ਬਸੰਤੁ ਹਿੰਡੋਲੁ ਮਹਲਾ ੧ ਘਰੁ ੨
(SGGS Steek, Bhai Manmohan Singh, c. 1960): ਬਸੰਤ ਹਿੰਡੋਲ ॥ ਪਹਿਲੀ ਪਾਤਿਸ਼ਾਹੀ ॥
(SGGS Darpan, Prof. Sahib Singh, c. 1962-64): ਰਾਗ ਬਸੰਤੁ/ਹਿੰਡੋਲੁ, ਘਰ ੨ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ।
(S.G.P.C. Shabadarth, Bhai Manmohan Singh, c. 1962-69): ਬਸੰਤੁ ਹਿੰਡੋਲੁ ਮਹਲਾ ੧ ਘਰੁ ੨
(Arth–Tafsir Basant—Hindol Astapadi 8, Anmol Singh Rode, c. 2025): ਰਾਗੁ ਬਸੰਤੁ ਦੇ ਵਿੱਚ ਕਿਸਮ ਹਿੰਡੋਲੁ ਰਾਗ ਅਸਟਪਦੀ ਅੱਠਵੀਂ, ਮਹਲਾ ੧ — ਪਹਿਲਾ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ।
ੴ ਸਤਿਗੁਰ ਪ੍ਰਸਾਦਿ ॥
(SGGS Steek, Bhai Manmohan Singh, c. 1960): ਵਾਹਿਗੁਰੂ ਕੇਵਲ ਇਕ ਹੈ ॥ ਸੱਚੇ ਗੁਰੂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ ॥
(SGGS Darpan, Prof. Sahib Singh, c. 1962-64): ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(S.G.P.C. Shabadarth, Bhai Manmohan Singh, c. 1962-69): ੴ ਸਤਿਗੁਰ ਪ੍ਰਸਾਦਿ ॥
ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ ॥
(Faridkot Teeka, c. 1870s): ਨੌ ਖੰਡ, ਸਾਤ ਦੀਪ, ਚੌਦਾਂ ਭਵਨ, ਤੀਨ ਗੁਣ, ਚਾਰ ਜੁਗ, ਏਹੀ (ਮਹਲਤਿ) ਮੰਦ੍ਰੋਂ ਕਾ ਸਮੂਹ ਬਣ ਕੇ ਬੀਚ ਮੇਂ (ਚਾਰਿ) ਦਾਸੀ ਰੂਪ ਸ੍ਰਿਸ੍ਟੀ ਤੈਨੇ ਬੈਠਾਈ ਹੈ; ਵਾ (ਚਾਰਿ) ਚਾਰੋਂ ਤਰਫ ਬੈਠਾਲੀ ਇਸਥਿਤ ਕਰ ਦਿਤੀ ਹੈ॥
(SGGS Steek, Bhai Manmohan Singh, c. 1960): ਨੌ ਖੰਡਾ, ਸਪਤ ਦੀਪਾਂ, ਚੌਦਾਂ ਜਹਾਨਾਂ, ਤਿੰਨਾਂ ਗੁਣਾ, ਚਾਰ ਯੁਗਾਂ ਅਤੇ ਉਤਪਤੀ ਦੇ ਚਾਰ ਸੋਮਿਆਂ ਨੂੰ ਅਸਥਾਪਨ ਕਰ, ਸੁਆਮੀ ਨੇ ਉਹਨਾਂ ਸਾਰਿਆਂ ਨੂੰ ਆਪਣੇ ਮੰਦਰ ਵਿੱਚ ਬਿਠਾ ਦਿੱਤਾ ਹੈ ॥
(SGGS Darpan, Prof. Sahib Singh, c. 1962-64): (ਜਦੋਂ ਇਥੇ ਹਿੰਦੂ-ਰਾਜ ਸੀ ਤਾਂ ਲੋਕ ਹੇਂਦਕੇ ਲਫ਼ਜ਼ ਹੀ ਵਰਤਦੇ ਸਨ ਤੇ ਆਖਿਆ ਕਰਦੇ ਸਨ ਕਿ) ਹੇ ਪ੍ਰਭੂ! ਨੌ ਖੰਡ, ਸੱਤ ਦੀਪ, ਚੌਦਾਂ ਭਵਨ, ਤਿੰਨ ਲੋਕ ਤੇ ਚਾਰ ਜੁਗ ਬਣਾ ਕੇ ਤੂੰ ਚਾਰ ਖਾਣੀਆਂ ਦੀ ਰਾਹੀਂ ਇਸ (ਸ਼੍ਰਿਸ਼ਟੀ-) ਹਵੇਲੀ ਨੂੰ ਵਸਾ ਦਿੱਤਾ, ਨਉ = ਨੌ ਖੰਡ। ਸਤ = ਸੱਤ ਦੀਪ। ਚਉਦਹ = ਚੌਦਾਂ ਭਵਨ। ਤੀਨਿ = ਤਿੰਨ ਲੋਕ (ਸੁਰਗ, ਮਾਤ, ਪਾਤਾਲ)। ਚਾਰਿ = ਚਾਰ ਜੁੱਗ। ਕਰਿ = ਬਣਾ ਕੇ, ਪੈਦਾ ਕਰ ਕੇ। ਮਹਲਤਿ = ਹਵੇਲੀ ਸ੍ਰਿਸ਼ਟੀ। ਚਾਰਿ = ਚਾਰ ਖਾਣੀਆਂ ਦੀ ਰਾਹੀਂ। ਬਹਾਲੀ = ਵਸਾ ਦਿੱਤੀ।
(S.G.P.C. Shabadarth, Bhai Manmohan Singh, c. 1962-69): ¹ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ² ਚਾਰਿ ਬਹਾਲੀ ॥ ¹ਨੌਂ ਖੰਡ, ਸਤ ਦੀਪ, ਚੌਦਾਂ ਭਵਨ, ਤਿੰਨ ਲੋਕ, ਚਾਰ ਜੁਗ ਕਰ ਕੇ ਇਨ੍ਹਾਂ ਸਾਰਿਆਂ ਨੂੰ ਮਹਲਤ ਵਿੱਚ ਬਿਠਾ ਦਿੱਤਾ ਹੈ ਤੂੰ ਨੇ। ²ਮਹਲੁ ਦਾ ਬਹੁ-ਵਚਨ। ਹਰੀ ਨੇ ਸਮੇਂ ਸਮੇਂ ਦੀ ਅਗਵਾਈ ਲਈ ਧਰਮ ਪਠਾਏ ਹਨ। ਪਹਿਲੋਂ ਹਰ ਇਕ ਮਨੁੱਖ ਦੇ ਅੰਦਰ ਆਪਣੀ ਜੋਤਿ ਰਖੀ ਹੈ, ਜੋ ਹਰੀ ਦੇ ਪੱਖ ਦੀ ਪੁਸ਼ਟੀ ਲਈ ਫ਼ੌਜ ਦਾ ਕੰਮ ਦਿੰਦੀ ਹੈ; ਫਿਰ ਸਭ ਉਤੇ ਅਸਰ ਕਰਨ ਵਾਲੇ ਧਰਮ ਦੇ ਨੇਮ ਬਧੇ ਹਨ। ਮਨੁੱਖ ਲਈ ਹਰ ਥਾਂ ਚੋਗ ਖਿਲਾਰਿਆ ਹੈ, ਫਿਰ ਭੀ ਬੇਸਬਰਾ ਇਧਰ ਉਧਰ ਭਟਕਦਾ ਹੈ ਤੇ ਅੰਦਰ ਦੀ ਲੋਅ ਤੋਂ ਫਾਇਦਾ ਨਹੀਂ ਉਠਾਂਦਾ। ਮਨੁੱਖ ਉਹੋ ਕੁਝ ਬਣਦਾ ਹੈ, ਜੋ ਹਰੀ ਬਣਾਂਦਾ ਹੈ। ਮਸਲਨ; ਅੱਜ ਕਲ੍ਹ ਮੁਸਲਮਾਨਾਂ ਦਾ ਜ਼ੋਰ ਹੈ ਤੇ ਲੋਕੀਂ ਉਨ੍ਹਾਂ ਨੂੰ ਖੁਸ਼ਕਰਨ ਲਈ ਉਨ੍ਹਾਂ ਦੇ ਫੈਸ਼ਨ ਕਬੂਲ ਕਰ ਰਹੇ ਹਨ, ਬਲਕਿ ਆਪਣੇ ਬੋਲੀ ਤੇ ਹੋਰ ਸਭਿਆਚਾਰ ਗੁਆ ਬੈਠੇ ਹਨ।
(Arth Bodh SGGS, Dr. Rattan Singh Jaggi, c. 2007): (ਹੇ ਪ੍ਰਭੂ! ਤੂੰ) ਨੌਂ (ਖੰਡ), ਸਤ (ਦੀਪ), ਚੌਦਾਂ (ਲੋਕ), ਤਿੰਨ (ਗੁਣ), ਚਾਰ (ਯੁਗ), ਚਾਰ (ਖਾਣੀਆਂ ਦੀ ਸ੍ਰਿਸਟੀ) ਰਚ ਕੇ ਮਹਲਾਂ ਵਿਚ ਬਿਠਾ ਦਿੱਤੀ ਹੈ।
(Aad SGGS Darshan Nirney Steek, Giani Harbans Singh, c. 2009-11): (ਹੇ ਪ੍ਰਭੂ! ਤੂੰ) ਨੌ ਖੰਡ, ਸਤ (ਦੀਪ), ਚੌਦਾਂ (ਭਵਨ), ਤਿੰਨ (ਗੁਣ ਅਤੇ) ਚਾਰ (ਜੁਗਾਂ ਇਹਨਾਂ ਸਾਰਿਆਂ ਦਾ ਇਕ ਸਮੂਹ ਸ੍ਰਿਸ਼ਟੀ ਬਣਾ ਕੇ ਮਾਨੋ) ਮਹਿਲਾਂ ਵਿਚ ਬਿਠਾ ਦਿਤਾ ਹੈ। ਨਉ–ਨੌ ਖੰਡ। ਸਤ–ਦੀਪ। ਚਉਦਹ–ਚੌਦਾਂ ਭਵਨ। ਤੀਨਿ–ਤਿੰਨ ਲੋਕ (ਸੁਰਗ ਮਾਤ, ਪਾਤਾਲ)। ਚਾਰਿ–ਚਾਰ। ਕਰਿ–ਕਰਕੇ, ਬਣਾ ਕੇ। ਮਹਲਤਿ–ਮਹਲ ਦਾ ਬਹੁ ਵਚਨ। ਬਹਾਲੀ–ਬਿਠਾ ਦਿੱਤਾ, ਵਸਾ ਦਿਤਾ ਹੈ।
(Arth–Tafsir Basant—Hindol Astapadi 8, Anmol Singh Rode, c. 2025): ਸ਼ਹਿਨਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਰਸੂਲਅੱਲ੍ਹਾ ਦਸਦੇ ਹਨ ਉਸ ਥਾਂਵਾਂ ਬਾਰੇ ਜੋ ਰੱਬ ਨੇ ਬਣਾਇਆ। ਨਉ – ਪੁਰਾਤਨ ਵੇਦ ਵਿਗਿਯਾਨ, ਜਮਬੁਦ੍ਵੀਪ ਦੇ ਨੌਂ ਖੰਡਾਂ: ੧. ਇਲਾਵੜਤ। ੨. ਭਾਰਤ। ੩. ਕਿਮਪੁਰੁਸ਼ਾ। ੪. ਹਰਿਵਰਸ਼। ੫. ਕੁਰੁ। ੬. ਹਿਰਣਮਯ। ੭. ਰਾਮਯਕ। ੮. ਭਦਰਾਸ਼ਵ। ੯. ਕੇਤੁਮਾਲ। ਸਤ – ਸੱਤ ਵੇਦ ਵਿਗਿਯਾਨ ਦ੍ਵੀਪ ਨਾਲ ਸਮੁੰਦਰਆਂ (ਪੁਰਾਣਾਂ ਅਤੇ ਮਹਾਭਾਰਤ ਵਿੱਚ): ੧. ਜਮਬੁਦ੍ਵੀਪ-ਲਵਣੋਦਾ। ੨. ਪਲਕਸ਼ਦ੍ਵੀਪ-ਇਕਸ਼ੁਰਸ। ੩. ਸਾਲਮਲਦ੍ਵੀਪ-ਸੁਰੋਦਾ। ੪. ਕੁਸਦ੍ਵੀਪ-ਘੜਤ। ੫. ਕਰੌਣਚਦ੍ਵੀਪ-ਕਸ਼ੀਰੋਦ। ੬. ਸਾਕਦ੍ਵੀਪ-ਦਹੀ। ੭. ਪੁਸ਼ਕਰਦ੍ਵੀਪ-ਜੱਲ। ਜਾਂ ਪੁਰਾਣੇ ਸੱਤ ਦੁਨਿਆਵੀ ਸਮੁੰਦਰਾਂ: ੧. ਹਿੰਦ ਮਹਾਂਸਾਗਰ। ੨. ਐਟਲਾਂਟਿਕ ਮਹਾਂਸਾਗਰ। ੩. ਪ੍ਰਸ਼ਾਂਤ ਮਹਾਂਸਾਗਰ। ੪. ਆਰ੍ਟਿਕ ਮਹਾਂਸਾਗਰ। ੫. ਅੰਤਆਰ੍ਟਿਕ ਮਹਾਂਸਾਗਰ। ੬. ਮੈਡੀਟੇਰੀਅਨ ਸਮੁੰਦਰ। ੭. ਕੈਸਪੀਅਨ ਸਮੁੰਦਰ। ਜਾਂ ਪੰਜਾਬ ਦੇ ਸੱਤ ਦਰਿਆਵਾਂ (ਨਦੀਆਂ): ੧. ਇੰਡਸ। ੨. ਜੇਹਲਮ। ੩. ਚਨਾਬ। ੪. ਰਵੀ। ੫. ਬਿਆਸ। ੬. ਸਤਲੁਜ। ੭. ਯਮੁਨਾ। ਚਉਦਹ – ਚੌਦਾਂ ਪੁਰਾਣੇ ਵੇਦ ਦੇ ਲੋਕਾਂ, (ਪੁਰਾਣ ਅਤੇ ਅਥਰ੍ਵਵੇਦ ਵਿੱਚ) ਥੱਲੇ (ਨੀਚੇ) ਤੋਂ ਉੱਚੇ ਤਕ: ੧. ਅਤਲ ਲੋਕ। ੨. ਵਿਤਲ ਲੋਕ। ੩. ਸੁਤਲ ਲੋਕ। ੪. ਰਸਾਤਲ ਲੋਕ। ੫. ਤਲਾਤਲ ਲੋਕ। ੬. ਮੱਹਾਤਲ ਲੋਕ। ੭. ਪਾਤਾਲ ਲੋਕ। ੮. ਭੁ ਲੋਕ। ੯. ਭੁਵਰ ਲੋਕ। ੧੦. ਸ੍ਵਰ ਲੋਕ। ੧੧. ਮਹਰ ਲੋਕ। ੧੨. ਜਨ ਲੋਕ। ੧੩. ਤਪ ਲੋਕ। ੧੪. ਸੱਤਯਾ ਲੋਕ। ਤੀਨਿ – ਤਿੰਨ ਨਿਵਾਸ ਅਸਥਾਨ: ੧. ਨਰਕ/ਪਤਾਲ। ੨. ਜਮੀਨ/ਧਰਤੀ-ਪ੍ਰਿਥਵੀ। ੩. ਸਵਰਗ/ਅਸਮਾਨ-ਗਗਨ। ਕੁਝ ਟੀਕਾਕਾਰ (ਗੁਰਬਾਣੀ ਮੁਫ਼ੱਸਰੂਨ) ਲਿਖਦੇ ਹਨ ਕਿ ਇਹ ਤੀਨਿ ਤਿੰਨ ਗੁਣਾਂ ਹਨ (੧. ਸੱਤਵ, ੨. ਰਜਸ, ੩. ਤਮਸ)। ਪਰ ਗੁਰੂ ਸਾਹਿਬ ਦੇ ਬਾਕੀ ਸ਼ਬਦ ਥਾਂਵਾਂ ਬਾਰੇ ਹਨ। ਇਸ ਤਿੰਨ ਨਿਵਾਸ ਵੀ ਥਾਂਵਾਂ ਹਨ। ਚਾਰਿ – ਚਾਰ ਯੁਗਾਂ: ੧. ਸੱਤਯੁਗ। ੨. ਤ੍ਰੇਤਾ ਯੁਗ। ੩. ਦੁਆਪਰ ਯੁਗ। ੪. ਕਾਲਯੁਗ। ਇਹ ਸਾਰੇ ਲਗਭਗ ਸੈਂਤੀ (੩੭) ਥਾਂ ਪ੍ਰਭੂ–ਖ਼ੁਦਾ ਨੇ ਚਾਰ ਸਰੋਤ ਤੋਂ (੧. ਧਰਤੀ-ਮਿੱਟੀ, ੨. ਅੱਗ, ੩. ਹਵਾ, ੪. ਪਾਣੀ) ਬਣਾ ਕਿ ਆਪਣੇ ਮਹਲ-ਹਵੇਲੀ ਵਿੱਚ ਬਿਠਾ ਦਿੱਤੇ ਹਨ। ਗੁਰੂ ਨਾਨਕ ਬਾਦਸ਼ਾਹ ਸਾਹਿਬ ਦਾ ਸਿੱਧਾ ਮਤਲਬ ਹੈ ਕਿ ਕਰਤਾਰ-ਪਰਵਦਗਾਰ ਸਭ ਦਾ ਸਿਰਜਣਹਾਰ ਹੈ।
ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ ॥੧॥
(Faridkot Teeka, c. 1870s): ਚਾਰੇ ਵੇਦ ਰੂਪ ਦੀਵੇ ਚਾਰੋਂ ਜੁਗੋਂ ਕੇ ਹਾਥ ਮੇਂ ਦੀਏ ਹੈਂ। ਇਕ ਇਕ ਦੀਵਾ ਅਪਨੀ ਅਪਨੀ ਵਾਰੀ ਪ੍ਰਕਾਸਤਾ ਹੈ॥੧॥
(SGGS Steek, Bhai Manmohan Singh, c. 1960): ਉਸ ਨੇ ਚਾਰੇ ਹੀ ਦੀਵੇ ਇਕ ਇਕ ਕਰ ਕੇ ਚੋਹਾਂ ਹੀ ਯੁਗਾਂ ਦੇ ਹਥ ਵਿੱਚ ਪਕੜਾ ਦਿੱਤੇ ਹਨ ॥
(SGGS Darpan, Prof. Sahib Singh, c. 1962-64): ਤੂੰ (ਚਾਰ ਵੇਦ-ਰੂਪ) ਚਾਰ ਦੀਵੇ ਚੌਹਾਂ ਜੁਗਾਂ ਦੇ ਹੱਥ ਵਿਚ ਆਪੋ ਆਪਣੀ ਵਾਰੀ ਫੜਾ ਦਿੱਤੇ ॥੧॥ ਚਾਰੇ ਦੀਵੇ = ਚਾਰ ਹੀ ਦੀਵੇ (ਵੇਦ ਚਾਰ)। ਚਹੁ ਹਥਿ = ਚਾਰ ਹੀ ਜੁਗਾਂ ਦੇ ਹੱਥ ਵਿਚ। ਏਕਾ ਏਕਾ ਵਾਰੀ = ਆਪੋ ਆਪਣੀ ਵਾਰੀ ॥੧॥
(S.G.P.C. Shabadarth, Bhai Manmohan Singh, c. 1962-69): ¹ਚਾਰੇ ਦੀਵੇ ²ਚਹੁ ਹਥਿ ਦੀਏ ਏਕਾ ਏਕਾ ਵਾਰੀ ॥੧॥ ¹ਵੇਦ। ²ਚਾਰ ਜੁਗਾਂ ਵਿੱਚ ਆਪਣੀ ਆਪਣੀ ਵਾਰੀ।
(Arth Bodh SGGS, Dr. Rattan Singh Jaggi, c. 2007): ਚਾਰ ਵੇਦ ਰੂਪ ਦੀਵੇ ਚਾਰ (ਯੁਗਾ) ਦੇ ਹੱਥ ਵਿਚ, ਇਕ ਇਕ ਵਾਰ ਦਿੱਤੇ ਹਨ ।੧।
(Aad SGGS Darshan Nirney Steek, Giani Harbans Singh, c. 2009-11): ਚਾਰੇ ਵੇਦ (ਗਿਆਨ) ਰੂਪ ਦੀਵੇ (ਚਾਰ ਜੁਗਾਂ ਦੇ) ਹੱਥ ਵਿੱਚ ਦਿੱਤੇ ਹਨ। ਇਕ ਇਕ ਦੀਵਾ ਵਾਰੀ (ਅਨੁਸਾਰ ਹਰੇਕ ਜੁਗ ਨੂੰ ਉਜਾਲਾ ਕਰਦਾ ਹੈ) ।੧। ਚਾਰੇ ਦੀਵੇ–ਚਾਰੇ ਵੇਦ। ਚਹੁ ਹਥਿ–ਚਾਰ (ਹੀ ਜੁਗਾਂ ਦੇ) ਹਥ ਵਿਚ। ਦੀਏ–ਦਿਤੇ। ਏਕਾ ਏਕਾ–ਵਾਰੀ-ਵਾਰੀ ਆਪੋ ਆਪਣੀ ਵਾਰੀ ।੧।
(Arth–Tafsir Basant—Hindol Astapadi 8, Anmol Singh Rode, c. 2025): ਚਾਰੇ ਦੀਵੇ, ਚਾਰੇ ਵੇਦ (੧. ਰਿਗਵੇਦ, ੨. ਯਜੁਰਵੇਦ, ੩. ਸਾਮਵੇਦ, ੪. ਅਥਰ੍ਵਵੇਦ) ਦਿੱਤੇ ਚਾਰ ਹੱਥਾਂ, ਚਾਰ ਯੁਗਾਂ ਨੂੰ (੧. ਸੱਤਯੁਗ, ੨. ਤ੍ਰੇਤਾ ਯੁਗ, ੩. ਦੁਆਪਰ ਯੁਗ, ੪. ਕਾਲਯੁਗ) ਇੱਕ ਇੱਕ ਵਾਰ ਕਰਕੇ। ਹਰੇਕ ਵੇਦ ਹਰੇਕ ਸਮੇਂ ਵਿੱਚ ਉਸ ਸਮੇਂ ਲਈ ਗਿਯਨ ਸੀ। ਵੇਖੋ ਜੀਓ ਹੁਣ ਸਮਾਂ ਬਦਲ ਰਿਹਾ ਹੈ।
ਮਿਹਰਵਾਨ ਮਧੁਸੂਦਨ ਮਾਧੌ ਐਸੀ ਸਕਤਿ ਤੁਮੑਾਰੀ ॥੧॥ ਰਹਾਉ ॥
(Faridkot Teeka, c. 1870s): ਹੇ (ਮਿਹਰਵਾਨ)! ਹੇ ਮਧੁ ਸੂਦਨ ਮਾਧੋ! ਤੁਮਰੀ ਐਸੀ ਸਕਤੀ ਹੈ॥੧॥ ਰਹਾਉ ॥ ਜੇ ਕਹੈ ਕੈਸੀ ਹੈ? ਸੋ ਕਹਤੇ ਹੈਂ:
(SGGS Steek, Bhai Manmohan Singh, c. 1960): ਮਧਰਾਖਸ਼ ਨੂੰ ਕਾਰਨ ਵਾਲੇ ਅਤੇ ਲਕਸ਼ਮੀ ਦੇ ਸੁਆਮੀ, ਹੈ ਮੇਰੇ ਮਾਇਆਵਾਨ ਮਾਲਕ! ਇਹੋ ਜਿਹੀ ਹੈ ਤੇਰੀ ਤਾਕਤ ॥ ਠਹਿਰਾਉ ॥
(SGGS Darpan, Prof. Sahib Singh, c. 1962-64): ਹੇ ਸਭ ਜੀਵਾਂ ਤੇ ਮੇਹਰ ਕਰਨ ਵਾਲੇ! ਹੇ ਦੁਸ਼ਟਾਂ ਦੇ ਨਾਸ ਕਰਨ ਵਾਲੇ! ਹੇ ਮਾਇਆ ਦੇ ਖਸਮ ਪ੍ਰਭੂ! ਤੇਰੀ ਇਹੋ ਜਿਹੀ ਤਾਕਤ ਹੈ (ਕਿ ਜਿਥੇ ਪਹਿਲਾਂ ਹਿੰਦੂ-ਧਰਮ ਦਾ ਰਾਜ ਸੀ ਤੇ ਸਭ ਲੋਕ ਆਪਣੀ ਘਰੋਗੀ ਬੋਲੀ ਵਿਚ ਹੇਂਦਕੇ ਲਫ਼ਜ਼ ਵਰਤਦੇ ਸਨ, ਉਥੇ ਹੁਣ ਤੂੰ ਮੁਸਲਮਾਨੀ ਰਾਜ ਕਰ ਦਿੱਤਾ ਹੈ, ਨਾਲ ਹੀ ਲੋਕਾਂ ਦੀ ਬੋਲੀ ਭੀ ਬਦਲ ਗਈ ਹੈ) ॥੧॥ ਰਹਾਉ ॥ ਮਿਹਰਵਾਨ = ਹੇ ਮਿਹਰਵਾਨ ਪ੍ਰਭੂ! ਮਧੁਸੂਦਨ = ਹੇ ਮਧੁ-ਦੈਂਤ ਨੂੰ ਮਾਰਨ ਵਾਲੇ! ਮਾਧੌ = ਹੇ ਮਾਇਆ ਦੇ ਪਤੀ! {ਮਾ = ਮਾਇਆ। ਧਵ = ਖਸਮ}। ਸਕਤਿ = ਤਾਕਤ, ਸਮਰੱਥਾ ॥੧॥ ਰਹਾਉ ॥
(S.G.P.C. Shabadarth, Bhai Manmohan Singh, c. 1962-69): ਮਿਹਰਵਾਨ ਮਧੁਸੂਦਨ¹ ਮਾਧੌ² ਐਸੀ ਸਕਤਿ ਤੁਮੑਾਰੀ ॥੧॥ ਰਹਾਉ ॥ ¹(ਮਧੁ ਰਾਕਸ਼ ਨੂੰ ਮਾਰਨ ਵਾਲਾ, ਵਿਸ਼ਨੂੰ) ਹਰੀ। ²(ਮਾਇਆ ਦਾ ਪਤੀ) ਹਰੀ।
(Arth Bodh SGGS, Dr. Rattan Singh Jaggi, c. 2007): ਹੇ ਮਿਹਰਬਾਨ! ਹੇ ਮਧੁਸੂਦਨ! ਹੇ ਮਾਧੋ! ਇਹੋ ਜਿਹੀ ਤੇਰੀ ਸ਼ਕਤੀ ਹੈ ।੧।ਰਹਾਉ।
(Aad SGGS Darshan Nirney Steek, Giani Harbans Singh, c. 2009-11): ਹੇ ਮਿਹਰਵਾਨ! ਹੇ ਦੁਸ਼ਟਾਂ ਦੇ ਮਾਰਨ ਵਾਲੇ! ਹੇ ਮਾਇਆ ਦੇ ਮਾਲਕ ਪ੍ਰਭੂ! ਐਸੀ ਤੇਰੀ ਸ਼ਕਤੀ ਹੈ (ਜਿਸ ਨੂੰ ਵੇਖ ਕੇ ਅਸਚਰਜ ਹੋਈਦਾ ਹੈ) ।੧।ਰਹਾਉ। ਮਿਹਰਵਾਨ–ਹੇ ਮਿਹਰ ਕਰਨ ਵਾਲੇ! ਮਧੁਸੂਦਨ–ਹੇ ਮਧੁ (ਰਾਖਸ਼ ਨੂੰ ਮਾਰਨ ਵਾਲੇ ਵਿਸ਼ਨੂੰ)। ਮਾਧੌ–ਹੇ ਮਾਇਆ ਦੇ ਪਤੀ (ਹਰੀ)। ਸਕਤਿ–ਸ਼ਕਤ, ਤਾਕਤ ।੧।ਰਹਾਉ।
(Arth–Tafsir Basant—Hindol Astapadi 8, Anmol Singh Rode, c. 2025): ਓ ਮਿਹਰਵਾਨ-ਕਰੀਮ ਇੱਕੁ ਓਅੰਕਾਰੁ! ਓ ਮਧੁਸੂਦਨ – ਭੂਤ-ਪ੍ਰੇਤ/ਪਿਸ਼ਾਚ ਨੂੰ ਮਾਰਨ ਵਾਲਾ! ਮਾਧੌ – ਮਿੱਠਾ ਤੁਸੀਂ ਹਨ ਅਤੇ ਐਸੀ ਤੁਮੑਾਰੀ-ਤੁਹਾਡਾ ਸ਼ਕਤੀ-ਜ਼ੋਰ-ਹਿੰਮਤ ਹਨ। ਵਾਹਿਗੁਰੂ ਤੁਸੀਂ ਸ਼ਕਤੀਸ਼ਾਲੀ ਹੋ।
ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ ॥
