ਭੈਰਉ ਮਹਲਾ ੫ ॥

(SGGS Steek, Bhai Manmohan Singh, c. 1960): ਭੈਰਉ ਪੰਜਵੀਂ ਪਾਤਿਸ਼ਾਹੀ ॥

(S.G.P.C. Shabadarth, Bhai Manmohan Singh, c. 1962-69): ਭੈਰਉ ਮਹਲਾ ੫ *॥ *ਸ਼ਿਕਾਰ ਦਾ ਅਲੰਕਾਰ ਲੈ ਕੇ ਦੱਸਦੇ ਹਨ ਕਿ ਸਤਸੰਗ ਨੂੰ ਨਾਲ ਲੈ ਕੇ ਪਾਪਾਂ ਦਾ ਪ੍ਰਹਾਰ ਕਰਨ ਚੜ੍ਹੇ ਅਤੇ ਗੁਰ-ਬਾਦੀ ਦੇ ਬੇ-ਖ਼ਤਾ ਤੀਰਾਂ ਨਾਲ ਕਾਮਾਦਿ ਮਿਰਗ ਮਾਰੇ ਅਤੇ ਆਪਣੇ ਅੰਦਰੋਂ ਹੀ ਨਾਮ ਦਾ ਸ਼ਿਕਾਰ ਮਿਲ ਗਿਆ, ਜੋ ਸਤਸੰਗੀਆਂ ਨਾਲ ਮਿਲ ਕੇ ਖਾਧਾ।

ਦਸ ਮਿਰਗੀ ਸਹਜੇ ਬੰਧਿ ਆਨੀ ॥

(Faridkot Teeka, c. 1870s): ਹੇ ਭਾਈ! ਦਸੋਂ (ਮਿਰਗੀ) ਇੰਦ੍ਰੀਆਂ (ਸਹਜੇ) ਸ੍ਵਭਾਵਕ ਹੀ ਬਾਂਧ ਲਿਆਂਦੀਆਂ ਹੈਨ॥

(SGGS Steek, Bhai Manmohan Singh, c. 1960): ਦਸ (ਕਰਮ ਅਤੇ ਗਿਆਨ ਇੰਦ੍ਰੀਆਂ) ਜਾਂ (ਹਰਨੀਆਂ) ਨੂੰ ਮੈਂ ਸੌਖੇ ਹੀ ਬੰਨ੍ਹ ਲਿਆ ਹੈ ॥

(SGGS Darpan, Prof. Sahib Singh, c. 1962-64): (ਸੰਤ ਜਨਾਂ ਦੀ ਸਹਾਇਤਾ ਨਾਲ, ਸਾਧ ਸੰਗਤ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਦਸੇ ਹਿਰਨੀਆਂ (ਇੰਦ੍ਰੀਆਂ) ਬੰਨ੍ਹ ਕੇ ਲੈ ਆਂਦੀਆਂ (ਵੱਸ ਵਿਚ ਕਰ ਲਈਆਂ)। ਮਿਰਗੀ = ਹਿਰਨੀਆਂ। ਦਸ ਮਿਰਗੀ = ਦਸ ਹਿਰਨੀਆਂ, ਦਸ ਇੰਦ੍ਰਿਆਂ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)। ਬੰਧਿ = ਬੰਨ੍ਹ ਕੇ। ਆਨੀ = ਲੈ ਆਂਦੀਆਂ।

(S.G.P.C. Shabadarth, Bhai Manmohan Singh, c. 1962-69): ¹ਦਸ ਮਿਰਗੀ ਸਹਜੇ ਬੰਧਿ ਆਨੀ ॥ ¹ਦਸ ਇਦਰੀਆਂ ਰੂਪ ਹਰਨੀਆਂ ਸਹਿਜੇ ਹੀ ਬੰਨ੍ਹ ਲਿਆਂਦੀਆਂ ਹਨ।

(Arth Bodh SGGS, Dr. Rattan Singh Jaggi, c. 2007): (ਅਸਾਂ ਇੰਦ੍ਰੀਆਂ ਰੂਪ) ਦਸ ਹਿਰਨੀਆਂ ਨੂੰ ਸਹਿਜ ਹੀ ਬੰਨ੍ਹ ਲਿਆਉਂਦਾ ਹੈ। 

(Aad SGGS Darshan Nirney Steek, Giani Harbans Singh, c. 2009-11): (ਹੇ ਭਾਈ! ਅਸਾਂ) ਦਸ ਇੰਦਰੇ ਰੂਪ ਹਿਰਨੀਆਂ ਸਹਿਜੇ ਹੀ ਬੰਨ ਕੇ ਲੈ ਆਂਦੀਆਂ ਹਨ। ਦਸ ਮਿਰਗੀ-ਦਸ ਹਿਰਨੀਆਂ ਭਾਵ ਦਸ ਇੰਦ੍ਰੀਆਂ। ਸਹਜੇ-ਅਡੋਲ, ਸੁਭਾਵਿਕ ਹੀ। ਬੰਧਿ ਆਨੀ-ਬੰਨ੍ਹ ਕੇ ਲੈ ਆਂਦੀਆਂ। 

ਪਾਂਚ ਮਿਰਗ ਬੇਧੇ ਸਿਵ ਕੀ ਬਾਨੀ ॥੧॥

(Faridkot Teeka, c. 1870s): ਕਾਮਾਦਿਕ ਪਾਂਚ ਮ੍ਰਿਗ (ਸਿਵ ਕੀ) ਬਾਨੀ ਕਲ੍ਯਾਨ ਸ੍ਵਰੂਪ ਪਰਮੇਸ੍ਵਰ ਕੀ ਬਾਣੀ ਰੂਪ ਬਾਣੋ ਕਰ ਕੇ ਭੇਦਨ ਕੀਏ ਹੈਂ॥੧॥

