ਭੈਰਉ ਮਹਲਾ ੫ ॥
(SGGS Steek, Bhai Manmohan Singh, c. 1960): ਭੈਰਉ ਪੰਜਵੀਂ ਪਾਤਿਸ਼ਾਹੀ ॥
(S.G.P.C. Shabadarth, Bhai Manmohan Singh, c. 1962-69): ਭੈਰਉ ਮਹਲਾ ੫॥ ਗੁਰੂ ਜੀ ਆਪਣਾ ਮੱਤ, ਵਰਤ ਨੇਮ ਕਰਨ ਵਾਲ ਹਿੰਦੂਆਂ ਅਤੇ ਨਿਮਾਜ਼ ਰੋਜ਼ੇ ਰੱਖਣ ਵਾਲੇ ਮੁਸਲਮਾਂਨਾਂ ਤੋਂ ਅੱਡਰਾ ਦੱਸ ਕੇ ਇਕ ਨਿਰੰਕਾਰ ਦੇ ਪੁਜਾਰੀ ਹੋਣ ਦਾ ਦਾਹਵਾ ਕਰਦੇ ਹਲ।
ਵਰਤ ਨ ਰਹਉ ਨ ਮਹ ਰਮਦਾਨਾ ॥
(Faridkot Teeka, c. 1870s): ਹਿੰਦੂਓਂ ਕੇ ਬ੍ਰਤੋਂ ਮੇਂ ਇਸਥਿਤ ਨਹੀਂ ਰਹਿਤਾ ਹੂੰ ਔਰ ਨਾ (ਰਮਦਾਨਾ) ਰਮਜਾਨ ਰੋਜਿਓਂ ਕੇ ਮਾਹ ਮਹੀਨੇ ਕੋ ਮਾਨਤਾ ਹੂੰ॥
(SGGS Steek, Bhai Manmohan Singh, c. 1960): ਨਾਂ ਮੈਂ ਵਰਤ ਰੱਖਦਾ ਹਾਂ, ਨਾਂ ਹੀ ਮੈਂ ਰਮਜਾਨ ਦੇ ਮਹੀਨੇ ਵੱਲ ਧਿਆਨ ਦਿੰਦਾ ਹਾਂ ॥
(SGGS Darpan, Prof. Sahib Singh, c. 1962-64): ਨਾਹ ਮੈਂ (ਹਿੰਦੂ ਦੇ) ਵਰਤਾਂ ਦਾ ਆਸਰਾ ਲੈਂਦਾ ਹਾਂ, ਨਾਹ ਮੈਂ (ਮੁਸਲਮਾਨ ਦੇ) ਰਮਜ਼ਾਨ ਦੇ ਮਹੀਨੇ (ਵਿਚ ਰੱਖੇ ਰੋਜ਼ਿਆਂ ਦਾ)। ਰਹਉ = ਰਹਉਂ, ਮੈਂ ਰਹਿੰਦਾ ਹਾਂ। ਮਹ ਰਮਦਾਨਾ = ਮਾਹ ਰਮਜ਼ਾਨਾ, ਰਮਜ਼ਾਨ ਦਾ ਮਹੀਨਾ (ਜਦੋਂ ਰੋਜ਼ੇ ਰੱਖੇ ਜਾਂਦੇ ਹਨ)।
(S.G.P.C. Shabadarth, Bhai Manmohan Singh, c. 1962-69): ¹ਵਰਤ ਨ ਰਹਉ ਨ ²ਮਹ ਰਮਦਾਨਾ ॥ ¹ਮੈਂ ਵਰਤ ਨਹੀਂ ਰੱਖਦਾ। ²ਮਾਹਿ ਰਮਜ਼ਾਨ, ਰੋਜ਼ਿਆਂ ਦਾ ਮਹੀਨਾ। ਨਾ ਰੋਜ਼ੇ ਰੱਖਦਾ ਹਾ।
(Arth Bodh SGGS, Dr. Rattan Singh Jaggi, c. 2007): (ਮੈਂ) ਨ ਵਰਤ ਰਖਦਾ ਹਾਂ ਅਤੇ ਨ ਹੀ ਰਮਜ਼ਾਨ ਮਹੀਨੇ ਵਿਚ (ਰੋਜ਼ੇ ਰਖਦਾ ਹਾਂ)।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਨਾ ਮੈਂ (ਹਿੰਦੂਆਂ ਦੇ) ਵਰਤ ਰਖਦਾ ਹਾਂ (ਅਤੇ) ਨਾ ਹੀ (ਮੁਸਲਮਾਨਾਂ ਦੇ ਮਾਹ ਰਮਜ਼ਾਨ ਵਿਚ) ਰੋਜ਼ੇ ਰਖਦਾ ਹਾਂ। ਨ ਰਹਉ–ਮੈਂ ਨਹੀਂ ਰਖਦਾ। ਮਹ–ਮਾਹ ਮਹੀਨਾ। ਰਮਦਾਨਾ–ਰਮਜ਼ਾਨਾ (ਰਮਜ਼ਾਨ ਉਹ ਮਹੀਨਾ ਹੈ ਜਿਸ ਵਿਚ ਮੁਸਲਮਾਨ ਰੋਜ਼ੇ ਰਖਦੇ ਹਨ)।
ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥
(Faridkot Teeka, c. 1870s): ਜੋ ਅੰਤ ਕੋ ਰਖਕ ਹੈ ਤਿਸੁ ਕੋ ਸੇਵਤਾ ਹੂੰ॥੧॥
(SGGS Steek, Bhai Manmohan Singh, c. 1960): ਮੈਂ ਕੇਵਲ ਉਸ ਦੀ ਟਹਿਲ ਕਰਦਾ ਹਾਂ, ਜੋ ਅਖੀਰ ਨੂੰ ਮੇਰੀ ਰੱਖਿਆ ਕਰੇਗਾ ॥
