕ ਨੇ ਮਿਹਰ ਕੀਤੀ। ਦੇਖੋ ਨੇਮ ੨੦ ੳ।
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ) ਗੁਰੂ ਨੇ ਮਿਹਰ ਕਰਕੇ (ਮੈਨੂੰ) ਹਰਿ-ਭਗਤੀ ਦਾ ਖ਼ਜ਼ਾਨਾ ਬਖਸ਼ਿਆ ਹੈ।
(Aad SGGS Darshan Nirney Steek, Giani Harbans Singh, c. 2009-11): (ਹੇ ਵੀਰ!) ਗੁਰੂ ਨਾਨਕ ਨੇ ਮੇਰੇ ਉਤੇ ਮਿਹਰ ਕੀਤੀ ਹੈ (ਉਸ ਨੇ ਮੈਨੂੰ) ਹਰੀ ਦੀ ਭਗਤੀ ਦਾ ਖ਼ਜ਼ਾਨਾ ਬਖ਼ਸ਼ ਦਿੱਤਾ ਹੈ। ਗੁਰਿ = ਗੁਰੂ ਨੇ। ਪਸਾਉ = ਮਿਹਰ।
(Tafsir-e-Arth Sri Gunvanti, Anmol Singh Rode, c. 2025): ਹਰਿ ਭਗਤਿ ਖਜਾਨ, ਪਰਮਾਤਮਾ ਦੇ ਇਬਾਦਤ ਦਾ ਤੋਸ਼ਖਾਨਾ ਔਰ ਰੱਬ ਦੇ ਨਾਮ ਦਾ ਅਮੁੱਲ ਕੀਮਤੀ ਅਕਾਲੀ–ਹਜ਼ਰਤ ਸ੍ਰੀ ਗੁਰੂ ਨਾਨਕ ਸ਼ਾਹ ਫ਼ਕੀਰ ਨੇ ਮਿਹਰ ਨਾਲ ਬਖਸ਼ਿਆ। ਕੁਝ ਟੀਕਾਕਾਰ ਕਥਨ ਕਰਦੇ ਹਨ ਕੀ ‘ਗੁਰਿ ਨਾਨਕਿ’ ਦੇ ਕਹਿੰਨ ਨਾਲ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ ਹਨ। ਕੋਈ ਫ਼ਰਕ ਨਹੀਂ ਹੈ — ਸ੍ਰੀ ਗੁਰੂ ਰਾਮ ਦਾਸ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਖ਼ੁਦ ਹਨ। ਅਤੇ ਗੁਰੂ ਸਾਹਿਬਾਨ ਖ਼ੁਦ ਖ਼ੁਦਾ ਹੋਵੇ।
ਮੈ ਬਹੁੜਿ ਨ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ ਅਘਾਇ ਜੀਉ ॥
(Faridkot Teeka, c. 1870s): ਪੁਨਾ ਅਬ ਮੇਰੇ ਕੋ ਪਦਾਰਥ ਕੀ ਤ੍ਰਿਸਨਾ ਰੂਪ ਭੁਖ ਨਹੀਂ ਰਹੀ ਹੈ, ਕਿਉਂਕਿ ਮੈਂ ਐਸਾ ਰਜਿਆ ਹੂੰ ਕਿ ਤੀਨੋਂ ਲੋਕੋਂ ਕੇ ਪਦਾਰਥੋਂ ਸੇ ਅਘਾਇ ਕਰ ਕੇ ਜੋ ਔਰੋਂ ਕੋ ਭੀ ਤ੍ਰਿਪਤਿ ਕੀਆ ਹੈ ਵਾ ਮਨ ਬਾਣੀ ਸਰੀਰ ਕਰ ਤ੍ਰਿਪਤੀ ਹੋਈ ਹੈ॥
(SGGS Teeka, Giani Bishan Singh, c. 1930): ਹੁੰਣ ਮੈਨ ਪਦਾਰਥਾਂ ਦੀ ਤ੍ਰਿਸ਼ਨਾ ਭੁਖ ਨਹੀ ਹੈ ਕਿਉਂ ਜੋ ਮੈਂ ਇਕੁਰ ਦਾ ਰਜ ਗਿਆ ਹਾਂ ਜੋ ਬਹੁਭ ਹੀ ਮਨ ਭਰ ਗਿਆ ਭਾਵ ਪ੍ਰਸੰਨ ਹੋਇਆ ਹੈ ॥