(Faridkot Teeka, c. 1870s): ਅਗਨੀ ਆਦਿਕ ਜੋ ਤਤ ਹੈਂ ਏਹੁ ਘਰ ਘਰ, ਭਾਵ ਸਰੀਰ ਮੇਂ ਤੇਰਾ ਲਸਕਰੁ ਹੈ; ਵਾ ਜਿਤਨਾ ਘਟ ਘਟ ਲਸਕਰ ਹੈ ਸਭ ਤੇਰਾ (ਪਾਵਕੁ) ਸੇਵਕੁ ਹੈ ਔਰ ਧਰਮ ਰਾਜਾ ਤੇਰੇ ਆਗੇ (ਸਿਕਦਾਰੀ) ਸਰਦਾਰੀ ਕਰਤਾ ਹੈ॥
(SGGS Steek, Bhai Manmohan Singh, c. 1960): ਹਰ ਇਕ ਘਰ ਦੀ ਅੱਗ ਤੇਰੀ ਫੌਜ ਹੈ ਅਤੇ ਸਚਾਈ ਚੋਧਰਪੁਣਾ ਕਰਦੀ ਹੈ ॥
(SGGS Darpan, Prof. Sahib Singh, c. 1962-64): ਹਰੇਕ ਸਰੀਰ ਵਿਚ ਤੇਰੀ ਹੀ ਜੋਤਿ ਵਿਆਪਕ ਹੈ, ਇਹ ਸਾਰੇ ਜੀਵ ਤੇਰਾ ਲਸ਼ਕਰ ਹਨ, ਤੇ ਇਹਨਾਂ ਜੀਵਾਂ ਉਤੇ (ਤੇਰਾ ਪੈਦਾ ਕੀਤਾ) ਧਰਮਰਾਜ ਸਰਦਾਰੀ ਕਰਦਾ ਹੈ, ਘਰਿ ਘਰਿ = ਹਰੇਕ ਸਰੀਰ ਵਿਚ। ਪਾਵਕੁ = ਅੱਗ, (ਤੇਰੀ) ਜੋਤਿ। ਧਰਮੁ = ਧਰਮਰਾਜ। ਸਿਕਦਾਰੀ = ਸਰਦਾਰੀ।
(S.G.P.C. Shabadarth, Bhai Manmohan Singh, c. 1962-69): ਘਰਿ ਘਰਿ ਲਸਕਰੁ ਪਾਵਕੁ¹ ਤੇਰਾ ਧਰਮੁ ਕਰੇ ਸਿਕਦਾਰੀ ॥ ¹(ਅੱਗ) ਜੋਤਿ। ਹਰ ਸਰੀਰ ਵਿੱਚ ਜੋਤ ਹੈ, ਉਹ ਤੇਰਾ ਲਸ਼ਕਰ ਹੈ ਤੇ ਧਰਮ ਰਾਜਾ ਸਰਦਾਰੀ ਕਰਦਾ ਹੈ।
(Arth Bodh SGGS, Dr. Rattan Singh Jaggi, c. 2007): ਹਰ ਇਕ ਜੀਵ ਵਿਚ (ਤੇਰੀ) ਜੋਤਿ ਹੀ ਤੇਰੀ ਸੈਨਾ (ਲਸਕਰੁ) ਹੈ ਅਤੇ ਧਰਮਰਾਜ (ਸੈਨਾ ਦੀ) ਸਰਦਾਰੀ ਕਰਦਾ ਹੈ।
(Aad SGGS Darshan Nirney Steek, Giani Harbans Singh, c. 2009-11): (ਹੇ ਪ੍ਰਭੂ!) ਹਰੇਕ ਸਰੀਰ ਵਿਚ (ਅੱਗ ਮਾਨੋ) ਜੋਤਿ (ਉਹ) ਤੇਰਾ ਲਸ਼ਕਰ ਹੈ (ਅਤੇ) ਧਰਮਰਾਜਾ (ਲਸ਼ਕਰ ਦੀ) ਸਰਦਾਰੀ ਕਰਦਾ ਹੈ। ਘਰਿ ਘਰਿ–ਹਰੇਕ ਸਰੀਰ ਵਿਚ। ਲਸਕਰ–ਫੌਜ। ਪਾਵਕੁ–ਅੱਗ ਭਾਵ ਜੋਤਿ। ਧਰਮੁ–ਧਰਮ ਰਾਜਾ। ਸਿਕਦਾਰੀ–ਸਰਦਾਰੀ।
(Arth–Tafsir Basant—Hindol Astapadi 8, Anmol Singh Rode, c. 2025): ਹਰੇਕ ਘਰ ਵਿੱਚ, ਹਰੇਕ ਜੀਵ ਵਿੱਚ ਇਹ ਸ਼ਕਤੀ-ਜ਼ੋਰ-ਹਿੰਮਤ ਅੱਗ ਵਾਂਗੂੰ ਜੋਤਿ ਹੈ। ਇਹ ਜ਼ਬਰਦਸਤ ਜੋਤਿ ਘਰਾਂ ਅਤੇ ਜੀਵਾਂ ਵਿੱਚ ਤੁਹਾਡੀ ਲਸ਼ਕਰ-ਫ਼ੌਜ ਹਨ। ਧਰਮੁ – ਧਰਮਰਾਜ, ਸਚਿਆਰ ਕਿਰਦਾਰ/ਰਹਿਣ ਤੌਰ ਤੇ ਸਿਕਦਾਰੀ – ਸਰਦਾਰੀ-ਮੁਖੀ ਹਨ। ਸਿਕਦਾਰੀ ਇੱਕ ਹਿੰਦ ਦਾ ਪੁਰਾਣਾ ਸਿਰਲੇਖ ਹਨ ਜੋ ਇੱਕ ਸੌ (੧੦੦) ਕਿਲੇਆਂ ਜ਼ਮੀਨ ਦਾ ਮਾਲਕ ਸਨ।
ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ ॥੨॥
(Faridkot Teeka, c. 1870s): ਧਰਤੀ ਦੇਗ ਹੈ। ਇਕ ਵੇਰੀ ਖਾਣਾ ਮਿਲਤਾ ਹੈ, ਭਾਵ ਪ੍ਰਾਰਬਧ ਕਰਮੁ ਏਕ ਵਾਰ ਹੀ ਲਿਖਾ ਗਿਆ ਹੈ ਕੇ ਇਸ ਜੀਵ ਕੋ ਇਤਨਾ ਮਿਲੇਗਾ, ਤਿਸੁ ਲਿਖੇ ਤੇ ਅਧਿਕ ਨਹੀਂ ਮਿਲਤਾ ਹੈ। ਔਰ ਜੀਵੋਂ ਕਾ ਭਾਗ ਕ੍ਯਾ ਕਰਮੁ ਹੀ ਤੇਰਾ ਭੰਡਾਰੀ ਕੀਆ ਹੂਆ ਹੈ॥੨॥
(SGGS Steek, Bhai Manmohan Singh, c. 1960): ਜਮੀਨ ਤੇਰਾ ਵਲਟੋਹਾ ਹੈ ਅਤੇ ਜੀਵਾਂ ਨੂੰ ਕੇਵਲ ਇਕ ਵਾਰੀ ਹੀ ਮਿਲਦਾ ਹੈ ॥ ਪ੍ਰਾਲਬੰਧ ਮੋਦੀ ਹੈ ॥
(SGGS Darpan, Prof. Sahib Singh, c. 1962-64): (ਤੂੰ ਇਸ ਲਸ਼ਕਰ ਦੀ ਪਾਲਣਾ ਵਾਸਤੇ) ਧਰਤੀ (-ਰੂਪ) ਦੇਗ ਬਣਾ ਦਿੱਤੀ ਜਿਸ ਵਿਚੋਂ ਇਕੋ ਵਾਰੀ (ਭਾਵ, ਅਖੁੱਟ ਭੰਡਾਰਾ) ਮਿਲਦਾ ਹੈ, ਹਰੇਕ ਜੀਵ ਦਾ ਪ੍ਰਾਰਬਧ ਤੇਰਾ ਭੰਡਾਰਾ ਵਰਤਾ ਰਹੀ ਹੈ ॥੨॥ ਇਕ ਵੇਰਾ = ਇਕੋ ਵਾਰੀ। ਭਾਗੁ = ਹਰੇਕ ਜੀਵ ਦੀ ਪ੍ਰਾਰਬਧ। ਭੰਡਾਰੀ = ਭੰਡਾਰਾ ਵੰਡਣ ਵਾਲਾ ॥੨॥
(S.G.P.C. Shabadarth, Bhai Manmohan Singh, c. 1962-69): ¹ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ ॥੨॥ ¹ਧਰਤੀ ਦੇਗ ਹੈ ਜਿਸ ਤੋਂ ਇਕੋ ਵਾਰ ਸਭ ਕੁਝ ਮਿਲਦਾ ਹੈ ਤੇ ਤੇਰਾ ਬਣਾਇਆ ਹੋਇਆ ਭਾਗ ਭੰਡਾਰਾ ਵੰਡਣ ਵਾਲਾ ਹੈ।
(Arth Bodh SGGS, Dr. Rattan Singh Jaggi, c. 2007): ਧਰਤੀ (ਮਾਨੋ) ਦੇਗ ਹੈ (ਜਿਸ ਤੋਂ ਹਰ ਇਕ ਨੂੰ) ਇਕੋ ਵਾਰ (ਸਭ ਕੁਝ) ਮਿਲ ਜਾਂਦਾ ਹੈ। (ਹਰ ਇਕ ਜੀਵ ਦਾ) ਭਾਗ ਤੇਰਾ (ਮਾਨੋ) ਭੰਡਾਰੀ ਹੈ ।੨।
(Aad SGGS Darshan Nirney Steek, Giani Harbans Singh, c. 2009-11): ਧਰਤੀ ਦੇਗ ਹੈ ਜਿਸ ਤੋਂ ਇਕੋ ਵਾਰ ਸਭ ਕੁਝ ਮਿਲਦਾ ਹੈ, ਤੇਰਾ ਬਣਾਇਆ ਹੋਇਆ ਭਾਗ (ਸਾਰਿਆਂ ਨੂੰ ਭੰਡਾਰਾ) ਵੰਡਣ ਵਾਲਾ ਹੈ ।੨। ਇਕ ਵੇਰਾ–ਇਕੋ ਵਾਰ। ਭਾਗੁ–ਪ੍ਰਾਲਬਧ। ਭੰਡਾਰੀ–ਭੰਡਾਰ ਵੰਡਣ ਵਾਲਾ ।੨।
(Arth–Tafsir Basant—Hindol Astapadi 8, Anmol Singh Rode, c. 2025): ਇਹ ਦੁਨੀਆ, ਇਹ ਧਰਤੀ ਇੱਕ ਦੇਗ-ਕੜਾਹੀ ਹਨ ਜਿੱਥੇ ਇਸ ਜ਼ਮੀਨ ਤੇ ਆਉਣ ਤੇ ਹਰੇਕ ਜੀਵ ਨੂੰ ਇੱਕ ਵਾਰ ਸਭ ਕੁਝ ਮਿਲ ਜਾਂਦਾ ਹੈ। ਸਾਰਿਆਂ ਨੂੰ ਤੁਹਾਡਾ ਭਾਗੁ – ਕੁਝ ਹਿੱਸਾ, ਤੁਹਾਡੇ ਭੰਡਾਰੀ ਤੋਂ – ਘਰ-ਖ਼ਜ਼ਾਨੇ ਤੋਂ ਮਿਲੇਗਾ। ਓ ਅਕਾਲ ਪੁਰਖ! ਤੁਸੀਂ ਆਪਣੇ ਭੰਡਾਰ ਦੇ ਵੰਡਣ ਵਾਲੇ ਹੋ।
ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ ॥
(Faridkot Teeka, c. 1870s): ਜੋ ਪੁਰਸ (ਨਾ ਸਾਬੂਰੁ) ਸਾਬਰੀ ਸੰਤੋਖ ਸੇ ਰਹਿਤ ਹੋ ਕੇ ਫੇਰ ਮਾਂਗਤਾ ਹੈ ਅਰਥਾਤ ਅਧਿਕ ਚਾਹਤਾ ਹੈ, ਸੋ ਤਿਸ ਕੀ (ਨਾਰਦੁ) ਮਨੁ ਖਵਾਰੀ ਕਰਤਾ ਹੈ॥
(SGGS Steek, Bhai Manmohan Singh, c. 1960): ਬੇ–ਸਬਰ ਹੋ ਕੇ, ਬੰਦਾ ਮੁੜ ਯਾਂਚਨਾ ਕਰਦਾ ਹੈ ਅਤੇ ਚੰਚਲ ਮਨੂਆ ਉਸ ਨੂੰ ਖੱਜਲ ਕਰਦਾ ਹੈ ॥
(SGGS Darpan, Prof. Sahib Singh, c. 1962-64): (ਹੇ ਪ੍ਰਭੂ! ਤੇਰਾ ਇਤਨਾ ਬੇਅੰਤ ਭੰਡਾਰਾ ਹੁੰਦਿਆਂ ਭੀ ਜੀਵ ਦਾ ਮਨ) ਨਾਰਦ (ਜੀਵ ਵਾਸਤੇ) ਖ਼ੁਆਰੀ ਪੈਦਾ ਕਰਦਾ ਹੈ, ਸਿਦਕ-ਹੀਣਾ ਮਨ ਮੁੜ ਮੁੜ (ਪਦਾਰਥ) ਮੰਗਦਾ ਰਹਿੰਦਾ ਹੈ। ਨਾਸਾਬੂਰ = ਨਾ ਸਾਬੂਰ, ਬੇ-ਸਬਰਾ, ਸਿਦਕ-ਹੀਣ। ਫਿਰਿ = ਮੁੜ ਮੁੜ। ਨਾਰਦੁ = ਮਨ।
(S.G.P.C. Shabadarth, Bhai Manmohan Singh, c. 1962-69): ¹ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ² ਕਰੇ ਖੁਆਰੀ ॥ ¹ਬੇਸਬਰਾ ਹੋ ਕੇ ਫਿਰ ਮੰਗਦਾ ਹੈ। ²(ਨਾਰਦ ਰਿਸ਼ੀ ਨੂੰ ਸਰਾਪ ਸੀ ਕਿ ਕਿਸੇ ਇਕ ਥਾਂ ਟਿਕ ਕੇ ਨਹੀਂ ਬੈਠ ਸਕਦਾ ਸੀ) ਚਲਾਏਮਾਨ ਮਨ।