(SGGS Darpan, Prof. Sahib Singh, c. 1962-64): ਮੈਂ ਤਾਂ (ਸਿਰਫ਼) ਉਸ ਪਰਮਾਤਮਾ ਨੂੰ ਸਿਮਰਦਾ ਹਾਂ ਜਿਹੜਾ ਆਖ਼ਿਰ (ਹਰੇਕ ਦੀ) ਰੱਖਿਆ ਕਰਦਾ ਹੈ ॥੧॥ ਤਿਸੁ = ਉਸ ਪ੍ਰਭੂ ਨੂੰ। ਸੇਵੀ = ਸੇਵੀਂ, ਮੈਂ ਸਿਮਰਦਾ ਹਾਂ। ਰਖੈ = ਰੱਖਿਆ ਕਰਦਾ ਹੈ। ਨਿਦਾਨਾ = ਆਖ਼ਰ ਨੂੰ ॥੧॥
(S.G.P.C. Shabadarth, Bhai Manmohan Singh, c. 1962-69): ਤਿਸੁ ਸੇਵੀ ਜੋ ਰਖੈ ਨਿਦਾਨਾ¹ ॥੧॥ ¹ਓੜਕ।
(Arth Bodh SGGS, Dr. Rattan Singh Jaggi, c. 2007): ਉਸ ਨੂੰ ਸੇਵਦਾ ਹਾਂ, ਜੋ ਅੰਤ ਕਾਲ ਵਿਚ ਬਚਾਉਂਦਾ ਹੈ ।੧।
(Aad SGGS Darshan Nirney Steek, Giani Harbans Singh, c. 2009-11): ਮੈਂ ਉਸ (ਪਰਮਾਤਮਾ) ਨੂੰ ਸੇਵਦਾ (ਸਿਮਰਦਾ) ਹਾਂ, ਜੋ ਅੰਤ ਸਮੇਂ (ਹਰੇਕ ਦੀ) ਰਖਿਆ ਕਰਦਾ ਹੈ ।੧। ਤਿਸੁ ਸੇਵੀ–ਮੈਂ ਉਸ (ਪਰਮਾਤਮਾ) ਨੂੰ ਸਿਮਰਦਾ ਹਾਂ। ਰਖੈ ਨਿਦਾਨਾ–(ਜੋ) ਅੰਤ ਸਮੇਂ ਰਖਿਆ ਕਰਦਾ ਹੈ ।੧।
ਏਕੁ ਗੁਸਾਈ ਅਲਹੁ ਮੇਰਾ ॥
(Faridkot Teeka, c. 1870s): ਅਲਾਹ ਔਰ ਗੁਸਾਈ ਮੇਰਾ ਵਹੁ ਏਕ ਵਾਹਿਗੁਰੂ ਹੀ ਹੈ॥
(SGGS Steek, Bhai Manmohan Singh, c. 1960): ਸੰਸਾਰ ਦਾ ਇੱਕ ਸੁਆਮੀ ਹੀ ਮੇਰਾ ਵਾਹਿਗੁਰੂ ਹੈ ॥
(SGGS Darpan, Prof. Sahib Singh, c. 1962-64): ਮੇਰਾ ਤਾਂ ਸਿਰਫ਼ ਉਹ ਹੈ (ਜਿਸ ਨੂੰ ਹਿੰਦੂ) ਗੁਸਾਈਂ (ਆਖਦਾ ਹੈ ਅਤੇ ਜਿਸ ਨੂੰ ਮੁਸਲਮਾਨ) ਅੱਲਾ (ਆਖਦਾ ਹੈ)। ਗੁਸਾਈ = ਗੋ-ਸਾਈਂ, ਧਰਤੀ ਦਾ ਖਸਮ। ਅਲਹੁ = ਅੱਲਾ (ਮੁਸਲਮਾਨਾਂ ਦਾ ਨਾਮ ਪਰਮਾਤਮਾ ਵਾਸਤੇ)।
(S.G.P.C. Shabadarth, Bhai Manmohan Singh, c. 1962-69): ¹ਏਕੁ ਗੁਸਾਈ ਅਲਹੁ ਮੇਰਾ ॥ ¹ਮੇਰੇ ਲਈ ਓਹੀ ਗੁਸਾਈਂ ਹੈ (ਹਿੰਦੂਆਂ ਦਾ ਰੱਬ) ਜੋ (ਮੁਸਲਮਾਨਾਂ ਦਾ) ਅੱਲਾ ਹੈ।
(Arth Bodh SGGS, Dr. Rattan Singh Jaggi, c. 2007): ਮੇਰਾ (ਤਾਂ) ਇਕ ਹੀ ਗੁਸਾਈ ਜਾਂ ਅੱਲ੍ਹਾ ਹੈ।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਮੇਰਾ (ਤਾਂ ਉਹ) ਇਕੋ ਮਾਲਕ ਹੈ (ਜੋ ਹਿੰਦੂਆਂ ਦਾ ਗੁਸਾਈ ਅਤੇ ਮੁਸਲਮਾਨਾਂ ਦਾ) ਅੱਲ੍ਹਾ ਹੈ। ਗੁਸਾਈ–ਪ੍ਰਿਥਵੀ ਦਾ ਮਾਲਕ। ਅਲਹੁ–ਅੱਲ੍ਹਾ, ਪਰਮਾਤਮਾ।
ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥
(Faridkot Teeka, c. 1870s): ਜੋ ਹਿੰਦੂ ਅਰ ਮੁਸਲਮਾਨ ਦੋਨੋ ਕਾ (ਨੇਬੇਰਾ) ਨਿ੍ਯਾਉਂ ਕਰਨੇ ਵਾਲਾ ਹੈ॥੧॥ ਰਹਾਉ ॥
(SGGS Steek, Bhai Manmohan Singh, c. 1960): ਉਹ ਹਿੰਦੂਆਂ ਅਤੇ ਮੁਸਲਮਾਨਾ ਦੋਹਾਂ ਦਾ ਨਿਆਂ ਕਰਦਾ ਹੈ ॥ ਠਹਿਰਾਉ ॥
(SGGS Darpan, Prof. Sahib Singh, c. 1962-64): (ਆਤਮਕ ਜੀਵਨ ਦੀ ਅਗਵਾਈ ਦੇ ਸੰਬੰਧ ਵਿਚ) ਮੈਂ ਹਿੰਦੂ ਅਤੇ ਤੁਰਕ ਦੋਹਾਂ ਨਾਲੋਂ ਹੀ ਸਾਂਝ ਮੁਕਾ ਲਈ ਹੈ ॥੧॥ ਰਹਾਉ ॥ ਦੁਹਾਂ ਨੇਬੇਰਾ = ਦੁਹਾਂ ਤੋਂ (ਸੰਬੰਧ) ਨਿਬੇੜ ਲਿਆ ਹੈ, ਦੋਹਾਂ ਨਾਲੋਂ ਮੁਕਾ ਲਿਆ ਹੈ ॥੧॥ ਰਹਾਉ ॥
(S.G.P.C. Shabadarth, Bhai Manmohan Singh, c. 1962-69): ਹਿੰਦੂ ਤੁਰਕ ¹ਦੁਹਾਂ ਨੇਬੇਰਾ ॥੧॥ ਰਹਾਉ ॥ ¹ਦੋਹਾਂ ਤੋਂ ਪੱਲਾ ਛੁੜਾ ਲਿਆ ਹੈ।
(Arth Bodh SGGS, Dr. Rattan Singh Jaggi, c. 2007): ਹਿੰਦੂ ਜਾਂ ਮੁਸਲਮਾਨ ਦੋਹਾਂ ਤੋਂ ਖਹਿੜਾ ਛੁੜਾ ਲਿਆ ਹੈ ।੧।ਰਹਾਉ।
(Aad SGGS Darshan Nirney Steek, Giani Harbans Singh, c. 2009-11): (ਇਸ ਲਈ ਹਿੰਦੂ ਅਤੇ ਤੁਰਕ ਹੋਣ ਦਾ ਝਗੜਾ ਹੀ ਮੁਕਾਅ ਦਿੱਤਾ ਹੈ (ਭਾਵ ਇਹਨਾਂ) ਦੋਹਾਂ ਤੋਂ (ਮੈਂ ਆਪਣਾ ਪਲਾ) ਫੁੜਾ ਲਿਆ ਹੈ ।੧।ਰਹਾਉ। ਦੁਹਾਂ ਨੇਬੇਨਾ–ਦੋਹਾਂ ਦਾ (ਝਗੜਾ ਹੀ) ਨਿਬੇੜ ਦਿੱਤਾ ਹੈ ।੧।ਰਹਾਉ।
ਹਜ ਕਾਬੈ ਜਾਉ ਨ ਤੀਰਥ ਪੂਜਾ ॥
(Faridkot Teeka, c. 1870s): ਨਾ ਤੋ ਕਾਬੇ ਹਜ ਕਰਨੇ ਕੋ ਜਾਤਾ ਹੂੰ ਔਰ ਨਾ ਤੀਰਥ ਜਾਤ੍ਰਾ ਕਰਤਾ ਹੂੰ, ਨਾ ਠਾਕੁਰ ਪੂਜਾ ਕਰਤਾ ਹੂੰ॥
(SGGS Steek, Bhai Manmohan Singh, c. 1960): ਮੈਂ ਮੱਕੇ ਦੀ ਯਾਤਰਾ ਤੇ ਨਹੀਂ ਜਾਂਦਾ, ਨਾਂ ਹੀ ਮੈਂ ਧਰਮ ਅਸਥਾਨਾਂ ਤੇ ਉਪਾਸ਼ਨਾ ਕਰਦਾ ਹਾਂ ॥
(SGGS Darpan, Prof. Sahib Singh, c. 1962-64): ਮੈਂ ਨਾਹ ਕਾਬੇ ਦਾ ਹੱਜ ਕਰਨ ਜਾਂਦਾ ਹਾਂ (ਜਿਵੇਂ ਮੁਸਲਮਾਨ ਜਾਂਦੇ ਹਨ), ਨਾਹ ਮੈਂ (ਹਿੰਦੂਆਂ ਵਾਂਗ) ਤੀਰਥਾਂ ਤੇ ਪੂਜਾ ਕਰਨ ਜਾਂਦਾ ਹਾਂ। ਜਾਉ ਨ = ਜਾਉਂ ਨ, ਮੈਂ ਨਹੀਂ ਜਾਂਦਾ।
(S.G.P.C. Shabadarth, Bhai Manmohan Singh, c. 1962-69): ¹ਹਜ ਕਾਬੈ ਜਾਉ ਨ ਤੀਰਥ ਪੂਜਾ ॥ ¹ਨਾ ਮੈਂ ਮੁਸਲਮਾਨਾਂ ਦੇ ਕਾਬੇ ਯਾਤਰਾ ਕਰਨ ਜਾਂਦਾ ਹਾਂ ਅਤੇ ਨਾ ਹਿੰਦੂਆਂ ਦੇ ਤੀਰਥਾਂ ਤੇ ਪੂਜਾ ਕਰਨ ਜਾਂਦਾ ਹੈ।