(SGGS Steek, Bhai Manmohan Singh, c. 1960): ਮੈਨੂੰ ਮੁੜ ਕੇ ਤ੍ਰੇਹ ਅਤੇ ਭੁੱਖ ਨਹੀਂ ਲੱਗੇਗੀ ॥ ਮੈਂ ਧ੍ਰਾਪ, ਭਰਪੂਰ ਅਤੇ ਸੰਤੁਸ਼ਟ ਹੋ ਗਈ ਹਾਂ ॥
(SGGS Darpan, Prof. Sahib Singh, c. 1962-64): (ਗੁਰੂ ਨਾਨਕ ਦੀ ਮੇਹਰ ਦਾ ਸਦਕਾ ਮੈਂ ਪੂਰਨ ਤੌਰ ਤੇ ਰੱਜ ਗਿਆ ਹਾਂ, ਮੈਨੂੰ ਹੁਣ ਮਾਇਆ ਦੀ ਕੋਈ ਭੁੱਖ ਨਹੀਂ ਸਤਾਂਦੀ। ਬਹੁੜਿ = ਮੁੜ। ਮੈਂ = ਮੈਨੂੰ। ਭੁਖੜੀ = ਭੈੜੀ ਭੁੱਖ। ਹਉ = ਮੈਂ। ਅਘਾਇ = ਰੱਜ ਕੇ। ਰਜਾ ਤ੍ਰਿਪਤਿ ਅਘਾਇ = ਖਾ ਪੀ ਕੇ ਚੰਗੀ ਤਰ੍ਹਾਂ ਰੱਜ ਗਿਆ ਹਾਂ।
(S.G.P.C. Shabadarth, Bhai Manmohan Singh, c. 1962-69): ¹ਮੈ ਬਹੁੜਿ ਨ ਤ੍ਰਿਸਨਾ ਭੁਖੜੀ ਹਉ ²ਰਜਾ ਤ੍ਰਿਪਤਿ ਅਘਾਇ ਜੀਉ ॥ ¹ਮੈਨੂੰ ਫਿਰ ਕੋਈ ਤ੍ਰੇਹ ਜਾਂ ਭੁੱਖ ਨਹੀਂ ਰਹੀ। ²ਖਾ ਪੀ ਕੇ ਪੂਰੀ ਤਰ੍ਹਾਂ ਰੱਜ ਗਿਆ ਹਾਂ (ਪੀਣ ਤੋਂ ਜੋ ਰਜੇਵਾਂ ਹੁੰਦਾ ਹੈ, ਉਸ ਨੂੰ ‘ਤ੍ਰਿਪਤੀ’ ਕਹਿੰਦੇ ਹਨ ਅਤੇ ਖਾ ਕੇ ਜੋ ਰੱਜੀਦਾ ਹੈ, ਉਸ ਨੂੰ ‘ਅਘਾਉਣਾ’ ਕਹਿੰਦੇ ਹਨ)।
(Arth Bodh SGGS, Dr. Rattan Singh Jaggi, c. 2007): ਮੈਨੂੰ ਫਿਰ (ਮਾਇਆ ਦੀ) ਤ੍ਰਿਸ਼ਣਾ ਅਤੇ ਭੁਖ ਨਹੀਂ ਰਹੀ, ਮੈਂ ਪੂਰੀ ਤਰ੍ਹਾਂ ਤ੍ਰਿਪਤ ਹੋ ਕੇ ਰਜ ਗਿਆ ਹਾਂ।
(Aad SGGS Darshan Nirney Steek, Giani Harbans Singh, c. 2009-11): (ਜਿਸ ਦੇ ਫਲਸਰੂਪ) ਮੈਨੂੰ (ਮਾਇਕ ਪਦਾਰਥਾਂ ਦੀ) ਤ੍ਰਿਸ਼ਨਾ ਜਾਂ ਭੁਖ ਨਹੀਂ ਰਹੀ (ਭਗਤੀ ਰੂਪ ਭੋਜਨ ਛੱਕ ਕੇ) ਮੈਂ ਪੂਰੀ ਤਰ੍ਹਾਂ ਰਜ ਗਿਆ ਹਾਂ। ਬਹੁੜਿ = ਮੁੜ ਕੇ, ਫਿਰ। ਭੁਖੜੀ = ਭੁੱਖੀ। ਰਜਾ = ਰਜ ਗਿਆ ਹਾਂ।
(Tafsir-e-Arth Sri Gunvanti, Anmol Singh Rode, c. 2025): ਫਿਰ (ਇਸ ਹਰਿ ਭਗਤਿ ਖਜਾਨਾ ਨਾਲ) ਮੈਨੂੰ ਹੁਣ ਪਦਾਰਥਾਂ ਦੇ ਤ੍ਰਿਸ਼ਨਾ–ਲਾਲਸਾ ਦੀਆਂ ਭੁੱਖ ਅਤੇ ਪਿਆਸ–ਤੇਹ ਨਹੀਂ ਹੈ। ਇਸ ਦੁਨਿਆਵੀ ਮਾਇਯਾ ਦੀ ਲੋੜ ਮੈਂ ਮਾਰ ਦਿੱਤਾ ਹਨ। ਇਸ ਪੂਰਤੀ ਕਰਕੇ ਮੈਂ ਰੱਜ ਗਿਆ, ਮੈਂ ਬੇਫ਼ਿਕਰ ਹੋ ਗਿਆ ਹਨ। ਮੈਨੂੰ ਹੁਣ ਮਾਇਯਾ ਦੀ ਕੋਈ ਤਕਲੀਫ਼ ਨਹੀਂ ਹੈ।