(SGGS Steek, Bhai Manmohan Singh, c. 1960): ਪੰਜ (ਭੂਤਨਿਆਂ) ਜਾਂ (ਹਰਨਾਂ) ਨੂੰ ਮੈਂ ਰੱਬੀ ਬਾਣੀ ਨਾਲ ਵਿੰਨ੍ਹ ਸੁਟਿਆ ਹੈ ॥

(SGGS Darpan, Prof. Sahib Singh, c. 1962-64): ਕਦੇ ਖ਼ਤਾ ਨਾਹ ਖਾਣ ਵਾਲੇ ਗੁਰ-ਸ਼ਬਦ-ਤੀਰਾਂ ਨਾਲ ਮੈਂ ਪੰਜ (ਕਾਮਾਦਿਕ) ਹਿਰਨ (ਭੀ) ਵਿੰਨ੍ਹ ਲਏ ॥੧॥ ਪਾਂਚ ਮਿਰਗ = (ਕਾਮਾਦਿਕ) ਪੰਜ ਹਿਰਨ। ਬੇਧੇ = ਵਿੰਨ੍ਹ ਲਏ। ਸਿਵ ਕੀ ਬਾਨੀ = ਸ਼ਿਵ ਦੇ ਤੀਰਾਂ ਨਾਲ, ਕਦੇ ਖ਼ਤਾ ਨਾਹ ਖਾਣ ਵਾਲੇ ਤੀਰਾਂ ਨਾਲ, ਗੁਰੂ ਦੀ ਬਾਣੀ ਨਾਲ ॥੧॥

(S.G.P.C. Shabadarth, Bhai Manmohan Singh, c. 1962-69): ¹ਪਾਂਚ ਮਿਰਗ ਬੇਧੇ ਸਿਵ ਕੀ ਬਾਨੀ ॥੧॥ ¹ਕਾਮਾਦਿਕ ਪੰਜ ਹਿਰਨ ਵਿੰਨ੍ਹੇ ਹਨ ਖਤਾ ਨਾ ਹੋਣ ਵਾਲੇ ਤੀਰਾਂ ਨਾਲ। (ਸਿਵ ਕੀ ਬਾਨੀ) ਸ਼ਿਵ ਬਾਣ ਨਾਲ, ਖ਼ਤਾ ਨਾ ਹੋਣ ਵਾਲੇ (ਗੁਰ ਸ਼ਬਦ) ਤੀਰਾਂ ਨਾਲ।

(Arth Bodh SGGS, Dr. Rattan Singh Jaggi, c. 2007): ਪੰਜ (ਵਿਕਾਰਾਂ ਰੂਪ) ਹਿਰਨਾਂ ਨੂੰ ਪ੍ਰਭੂ ਦੀ ਬਾਣੀ (ਦੇ ਬਾਣਾਂ ਨਾਲ) ਵਿੰਨ੍ਹ ਲਿਆ ਹੈ ।੧।

(Aad SGGS Darshan Nirney Steek, Giani Harbans Singh, c. 2009-11): ਪੰਜ ਹਰਣ (ਕਾਮ, ਕ੍ਰੋਧ, ਆਦਿਕ) ਕਲਿਆਣ ਰੂਪ ਪਰਮੇਸ਼ਰ ਦੀ ਬਾਣੀ (ਰੂਪ ਬਾਣਾਂ ਨਾਲ) ਵਿੰਨ੍ਹ ਲਏ ਹਨ ।੧। ਪਾਂਚ ਮਿਰਗ-ਪੰਜ ਹਿਰਨ (ਕਾਮਦਿਕ)। ਬੇਧੇ-ਵਿੰਨ੍ਹ ਲਏ। ਸ਼ਿਵ ਕੀ ਬਾਨੀ-ਪਰਮੇਸ਼ਰ ਦੀ ਬਾਣੀ ਰੂਪ (ਤੀਰਾਂ) ਨਾਲ ।੧।

ਸੰਤਸੰਗਿ ਲੇ ਚੜਿਓ ਸਿਕਾਰ ॥

(Faridkot Teeka, c. 1870s): ਸੰਤੋਂ ਕਾ ਸੰਗ ਲੈਕਰ ਜਬ ਸ਼ਿਕਾਰ ਚੜੇ॥

(SGGS Steek, Bhai Manmohan Singh, c. 1960): ਸਾਧੂਆਂ ਨੂੰ ਨਾਲ ਲੈ ਕੇ ਮੈਂ ਸ਼ਿਕਾਰ ਕਰਨ ਜਾਂਦਾ ਹਾਂ,

(SGGS Darpan, Prof. Sahib Singh, c. 1962-64): ਸੰਤ ਜਨਾਂ ਨੂੰ ਨਾਲ ਲੈ ਕੇ ਮੈਂ ਸ਼ਿਕਾਰ ਖੇਡਣ ਚੜ੍ਹ ਪਿਆ (ਸਾਧ ਸੰਗਤ ਵਿਚ ਟਿਕ ਕੇ ਮੈਂ ਕਾਮਾਦਿਕ ਹਿਰਨਾਂ ਨੂੰ ਫੜਨ ਲਈ ਤਿਆਰੀ ਕਰ ਲਈ)। ਸੰਤ ਸੰਗਿ ਲੇ = ਸੰਤ ਜਨਾਂ ਨੂੰ (ਆਪਣੇ) ਨਾਲ ਲੈ ਕੇ, ਸਾਧ ਸੰਗਤ ਵਿਚ ਟਿਕ ਕੇ। ਚੜਿਓ ਸਿਕਾਰ = ਸ਼ਿਕਾਰ ਖੇਡਣ ਲਈ ਚੜ੍ਹ ਪਿਆ, ਕਾਮਾਦਿਕ ਹਿਰਨਾਂ ਨੂੰ ਫੜਨ ਲਈ ਤਿਆਰੀ ਕਰ ਲਈ।