(Arth Bodh SGGS, Dr. Rattan Singh Jaggi, c. 2007): (ਮੈਂ) ਨ ਹਜ ਕਰਨ ਕਾਬੇ ਜਾਂਦਾ ਹਾਂ ਅਤੇ ਨ ਤੀਰਥਾਂ ਉਤੇ ਪੂਜਾ (ਲਈ ਜਾਂਦਾ ਹਾਂ)।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਨਾ ਮੈਂ (ਮੁਸਲਮਾਨਾਂ ਦੇ) ਕਾਬੇ ਦੀ ਯਾਤਰਾ ਕਰਨ ਜਾਂਦਾ ਹਾਂ (ਅਤੇ) ਨਾ (ਹਿੰਦੂਆਂ ਦੇ) ਤੀਰਥਾਂ ਤੇ ਪੂਜਾ (ਕਰਨ ਜਾਂਦਾ ਹਾਂ)। ਹਜ ਕਾਬੇ–ਕਾਬੇ ਦਾ ਹੱਜ। ਜਾਉ ਨ–ਨਹੀਂ ਜਾਂਦਾ ਹਾਂ। ਨ ਤੀਰਥ ਪੂਜਾ–ਨਾ ਤੀਰਥ ਇਸ਼ਨਾਨ, ਨਾ ਦੇਵ ਪੂਜਾ ਕਰਦਾ ਹਾਂ।
ਏਕੋ ਸੇਵੀ ਅਵਰੁ ਨ ਦੂਜਾ ॥੨॥
(Faridkot Teeka, c. 1870s): ਏਕ ਵਾਹਿਗੁਰੂ ਕੋ ਸੇਵਨਾ ਕਰਤਾ ਹੂੰ ਔਰ ਦੂਸਰਾ ਨਹੀਂ ਜਾਨਤਾ ਹੂੰ॥੨॥
(SGGS Steek, Bhai Manmohan Singh, c. 1960): ਮੈਂ ਕੇਵਲ ਇੱਕ ਸੁਆਮੀ ਦੀ ਘਾਲ ਕਮਾਉਂਦਾ ਹਾਂ ਅਤੇ ਕਿਸੇ ਹੋਰ ਦੀ ਨਹੀਂ ॥
(SGGS Darpan, Prof. Sahib Singh, c. 1962-64): ਮੈਂ ਤਾਂ ਸਿਰਫ਼ ਇੱਕ ਪਰਮਾਤਮਾ ਨੂੰ ਸਿਮਰਦਾ ਹਾਂ, ਕਿਸੇ ਹੋਰ ਦੂਜੇ ਨੂੰ ਨਹੀਂ (ਸਿਮਰਦਾ) ॥੨॥ ਏਕੋ ਸੇਵੀ = ਇਕ ਪਰਮਾਤਮਾ ਨੂੰ ਹੀ ਮੈਂ ਸਿਮਰਦਾ ਹਾਂ ॥੨॥
(S.G.P.C. Shabadarth, Bhai Manmohan Singh, c. 1962-69): ਏਕੋ ਸੇਵੀ ਅਵਰੁ ਨ ਦੂਜਾ ॥੨॥
(Arth Bodh SGGS, Dr. Rattan Singh Jaggi, c. 2007): (ਮੈਂ) ਇਕ (ਪ੍ਰਭੂ) ਨੂੰ ਸਿਮਰਦਾ ਹਾਂ, ਕਿਸੇ ਹੋਰ ਨੂੰ ਨਹੀਂ (ਸਿਮਰਦਾ) ।੨।
(Aad SGGS Darshan Nirney Steek, Giani Harbans Singh, c. 2009-11): ਮੈਂ ਤਾਂ ਕੇਵਲ ਇਕ (ਪਰਮਾਤਮਾ ਨੂੰ) ਸਿਮਰਦਾ ਹਾਂ, ਕਿਸੇ ਹੋਰ ਦੂਜੇ ਨੂੰ ਨਹੀਂ (ਸਿਮਰਦਾ) ।੨। ਏਕੋ ਸੇਵੀ–ਇਕ ਪਰਮਾਤਮਾ ਨੂੰ ਸਿਮਰਦਾ ਹਾਂ। ਅਵਰੁ–ਹੋਰ ।੨।
ਪੂਜਾ ਕਰਉ ਨ ਨਿਵਾਜ ਗੁਜਾਰਉ ॥
(Faridkot Teeka, c. 1870s): ਨਾ ਤੋ ਪਥਰਾਦਿਕੋਂ ਕੋ ਪਰਮੇਸ੍ਵਰ ਜਾਨ ਕਰ ਪੂਜਾ ਕਰਤਾ ਹੂੰ ਔਰ ਨਾ ਨਿਮਾਜ ਕੋ (ਗੁਜਾਰਉ) ਕਰਤਾ ਹੂੰ॥
(SGGS Steek, Bhai Manmohan Singh, c. 1960): ਮੈਂ ਹਿੰਦੂ ਢੰਗ ਦੀ ਉਪਾਸ਼ਨਾ ਨਹੀਂ ਕਰਦਾ, ਨਾਂ ਹੀ ਮੈਂ ਮੁਸਲਮਾਨੀ ਨਮਾਜ ਪੜ੍ਹਦਾ ਹਾਂ ॥
(SGGS Darpan, Prof. Sahib Singh, c. 1962-64): ਮੈਂ ਨਾਹ (ਹਿੰਦੂਆਂ ਵਾਂਗ ਵੇਦ-) ਪੂਜਾ ਕਰਦਾ ਹਾਂ, ਨਾਹ (ਮੁਸਲਮਾਨ ਵਾਂਗ) ਨਿਮਾਜ਼ ਪੜ੍ਹਦਾ ਹਾਂ। ਕਰਉ ਨ = ਕਰਉਂ ਨ, ਮੈਂ ਨਹੀਂ ਕਰਦਾ। ਨਿਵਾਜ = ਨਿਮਾਜ਼। ਨ ਗੁਜਾਰਉ = ਨ ਗੁਜਾਰਉਂ, ਮੈਂ ਨਹੀਂ ਗੁਜ਼ਾਰਦਾ, ਮੈਂ (ਨਿਮਾਜ਼) ਨਹੀਂ ਪੜ੍ਹਦਾ।