ਜੋ ਗੁਰ ਦੀਸੈ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥੩॥
(Faridkot Teeka, c. 1870s): ਜੋ ਗੁਰੋਂ ਕਾ ਸਿੱਖ ਦੇਖਾਂ ਤਿਸ ਕੇ ਨਿਵ ਨਿਵ ਕੇ ਪਾਉਂ ਲਗਾਂ॥ ਸਖੀ ਭਾਵ ਕਰ ਜੀਵ ਕੇ ਔਗਣ ਪ੍ਰਗਟਾਵਤੇ ਹੈਂ: (ਰਾਗੁ ਸੂਹੀ ਛੰਤ ਮਹਲਾ ੧ ਘਰੁ ੧)
(SGGS Teeka, Giani Bishan Singh, c. 1930): ਇਸਦਾ ਅਰਥ ਹੋ ਚੁਕਾ ਹੈ ॥
(SGGS Steek, Bhai Manmohan Singh, c. 1960): ਜੇਕਰ ਮੈਂ ਕਿਸੇ ਗੁਰੂ ਦੇ ਸਿੱਖ ਨੂੰ ਵੇਖ ਲਵਾਂ, ਮੈਂ ਨੀਵੀਂ ਝੁਕ ਕੇ ਉਸ ਦੇ ਪੈਰੀ ਪਵਾਂਗੀ ॥
(SGGS Darpan, Prof. Sahib Singh, c. 1962-64): ਮੈਨੂੰ ਜੇਹੜਾ ਭੀ ਕੋਈ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਹੈ, ਮੈਂ ਨਿਮ੍ਰਤਾ-ਅਧੀਨਗੀ ਨਾਲ ਉਸ ਦੀ ਪੈਰੀਂ ਲੱਗਦਾ ਹਾਂ ॥੩॥ ਗੁਰ ਸਿਖੜਾ = ਗੁਰੂ ਦਾ ਪਿਆਰਾ ਸਿੱਖ ॥੩॥
(S.G.P.C. Shabadarth, Bhai Manmohan Singh, c. 1962-69): ਜੋ ¹ਗੁਰ ਦੀਸੈ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥੩॥ ¹ਗੁਰੂ ਦੇ ਸਿੱਖ ਦਿਸੇ।
(Arth Bodh SGGS, Dr. Rattan Singh Jaggi, c. 2007): (ਮੈਨੂੰ) ਜੋ ਵੀ ਗੁਰੂ ਦਾ ਸਿੱਖ ਦਿਸ ਪਏ, (ਮੈਂ) ਨਿਉਂ ਨਿਉਂ ਕੇ ਉਸ ਦੀ ਚਰਣੀ ਲਗਦਾ ਹਾਂ।੩।
(Aad SGGS Darshan Nirney Steek, Giani Harbans Singh, c. 2009-11): (ਸੋ, ਮੈਨੂੰ) ਜਿਹੜਾ ਭੀ ਗੁਰੂ ਦਾ ਪਿਆਰਾ ਸਿੱਖ ਦਿਸਦਾ ਹੈ ਮੈਂ ਨਿਉਂ ਨਿਉਂ ਕੇ (ਭਾਵ ਨਿਮਰਤਾ ਸਹਿਤ ਉਸ ਸਿੱਖ ਦੀ) ਪੈਰੀਂ (ਚਰਨੀ) ਲਗਦਾ ਹਾਂ।