(S.G.P.C. Shabadarth, Bhai Manmohan Singh, c. 1962-69): ਸੰਤਸੰਗਿ ਲੇ ਚੜਿਓ ਸਿਕਾਰ ॥

(Arth Bodh SGGS, Dr. Rattan Singh Jaggi, c. 2007): (ਜਦੋਂ ਅਸੀਂ) ਸੰਤਾਂ ਦੇ ਸੰਗ ਸ਼ਿਕਾਰ ਉਪਰ ਚੜ੍ਹੇ (ਤਾਂ ਪੰਜ)

(Aad SGGS Darshan Nirney Steek, Giani Harbans Singh, c. 2009-11): (ਹੇ ਭਾਈ! ਅਮੀਂ) ਸੰਤਾਂ ਦਾ ਸੰਗ ਲੈ ਕੇ (ਜਦ) ਸ਼ਿਕਾਰ (ਕਰਨ) ਚੜ੍ਹੇ; ਸੰਤ ਸੰਗਿ ਲੇ-ਸੰਤਾਂ ਨੂੰ ਨਾਲ ਲੈ ਕੇ। ਚੜਿਓ ਸਿਕਾਰ-ਸ਼ਿਕਾਰ ਖਡਣ ਲਈ ਚੜ੍ਹ ਪਿਆ।

ਮ੍ਰਿਗ ਪਕਰੇ ਬਿਨੁ ਘੋਰ ਹਥੀਆਰ ॥੧॥ ਰਹਾਉ ॥

(Faridkot Teeka, c. 1870s): ਤਬ ਬਿਨਾਂ ਹੀ (ਘੋਰ) ਹਥੀਆਰ ਘੋੜੇ ਅਰ ਸਸਤ੍ਰੋਂ ਕੇ ਵਾਹਿਜ ਸਮਾਜ ਬਿਨਾਂ; ਵਾ ਬਿਨਾਂ (ਘੋਰ) ਕਠਨ ਸਾਧਨੋਂ ਕੇ ਕਾਮਾਦਿਕ ਮ੍ਰਿਗ ਪਕੜ ਲੀਏ ਹੈਂ॥੧॥ ਰਹਾਉ ॥

(SGGS Steek, Bhai Manmohan Singh, c. 1960): ਅਤੇ ਘੋੜਿਆਂ ਤੇ ਸ਼ਸ਼ਤਰਾਂ ਦੇ ਬਗੈਰ ਹੀ ਹਰਨ ਫੜ ਲਏ ਜਾਂਦੇ ਹਨ ॥

(SGGS Darpan, Prof. Sahib Singh, c. 1962-64): ਬਿਨਾ ਘੋੜਿਆਂ ਤੋਂ ਬਿਨਾ ਹਥਿਆਰਾਂ ਤੋਂ (ਉਹ ਕਾਮਾਦਿਕ) ਹਿਰਨ ਮੈਂ ਫੜ ਲਏ (ਵੱਸ ਵਿਚ ਕਰ ਲਏ) ॥੧॥ ਰਹਾਉ ॥ ਮ੍ਰਿਗ ਪਕਰੇ = (ਪੰਜੇ ਕਾਮਾਦਿਕ) ਹਿਰਨ ਕਾਬੂ ਕਰ ਲਏ। ਘੋਰ = ਘੋੜੇ ॥੧॥ ਰਹਾਉ ॥

(S.G.P.C. Shabadarth, Bhai Manmohan Singh, c. 1962-69): ਮ੍ਰਿਗ ਪਕਰੇ ਬਿਨੁ ਘੋਰ¹ ਹਥੀਆਰ ॥੧॥ ਰਹਾਉ ॥ ¹ਘੋੜੇ।

(Arth Bodh SGGS, Dr. Rattan Singh Jaggi, c. 2007): ਮਿਰਗਾਂ (ਅਰਥਾਤ ਪੰਜ ਵਿਕਾਰਾਂ) ਨੂੰ ਬਿਨਾ ਘੋੜਿਆਂ ਅਤੇ ਹਥਿਆਰਾਂ ਦੇ ਪਕੜ ਲਿਆ ।੧।ਰਹਾਉ।

(Aad SGGS Darshan Nirney Steek, Giani Harbans Singh, c. 2009-11): ਤਦ ਬਿਨਾ ਘੋੜਿਆਂ ਤੇ ਹਥਿਆਰਾਂ ਦੇ (ਪਜੰ ਕਾਮ, ਕ੍ਰੋਧ, ਆਦਿਕ) ਹਰਨ ਪਕੜ ਲਏ ।੧।ਰਹਾਉ। ਮ੍ਰਿਗ ਪਕਰੇ-(ਪੰਜ ਕਾਮਾਦਿਕ) ਹਿਰਨ ਪਕੜ ਲਏ। ਬਿਨੁ ਘੋਰ ਹਥੀਆਰ-ਘੋੜੇ ਤੇ ਹਥਿਆਰਾਂ (ਸ਼ਸਤਰਾਂ) ਤੋਂ ਬਿਨਾਂ ਹੀ ।੧।ਰਹਾਉ।