(S.G.P.C. Shabadarth, Bhai Manmohan Singh, c. 1962-69): ਪੂਜਾ ਕਰਉ ਨ ਨਿਵਾਜ¹ ਗੁਜਾਰਉ ॥ ¹ਨਿਮਾਜ਼। ਨਾ ਮੈਂ ਹਿੰਦੂਆਂ ਵਾਲੀ ਪੂਜਾ ਕਰਦਾ ਹਾਂ, ਨਾ ਮੁਸਲਮਾਨਾਂ ਵਾਲੀ ਨਿਮਾਜ਼ ਪੜ੍ਹਦਾ ਹਾਂ।
(Arth Bodh SGGS, Dr. Rattan Singh Jaggi, c. 2007): ਨ ਮੈਂ ਪੂਜਾ ਕਰਦਾ ਹਾਂ, ਨ ਨਮਾਜ਼ ਪੜ੍ਹਦਾ ਹਾਂ।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਨਾ ਮੈਂ (ਹਿੰਦੂਆਂ ਵਾਂਗ ਦੇਵ) ਪੂਜਾ ਕਰਦਾ ਹਾਂ, ਨਾ (ਮੁਸਲਮਾਨਾਂ ਵਾਂਗ) ਨਿਮਾਜ਼ ਪੜ੍ਹਦਾ ਹਾਂ। ‘ਪੂਜਾ ਕਰਉ ਨ ਨਿਵਾਜ ਗੁਜਾਰਉ’ ਵਿਚ ‘ਨ’ ਦੇਹੁਰੀ ਦੀਪਕ ਹੈ। ਨ ਨਿਵਾਜ ਗੁਜਾਰਉ–ਨਾ ਨਿਮਾਜ਼ ਅਦਾਅ ਕਰਦਾ ਹਾਂ।
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥
(Faridkot Teeka, c. 1870s): ਏਕ ਨਿਰੰਕਾਰ ਕੋ ਰਿਦੇ ਵਿਖੇ ਧਾਰਨ ਕਰ ਕੇ ਨਮਸਕਾਰ ਕਰਤਾ ਹੂੰ॥੩॥
(SGGS Steek, Bhai Manmohan Singh, c. 1960): ਇੱਕ ਸਰੂ ਰਹਿਤ ਸਾਈਂ ਨੂੰ ਆਪਣੇ ਮਨ ਅੰਦਰ ਟਿਕਾ ਕੇ ਮੈਂ ਉਸ ਨੂੰ ਓਥੇ ਹੀ ਬੰਦਨਾ ਕਰਦਾ ਹਾਂ ॥
(SGGS Darpan, Prof. Sahib Singh, c. 1962-64): ਮੈਂ ਤਾਂ ਸਿਰਫ਼ ਨਿਰੰਕਾਰ ਨੂੰ ਹਿਰਦੇ ਵਿਚ ਵਸਾ ਕੇ (ਉਸ ਅੱਗੇ) ਸਿਰ ਨਿਵਾਂਦਾ ਹਾਂ ॥੩॥ ਲੈ = ਲੈ ਕੇ। ਰਿਦੈ = ਹਿਰਦੇ ਵਿਚ। ਨਮਸਕਾਰਉ = ਨਮਸਕਾਰਉਂ, ਮੈਂ ਸਿਰ ਨਿਵਾਂਦਾ ਹਾਂ ॥੩॥
(S.G.P.C. Shabadarth, Bhai Manmohan Singh, c. 1962-69): ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥
(Arth Bodh SGGS, Dr. Rattan Singh Jaggi, c. 2007): ਇਕ ਪ੍ਰਭੂ ਨੂੰ ਹਿਰਦੇ ਵਿਚ ਵਸਾ ਕੇ ਪ੍ਰਣਾਮ ਕਰਦਾ ਹਾਂ ।੩।
(Aad SGGS Darshan Nirney Steek, Giani Harbans Singh, c. 2009-11): ਮੈਂ ਤਾਂ ਕੇਵਲ ਨਿਰੰਕਾਰ ਨੂੰ ਲੈ ਕੇ (ਭਾਵ ਆਪਣੇ ਹਿਰਦੇ ਵਿਚ ਵਸਾ ਕੇ ਉਸ ਅਗੇ) ਸਿਰ ਨਿਵਾਂਦਾ ਹਾਂ (ਨਮਸਕਾਰ ਕਰਦਾ ਹਾਂ) ।੩। ਲੇ–ਲੈ ਕੇ। ਰਿਦੈ ਨਮਸਕਾਰਉ–ਹਿਰਦੇ ਵਿਚ ਨਮਸਕਾਰ ਕਰਦਾ ਹਾਂ ।੩।
ਨਾ ਹਮ ਹਿੰਦੂ ਨ ਮੁਸਲਮਾਨ ॥
(Faridkot Teeka, c. 1870s): ਨਾ ਤੋ ਹਮ ਹਿੰਦੂ ਹੈਂ ਔਰ ਨਾ ਮੁਸਲਮਾਨ ਹੈਂ॥
(SGGS Steek, Bhai Manmohan Singh, c. 1960): ਨਾਂ ਮੈਂ ਹਿੰਦੂ ਹਾਂ, ਨਾਂ ਹੀ ਮੁਸਲਮਾਨ ॥