(Arth Bodh SGGS, Dr. Rattan Singh Jaggi, c. 2007): (ਜੋ) ਬੇਸਬਰਾ (ਨਾ ਸਾਬੂਰੁ) ਹੁੰਦਾ ਹੈ, (ਉਹ) ਫਿਰ ਮੰਗਦਾ ਹੈ। ਚੰਚਲ ਮਨ (ਨਾਰਦੁ) (ਜੀਵ ਨੂੰ) ਖੁਆਰ ਕਰਦਾ ਹੈ।
(Aad SGGS Darshan Nirney Steek, Giani Harbans Singh, c. 2009-11): (ਇਤਨੇ ਭਰੇ ਭੰਡਾਰ ਹੋਦਿਆਂ ਵੀ ਇਹੀ) ਨਾਰਦ (ਚੰਚਲ ਮਨ) ਬੇਸਬਰਾ ਹੋ ਕੇ ਮੁੜ ਕੇ ਮੰਗਦਾ ਹੈ ਅਤੇ ਖੁਆਰੀ ਕਰਦਾ ਹੈ। ਨਾ ਸਬੂਰ–ਬੇ-ਸਬਰਾ। ਫਿਰਿ ਮੰਗੈ–ਮੰਗ ਕੇ। ਨਾਕਦੁ–ਚਲਾਇਮਾਨ ਮਨ।
(Arth–Tafsir Basant—Hindol Astapadi 8, Anmol Singh Rode, c. 2025): ਪਰ ਉਹ ਮਨੁੱਖ, ਉਹ ਆਦਮੀ ਜੋ ਨਾ ਸਾਬੂਰੁ ਹੋਵੈ – ਬੇ-ਸਬਰਾ ਹੈ, ਉਹ ਆਦਮੀ ਫਿਰ ਦੁਬਾਰਾ ਮੁੜ ਕੇ ਮੰਗਣ ਆਉਂਦਾ ਹੈ। ਨਾਕਦੁ – ਉਸ ਆਦਮੀ ਦਾ ਬੇਚੈਨ-ਚੁਲਬੁਲਾ ਮਨ ਨਹੀਂ ਟਿਕ ਸਕਦਾ। ਕਰੇ ਖੁਆਰੀ – ਫਿਰ ਉਹ ਆਦਮੀ ਦੇ ਸੋਚ ਤੋਂ ਮਨ ਦੇ ਖੁਆਰ-ਨਖੱਤਾ ਵਿੱਚ ਰਹਿੰਦਾ ਹੈ। ਹੋਰ ਮੰਗਣ ਨਾਲ ਕਿਸੇ ਦਾ ਦਿਮਾਗ਼ ਨਹੀਂ ਸ਼ਾਂਤ ਹੁੰਦਾ।
ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ ॥੩॥
(Faridkot Teeka, c. 1870s): ਲਬੁ ਰੂਪੀ (ਅਧੇਰਾ) ਅੰਧੇਰ ਵਾਲਾ ਬੰਦੀ ਖਾਨਾ ਹੈ ਜਹਾਂ ਜੀਵੋਂ ਕੋ ਕੁਝ ਦਿਖਾਈ ਨਹੀਂ ਦੇਤਾ ਹੈ ਔਰ ਔਗਣਾਂ ਰੂਪੀ ਜੀਵ ਕੇ ਪੈਰੋਂ ਮੇਂ (ਲੁਹਾਰੀ) ਬੇੜੀ ਪੜੀ ਹੂਈ ਹੈ॥੩॥
(SGGS Steek, Bhai Manmohan Singh, c. 1960): ਲਾਲਚ ਕਾਲਾ ਬੋਲਾ ਕੈਦਖਾਨਾ ਹੈ ਅਤੇ ਬਦੀਆ ਪੈਰਾਂ ਦੀਆਂ ਬੇੜੀਆਂ ਹਨ ॥
(SGGS Darpan, Prof. Sahib Singh, c. 1962-64): ਲੱਬ ਜੀਵ ਵਾਸਤੇ ਹਨੇਰਾ ਕੈਦਖ਼ਾਨਾ ਬਣਿਆ ਪਿਆ ਹੈ, ਤੇ ਇਸ ਦੇ ਆਪਣੇ ਕਮਾਏ ਪਾਪ ਇਸ ਦੇ ਪੈਰ ਵਿਚ ਲੋਹੇ ਦੀ ਬੇੜੀ ਬਣੇ ਪਏ ਹਨ ॥੩॥ ਅਧੇਰਾ = ਹਨੇਰਾ। ਬੰਦੀਖਾਨਾ = ਕੈਦ-ਖ਼ਾਨਾ। ਪੈਰਿ = ਪੈਰ ਵਿਚ। ਲੋਹਾਰੀ = ਲੋਹੇ ਦੀ ਬੇੜੀ ॥੩॥
(S.G.P.C. Shabadarth, Bhai Manmohan Singh, c. 1962-69): ਲਬੁ ਅਧੇਰਾ ਬੰਦੀਖਾਨਾ ¹ਅਉਗਣ ਪੈਰਿ ਲੁਹਾਰੀ² ॥੩॥ ¹ਅਵਗੁਣਾਂ ਦੀ ਪੈਰੀਂ ਬੇੜੀ ਪਈ ਹੈ। ²ਲੋਹੇ ਦੀ ਬੇੜੀ।
(Arth Bodh SGGS, Dr. Rattan Singh Jaggi, c. 2007): ਲਾਲਚ (ਮਾਨੋ) ਹਨੇਰਾ ਕੈਦਖ਼ਾਨਾ ਹੈ ਅਤੇ ਔਗੁਣਾਂ ਦੀ ਪੈਰ ਵਿਚ ਬੇੜੀ ਪਈ ਹੋਈ ਹੈ ।੩।
(Aad SGGS Darshan Nirney Steek, Giani Harbans Singh, c. 2009-11): ਲੋਭ (ਜੀਵ ਲਈ) ਹਨੇਰਾ (ਮਾਨੋ) ਕੈਦਖ਼ਾਨਾ ਬਣਿਆ ਹੋਇਆ ਹੈ (ਅਤੇ) ਪੈਰਾਂ ਵਿੱਚ ਅਵਗੁਣਾਂ ਦੀ ਬੇੜੀ ਪਈ ਹੋਈ ਹੈ ।੩। ਲਬੁ–ਲੋਭ। ਅਧੇਰਾ–ਹਨੇਰਾ। ਬੰਦੀਖਾਨਾ–ਕੈਦ ਖਾਨਾ। ਪੈਰਿ–ਪੈਰਾਂ ਵਿਚ। ਲੁਹਾਰੀ–ਲੋਹੇ ਦੀ ਬੇੜੀ ।੩।
(Arth–Tafsir Basant—Hindol Astapadi 8, Anmol Singh Rode, c. 2025): ਲਬੁ – ਲੋਭ-ਲਾਲਚੀ-ਬੇਸਬਰੀ ਇੱਕ ਮਨ ਲਈ ਅਧੇਰਾ-ਹਨੇਰਾ ਬੰਦੀਖਾਨਾ/ਕੈਦਖ਼ਾਨਾ ਹੈ। ਅਉਗਣ – ਅਵਗੁਣਾਂ ਪੈਰਾਂ ਲਈ ਲੁਹਾਰੀ ਹਨ – ਲੋਹੇ ਦੇ ਸੰਗਲ ਹਨ। ਲੋਭ ਅਤੇ ਔਗੁਣਾਂ ਆਦਮੀ ਨੂੰ ਪਿੱਛੇ ਰੱਖਦੇ ਹਨ।
ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪੁ ਕਰੇ ਕੋੁਟਵਾਰੀ ॥
(Faridkot Teeka, c. 1870s): ਜੈਸੀ ਕਰਮ ਰੂਪੀ ਪੂੰਜੀ ਹੈ, ਤਿਸੀ ਅਨੁਸਾਰ ਮੁਦਗੁਰੋਂ ਕੀ ਮਾਰ ਪੜਤੀ ਹੈ ਵਾ ਪੁਜ ਕੇ ਮਾਰ ਪੜਤੀ ਹੈ। ਪਾਪ ਕੋਟਵਾਰੀ ਕਰਤਾ ਹੈ, ਭਾਵ ਪਾਪੋਂ ਕਰ ਜੀਵ ਪਕੜਾ ਜਾਤਾ ਹੈ॥
(SGGS Steek, Bhai Manmohan Singh, c. 1960): ਦੌਲਤ ਆਪਣੇ ਮੁਤਕਹਰੇ ਨਾਲ ਸਦਾ ਹੀ ਜਿੰਦੜੀ ਨੂੰ ਮਾਰਦੀ ਹੈ ਅਤੇ ਗੁਨਾਹ ਕੋਤਵਾਲਪੁਣਾ ਕਰਦਾ ਹੈ ॥
(SGGS Darpan, Prof. Sahib Singh, c. 1962-64): (ਇਸ ਲੱਬ ਦੇ ਕਾਰਨ) ਜੀਵ ਦਾ ਸਰਮਾਇਆ ਇਹ ਹੈ ਕਿ ਇਸ ਨੂੰ, ਮਾਨੋ, ਨਿੱਤ ਮੁਹਲਿਆਂ ਦੀ ਮਾਰ ਪੈ ਰਹੀ ਹੈ, ਤੇ ਇਸ ਦਾ ਆਪਣਾ ਕਮਾਇਆ ਪਾਪ (-ਜੀਵਨ) ਇਸ ਦੇ ਸਿਰ ਉਤੇ ਕੁਤਵਾਲੀ ਕਰ ਰਿਹਾ ਹੈ। ਪੂੰਜੀ = (ਲੱਬ = ਗ੍ਰਸੇ ਜੀਵ ਦਾ) ਸਰਮਾਇਆ। ਮੁਦਗਰ ਮਾਰ = ਮੁਦਗਰਾਂ ਦੀ ਮਾਰ, ਮੁਹਲਿਆਂ ਦੀ ਮਾਰ। ਕੋੁਟਵਾਰੀ = ਕੋਤਵਾਲੀ {ਨੋਟ: ਅੱਖਰ ‘ਕ’ ਦੇ ਨਾਲ ਦੋ ਲਗਾਂ ਹਨ: ਲਗਾਂ ਹਨ: (ੋ) ਅਤੇ (ੁ) ਅਸਲ ਅਸਲ ਲਫ਼ਜ਼ ‘ਕੋਟਵਾਰੀ’ ਹੈ, ਇਥੇ ‘ਕੁਟਵਾਰੀ’ ਪੜ੍ਹਨਾ ਹੈ}।
(S.G.P.C. Shabadarth, Bhai Manmohan Singh, c. 1962-69): ¹ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪੁ ਕਰੇ ਕੋੁਟਵਾਰੀ ॥ ¹ਪੂੰਜੀ ਇਹ ਹੈ ਕਿ ਮੋਹਲਿਆਂ ਦੀ ਮਾਰ ਪੈਂਦੀ ਹੈ ਤੇ ਪਾਪ ਹੀ ਕੋਤਵਾਲੀ ਕਰਦਾ ਹੈ। (ਸੰ: ਮੁਦਗਰ-ਮੁਦਗਰ, ਮੋਹਲੇ)।
(Arth Bodh SGGS, Dr. Rattan Singh Jaggi, c. 2007): ਨਿਤ ਮੁਦਗਰ ਦੀ ਪੈਂਦੀ ਮਾਰ (ਜਾਣੋ) ਪੂੰਜੀ ਹੈ ਅਤੇ ਪਾਪ (ਸਿਰ ਉਤੇ ਖੜੋਤਾ) ਕੋਤਵਾਲੀ ਕਰ ਰਿਹਾ ਹੈ।
(Aad SGGS Darshan Nirney Steek, Giani Harbans Singh, c. 2009-11): (ਇਸੇ ਤਰ੍ਹਾਂ ਜੀਵ ਦੀ) ਪੂੰਜੀ ਇਹ ਹੈ ਕਿ ਇਸ ਨੂੰ ਹਰ ਰੋਜ਼ ਮੋਹਲਿਆਂ ਦੀ ਮਾਰ ਪੈਂਦੀ ਹੈ (ਅਤੇ) ਪਾਪ ਹੀ (ਇਸ ਦੀ) ਕੁਤਵਾਲੀ ਕਰਦਾ ਰਹਿੰਦਾ ਹੈ। ਪੂਜੀ–ਸਰਮਾਇਆ। ਮੁਦਗਰ–ਮੁਹਲਿਆਂ ਦੀ ਕੁਟ ਮਾਰ। ਕੋੁਟਵਾਰੀ–ਕੋਤਵਾਲੀ।
(Arth–Tafsir Basant—Hindol Astapadi 8, Anmol Singh Rode, c. 2025): ਪੂੰਜੀ – ਆਪਣੀ ਦੌਲਤ ਉਸ ਆਦਮੀ ਨੂੰ ਮਾਰਦਾ ਹੈ ਜਿਵੇਂ ਮੁਦਗਰ – ਡਾਂਗ-ਸੋਟੀ ਨਾਲ ਕੁਟ-ਮਾਰ ਹੁੰਦੀ ਹੈ। ਪਾਪਾਂ-ਗੁਨਾਹ ਕਰੇ ਕੋੁਟਵਾਰੀ/ਕੋਤਵਾਲੀ ਉਸ ਆਦਮੀ ਦੇ ਉੱਤੇ। ਨੋਟ ਕਰੋ “ਕੋੁਟਵਾਰੀ” ਸ਼ਬਦ ਵਿੱਚ ‘ਕ’ ਤੇ ਦੋਵੇਂ ੋ (ਹੋੜਾ) ਅਤੇ ੁ (ਔਂਕੜ) ਆਉਂਦਾ ਹੈ।
ਭਾਵੈ ਚੰਗਾ ਭਾਵੈ ਮੰਦਾ ਜੈਸੀ ਨਦਰਿ ਤੁਮੑਾਰੀ ॥੪॥
(Faridkot Teeka, c. 1870s): ਭਾਵੈ ਚੰਗਾ ਭਾਵੈ ਮੰਦਾ, ਜੈਸੀ ਤੁਮਾਰੀ ਨਜਰ ਹੋਤੀ ਹੈ ਵੈਸਾ ਹੀ ਜੀਵੋਂ ਕਾ ਹਾਲ ਹੋਤਾ ਹੈ॥੪॥
(SGGS Steek, Bhai Manmohan Singh, c. 1960): ਖਾਹ ਭਲਾ, ਖਾਹ ਬੁਰਾ, ਇਨਸਾਨ ਵੈਸਾ ਹੈ, ਜਿਹੋ ਜਿਹੀ ਤੂੰ ਉਸ ਤੇ ਨਿਗਾਹ ਧਾਰਦਾ ਹੈ, ਹੇ ਸੁਆਮੀ!