ਆਖੇਰ ਬਿਰਤਿ ਬਾਹਰਿ ਆਇਓ ਧਾਇ ॥

(Faridkot Teeka, c. 1870s): ਸ਼ਿਕਾਰ ਕੀ ਬ੍ਰਿਤੀ ਏਹੀ ਹੈ, ਜੋ ਬਾਹਰ ਕੋ ਧਾਵਤਾ ਹੂਆ ਮਨੁ ਅੰਤਰ ਆਯਾ ਹੈ॥

(SGGS Steek, Bhai Manmohan Singh, c. 1960): ਮੇਰਾ ਸ਼ਿਕਾਰੀ ਮਨੂਆ ਪਹਿਲੇ ਬਾਹਰ ਭੱਜਿਆ ਫਿਰਦਾ ਸੀ ॥

(SGGS Darpan, Prof. Sahib Singh, c. 1962-64): (ਸਾਧ ਸੰਗਤ ਦੀ ਬਰਕਤਿ ਨਾਲ, ਸੰਤ ਜਨਾਂ ਦੀ ਸਹਾਇਤਾ ਨਾਲ) ਵਿਸ਼ੇ-ਵਿਕਾਰਾਂ ਦਾ ਸ਼ਿਕਾਰ ਖੇਡਣ ਵਾਲਾ ਸੁਭਾਉ (ਮੇਰੇ ਅੰਦਰੋਂ) ਦੌੜ ਕੇ ਬਾਹਰ ਨਿਕਲ ਗਿਆ। ਆਖੇਰ = ਆਖੇਟ, (Hunting) ਸ਼ਿਕਾਰ ਖੇਡਣਾ। ਬਿਰਤਿ = {वृत्ति = Profession} ਕਿੱਤਾ, ਸੁਭਾਉ। ਆਖੇਰ ਬਿਰਤਿ = {आखेट वृत्ति = Profession of Hunting} (ਵਿਸ਼ੇ-ਵਿਕਾਰਾਂ ਦਾ) ਸ਼ਿਕਾਰ ਖੇਡਣ ਦਾ ਕਸਬ (ਸੁਭਾਉ)। ਧਾਇ = ਧਾ ਕੇ, ਦੌੜ ਕੇ।

(S.G.P.C. Shabadarth, Bhai Manmohan Singh, c. 1962-69): ¹ਆਖੇਰ ਬਿਰਤਿ ਬਾਹਰਿ ਆਇਓ ਧਾਇ ॥ ¹(ਸੰ. ਆਖ਼ੇਟ=ਸ਼ਿਕਾਰ) ਸ਼ਿਕਾਰ ਵਾਲੀ ਬਿਰਤੀ ਬਾਹਰ ਦੌੜਦੀ ਸੀ। ਦੇਖੋ ਪੰਨਾ ੧੭੯, ਨੋਟ ੩੩। ਭਾਵ ਫੋਕਟ ਸਾਧਨ ਕੀਤੇ ਸਨ, ਪਰ ਹੁਣ ਅਹੇਰਾ (ਸ਼ਿਕਾਰ) ਘਰ ਹੀ ਮਿਲਿਆ ਹੈ, ਆਪਣੇ ਆਪ ਵਿੱਚ ਟਿਕਿਆ ਹਾਂ।

(Arth Bodh SGGS, Dr. Rattan Singh Jaggi, c. 2007): ਸ਼ਿਕਾਰ (ਆਖੇਰ) ਵਾਲੀ ਬਿਰਤੀ ਬਾਹਰ ਨੂੰ ਦੋੜਦੀ ਸੀ,

(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਸ਼ਿਕਾਰ ਵਾਲੀ ਬਿਰਤੀ (ਜੋ) ਬਾਹਰ ਦੌੜਦੀ ਸੀ, ਆਖੇਰ-ਸ਼ਿਕਾਰ ਖੇਡਣਾ। ਬਿਰਤਿ-ਬ੍ਰਿਤੀ, ਸੁਭਾਉ। ਧਾਇ-ਦੌੜ ਕੇ।

ਅਹੇਰਾ ਪਾਇਓ ਘਰ ਕੈ ਗਾਂਇ ॥੨॥

(Faridkot Teeka, c. 1870s): (ਘਰ ਕੈ ਗਾਂਇ) ਅੰਤਹਕਰਨ ਕੇ ਅਸਥਾਨ ਮੇਂ ਸ਼ਿਕਾਰ ਕੋ ਪਾਇਆ ਹੈ, ਭਾਵ ਯਹਿ ਪਰਮਾਤਮਾ ਕੋ ਜਾਣ ਲੀਆ ਹੈ॥੨॥

(SGGS Steek, Bhai Manmohan Singh, c. 1960): ਪਰ ਹੁਣ ਮੈਂ ਸ਼ਿਕਾਰ ਆਪਣੀ ਦੇਹ ਦੇ ਪਿੰਡ ਦੇ ਗ੍ਰਹਿ ਵਿੱਚ ਹੀ ਲੱਭ ਲਿਆ ਹੈ ॥

(SGGS Darpan, Prof. Sahib Singh, c. 1962-64): (ਜਿਸ ਮਨ ਨੂੰ ਪਕੜਨਾ ਸੀ ਉਹ ਮਨ-) ਸ਼ਿਕਾਰ ਮੈਨੂੰ ਆਪਣੇ ਸਰੀਰ ਦੇ ਅੰਦਰ ਹੀ ਲੱਭ ਪਿਆ (ਤੇ, ਮੈਂ ਉਸ ਨੂੰ ਕਾਬੂ ਕਰ ਲਿਆ) ॥੨॥ ਅਹੇਰਾ = ਸ਼ਿਕਾਰ, ਜਿਸ ਨੂੰ ਪਕੜਨਾ ਸੀ ਉਹ (ਮਨ)। ਕੈ ਗਾਂਇ = ਦੇ ਗ੍ਰਾਮ ਵਿਚ, ਦੇ ਪਿੰਡ ਵਿਚ। ਘਰ ਕੈ ਗਾਂਇ = ਸਰੀਰ-ਘਰ ਦੇ ਪਿੰਡ ਵਿਚ, ਸਰੀਰ ਦੇ ਅੰਦਰ ਹੀ ॥੨॥