(SGGS Darpan, Prof. Sahib Singh, c. 1962-64): (ਆਤਮਕ ਜੀਵਨ ਦੀ ਅਗਵਾਈ ਵਾਸਤੇ) ਨਾਹ ਅਸੀਂ ਹਿੰਦੂ (ਦੇ ਮੁਥਾਜ) ਹਾਂ, ਨਾਹ ਅਸੀਂ ਮੁਸਲਮਾਨ (ਦੇ ਮੁਥਾਜ) ਹਾਂ। ਹਮ = ਅਸੀ।
(S.G.P.C. Shabadarth, Bhai Manmohan Singh, c. 1962-69): ਨਾ ਹਮ ਹਿੰਦੂ ਨ ਮੁਸਲਮਾਨ ॥
(Arth Bodh SGGS, Dr. Rattan Singh Jaggi, c. 2007): ਨ ਮੈਂ ਹਿੰਦੂ ਹਾਂ, ਨ ਮੁਸਲਮਾਨ ਹਾਂ।
(Aad SGGS Darshan Nirney Steek, Giani Harbans Singh, c. 2009-11): (ਹੇ ਭਾਈ!) ਨਾ ਅਸੀਂ ਹਿੰਦੂ ਹਾਂ (ਅਤੇ) ਨਾ ਹੀ ਮੁਸਲਮਾਨ ਹਾਂ। ਹਮ–ਮੈਂ
ਅਲਹ ਰਾਮ ਕੇ ਪਿੰਡੁ ਪਰਾਨ ॥੪॥
(Faridkot Teeka, c. 1870s): ਅਲਹ ਰਾਮ ਕੇ ਤਾਂਈ ਸਰੀਰ ਕੇ ਵਿਖੇ ਪ੍ਰਾਣ ਰੂਪ ਮਾਨਾ ਹੈ॥੪॥
(SGGS Steek, Bhai Manmohan Singh, c. 1960): ਮੇਰੀ ਦੇਹ ਅਤੇ ਜਿੰਦੜੀ ਉਸ ਦੀ ਮਲਕੀਅਤ ਹਨ ਜੋ ਮੁਸਲਮਾਨਾਂ ਦਾ ਖੁਦਾ ਅਤੇ ਹਿੰਦੂਆਂ ਦਾ ਪ੍ਰਭੂ ਆਖਿਆ ਜਾਂਦਾ ਹੈ ॥
(SGGS Darpan, Prof. Sahib Singh, c. 1962-64): ਸਾਡੇ ਇਹ ਸਰੀਰ ਸਾਡੀ ਇਹ ਜਿੰਦ (ਉਸ ਪਰਮਾਤਮਾ) ਦੇ ਦਿੱਤੇ ਹੋਏ ਹਨ (ਜਿਸ ਨੂੰ ਮੁਸਲਮਾਨ) ਅੱਲਾ (ਆਖਦਾ ਹੈ, ਜਿਸ ਨੂੰ ਹਿੰਦੂ) ਰਾਮ (ਆਖਦਾ ਹੈ) ॥੪॥ ਪਿੰਡ = ਸਰੀਰ। ਪਰਾਨ = ਪ੍ਰਾਣ, ਜਿੰਦ। ਕੇ = ਦੇ (ਦਿੱਤੇ ਹੋਏ) ॥੪॥
(S.G.P.C. Shabadarth, Bhai Manmohan Singh, c. 1962-69): ਅਲਹ ਰਾਮ ਕੇ ¹ਪਿੰਡੁ ਪਰਾਨ ॥੪॥ ¹ਦੇਹ ਪ੍ਰਾਣ। ਸਾਡੇ ਦੇਹ ਪ੍ਰਾਣ ਅੱਲਾ ਰਾਮ ਦੇ ਹਨ। (ਪਹਿਲੀਆਂ ਸਾਰੀਆਂ ਤੁਕਾਂ ਵਿੱਚ ਕਿਰਿਆ ਇਕ ਵਚਨ ਸੀ, ਪਰ ਇਥੇ ਸਾਰਿਆਂ ਸਿੱਖਾਂ ਵਲੋਂ ਨਿਸਚਾ ਦੱਸਦੇ ਹਨ, ਇਸ ਲਈ ਲਫ਼ਜ਼ ਬਹੁ ਵਚਨ ਵਰਤੇ ਹਨ)।
(Arth Bodh SGGS, Dr. Rattan Singh Jaggi, c. 2007): (ਇਹ) ਸ਼ਰੀਰ ਅਤੇ ਪ੍ਰਾਣ ਪ੍ਰਭੂ ਅਤੇ ਅੱਲ੍ਹਾ ਦੇ ਦਿੱਤੇ ਹਨ ।੪।
(Aad SGGS Darshan Nirney Steek, Giani Harbans Singh, c. 2009-11): (ਸਾਡਾ ਇਹ) ਸਰੀਰ ਤੇ ਪਰਾਣ (ਸਭ) ਅੱਲ੍ਹਾ ਰਾਮ ਦੇ (ਦਿੱਤੇ ਹੋਏ) ਹਨ ।੪। ਅਲਹ ਰਾਮ ਕੇ–(ਇਕ) ਅੱਲ੍ਹਾ ਰਾਮ ਦੇ। ਪਿੰਡੁ–ਸਰੀਰ। ਪਰਾਨ–ਪ੍ਰਾਣ (ਦਿੱਤੇ ਹੋਏ ਹਨ) ।੪। ਫੁਟਕਲ: ਅਲਹੁ ਜਾਂ ਅਲਹ ਕੋਈ ਉਚਾਰਨ ਨਹੀਂ, ਅਰਬੀ ਦਾ ਸ਼ਬਦ ‘ਅੱਲ੍ਹਾ’ ਹੈ। ਕਰੀਮੁਲ ਲੁਗਾਤ ਵਿਚ ਇਸ ਦੇ ਅਰਥ ਖੁਦਾਇ ਤਾਲਾ ਦਰਜ ਹਨ।