(SGGS Darpan, Prof. Sahib Singh, c. 1962-64): ਪਰ ਹੇ ਪ੍ਰਭੂ! (ਜੀਵ ਦੇ ਕੀਹ ਵੱਸ?) ਜਿਹੋ ਜਿਹੀ ਤੇਰੀ ਨਿਗਾਹ ਹੋਵੇ ਉਹੋ ਜਿਹਾ ਜੀਵ ਬਣ ਜਾਂਦਾ ਹੈ, ਤੈਨੂੰ ਭਾਵੈ ਤਾਂ ਚੰਗਾ, ਤੈਨੂੰ ਭਾਵੈ ਤਾਂ ਮੰਦਾ ਬਣ ਜਾਂਦਾ ਹੈ (ਇਹ ਸੀ ਲੋਕਾਂ ਦੀ ਬੋਲੀ ਜੋ ਹਿੰਦੂ-ਰਾਜ ਸਮੇ ਆਮ ਤੌਰ ਤੇ ਵਰਤੀ ਜਾਂਦੀ ਸੀ) ॥੪॥
(S.G.P.C. Shabadarth, Bhai Manmohan Singh, c. 1962-69): ¹ਭਾਵੈ ਚੰਗਾ ਭਾਵੈ ਮੰਦਾ ਜੈਸੀ ਨਦਰਿ ਤੁਮੑਾਰੀ ॥੪॥ ¹ਜੇ ਤੈਨੂੰ ਭਾਵੇ ਤਾਂ ਚੰਗਾ ਬਣਾ ਦਿੰਦਾ ਹੈਂ।
(Arth Bodh SGGS, Dr. Rattan Singh Jaggi, c. 2007): ਜਿਹੋ ਜਿਹੀ ਤੇਰੀ ਦ੍ਰਿਸ਼ਟੀ ਹੁੰਦੀ ਹੈ (ਜੀਵ) ਉਹੋ ਜਿਹਾ ਬਣ ਜਾਂਦਾ ਹੈ, ਤੈਨੂੰ ਭਾਵੇਂ ਤਾਂ ਚੰਗਾ (ਅਤੇ ਤੈਨੂੰ) ਭਾਵੇਂ ਤਾਂ ਮੰਦਾ (ਹੋ ਜਾਂਦਾ ਹੈ) ।੪।
(Aad SGGS Darshan Nirney Steek, Giani Harbans Singh, c. 2009-11): (ਹੇ ਪ੍ਰਭੂ! ਇਸ ਜੀਵ ਦੇ ਵਸ ਵਿਚ ਕੁਝ ਨਹੀਂ ਹੈ) ਜਿਹੋ ਜਿਹੀ (ਕਿਸੇ ਜੀਵ ਤੇ) ਤੇਰੀ ਨਦਰਿ ਹੋ ਜਾਵੇ (ਉਹ ਜੀਵ ਉਹੋ ਜਿਹਾ ਬਣ ਜਾਂਦਾ ਹੈ)। (ਤੈਨੂੰ) ਭਾਵੇ ਤਾਂ (ਉਹ) ਚੰਗਾ (ਬਣ ਜਾਂਦਾ ਹੈ ਜੇ ਤੈਨੂੰ) ਭਾਵੇ ਤਾਂ (ਉਹ) ਮੰਦਾ (ਬਣ ਜਾਂਦਾ ਹੈ) ।੪। ਭਾਵੈ–(ਤੈਨੂੰ) ਭਾਏ ।੪।
(Arth–Tafsir Basant—Hindol Astapadi 8, Anmol Singh Rode, c. 2025): ਭਾਵੇਂ ਚੰਗਾ ਜਾਂ ਭਾਵੇਂ ਮੰਦਾ/ਮਾੜਾ, ਉਹ ਆਦਮੀ-ਇਨਸਾਨ ਉਹੀ ਦੀ ਤਰ੍ਹਾਂ ਰਹੇਗਾ ਜੈਸੀ ਨਦਰਿ ਤੁਮੑਾਰੀ – ਤੁਸੀਂ ਉਨ੍ਹਾਂ ਨੂੰ ਜਿਸ ਵੀ ਤਰੀਕੇ ਨਾਲ ਦੇਖੋ। ਓ ਖ਼ਾਲਕ-ਮਾਲਕ! ਤੁਹਾਡੇ ਨਜ਼ਰ-ਨਿਗਾਹ ਤੋਂ ਉਹ ਇਨਸਾਨ ਚੰਗਾ ਜਾਂ ਮਾੜਾ ਹੀ ਰਹੇਗਾ।
ਆਦਿ ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ ॥
(Faridkot Teeka, c. 1870s): ਹੇ ਆਦਿ ਪੁਰਖ ਪਰਮੇਸਵਰ! ਤੇਰੇ ਕੋ (ਅਲਹੁ) ਅਲਾ ਕਰ ਕੇ ਕਹੀਤਾ ਹੈ। ਕਲਿਜੁਗ ਮੇਂ ਸੇਖਾਂ ਦੀ ਪੁਜਾਵਣੇ ਕੀ ਵਾਰੀ ਆਈ ਹੈ॥
(SGGS Steek, Bhai Manmohan Singh, c. 1960): ਆਦੀ ਪ੍ਰਭੂ ਅੱਲਾ ਆਖਿਆ ਜਾਂਦਾ ਹੈ ॥ ਸ਼ੇਖਾਂ ਦੀ ਵਾਰੀ ਆ ਗਹੀ ਹੈ ॥
(SGGS Darpan, Prof. Sahib Singh, c. 1962-64): ਪਰ ਹੁਣ ਮੁਸਲਮਾਨੀ ਰਾਜ ਦਾ ਸਮਾ ਹੈ। (ਜਿਸ ਨੂੰ ਪਹਿਲਾਂ ਹੇਂਦਕੀ ਬੋਲੀ ਵਿਚ) ‘ਆਦਿ ਪੁਰਖ’ ਆਖਿਆ ਜਾਂਦਾ ਸੀ ਹੁਣ ਉਸ ਨੂੰ ਅੱਲਾ ਆਖਿਆ ਜਾ ਰਿਹਾ ਹੈ। ਆਦਿ ਪੁਰਖ ਕਉ = ਉਸ ਨੂੰ ਜਿਸ ਨੂੰ ਪਹਿਲਾਂ ਹਿੰਦੂ-ਧਰਮ ਦੇ ਜ਼ੋਰ ਵੇਲੇ ‘ਆਦਿ ਪੁਰਖ’ ਆਖਿਆ ਜਾਂਦਾ ਸੀ। ਅਲਹੁ ਕਹੀਐ = ਹੁਣ ‘ਅੱਲਾ’ ਆਖਿਆ ਜਾ ਰਿਹਾ ਹੈ ਮੁਸਲਮਾਨੀ ਰਾਜ ਵਿਚ। ਸੇਖਾਂ ਵਾਰੀ = ਮੁਸਲਮਾਨਾਂ (ਦੀ ਰਾਜ ਕਰਨ) ਦੀ ਵਾਰੀ (ਆ ਗਈ ਹੈ)।
(S.G.P.C. Shabadarth, Bhai Manmohan Singh, c. 1962-69): ¹ਆਦਿ ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ ॥ ¹ਆਦ ਪੁਰਖ ਨੂੰ ਅੱਲਾ ਕਹਿਣ ਲੱਗ ਪਏ ਹਨ ਸ਼ੇਖਾਂ ਦੀ ਅਮਲਦਾਰੀ ਹੋ ਗਈ ਹੈ।
(Arth Bodh SGGS, Dr. Rattan Singh Jaggi, c. 2007): (ਹੁਣ) ਸੇਖਾਂ (ਦੇ ਰਾਜ) ਦੀ ਵਾਰੀ ਆ ਗਈ ਹੈ, ਉਹ ਆਦਿ ਪੁਰਖ (ਪ੍ਰਭੂ) ਨੂੰ ਅੱਲ੍ਹਾ ਕਹਿੰਦੇ ਹਨ।
(Aad SGGS Darshan Nirney Steek, Giani Harbans Singh, c. 2009-11): (ਹੁਣ) ਸ਼ੇਖ਼ਾ ਦੀ ਵਾਰੀ ਆਈ ਹੈ (ਜਿਸ ਕਰਕੇ) ਆਦਿ ਪੁਰਖ ਨੂੰ ਅੱਲਾ ਕਹਿਣ ਲਗ ਪਏ ਹਨ। ਸੇਖਾਂ ਆਈ ਵਾਰੀ–ਮੁਸਲਮਾਨਾਂ ਦੇ ਰਾਜ ਦੀ ਵਾਰੀ ਆਈ ਹੈ।
(Arth–Tafsir Basant—Hindol Astapadi 8, Anmol Singh Rode, c. 2025): ਆਦਿ ਪੁਰਖ – ਖ਼ਾਲਕ-ਕਰਤਾਰ ਦਾ ਨਾਮ, ਕਉ ਅਲਹੁ – ਹੁਣ ਅੱਲ੍ਹਾ ਕਹਿੰਦੇ ਹਨ। ਰੱਬ ਦਾ ਨਾਮ ਲਈ ਇੱਕ ਪਰਦੇਸੀ (ਅਰਬੀ ਬੋਲੀ) ਬਚਨ ਵਰਤਣ ਲੱਗ ਪਏ ਹਨ। ਸੇਖਾਂ ਆਈ ਵਾਰੀ – ਹੁਣ ਪਰਦੇਸੀ ਸ਼ੇਖ਼ਾਂ, ਜੋ ਪਰਦੇਸੀ ਧਰਮ (ਇਸਲਾਮ) ਨੂੰ ਮੰਨਦੇ ਹਨ, ਦੀ ਵਾਰੀ ਆਈ ਪੰਜਾਬ ਅਤੇ ਹਿੰਦੂਸਤਾਨ ਉੱਤੇ ਰਾਜ ਕਰਨ।
ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥੫॥
(Faridkot Teeka, c. 1870s): ਦੇਵਾਲੇ ਔਰ ਦੇਵਤਿਓਂ ਕੋ ਕਰ ਲਾਗਾ ਹੈ, ਐਸੀ ਮੁਸਲਮਾਨੋਂ ਕੀ ਕੀਰਤੀ ਚਾਲੀ ਹੈ॥੫॥
(SGGS Steek, Bhai Manmohan Singh, c. 1960): ਦੇਵਾਂ ਦੇ ਮੰਦਰਾਂ ਨੂੰ ਮਸੂਲ ਲਗਦਾ ਹੈ ॥ ਐਹੋ ਜੇਹਾ ਦਸਤੂਰ ਚਾਲੂ ਹੋ ਗਿਆ ਹੈ ॥
(SGGS Darpan, Prof. Sahib Singh, c. 1962-64): ਹੁਣ ਇਹ ਰਿਵਾਜ ਚੱਲ ਪਿਆ ਹੈ ਕਿ (ਹਿੰਦੂ ਜਿਨ੍ਹਾਂ ਮੰਦਰਾਂ ਵਿਚ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ) ਦੇਵ-ਮੰਦਰਾਂ ਉਤੇ ਟੈਕਸ ਲਾਇਆ ਜਾ ਰਿਹਾ ਹੈ ॥੫॥ ਦੇਵਲ = {देव = आलय} ਦੇਵਤਿਆਂ ਦੇ ਮੰਦਰ। ਕਰੁ = ਟੈਕਸ, ਡੰਨ। ਕੀਰਤਿ = ਰਿਵਾਜ ॥੫॥
(S.G.P.C. Shabadarth, Bhai Manmohan Singh, c. 1962-69): ¹ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥੫॥ ¹ਦੇਵਤਿਆਂ ਤੇ ਮੰਦਰਾਂ ਨੂੰ ਉਨ੍ਹਾਂ ਟੈਕਸ ਲਾ ਦਿੱਤਾ ਹੈ; ਇਹੋ ਜੇਹਾ ਰਿਵਾਜ ਚੱਲ ਪਿਆ ਹੈ।
(Arth Bodh SGGS, Dr. Rattan Singh Jaggi, c. 2007): ਮੰਦਿਰਾਂ ਅਤੇ ਦੇਵਤਿਆਂ ਉੱਤੇ ਕਰ ਲਗ ਰਿਹਾ ਹੈ, ਅਜਿਹੀ ਰੀਤ ਚਲ ਪਈ ਹੈ ।੫।
(Aad SGGS Darshan Nirney Steek, Giani Harbans Singh, c. 2009-11): (ਹੁਣ) ਇਹੋ ਜਿਹਾ ਰਿਵਾਜ ਚਲ ਪਿਆ ਹੈ ਦੇਵਤਿਆਂ ਦੇ ਮੰਦਰਾਂ ਉਤੇ ਵੀ ਮਸੂਲ (ਟੈਕਸ) ਲਾਇਆ ਜਾ ਰਿਹਾ ਹੈ ।੫। ਦੇਵਲ ਦੇਵਤਿਆ–ਦੇਵਤਿਆਂ ਦੇ ਮੰਦਰ। ਕਰੁ–ਮਸੂਲ। ਕੀਰਤਿ–ਰਿਵਾਜ਼ ।੫।