(S.G.P.C. Shabadarth, Bhai Manmohan Singh, c. 1962-69): ਅਹੇਰਾ ਪਾਇਓ ਘਰ ਕੈ ਗਾਂਇ¹ ॥੨॥ ¹ਗ੍ਰਾਮ ਵਿੱਚ।

(Arth Bodh SGGS, Dr. Rattan Singh Jaggi, c. 2007): (ਪਰ ਹੁਣ ਮੈਂ) ਸ਼ਰੀਰ ਵਿਚ ਹੀ ਸ਼ਿਕਾਰ (ਅਹੇਰਾ) ਪ੍ਰਾਪਤ ਕਰ ਲਿਆ ਹੈ (ਅਰਥਾਤ ਮਨ ਨੂੰ ਸਥਿਰ ਕਰ ਲਿਆ ਹੈ) ।੨।

(Aad SGGS Darshan Nirney Steek, Giani Harbans Singh, c. 2009-11): (ਉਹ ਚੰਚਲ ਮਨ) ਦੌੜ ਕੇ (ਅੰਦਰ) ਆ ਗਿਆ ਹੈ (ਭਾਵ ਨਿਜ ਘਰ ਵਿਚ ਟਿੱਕ ਗਿਆ ਹੈ ਕਿਉਂਕਿ ਉਹ) ਸ਼ਿਕਾਰ (ਹੁਣ ਮੈਂ ਆਪਣੇ) ਪਿੰਡ ਭਾਵ ਸ਼ਰੀਰ ਰੂਪੀ ਘਰ ਵਿਚ ਹੀ ਪਾ ਲਿਆ ਹੈ ।੨। ਅਹੇਰਾ-ਸ਼ਿਕਾਰ (ਭਾਵ ਮਨ)।

ਮ੍ਰਿਗ ਪਕਰੇ ਘਰਿ ਆਣੇ ਹਾਟਿ ॥

(Faridkot Teeka, c. 1870s): ਜੋ ਇੰਦ੍ਰੈ ਰੂਪ ਮ੍ਰਿਗ ਪਕੜ ਕੇ ਔ ਮੋੜ ਕੇ ਘਰ ਵਿਖੇ ਆਣੇ ਥੇ॥

(SGGS Steek, Bhai Manmohan Singh, c. 1960): ਸੰਸਾਰ ਵੱਲੋ ਹਟ ਕੇ ਮੈਂ ਹਰਨ ਪਕੜ ਕੇ ਆਪਣੇ ਗ੍ਰਹਿ ਵਿੱਚ ਲੈ ਆਂਦੇ ਹਨ ॥

(SGGS Darpan, Prof. Sahib Singh, c. 1962-64): (ਪੰਜਾਂ) ਹਿਰਨਾਂ ਨੂੰ ਫੜ ਕੇ ਮੈਂ ਆਪਣੇ ਘਰ ਵਿਚ ਲੈ ਆਂਦਾ, ਆਪਣੀ ਹੱਟੀ ਵਿਚ ਲੈ ਆਂਦਾ। ਮ੍ਰਿਗ = (ਕਾਮਾਦਿਕ ਪੰਜੇ) ਹਿਰਨ। ਘਰਿ = ਘਰ ਵਿਚ। ਘਰਿ ਆਣੇ = ਘਰ ਵਿਚ ਲੈ ਆਂਦੇ। ਹਾਟਿ ਆਣੇ = ਹੱਟੀ ਵਿਚ ਲੈ ਆਂਦੇ। ਘਰਿ ਆਣੇ ਹਾਟਿ = ਘਰ ਵਿਚ ਹੱਟੀ ਵਿਚ ਲੈ ਆਂਦੇ, ਵੱਸ ਵਿਚ ਕਰ ਲਏ।

(S.G.P.C. Shabadarth, Bhai Manmohan Singh, c. 1962-69): ਮ੍ਰਿਗ ਪਕਰੇ ਘਰਿ ਆਣੇ ਹਾਟਿ¹ ॥ ¹ਹਟ ਕੇ, ਮੁੜ ਕੇ।

(Arth Bodh SGGS, Dr. Rattan Singh Jaggi, c. 2007): (ਕਾਮ ਆਦਿ ਜੋ ਪੰਜ) ਹਿਰਨ ਪਕੜੇ ਸਨ, (ਉਨ੍ਹਾਂ ਨੂੰ) ਸ਼ਰੀਰ ਰੂਪ ਹਟੀ ਵਿਚ ਲਿਆਉਂਦਾ ਹੈ।

(Aad SGGS Darshan Nirney Steek, Giani Harbans Singh, c. 2009-11): (ਹੇ ਭਾਈ! ਜੋ ਪੰਜ) ਹਰਨ (ਕਾਮਾਦਿਕ) ਫੜੇ ਸਨ, (ਉਹ) ਮੈਂ ਬੰਨ੍ਹ ਕੇ ਘਰ ਵਿਚ (ਭਾਵ ਸਰੀਰ ਰੂਪ) ਹੱਟੀ ਵਿਚ ਲੈ ਆਂਦੇ।