ਕਹੁ ਕਬੀਰ ਇਹੁ ਕੀਆ ਵਖਾਨਾ ॥
(Faridkot Teeka, c. 1870s): ਸ੍ਰੀ ਗੁਰੂ ਜੀ ਕਹਤੇ ਹੈਂ: ਕਬੀਰ ਜੀ ਨੇ ਏਹੁ ਵਖ੍ਯਾਨੁ ਕੀਆ ਹੈ॥
(SGGS Steek, Bhai Manmohan Singh, c. 1960): ਕਬੀਰ ਜੀ ਆਖਦੇ ਹਨ ਇਸ ਤਰ੍ਹਾਂ ਮੈਂ ਸੱਚ ਉਚਾਰਨ ਕਰਦਾ ਹਾਂ,
(SGGS Darpan, Prof. Sahib Singh, c. 1962-64): ਕਬੀਰ ਆਖਦਾ ਹੈ- (ਹੇ ਭਾਈ!) ਮੈਂ ਤਾਂ ਇਹ ਗੱਲ ਖੋਲ੍ਹ ਕੇ ਦੱਸਦਾ ਹਾਂ, ਕਹੁ = ਆਖ। ਕਬੀਰ = ਹੇ ਕਬੀਰ!
(S.G.P.C. Shabadarth, Bhai Manmohan Singh, c. 1962-69): ਕਹੁ ਕਬੀਰ ਇਹੁ ਕੀਆ ਵਖਾਨਾ ॥
(Arth Bodh SGGS, Dr. Rattan Singh Jaggi, c. 2007): ਕਬੀਰ ਦਾ ਕਥਨ ਹੈ (ਮੈਂ) ਇਹ ਬਖਾਨ ਕਰਦਾ ਹਾਂ
(Aad SGGS Darshan Nirney Steek, Giani Harbans Singh, c. 2009-11): ਕਬੀਰ! ਆਖ (ਕਿ ਹੇ ਭਾਈ! ਅਸਾਂ ਜੋ) ਇਹ ਵਖਿਆਨ ਕੀਤਾ ਹੈ; ਵਖਾਨਾ–ਵਖਿਆਨ।
ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥
(Faridkot Teeka, c. 1870s): ਗੁਰ ਪੀਰ ਕੇ ਸਾਥ ਮਿਲ ਕਰ ਕੇ ਆਪ ਕੋ ਖਸਮ ਰੂਪ ਪਛਾਨਾ ਹੈ॥੫॥੩॥ ਗੁਰੂ ਜੀ ਕੋ ਕਿਸੀ ਰਾਜਾ ਨੇ ਕਹਾ: ਚਲੋ ਸ਼ਿਕਾਰ ਖੇਲ ਆਵੇਂ। ਸਿਕਾਰ ਕਾ ਰੂਪ ਦਿਖਾਵਤੇ ਹੂਏ ਇੰਦ੍ਰੀਓਂ ਕਾ ਨਿਗ੍ਰਹੁ ਕਹਤੇ ਹੈਂ: ਨੋਟ: ਇਸ ਸ਼ਬਦ ਦਾ ਸਿਰਲੇਖ ਹੈ ‘ਮਹਲਾ ੫’। ਪਰ ਅਖ਼ੀਰ ਤੇ ਲਫ਼ਜ਼ ‘ਨਾਨਕ’ ਦੇ ਥਾਂ ‘ਕਬੀਰ’ ਹੈ। ਇਸ ਦਾ ਭਾਵ ਇਹ ਹੈ ਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਲਿਖਿਆ ਹੋਇਆ ਹੈ, ਪਰ ਹੈ ਇਹ ਕਬੀਰ ਜੀ ਦੇ ਕਿਸੇ ਸ਼ਬਦ ਦੇ ਪਰਥਾਇ। ਹੁਣ ਵੇਖੋ ਇਸੇ ਰਾਗ ਵਿਚ ਕਬੀਰ ਜੀ ਦਾ ਸ਼ਬਦ ਨੰਬਰ ੭। ਉਸ ਵਿਚੋਂ ਹੇਠ-ਲਿਖੀਆਂ ਤੁਕਾਂ ਪੜ੍ਹ ਕੇ ਗੁਰੂ ਅਰਜਨ ਸਾਹਿਬ ਦੇ ਇਸ ਸ਼ਬਦ ਨਾਲ ਰਲਾਓ: ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ਰਹਾਉ॥... ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਗੁਰੂ ਅਰਜਨ ਸਾਹਿਬ ਆਪਣੇ ਸ਼ਬਦ ਵਿਚ ਕਬੀਰ ਜੀ ਦੇ ਦਿੱਤੇ ਖ਼ਿਆਲ ਦੀ ਵਿਆਖਿਆ ਕਰ ਰਹੇ ਹਨ।
(SGGS Steek, Bhai Manmohan Singh, c. 1960): ਕਿ ਗੁਰਦੇਵ ਜੀ ਪੈਗੰਬਰ ਨਾਲ ਮਿਲ ਕੇ ਮੈਂ ਆਪਣੇ ਸਾਈਂ ਨੂੰ ਅਨੁਭਵ ਕਰ ਲਿਆ ਹੈ ॥