੩। ਗੁਰ = ਗੁਰੂ ਦਾ। ਸਾਰੰਸ਼ ਅਤੇ ਸਿਧਾਂਤਃ ਇਸ ਸ਼ਬਦ ਦਾ ਸਿਰਲੇਖ “ਗੁਣਵੰਤੀ” ਹੈ। ਜਿਸ ਵਿੱਚ ਗੁਣਵਾਨ ਗੁਰਸਿਖਾਂ ਦੀ ਵਡਿਆਈ ਕੀਤੀ ਹੈ ਅਤੇ ਉਨ੍ਹਾਂ ਅਗੇ ਆਪਣੀ ਹਿਰਦੇ ਦੀ ਵੇਦਨ ਨੂੰ ਪ੍ਰਗਟ ਕਰਕੇ “ਗੁਰੂ ਸਜਣੁ ਦੇਹਿ ਮਿਲਾਇ ਜੀਉ” ਲਈ ਜੋਦੜੀ ਕੀਤੀ ਹੈ। ਸਿਧਾਂਤ ਇਹ ਹੈ ਕਿ ਮਨ ਦੀ ਮਤਿ ਤਿਆਗਣ ਅਤੇ ਗੁਰੂ ਦੀ ਦਸੀ ਕਾਰ ਕਮਾਉਣ ਤੇ ਹੀ “ਇਸੁ ਜਨਮੈ ਕੀ ਲਾਹਾ ਹੇ” (ਪੰਨਾ ੧੦੫੩) ਪ੍ਰਾਪਤ ਹੰਦਾ ਹੈ। ਓਹੀ ਜੀਵ–ਇਸਤਰੀ ਗੁਣਵੰਤੀ ਹੈ ਜਿਸ ਵਿਚ ਪਤੀ–ਪਰਮੇਸ਼ਰਬ ਨੂੰ ਰਿਝਾਉਣ ਦੇ ਗੁਣ ਹਨ। ਸਾਨੂੰ ਗੁਰਬਾਣੀ ਵਿਚੋਂ “ਗੁਣਵੰਤਿਆ ਪਾਛਾਰੁ” ਵਾਂਲੀ ਸੇਧ ਮਿਲਦੀ ਹੈ। ਸੱਚੀ ਸਿਫਤ ਸਲਾਹ ਗੁਣਵੰਤੀਆਂ ਅਤੇ ਕਰਮ–ਵੰਤੀਆਂ ਜੀਵ–ਇਸਤਰੀਆਂ ਹੀ ਕਰਦੀਆਂ ਹਨਃ ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰ ॥ [ਪੰਨਾ ੧੪੬]
(Tafsir-e-Arth Sri Gunvanti, Anmol Singh Rode, c. 2025): ਹੁਣ ਜਦੋਂ ਮੈਂ ਕੋਈ ਪਿਆਰਾ ਗੁਰਸਿੱਖੜਾ ਨੂੰ ਦੇਖਦਾ ਹੈ ਮੈਂ ਓਹਨਾ ਦੇ ਪੈਰੀਂ ਲਗਦਾ ਹੈ ਪ੍ਰੇਮ ਨਾਲ — ਨਿਵਿ ਨਿਵਿ ਕੇ, ਨਿਉਂ ਨਿਉਂ ਕੇ।੩। ਸੰਪੂਰਨ ਸਮਾਪਤੀਃ ਪਿਆਰੇ ਗੁਰਸਿੱਖੜੇ ਤੋਂ ਸਿੱਖ ਕੇ ਮੈਂ ਵੀ ਸਜਣ ਸਤਿਗੁਰ, ਆਦਿ ਪੁਰਖੁ–ਪਰਵਦਗਾਰ ਅਤੇ ਗੁਰੂ ਸਾਹਿਬ, ਦਾ ਖ਼ਜ਼ਾਨਾ ਪ੍ਰਾਪਤ ਕੀਤਾ। ਕੁਚਜੀ ਤੋਂ ਮੈਂ ਸੁਚਜੀ ਅਤੇ ਗੁਣਵੰਤੀ — ਗੁਣਾਂ ਵਾਲੀ ਔਰਤ ਬਣ ਗਏ ਹਨ। ਓ ਭਾਈਅੜੇ, ਤੁਸੀਂ ਵੀ ਗੁਰਸਿੱਖੜੇ ਤੋਂ ਸਿੱਖੋ — ਆਪਣੇ ਮਨ ਦੀ ਮਤ–ਸੋਚ (ਵਹਿਮ) ਅਤੇ ਦੁਜੀ–ਵੱਖਰਾ ਸੋਚ ਬਾਹਰ ਕੱਢੋ, ਇਸ ਰਸਤੇ ਤੇ ਚੱਲੋ। ਇਸ ਵਜ੍ਹਾ ਕਰਕੇ ਮੇਰਾ ਦੁੱਖ ਅਤੇ ਦਿਲ ਦਿਆਂ ਪੀੜਾਂ ਨਾਸ ਹੋ ਗਏ ਹਨ। ਇਸ ਗੁਣਵੰਤੀ ਸ਼ਬਦ ਰਾਗ ਸੂਹੀ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਰਸੂਲਅੱਲ੍ਹਾ ਦੇ ਕੁਚਜੀ ਅਤੇ ਸੁਚਜੀ ਤੋਂ ਬਾਅਦ ਆਉਂਦਾ ਹਨ [ਅੰਗ ੭੬੨-੭੬੩]। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਗੁਣਵੰਤੀ ਸ਼ਬਦ ਕੁਚਜੀ ਅਤੇ ਸੁਚਜੀ ਦੇ ਵਿਸਤਾਰ ਹਨ।