ਚੁਖ ਚੁਖ ਲੇ ਗਏ ਬਾਂਢੇ ਬਾਟਿ ॥੩॥

(Faridkot Teeka, c. 1870s): ਸੋ ਸੁਭ ਗੁਣ ਜੋ ਪਹਿਲੇ (ਬਾਂਢੇ) ਵਿਛੋੜੇ ਹੂਏ ਥੇ ਓਪਰੇ ਹੂਏ ਹੂਏ ਥੇ, ਸੋ ਤਿਸ ਕੇ ਵਿਸਿਓਂ ਕੋ ਰੱਤੀ ਰੱਤੀ ਬਾਂਟ ਕਰ ਲੈ ਗਏ। ਯਥਾ- ਕਾਮ ਕੋ ਵਸਤੁ ਵੀਚਾਰੁ, ਲੋਭ ਕੋ ਸੰਤੋਖੁ, ਮੋਹ ਕੋ ਵਿਵੇਕ, ਹੰਕਾਰ ਕੋ ਧੀਰਜ, ਕਰੋਧ ਕੋ ਨਿਮ੍ਰਿਤਾ॥੩॥

(SGGS Steek, Bhai Manmohan Singh, c. 1960): ਆਪਣਿਆਂ ਹਿੱਸਿਆਂ ਵਿੱਚ ਵੰਡ ਕੇ ਇਹ ਹਰਨ ਮੇਰੀਆਂ ਨੇਕੀਆਂ ਨੂੰ ਰਤਾ ਕਰ ਕੇ ਲੈ ਗਏ ਸਨ ॥

(SGGS Darpan, Prof. Sahib Singh, c. 1962-64): (ਸੰਤ ਜਨ ਉਹਨਾਂ ਨੂੰ) ਰਤਾ ਰਤਾ ਕਰ ਕੇ (ਮੇਰੇ ਅੰਦਰੋਂ) ਦੂਰ-ਦੁਰਾਡੇ ਥਾਂ ਲੈ ਗਏ (ਮੇਰੇ ਅੰਦਰੋਂ ਸੰਤ ਜਨਾਂ ਨੇ ਪੰਜਾਂ ਕਾਮਾਦਿਕ ਹਿਰਨਾਂ ਨੂੰ ਉੱਕਾ ਹੀ ਕੱਢ ਦਿੱਤਾ) ॥੩॥ ਚੁਖ ਚੁਖ = ਰਤਾ ਰਤਾ ਕਰ ਕੇ। ਲੇ ਗਏ = (ਸੰਤ ਜਨ) ਲੈ ਗਏ। ਬਾਂਢੇ ਬਾਟਿ = ਬਿਗਾਨੇ ਰਸਤੇ ਵਿਚ, ਓਪਰੇ ਪਿੰਡ ਵਿਚ (ਮੇਰੇ ਅੰਦਰੋਂ ਕੱਢ ਕੇ) ਹੋਰ ਥਾਂ (ਲੈ ਗਏ), (ਮੇਰੇ ਅੰਦਰੋਂ ਸੰਤ ਜਨਾਂ ਨੇ) ਉਹਨਾਂ ਨੂੰ ਉੱਕਾ ਹੀ ਕੱਢ ਦਿੱਤਾ ॥੩॥

(S.G.P.C. Shabadarth, Bhai Manmohan Singh, c. 1962-69): ¹ਚੁਖ ਚੁਖ ਲੇ ਗਏ ²ਬਾਂਢੇ ਬਾਟਿ ॥੩॥ ¹ਰਤਾ-ਰਤਾ। ²ਹਿੱਸੇ ਵੰਡ ਕੇ (ਸਤਿਸੰਗੀ ਸਾਥੀਆਂ ਨੂੰ ਹਿੱਸੇ ਵੰਡੇ)।

(Arth Bodh SGGS, Dr. Rattan Singh Jaggi, c. 2007): (ਸਤਿਸੰਗੀ ਲੋਕ) ਥੋੜੇ ਥੋੜੇ ਹਿੱਸੇ ਵੰਡ ਕੇ ਲੈ ਗਏ ਹਨ ।੩।

(Aad SGGS Darshan Nirney Steek, Giani Harbans Singh, c. 2009-11): (ਸਤਿਸੰਗੀ) ਉਸ ਸ਼ਿਕਾਰ ਨੂੰ ਵੱਢ ਕੇ ਟੋਟੇ ਟੋਟੇ ਕਰਕੇ ਵੰਡ ਕੇ (ਮੇਰੇ ਅੰਦਰੋਂ ਕੱਢ ਕੇ ਬਾਹਰ) ਲੈ ਗਏ ।੩। ਚੁਖ ਚੁਖ-ਰੱਤਾ ਰੱਤਾ, ਟੋਟੇ ਟੋਟੇ (ਕਰਕੇ)। ਲੈ ਗਏ-(ਸੰਤ) ਲੈ ਗਏ। ਬਾਂਢੇ ਬਾਟਿ-ਹਿੱਸੇ ਵੰਡ ਕੇ (ਸਤਿ-ਸੰਗੀਆਂ ਸਾਥੀਆਂ ਨੂੰ ਹਿੱਸੇ ਦਿੱਤੇ) ।੩।

ਏਹੁ ਅਹੇਰਾ ਕੀਨੋ ਦਾਨੁ ॥

(Faridkot Teeka, c. 1870s): ਗੁਰੋਂ ਨੇ ਏਹ (ਅਹੇਰਾ) ਸ਼ਿਕਾਰ ਦਾਨ ਕੀਆ ਹੈ; ਵਾ ਹਮਨੇ ਵਸਤੁ ਵੀਚਾਰਾਦਿ ਸ਼ੁਭ ਗੁਨੋਂ ਕੋ ਕਾਮਾਦ ਵੰਡ ਵੰਡ ਕੇ ਦਾਨੁ ਕਰ ਦੀਆ ਹੈ॥