(Arth–Tafsir Basant—Hindol Astapadi 8, Anmol Singh Rode, c. 2025): ਦੇਵਲ – ਹਿੰਦੂਆਂ ਦੇ ਮੰਦਰਾਂ, ਜੋ ਪੰਜਾਬ ਅਤੇ ਹਿੰਦੂਸਤਾਨ ਦੇ ਖਾਸ਼ ਰਹਿਣ ਵਾਲੇ ਹਨ (ਦੇਸੀ), ਅਤੇ ਦੇਵਤਿਆ – ਮੰਦਰਾਂ ਦੇ ਮੂਰਤੀਆਂ ਨੂੰ ਕਰੁ ਲਾਗਾ – ਮਸੂਲ (ਟੈਕਸ), ਅਨੈਤਿਕ ਜਿਜ਼ੀਆ ਮਸੂਲ ਦੇਣਾ ਪੈਂਦਾ ਹਨ। ਐਸੀ ਕੀਰਤਿ ਚਾਲੀ – ਇਹ ਨਵਾਂ (ਅਤੇ ਅਪਮਾਨਜਨਕ) ਰਿਵਾਜ ਹੁਣ ਆਇਆ (ਕੀ ਹੋ ਰਿਹਾ ਹੈ?)।
ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ ॥
(Faridkot Teeka, c. 1870s): ਕੂਜਾ ਹਾਥ ਮੇਂ ਲੇ ਕਰ, ਉਜੂ ਸਾਜ ਕਰ, ਮੁਸਲਾ ਬਿਛਾਇ ਕਰ ਬਾਂਗ ਦੇਤੇ ਹੈਂ। ਹੇ ਬਨਵਾਰੀ! ਨੀਲ ਰੂਪ ਕੀ ਪ੍ਰਧਾਨਤਾ ਹੋ ਰਹੀ ਹੈ॥
(SGGS Steek, Bhai Manmohan Singh, c. 1960): ਲੋਟੇ, ਨਮਾਜ਼ ਦੇ ਸੱਦੇ, ਨਮਾਜਾਂ, ਨਮਾਜ਼ ਪੜਨ ਵਾਲੀਆਂ–ਫੂੜ੍ਹੀਆਂ ਹਰ ਥਾਂ ਦਿਸਦੀਆਂ ਹਨ ਅਤੇ ਪ੍ਰਭੂ ਨੀਲੇ ਸਰੂਪ ਵਿੱਚ ਹੀ ਦਿਸਦਾ ਹੈ ॥
(SGGS Darpan, Prof. Sahib Singh, c. 1962-64): ਹੁਣ ਲੋਟਾ, ਬਾਂਗ, ਨਿਮਾਜ਼, ਮੁਸੱਲਾ (ਪ੍ਰਧਾਨ ਹਨ), ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਨੇ ਨੀਲਾ ਬਾਣਾ ਪਹਿਨਿਆ ਹੋਇਆ ਹੈ। ਕੂਜਾ = ਕੂਜ਼ਾ, ਲੋਟਾ। ਨਿਵਾਜ = ਨਿਮਾਜ਼। ਮੁਸਲਾ = ਮੁਸੱਲਾ। ਨੀਲ ਰੂਪ = ਨੀਲਾ ਰੂਪ, ਨੀਲੇ ਰੰਗ ਦੇ ਕੱਪੜੇ। ਬਨਵਾਰੀ = ਜਗਤ ਦਾ ਮਾਲਕ ਪ੍ਰਭੂ।
(S.G.P.C. Shabadarth, Bhai Manmohan Singh, c. 1962-69): ਕੂਜਾ ਬਾਂਗ ਨਿਵਾਜ ਮੁਸਲਾ¹ ²ਨੀਲ ਰੂਪ ਬਨਵਾਰੀ ॥ ¹ਫੂਹੜੀ ਜਿਸ ਤੇ ਨਿਮਾਜ਼ ਪੜ੍ਹਦੇ ਹਨ। ²ਵਾਹਿਗੁਰੂ ਵੀ ਹੁਣ ਤਾਂ ਨੀਲੇ ਰੂਪ ਵਿੱਚ ਦਿੱਸਦਾ ਹੈ। (ਮੁਗ਼ਲਾਂ ਦੇ ਰਾਜ ਵਿੱਚ ਸਭ ਨੀਲੇ ਬਸਤਰ ਪਹਿਨਦੇ ਸਨ। ਦੇਖੋ ਪੰਨਾ ੪੭੨, ਫੁਟ ਨੋਟ।
(Arth Bodh SGGS, Dr. Rattan Singh Jaggi, c. 2007): ਕੂਜ਼ਾਂ, ਬਾਂਗ, ਨਿਮਾਜ਼ ਅਤੇ ਮੁਸੱਲਾ (ਦੀ ਮਰਯਾਦਾ ਚਲ ਪਈ ਹੈ) ਅਤੇ ਪ੍ਰਭੂ ਨੀਲੇ ਰੂਪ ਵਾਲਾ (ਹੋ ਗਿਆ ਹੈ)।
(Aad SGGS Darshan Nirney Steek, Giani Harbans Singh, c. 2009-11): ਹੁਣ ਕੂਜਾ, ਬਾਂਗ, ਨਿਮਾਜ਼ ਤੇ ਮੁਸੱਲਾ (ਪ੍ਰਚਲਤ ਹੋ ਗਏ ਹਨ ਅਤੇ) ਬਨਵਾਰੀ (ਹਰੀ) ਵੀ ਹੁਣ ਨੀਲੇ ਰੰਗ ਵਾਲਾ ਦਿਸਦਾ ਹੈ (ਕਿਉਂਕਿ ਪੁਜਾਰੀ) ਨੀਲੇ ਬਸਤਰ ਪਹਿਨ ਰਹੇ ਹਨ। ਕੂਜਾ–ਕੂਜ਼ਾ, ਲੋਟਾ। ਨਿਵਾਜ–ਨਿਮਾਜ਼। ਮੁਸਲਾ–ਮੁਸੱਲਾ ਫੂਹੜੀ, ਸਫ (ਜਿਸ ਦੇ ਬੈਠ ਕੇ ਨਿਵਾਜ਼ ਪੜ੍ਹਦੇ ਹਨ)। ਨੀਲ ਰੂਪ–ਨੀਲੇ ਰੰਗ ਦੇ ਕਪੜੇ।
(Arth–Tafsir Basant—Hindol Astapadi 8, Anmol Singh Rode, c. 2025): ਕੂਜਾ – ਲੋਟੇ ਵੂਧੂ ਇਸ਼ਨਾਨ ਲਈ, ਬਾਂਗ – ਤੱਪੜ/ਫੂਹੜੀ ਨਿਮਾਜ਼ ਲਈ, ਨਿਵਾਜ – ਨਿਮਾਜ਼/ਅੱਸਲਾਹ ਪਾਠ-ਦੁਆ, ਇਹ ਪਰਦੇਸੀ ਤਾਰੀਕੇ ਸਾਰੇ ਪਾਸੇ ਦਿਸਦੇ ਹਨ। ਮੁਸਲਾ ਨੀਲ – ਮੁਸਲਮਾਨਾਂ ਦੇ ਨੀਲੇ ਬਸਤਰਾਂ ਵਿੱਚ ਰੂਪ ਬਨਵਾਰੀ – ਆਦਿ ਪੁਰਖ ਦਾ ਰੂਪ ਹੁਣ ਇਸ ਨੀਲ ਵਿੱਚ ਦਿਸਦਾ ਹੈ (ਕੀ ਹੋ ਰਿਹਾ ਹੈ?)।
ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥੬॥
(Faridkot Teeka, c. 1870s): ਘਰ ਘਰ ਮੇਂ ਸਭ ਜੀਵੋਂ ਕੇ ਮੁਖ ਸੇ ਮੀਆਂ ਉਚਾਰਨ ਹੋਤਾ ਹੈ, ਤੁਮਾਰੀ ਸ੍ਰਿਸ੍ਟੀ ਕੀ ਬੋਲੀ ਪਹਿਲੇ ਸੇ ਔਰ ਹੀ ਹੋ ਗਈ ਹੈ॥੬॥
(SGGS Steek, Bhai Manmohan Singh, c. 1960): ਹਰ ਧਾਮ ਅੰਦਰ ਸਾਰੇ ਪੁਰਸ਼ ‘ਮੀਂਆ’ ਆਖਦੇ ਹਨ, ਤੁਹਾਡੀ ਭਾਸ਼ਾ ਵਖਰੀ ਹੋ ਗਈ ਹੈ, ਹੇ ਇਨਸਾਨ!
(SGGS Darpan, Prof. Sahib Singh, c. 1962-64): ਹੁਣ ਤੇਰੀ (ਭਾਵ, ਤੇਰੇ ਬੰਦਿਆਂ ਦੀ) ਬੋਲੀ ਹੀ ਹੋਰ ਹੋ ਗਈ ਹੈ, ਹਰੇਕ ਘਰ ਵਿਚ ਸਭ ਜੀਵਾਂ ਦੇ ਮੂੰਹ ਵਿਚ (ਲਫ਼ਜ਼ ‘ਪਿਤਾ’ ਦੇ ਥਾਂ) ਲਫ਼ਜ਼ ‘ਮੀਆਂ’ ਪ੍ਰਧਾਨ ਹੈ ॥੬॥ ਘਰਿ ਘਰਿ = ਹਰੇਕ ਘਰ ਵਿਚ। ਮੀਆ = (ਲਫ਼ਜ਼ ਪਿਤਾ ਦੀ ਥਾਂ ਪਿਉ ਵਾਸਤੇ ਲਫ਼ਜ਼) ‘ਮੀਆਂ’। ਅਵਰ = ਹੋਰ ਹੀ ॥੬॥
(S.G.P.C. Shabadarth, Bhai Manmohan Singh, c. 1962-69): ¹ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥੬॥ ¹ਘਰ ਘਰ ਵਿੱਚ ਮੀਆਂ ਮੀਆਂ ਹੋਣ ਲੱਗ ਪਹੀ ਹੈ, ਤੇ ਬੋਲੀ ਵੀ ਬਦਲ ਗਈ ਹੈ। ਦੇਖੋ ਪੰਨਾ ੬੬੩, ਨੋਟ ੨।
(Arth Bodh SGGS, Dr. Rattan Singh Jaggi, c. 2007): ਹੁਣ ਤੇਰੀ (ਅਰਥਾਤ ਤੇਰੇ ਬੰਦਿਆਂ ਦੀ) ਬੋਲੀ ਵੀ ਹੋਰ ਹੋ ਗਈ ਹੈ, ਘਰ ਘਰ ਵਿਚ ਸਭ ਜੀਵ ‘ਮੀਆਂ ਮੀਆਂ’ ਕਹਿ ਰਹੇ ਹਨ ।੬।
(Aad SGGS Darshan Nirney Steek, Giani Harbans Singh, c. 2009-11): ਘਰ ਘਰ ਵਿਚ ਸਭ ਜੀਆਂ ਦੇ ਮੂੰਹੋਂ ‘ਮੀਆਂ ਮੀਆਂ’ ਸੁਣੀਂਦਾ ਹੈ (ਭਾਵ ਬੰਦਿਆ ਦੀ ਪਹਿਲੀ) ਬੋਲੀ (ਬਦਲ ਕੇ) ਹੋਰ ਹੋ ਗਈ ਹੈ ।੬। ਘਰਿ ਘਰਿ–ਹਰੇਕ ਘਰ ਵਿਚ। ਮੀਆ–ਮੀਆਂ ਮੀਆਂ (ਹੋਣ ਲਗ ਪਈ)। ਅਵਰ–ਹੋਰ ।੬।
(Arth–Tafsir Basant—Hindol Astapadi 8, Anmol Singh Rode, c. 2025): ਹਰੇਕ ਘਰ ਵਿੱਚ ਲੋਕ ਹੁਣ ਮੀਆ – ‘ਮੀਆਂ ਜੀ, ਮੀਆਂ ਜੀ’ ਨਾਲ ਆਪਣੇ ਆਪ (ਸਭਨਾਂ ਜੀਆਂ) ਨੂੰ ਬੁਲਾਉਂਣ ਲੱਗ ਪਏ ਹਨ। ਬੋਲੀ ਅਵਰ ਤੁਮਾਰੀ – ਓ ਪੰਜਾਬੀਓ! ਤੁਹਾਡੀ ਬੋਲੀ (ਭਾਸ਼ਾ) ਬਦਲ ਰਹੀ ਹੈ! ਤੁਸੀਂ ਸਾਰੇ ਪਰਦੇਸੀ ਬਣ ਰਹੇ ਹਨ, ਪਰਦੇਸੀ ਅਰਬੀ ਬੋਲੀ ਬੋਲ ਕੇ। ਆਪਣੇ ਪੰਜਾਬੀ ਜੜ੍ਹਾਂ ਭੁੱਲ ਰਹੇ ਹਨ (ਕੀ ਹੋ ਰਿਹਾ ਹੈ?)।
ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ ॥
(Faridkot Teeka, c. 1870s): ਜੇਕਰ ਤੂੰ (ਮੀਰ) ਪਾਤਸਾਹੁ ਪ੍ਰਿਥੀ ਪਤਿ ਐਸਾ ਕੀਆ ਚਾਹਤਾ ਹੈਂ, ਤੌ ਹੇ ਸਾਹਿਬ ਸ੍ਵਾਂਮੀ! ਹਮਾਰੀ ਕ੍ਯਾ (ਕੁਦਰਤਿ) ਸਕਤੀ ਹੈ, ਜੋ ਹਟਾਇ ਦੇਵੇਂ॥
(SGGS Steek, Bhai Manmohan Singh, c. 1960): ਜੇਕਰ ਤੂੰ ਹੇ ਸੁਆਮੀ! ਮੀਰ ਬਾਬਰ ਨੂੰ ਧਰਤੀ ਦਾ ਰਾਜਾ ਬਦਾਉਣਾ ਚਾਹੁੰਦਾ ਹੈ, ਮੇਰੀ ਕੀ ਸੱਤਿਆ ਹੈ ਕਿ ਮੈਂ ਉਜ਼ਰ ਕਰਾਂ?