(SGGS Steek, Bhai Manmohan Singh, c. 1960): ਸਾਈਂ ਨੇ ਇਸ ਸ਼ਿਕਾਰ ਦੀ ਦਾਤ ਬਖਸ਼ੀ ਹੈ,

(SGGS Darpan, Prof. Sahib Singh, c. 1962-64): ਸੰਤ ਜਨਾਂ ਨੇ ਇਹ ਫੜਿਆ ਹੋਇਆ ਸ਼ਿਕਾਰ (ਇਹ ਵੱਸ ਵਿਚ ਕੀਤਾ ਹੋਇਆ ਮੇਰਾ ਮਨ) ਮੈਨੂੰ ਬਖ਼ਸ਼ੀਸ਼ ਦੇ ਤੌਰ ਤੇ ਦੇ ਦਿੱਤਾ। ਅਹੇਰਾ = ਸ਼ਿਕਾਰ, ਜਿਸ (ਮਨ) ਨੂੰ ਫੜਨਾ ਸੀ ਉਹ।

(S.G.P.C. Shabadarth, Bhai Manmohan Singh, c. 1962-69): ¹ਏਹੁ ਅਹੇਰਾ ਕੀਨੋ ਦਾਨੁ ॥ ¹ਸਾਨੂੰ ਸ਼ਿਕਾਰ ਵਿੱਚ ਇਹ ਹੀ ਹਿੱਸਾ ਮਿਲਿਆ-ਨਾਮ।

(Arth Bodh SGGS, Dr. Rattan Singh Jaggi, c. 2007): (ਸੰਤ-ਜਨਾਂ ਨੇ) ਇਹ (ਮਨ ਰੂਪ) ਸ਼ਿਕਾਰ ਮੈਨੂੰ ਦਾਨ ਕਰ ਦਿੱਤਾ ਹੈ।

(Aad SGGS Darshan Nirney Steek, Giani Harbans Singh, c. 2009-11): ਇਹ ਮਨ (ਜੋ ਵਸ ਵਿਚ ਕੀਤਾ ਸੀ, ਸੰਤਾਂ ਨੇ ਮੈਨੂੰ) ਦਾਨ ਦੇ ਦਿੱਤਾ। ਏਹੁ-ਇਹ। ਅਹੇਰਾ-ਸ਼ਿਕਾਰ (ਜੋ ਮਨ ਨੂੰ ਫੜਨਾ ਸੀ)। ਕੀਨੋ ਦਾਨੁ-ਦਾਨ ਕੀਤਾ। 

ਨਾਨਕ ਕੈ ਘਰਿ ਕੇਵਲ ਨਾਮੁ ॥੪॥੪॥

(Faridkot Teeka, c. 1870s): ਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੇ (ਘਰਿ) ਰਿਦੇ ਵਿਖੇ ਅਸਟ ਪਹਿਰ ਕੇਵਲ ਏਕ ਨਾਮ ਹੀ ਬਸਿਆ ਹੈ॥੪॥੪॥ ਸਾਕਤ ਸੇ ਅਲਾਭਤਾ ਔਰ ਉਸ ਕੀ ਕਠੋਰਤਾ ਦਿਖਾਵਤੇ ਹੂਏ ਉਪਦੇਸੁ ਕਹਤੇ ਹੈਂ:

(SGGS Steek, Bhai Manmohan Singh, c. 1960): ਕਿ ਨਾਨਕ ਦੇ ਘਰ ਵਿੱਚ ਸਿਰਫ ਨਾਮ ਹੀ ਗੂੰਜਦਾ ਹੈ ॥

(SGGS Darpan, Prof. Sahib Singh, c. 1962-64): ਹੁਣ ਮੈਂ ਨਾਨਕ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ ਹੀ ਨਾਮ ਹੈ (ਮਨ ਵੱਸ ਵਿਚ ਆ ਗਿਆ ਹੈ, ਤੇ ਕਾਮਾਦਿਕ ਭੀ ਆਪਣਾ ਜ਼ੋਰ ਨਹੀਂ ਪਾ ਸਕਦੇ) ॥੪॥੪॥ ਕੈ ਘਰਿ = ਦੇ ਘਰ ਵਿਚ, ਦੇ ਹਿਰਦੇ ਵਿਚ ॥੪॥੪॥

(S.G.P.C. Shabadarth, Bhai Manmohan Singh, c. 1962-69): ਨਾਨਕ ਕੈ ਘਰਿ ਕੇਵਲ ਨਾਮੁ ॥੪॥੪॥

(Arth Bodh SGGS, Dr. Rattan Singh Jaggi, c. 2007): (ਹੁਣ) ਨਾਨਕ ਦੇ (ਹਿਰਦੇ ਰੂਪ) ਘਰ ਵਿਚ ਕੇਵਲ ਨਾਮ ਹੀ (ਵਸਿਆ ਹੋਇਆ) ਹੈ ।੪।੪।