(SGGS Darpan, Prof. Sahib Singh, c. 1962-64): ਹੇ ਪਾਤਿਸ਼ਾਹ! ਤੂੰ ਧਰਤੀ ਦਾ ਖਸਮ ਹੈਂ, ਮਾਲਕ ਹੈਂ, ਜੇ ਤੂੰ (ਇਹੀ ਪਸੰਦ ਕਰਦਾ ਹੈਂ ਕਿ ਇਥੇ ਇਸਲਾਮੀ ਰਾਜ ਹੋ ਜਾਏ) ਤਾਂ ਸਾਡੀ ਜੀਵਾਂ ਦੀ ਕੀਹ ਤਾਕਤ ਹੈ (ਕਿ ਗਿਲਾ ਕਰ ਸਕੀਏ)? ਮੀਰ = ਪਾਤਿਸ਼ਾਹ। ਮਹੀ ਪਤਿ = ਧਰਤੀ ਦਾ ਖਸਮ {ਮਹੀ = ਧਰਤੀ}। ਕੁਦਰਤਿ = ਤਾਕਤ, ਵਟਕ, ਪੇਸ਼।
(S.G.P.C. Shabadarth, Bhai Manmohan Singh, c. 1962-69): ਜੇ ਤੂ ਮੀਰ¹ ਮਹੀਪਤਿ² ਸਾਹਿਬੁ ਕੁਦਰਤਿ³ ਕਉਣ ਹਮਾਰੀ ॥ ¹ਮਾਲਕ। ²ਧਰਤੀ ਦਾ ਪਤੀ। ³ਤਾਕਤ। ਭਾਵ ਜੇ ਤੂੰ ਇਹ ਕੁਝ ਵਰਤਾ ਦਿੱਤਾ ਹੈ ਤਾਂ ਸਾਡੀ ਉਥੇ ਕੀ ਵਟਕ ਚੱਲਣੀ ਹੋਈ?
(Arth Bodh SGGS, Dr. Rattan Singh Jaggi, c. 2007): (ਹੇ ਪਰਮਾਤਮਾ!) ਤੂੰ ਬਾਦਸ਼ਾਹ ਹੈਂ, ਧਰਤੀ ਦਾ ਮਾਲਕ ਹੈਂ, ਸੁਆਮੀ ਹੈਂ, ਜੇ (ਤੈਨੂੰ ਅਜਿਹੀ ਤਬਦੀਲੀ ਪਸੰਦ ਹੈ ਤਾਂ) ਸਾਡੀ ਕੀ ਮਜਾਲ ਹੈ।
(Aad SGGS Darshan Nirney Steek, Giani Harbans Singh, c. 2009-11): (ਹੇ ਪ੍ਰਭੂ!) ਤੂੰ ਪਾਤਿਸ਼ਾਹ ਹੈਂ, ਤੂੰ ਧਰਤੀ ਦਾ ਪਤੀ ਹੈਂ, ਮਾਲਕ ਹੈਂ, (ਜੇ ਤੂੰ ਇਹੋ ਕੁਝ ਪਸੰਦ ਕਰਦਾ ਹੈ) ਤਾਂ ਸਾਡੀ ਕੀ ਸ਼ਕਤੀ ਹੈ (ਕਿ ਇਸ ਦੇ ਵਿਰੁੱਧ ਕੁਝ ਆਖ ਸਕੀਏ)। ਮੀਰ–ਪਾਤਿਸ਼ਾਹ। ਮਹੀਪਤਿ–ਧਰਤੀ ਦਾ ਮਾਲਕ ਰਾਜਾ। ਕੁਦਰਤਿ–ਤਾਕਤ।
(Arth–Tafsir Basant—Hindol Astapadi 8, Anmol Singh Rode, c. 2025): ਓ ਆਦਿ ਪੁਰਖ! ਜੇਕਰ ਤੁਸੀਂ ਮੀਰ-ਮਹਾਰਾਜ ਮਹੀਪਤਿ – ਦੁਨੀਆਂ ਦੀ ਮਾਲਕ ਸਾਹਿਬ ਹੋ, ਫਿਰ ਕੁਦਰਤਿ ਕਉਣ ਹਮਾਰੀ – ਕੀ ਮੇਰਾ ਤਾਕਤ-ਜ਼ੋਰ ਹੈ ਤੁਹਾਡੇ ਕਿਲਾਫ਼, ਤੇਰੇ ਵਿਰੁੱਧ। ਇਹ ਸ਼ਬਦ ਬਾਦਸ਼ਾਹ ਬਾਬਰ ਬਾਰੇ ਨਹੀਂ ਹੈ।
ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮੑਾਰੀ ॥੭॥
(Faridkot Teeka, c. 1870s): ਆਗੇ ਨਮਸਕਾਰ ਕਰਤੇ ਥੇ ਅਬ ਚਾਰੇ ਕੁੰਟਾਂ ਆਪ ਕੋ ਸਲਾਮ ਕਰੇਂਗੇ। ਆਗੇ ਉਸਤਤੀ ਬੋਲੀ ਥੀ ਅਬ ਘਰ ਘਰ ਮੇਂ ਤੁਮਾਰੀ ਸਿਫਤਿ ਕਹੀ ਜਾਵੇਗੀ॥੭॥ ਤਬ ਅਕਾਸ ਬਾਣੀ ਹੋਈ ਕਿ ਤੁਮ ਕ੍ਯਾ ਚਾਹਤੇ ਹੋ? ਸੋ ਕਹਤੇ ਹੈਂ:
(SGGS Steek, Bhai Manmohan Singh, c. 1960): ਚੌਹਾਂ ਹੀ ਪਾਸਿਆਂ ਦੇ ਪ੍ਰਾਣੀ ਤੈਨੂੰ ਪ੍ਰਣਾਮ ਕਰਦੇ ਹਨ ਅਤੇ ਹਰ ਧਾਮ ਅੰਦਰ ਤੇਰੀਆਂ ਸਿਫ਼ਤ ਸ਼ਲਾਘਾ ਗਾਇਨ ਕੀਤੀਆਂ ਜਾਂਦੀਆਂ ਹਨ, ਹੇ ਪ੍ਰਭੂ!
(SGGS Darpan, Prof. Sahib Singh, c. 1962-64): ਚਹੁੰ ਕੂਟਾਂ ਦੇ ਜੀਵ, ਹੇ ਪਾਤਿਸਾਹ! ਤੈਨੂੰ ਸਲਾਮ ਕਰਦੇ ਹਨ (ਤੇਰੇ ਅੱਗੇ ਹੀ ਨਿਊਂਦੇ ਹਨ) ਹਰੇਕ ਘਰ ਵਿਚ ਤੇਰੀ ਹੀ ਸਿਫ਼ਤ-ਸਾਲਾਹ ਹੋ ਰਹੀ ਹੈ (ਤੇਰੇ ਅੱਗੇ ਹੀ ਤੇਰੇ ਪੈਦਾ ਕੀਤੇ ਬੰਦੇ ਆਪਣੀਆਂ ਤਕਲੀਫ਼ਾਂ ਦੱਸ ਸਕਦੇ ਹਨ ॥੭॥ ਚਾਰੇ ਕੁੰਟ = ਚਹੁ ਕੂਟਾਂ ਦੇ ਜੀਵ ॥੭॥
(S.G.P.C. Shabadarth, Bhai Manmohan Singh, c. 1962-69): ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮੑਾਰੀ ॥੭॥
(Arth Bodh SGGS, Dr. Rattan Singh Jaggi, c. 2007): ਚਾਰੇ ਕੁੰਟਾਂ (ਦੇ ਜੀਵ ਤੈਨੂੰ) ਸਲਾਮ ਕਰਨਗੇ ਅਤੇ ਹਰ ਇਕ ਘਰ ਵਿਚ ਤੇਰਾ ਜਸ ਹੁੰਦਾ ਰਹੇਗਾ ।੭।
(Aad SGGS Darshan Nirney Steek, Giani Harbans Singh, c. 2009-11): ਚਾਰੇ ਕੁੰਟਾਂ ਦੇ ਜੀਵ ਤੈਨੂੰ ਸਲਾਮ ਕਰਨਗੇ (ਭਾਵ ਸਿਰ ਨਿਵਾਂਦੇ ਰਹਿਣਗੇ ਅਤੇ) ਹਰੇਕ ਘਰ (ਹਿਰਦੇ) ਵਿਚ ਤੇਰੀ ਹੀ ਸਿਫਤਿ ਹੋਂਦੀ ਰਹੇਗੀ ।੭। ਚਾਰੇ ਕੁੰਟ–ਚੌਹਾਂ ਕੁੰਟਾਂ (ਦੇ ਲੋਕ) ।੭।
(Arth–Tafsir Basant—Hindol Astapadi 8, Anmol Singh Rode, c. 2025): ਚਾਰੇ ਕੁੰਟ – ਦੁਨੀਆਂ ਦੇ ਲੋਕ ਚਾਰੇ ਪਾਸਿਆਂ ਤੋਂ ਤੁਹਾਡੇ ਸਲਾਮੁ ਕਰਹਿਗੇ – ਤੇਰੇ ਸਲਾਮ-ਨਮਸਤੰ ਕਰਦੇ ਹਨ ਓ ਆਦਿ ਪੁਰਖ ਜੀਓ, ਪਰਦੇਸੀ ਤਰੀਕੇ (ਇਸਲਾਮ) ਨਾਲ। ਹਰੇਕ ਘਰ ਵਿੱਚ ਸਿਫਤਿ ਤੁਮੑਾਰੀ – ਤੁਹਾਡੀ ਸਿਫ਼ਤ ਹੁੰਦੀ ਹੈ ਓ ਆਦਿ ਪੁਰਖ ਜੀਓ। (ਭਾਵੇਂ ਹਿੰਦੂ ਧਰਮ ਤੋਂ ਜਾਂ ਭਾਵੇਂ ਇਸਲਾਮ ਦੇ ਤਰੀਕੇ ਨਾਲ, ਸਭ ਕੁੱਝ ਸਹੀ ਹੈ ਜੇ ਸਿਰਫ਼ ਤੁਹਾਡੇ ਸਿਫ਼ਤ ਹੋ ਰਹੀਂ ਹਨ, ਓ ਆਦਿ ਪੁਰਖ ਜੀਓ)।
ਤੀਰਥ ਸਿੰਮ੍ਰਿਤਿ ਪੁੰਨ ਦਾਨ ਕਿਛੁ ਲਾਹਾ ਮਿਲੈ ਦਿਹਾੜੀ ॥
(Faridkot Teeka, c. 1870s): ਤੀਰਥ ਜਾਤ੍ਰਾ, ਸਿੰਮ੍ਰਤੀਆਂ ਦਾ ਪੜਨਾ, ਪੁੰਨ ਦਾਨ ਕਰਨਾ, ਇਹ ਕਛੁ ਮਜਦੂਰੀ ਕਾ ਕਲਿਜੁਗ ਵਿਖੇ (ਦਿਹਾੜੀ) ਲਾਭ ਮਿਲੇ ਵਾ ਕੁਛ ਦਿਨ ਤੋ ਏਹ ਲਾਭ ਮਿਲੇ। ਭਾਵ ਘੋਰ ਕਲਜੁਗ ਮੇਂ ਤੋ ਇਨ ਸੁਭ ਕਰਮੋਂ ਕਾ ਅਭਾਵ ਹੋ ਜਾਣਾ ਹੈ ਹੁਣੇ ਤਾ ਕੋਈ ਦਿਨ ਨਾ ਹੋਵੇ॥
(SGGS Steek, Bhai Manmohan Singh, c. 1960): ਧਰਮ ਅਸਥਾਨਾਂ ਦੀਆਂ ਯਾਤ੍ਰਾਂ, ਸਿਮ੍ਰਤੀਆਂ ਦੇ ਪੜ੍ਹਨ ਅਤੇ ਖੈਰਾਤਾਂ ਤੇ ਦਾਤਾਂ ਦੇਣ ਤੋਂ ਕੁਝ ਨਫਾ ਜੋ ਮਜ਼ਦੂਰੀ ਵਜੋ ਮਿਲਦਾ ਹੈ,
(SGGS Darpan, Prof. Sahib Singh, c. 1962-64): (ਪਰ ਤੀਰਥਾਂ ਮੰਦਰਾਂ ਆਦਿਕ ਉਤੇ ਰੋਕ ਤੇ ਗਿਲੇ ਦੀ ਭੀ ਲੋੜ ਨਹੀਂ ਕਿਉਂਕਿ) ਤੀਰਥਾਂ ਦੇ ਇਸ਼ਨਾਨ, ਸਿੰਮ੍ਰਿਤੀਆਂ ਦੇ ਪਾਠ ਤੇ ਦਾਨ ਪੁੰਨ ਆਦਿਕ ਦਾ ਜੇ ਕੋਈ ਲਾਭ ਹੈ ਤਾਂ ਉਹ (ਤਿਲ-ਮਾਤ੍ਰ ਹੀ ਹੈ) ਥੋੜੀ ਕੁ ਮਜ਼ਦੂਰੀ ਵਜੋਂ ਹੀ ਹੈ। ਕਿਛੁ ਦਿਹਾੜੀ = ਥੋੜੀ ਕੁ ਮਜ਼ਦੂਰੀ ਵਜੋਂ। ਲਾਹਾ = ਲਾਭ।
(S.G.P.C. Shabadarth, Bhai Manmohan Singh, c. 1962-69): ¹ਤੀਰਥ ਸਿੰਮ੍ਰਿਤਿ ਪੁੰਨ ਦਾਨ ਕਿਛੁ ਲਾਹਾ ਮਿਲੈ ਦਿਹਾੜੀ ॥ ¹ਤੀਰਥ ਆਦਿ ਤੋਂ ਜੋ ਕੁਝ ਲਾਭ ਦਿਹਾੜੀ (ਮਜ਼ਦੂਰੀ) ਦੇ ਤੋਰ ਤੇ ਮਿਲਦਾ ਸੀ ਉਹ ਇਕ ਘੜੀ ਦੇ ਸਿਮਰਨ ਨਾਲ ਮਿਲ ਪਿਆ ਹੈ। ਮੇਕਾ-ਇਕ।
(Arth Bodh SGGS, Dr. Rattan Singh Jaggi, c. 2007): ਤੀਰਥ(–ਇਸ਼ਨਾਨ), ਸਮ੍ਰਿਤੀਆਂ (ਦਾ ਪਾਠ), ਪੁੰਨ, ਦਾਨ ਦਾ ਜੋ ਕੁਝ ਲਾਭ ਦਿਹਾੜੀ ਦੇ ਰੂਪ ਵਿਚ ਮਿਲਦਾ ਹੈ,
(Aad SGGS Darshan Nirney Steek, Giani Harbans Singh, c. 2009-11): ਤੀਰਥਾਂ ਤੇ ਇਸ਼ਨਾਨ, ਸਿਮ੍ਰਿਤੀਆਂ ਦੇ ਪਾਠ, ਪੁੰਨ, ਦਾਨ ਆਦਿਕ ਕਰਮਾਂ ਦਾ ਜੇ ਕੁਝ ਲਾਭ ਹੈ (ਤਾਂ ਉਹ) ਦਿਹਾੜੀ (ਮਜ਼ਦੂਰੀ ਵਜੋਂ ਨਾਂ ਮਾਤਰ ਹੀ ਹੈ)। ਲਾਹਾ–ਲਾਭ। ਦਿਹਾੜੀ–ਮਜ਼ਦੂਰੀ ਦੇ ਤੌਰ ਤੇ ਜੋ ਮਿਲਦਾ ਹੈ।
(Arth–Tafsir Basant—Hindol Astapadi 8, Anmol Singh Rode, c. 2025): ਤੀਰਥ – ਅਸਥਾਨਾਂ ਤੇ ਜਾ ਕੇ, ਸਿਮ੍ਰਿਤੀਆਂ ਪੜ੍ਹ ਕੇ, ਪੁੰਨ-ਦਾਨ ਕਰ ਕੇ, ਕਿਛੁ ਲਾਹਾ ਮਿਲੈ ਦਿਹਾੜੀ – ਸ਼ਾਇਦ ਕੁਝ ਲਾਭ-ਫਾਇਦਾ ਮਿਲ ਸਕਦਾ ਹੈ ਤੇਰੇ ਦਿਨ ਦਿਹਾੜੀ ਵਿੱਚ।
ਨਾਨਕ ਨਾਮੁ ਮਿਲੈ ਵਡਿਆਈ ਮੇਕਾ ਘੜੀ ਸਮੑਾਲੀ ॥੮॥੧॥੮॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਕੋ ਤੇਰਾ ਨਾਮ ਜਪਣੇ ਰੂਪ ਵਡਿਆਈ ਮਿਲੇ ਔਰ ਏਕ ਏਕ ਘੜੀ ਮੇਂ ਤੇਰੇ ਇਕ ਨਾਮ ਕਾ ਸੰਭਾਲਣਾ ਕਰੂੰ। ਤਬ ਤਥਾ ਅਸਤੂ ਸਬਦ ਹੂਆ ਅਰਥਾਤ ਐਸੇ ਹੀ ਹੋਵੇਗਾ। ਤੌ ਸੰਸਾਰ ਮੇਂ ਹਿੰਦੂ ਪਣਾ ਬਣਿਆ ਰਹਾ॥੮॥੧॥੮॥ ਮਨ ਕੋ ਬਾਲਕ ਕਹਿ ਕਰ ਪਰਮੇਸ੍ਵਰ ਕੇ ਆਗੇ ਬੇਨਤੀ ਕਰਤੇ ਹੂਏ ਕਹਤੇ ਹੈਂ: ਨੋਟ: ਇਹ ਅਸ਼ਟਪਦੀ ‘ਘਰੁ ੨’ ਦੀ ਹੈ। ਪਹਿਲੀਆਂ ੭ ਅਸ਼ਟਪਦੀਆਂ ‘ਘਰੁ ੧’ ਦੀਆਂ ਹਨ। ਕੁੱਲ ਜੋੜ ੮ ਹੈ। ਨੋਟ: ਇਹ ਅਸ਼ਟਪਦੀ ਰਾਗ ਬਸੰਤ ਅਤੇ ਰਾਗ ਹਿੰਡੋਲ ਦੋਹਾਂ ਮਿਲਵੇਂ ਰਾਗਾਂ ਵਿਚ ਗਾਈ ਜਾਣੀ ਹੈ।
(SGGS Steek, Bhai Manmohan Singh, c. 1960): ਉਹ ਹੇ ਨਾਨਕ! ਪ੍ਰਭਤਾ–ਪ੍ਰਦਾਨ ਕਰਨ ਵਾਲੇ ਨਾਮ ਦੇ ਇਕ ਮੁਹਤ ਦੇ ਸਿਮਰਨ ਦੁਆਰਾ ਪਰਾਪਤ ਹੋ ਜਾਂਦਾ ਹੈ ॥
(SGGS Darpan, Prof. Sahib Singh, c. 1962-64): ਹੇ ਨਾਨਕ! ਜੇ ਕੋਈ ਮਨੁੱਖ ਪਰਮਾਤਮਾ ਦਾ ਨਾਮ ਇਕ ਘੜੀ-ਮਾਤ੍ਰ ਹੀ ਚੇਤੇ ਕਰੇ ਤਾਂ ਉਸ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੮॥੧॥੮॥ ਨਾਮੁ ਮੇਕਾ ਘੜੀ ਸਮ੍ਹ੍ਹਾਲੀ = ਜੇ ਮਨੁੱਖ ਪਰਮਾਤਮਾ ਦਾ ਨਾਮ ਇਕ ਘੜੀ-ਮਾਤ੍ਰ ਚੇਤੇ ਕਰੇ ॥੮॥੧॥੮॥
(S.G.P.C. Shabadarth, Bhai Manmohan Singh, c. 1962-69): ਨਾਨਕ ਨਾਮੁ ਮਿਲੈ ਵਡਿਆਈ ਮੇਕਾ ਘੜੀ ਸਮੑਾਲੀ ॥੮॥੧॥੮॥
(Arth Bodh SGGS, Dr. Rattan Singh Jaggi, c. 2007): ਨਾਨਕ (ਦਾ ਕਥਨ ਹੈ ਕਿ ਉਤਨਾ ਲਾਭ) ਇਕੋ ਘੜੀ ਦੇ ਸਿਮਰਨ ਨਾਲ ਹੀ ਮਿਲ ਜਾਂਦਾ ਹੈ ਅਤੇ ਨਾਮ (ਸਿਮਰਨ ਨਾਲ ਈਸ਼ਵਰੀ ਦਰਗਾਹ ਵਿਚ) ਵਡਿਆਈ ਮਿਲਦੀ ਹੈ ।੮।੧।੮।
(Aad SGGS Darshan Nirney Steek, Giani Harbans Singh, c. 2009-11): ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜੇ ਕੋਈ ਮਨੁੱਖ ਪਰਮਾਤਮਾ ਦਾ) ਨਾਮ ਇਕ ਘੜੀ ਮਾਤਰ ਵੀ ਸਿਮਰ ਲਏ (ਤਾਂ ਉਸ ਨੂੰ ਲੋਕ ਪਰਲੋਕ ਦੀ) ਵਡਿਆਈ ਮਿਲ ਜਾਂਦੀ ਹੈ ।੮।੧।੮। ਮੇਕਾ ਘੜੀ–ਇਕ ਘੜੀ। ਸਮੑਾਲੀ–ਯਾਦ ਕਰੇ ਸਿਮਰੇ ।੮। ਸਾਰੰਸ਼ ਅਤੇ ਸਿਧਾਂਤ: ਇਸ ਸ਼ਬਦ ਵਿਚ ਮਿਹਰਵਾਨ ਪ੍ਰਭੂ ਦੀ ਸ਼ਕਤੀ ਦਾ ਵਰਨਣ ਹੈ, ਜਿਵੇਂ ਉਹ ਚਾਹੁੰਦਾ ਹੈ ਤਿਵੇਂ ਹੀ ਸਮੇਂ ਅਨੁਸਾਰ ਲੋਕਾਂ ਦੀ ਅਗਵਾਈ ਲਈ ਧਰਮ ਤੇ ਕਰਮ ਸਥਾਪਤ ਕਰਦਾ ਹੈ। ਪ੍ਰਭੂ ਦੀ ਆਦਿਲੀ ਸ਼ਕਤੀ ਉਸਦੀ ਜੋਤਿ ਹੈ ਜੋ ਹਰਕੇ ਜੀਵ ਦੇ ਅੰਦਰ ਧਰੀ ਹੋਈ ਹੈ ਜੋ ਹਰੀ ਦੇ ਪੱਖ ਦੀ ਪੁਸ਼ਟੀ ਲਈ ਪੁਸ਼ਕਰ ਦਾ ਕੰਮ ਦਿੰਦੀ ਹੈ। ਫਿਰ ਸਭ ਨੂੰ ਜੀਵਨ-ਮਾਰਗ ਦਰਸਾਉਣ ਲਈ ਧਰਮ ਦੇ ਕੰਮ, ਭਾਵ ਨੇਮ ਬਧੇ ਹਨ। ਮਨੁੱਖ ਦੀ ਪਾਲਣਾ ਲਈ ਉਸ ਨੇ ਧਰਤੀ ਦੇਗ ਬਣਾ ਦਿਤੀ ਹੈ, ਜਿਸ ਤੋਂ ਇਕੋ ਵਾਰ ਹਰੇਕ ਪਦਾਰਥ ਮਿਲ ਜਾਂਦਾ ਹੈ, ਪ੍ਰਭੂ ਮਨੁੱਖ ਬੇ-ਸਬਰਾ ਹੋਇਆ ਇਧਰ ਉਧਰ ਭਟਕਦਾ ਫਿਰਦਾ ਹੈ, ਆਪਣੇ ਅੰਦਰ ਦੀ ਤੋਂ ਲਾਭ ਨਹੀਂ ਉਠਾਂਦਾ। ਜੇ ਮਨੁੱਖ ਦੇ ਹਿਰਦੇ ਅੰਦਰ ਇਹ ਵਿਸ਼ਵਾਸ਼ ਹੋ ਜਾਵੇ ਕਿ ਚੰਗਾ ਤੇ ਮੰਦਾ ਸਭ ਕੁਝ ਉਸ ਪ੍ਰਭੂ ਦੀ ਇਛਾ ਤੇ ਹੈ, ਆਪਣੇ ਜ਼ੋਰ ਨਾਲ ਨਾ ਕੋਈ ਕੁਝ ਕਰ ਸਕਦਾ ਅਤੇ ਨਾ ਹੀ ਕੁਝ ਬਣ ਸਕਦਾ ਹੈ। ਇਥੇ ਤਾਂ “ਨਦਰਿ ਤੁਮੑਾਰੀ” ਦਾ ਬੋਲ ਬਾਲਾ ਹੈ ਫਿਰ ਇਹ ਟਿਕ ਜਾਵੇਗਾ। ਲੋਕੀ ਮੁਸਲਮਾਨ ਹਾਕਮਾਂ ਨੂੰ ਖੁਸ਼ ਕਰਕੇ ਆਪਣੀ ਬੋਲੀ ਤੇ ਸਭਿਆਚਾਰ ਵੀ ਗਵਾ ਬੈਠੇ ਹਨ। ਇਹ ਗੁਰੂ ਬਾਬਾ ਜੀ ਹਿਰਦੇ ਦੀਆਂ ਭਾਵਨਾਵਾਂ ਦੇ ਦਰਸ਼ਨ ਹਨ। ਜਿਵੇਂ ਆਪ ਜੀ ਨੇ ਮੁਸਲਮਾਨੀ ਸਮਾਜ ਨੂੰ ਵੇਖਿਆ ਤੇ ਉਸ ਨੂੰ ਧੁਰੋਂ ਆਈ ਬਾਣੀ ਰਾਹੀਂ ਨਿਰੂਪਣ ਕਰ ਦਿੱਤਾ।
(Arth–Tafsir Basant—Hindol Astapadi 8, Anmol Singh Rode, c. 2025): ਨਾਨਕ – ਗੁਰੂ ਸਾਹਿਬ ਜੀ ਦਾ ਬਚਨ ਹੈ ਕਿ ਨਾਮੁ ਮਿਲੈ – ਆਦਿ ਪੁਰਖ ਦਾ ਯਾਦ-ਨਾਮ ਸਿਮਰਨ ਮੈਨੂੰ ਮਿਲੇ (ਕਰਕੇ) ਵਡਿਆਈ – ਮਹਿਮਾ-ਵਡੱਪਣ। ਮੇਕਾ ਘੜੀ – ਇੱਕ ਸਮੇਂ ਲਈ ਇਸ ਸਮੑਾਲੀ – ਯਾਦ-ਸਿਮਰਨ ਕਰਕੇ ਉਹ ਵਡਿਆਈ ਮਿਲ ਸਕਦਾ ਹੈ।