(Aad SGGS Darshan Nirney Steek, Giani Harbans Singh, c. 2009-11): ਇਸ ਲਈ ਹੁਣ ਨਾਨਕ ਦੇ ਘਰ (ਹਿਰਦੇ ਵਿਚ) ਕੇਵਲ (ਪਰਮਾਤਮਾ ਦਾ) ਨਾਮ ਹੀ ਹੈ। (ਬਾਕੀ ਕਾਮ ਕ੍ਰੋਧ ਆਦਿ ਵੈਰੀ ਸਭ ਦੌੜ ਗਏ ਹਨ) ।੪।੪। ਘਰਿ-ਹਿਰਦੇ ਵਿਚ। ਕੇਵਲ ਨਾਮੁ-ਕੇਵਲ ਇਕ ਨਾਮ ਹੀ ।੪। ਸਾਰੰਸ਼ ਅਤੇ ਸਿਧਾਂਤ: ਗੁਰੂ ਅਰਜਨ ਸਾਹਿਬ ਕਿਹੜਾ ਸ਼ਿਕਾਰ ਖੇਡਣ ਜਾਂਦੇ ਅਤੇ ਆਪ ਪਾਸ ਕਿਹੜੇ ਹਥਿਆਰ ਸਨ? ਇਹ ਹੈਰਾਨ ਕਰਨ ਵਾਲੀ ਗਲ ਹੈ। ਸ਼ਿਕਾਰੀ ਤਾਂ ਸ਼ਿਕਾਰ ਸਮੇ ਆਪਣੇ ਨਾਲ ਬਾਜ਼ ਅਤੇ ਕੁਤੇ ਆਦਿ ਨਾਲ ਲਿਜਾਂਦੇ ਹਨ ਪਰ ਇਥੇ ਕਿਹੜੇ ਸ਼ਿਕਾਰੀ ਜਾਨਵਰ ਹਨ? ਇਸ ਸ਼ਬਦ ਵਿਚ ਸ਼ਿਕਾਰ ਨੂੰ ਅਲੰਕਾਰ ਵਜੋਂ ਪੇਸ਼ ਕੀਤਾ ਹੈ। ਅਸਲ ਵਿਚ ਆਪ ਜੀ ਸਤਿਸੰਗੀਆਂ ਨੂੰ ਨਾਲ ਲੈ ਕੇ ਪਾਪਾਂ ਦਾ ਪ੍ਰਹਾਰ ਕਰਨ ਲਈ ਸ਼ਿਕਾਰ ਤੇ ਚੜ੍ਹੇ। ਗੁਰਬਾਣੀ ਦੇ ਅਣਿਅਲੇ ਤੀਰਾਂ ਨਾਲ ਜਦੋ ਕਾਮਦਾਇਕ ਮਿਰਗ ਮਾਰੇ, ਤਾਂ ਆਪਣੇ ਅੰਦਰੋਂ ਹੀ ਨਾਮ ਦਾ ਸ਼ਿਕਾਰ ਮਿਲ ਗਿਆ, ਜੋ ਸਾਰੇ ਸਤਸੰਗੀਆਂ ਨਾਲ ਮਿਲਕੇ ਖਾਧਾ। ਦਸ ਮ੍ਰਿਗੀਆਂ (ਹਿਰਨੀਆਂ) ਤੋਂ ਭਾਵ ਦਸ ਇ੍ਰੰਦੀਆਂ ਹਨ, ਕੰਨ ਜੋ ਗੰਦੇ ਗੀਤ ਸੁਣ ਰਹੇ ਸਨ, ਜੀਭ ਜੋ ਸੁਆਦਿਸ਼ਟ ਪਦਾਰਥ ਖਾ ਰਹੀ ਸੀ, ਨੱਕ ਜੋ ਸੁਗੰਧੀ ਦਾ ਰਸ ਮਾਣਦਾ ਸੀ, ਹਥ ਜੋ ਪਰਾਏ ਧਨ ਨੂੰ ਚੁਰਾਂਦੇ ਸਨ, ਅੱਖਾਂ ਜੋ ਪਰਾਇਆ ਸਨ, ਸਭ ਨੂੰ ਕਾਬੂ ਕਰ ਕੇ ਪਰਮੇਸ਼ਰ ਵਲ ਮੋੜਿਆ, ਪੰਜ ਮਿਰਗਾਂ (ਹਿਰਨ) ਭਾਵ ਕਾਮ ਕ੍ਰੋਧ ਆਦਿਕ ਵੈਰੀਆਂ ਨੂੰ ਸਤਿਗੁਰੂ ਨੇ ਬਾਣੀ ਦੇ ਤੀਰਾਂ ਨਾਲ ਮਾਰ ਦਿੱਤਾ। ਇਹ ਸਾਰੀ ਬਰਕਤ ਸੰਤਾਂ ਦੇ ਸੰਗ ਦੀ ਹੈ। ਪੰਚਮ ਗੁਰਦੇਵ ਫੁਰਮਾਉਂਦੇ  ਹਨ ਕਿ ਇਹ ਸ਼ਿਕਾਰ ਖੇਡਣਾ ਸਾਨੂੰ ਗੁਰੂ ਬਾਬਾ ਜੀ ਦੇ ਦਾਨ ਵਜੋਂ ਬਖਸ਼ਿਸ਼ ਕੀਤਾ ਹੈ। ਸਿਧਾਂਤ ਇਹ ਹੈ, ਜੇ ਗੁਰੂ ਦੀ ਸੰਗਤ ਮਿਲ ਜਾਏ, ਹਿਰਦੇ ਵਿਚ ਨਾਮ ਦਾ ਵਾਸਾ ਹੋਵੇ ਤਾਂ ਪੰਜੇ ਵੈਰੀ ਤੇ ਇ੍ਰੰਦ ਆਦਿ ਸਾਰੇ ਹੀ ਕਾਬੂ ਆ ਜਾਂਦੇ ਹਨ। ਇਸ ਤੋਂ ਬਾਅਦ ਜਦੋਂ ਮਨ ਨਾਮ ਰੂਪੀ ਸ਼ਿਕਾਰ ਸਤਸੰਗ ਨਾਲ ਮਿਲ ਕੇ ਖਾਂਦਾ ਹੈ, ਤਾਂ ਉਸ ਦਾ ਸੁਆਦ ਹੀ ਅਲੌਕਿਕ ਹੁੰਦਾ ਹੈ।