(SGGS Darpan, Prof. Sahib Singh, c. 1962-64): ਕਿ ਮੈਂ ਆਪਣੇ ਗੁਰੂ-ਪੀਰ ਨੂੰ ਮਿਲ ਕੇ ਆਪਣੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ ॥੫॥੩॥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਪੀਰ ਮਿਲਿ = ਪੀਰ ਨੂੰ ਮਿਲ ਕੇ। ਖੁਦਿ = ਆਪਣਾ ॥੫॥੩॥
(S.G.P.C. Shabadarth, Bhai Manmohan Singh, c. 1962-69): ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥
(Main Khalistan Lai Har Taranh Di Qurbani Karn Lai Tyar Han, Shaheed Bhai Sukhdev Singh Sukha, c. 1988): ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਲਿਖਿਆ ਹੈ। ਇਸ ਸ਼ਬਦ ਦਾ ਕੇਂਦਰੀ–ਵਿਚਾਰ (ਸੈਂਟਰਲ ਆਈਡੀਆ) ਹੈ, ਨਾ ਹੀ ਅਸੀਂ ਹਿੰਦੂ ਹਾਂ ਅਤੇ ਨਾ ਹੀ ਮੁਸਲਮਾਨ। ਹਿੰਦੁਸਤਾਨ ਦੀ ਸਰਕਾਰ ਅਤੇ ਹਿੰਦੂ, ਸਿੱਖਾਂ ਨੂੰ ਹਿੰਦੂ ਹੀ ਮੰਨਦੇ ਹਨ। ਸਿੱਖ ਧਰਮ ਅਤੇ ਸਿੱਖ ਕੌਮ ਨੂੰ ਅਲੱਗ ਨਹੀਂ ਮੰਨਦੇ। ਇਹ ਸ਼ਬਦ ਪੜ੍ਹ ਕੇ ਹਿੰਦੁਸਤਾਨ ਦੀ ਸਰਕਾਰ ਅਤੇ ਹਿੰਦੂਆਂ ਨੂੰ ਪਤਾ ਲੱਗ ਜਾਵੇਗਾ ਕਿ ਸਿੱਖ ਕੀ ਹਨ? ਇਸ ਤਰ੍ਹਾਂ ਦੀਆਂ ਮਿਸਾਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਹਨ। ਭਾਈ ਸੁਖਦੇਵ ਸਿੰਘ (ਸੁੱਖਾ) ਦਾ ਅਦਾਲਤੀ ਬਿਆਨ: ਮੈਂ ਖ਼ਾਲਿਸਤਾਨ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹਾਂ, ਮਿਤੀ: ੨੩ ਸਤੰਬਰ ੧੯੮੮ (1988)। “ਪੰਥਕ ਦਸਤਾਵੇਜ਼, (ਧਰਮ ਯੁੱਧ ਤੇ ਜੁਝਾਰੂ ਲਹਿਰ) 1966–2010, ਭਾਗ ਪਹਿਲਾ” ਵਿੱਚ। ਸੰਪਾਦਕ: ਕਰਮਜੀਤ ਸਿੰਘ, ਨਰਾਇਣ ਸਿੰਘ। ਪੰਨਾ 205।
(Arth Bodh SGGS, Dr. Rattan Singh Jaggi, c. 2007): ਕਿ ਗੁਰੂ ਪੀਰ ਨੂੰ ਮਿਲ ਕੇ ਮੈਂ ਪ੍ਰਭੂ ਨੂੰ ਪਛਾਣ ਲਿਆ ਹੈ ।੫।੩।
(Aad SGGS Darshan Nirney Steek, Giani Harbans Singh, c. 2009-11): (ਐਵੇਂ ਨਹੀਂ ਕੀਤਾ, ਅਸਾਂ ਆਪਣੇ) ਗੁਰੂ-ਪੀਰ ਨੂੰ ਮਿਲ ਕੇ ਆਪਣੇ ਮਾਲਕ ਨੂੰ ਪਛਾਣਿਆ ਹੈ (ਤਾਂ ਇਹ ਆਖਿਆ ਹੈ) ।੫।੩। ਗੁਰ ਪੀਰ ਮਿਲਿ–ਗੁਰੂ ਪੀਰ ਨੂੰ ਮਿਲ ਕੇ। ਖੁਦਿ ਖਸਮੁ–ਆਪਣੇ ਮਾਲਕ ਨੂੰ। ਪਛਾਨਾ–ਪਛਾਣਿਆ ਹੈ ।੫।੬। ਸਾਰਸ਼ ਅਤੇ ਸਿਧਾਂਤ: ਵਰਤ ਨੇਮ ਕਰਨ ਦੀ ਕ੍ਰਿਆ ਹਿੰਦੂ ਲੋਕ ਕਰਦੇ ਹਨ, ਨਿਮਾਜ਼ ਤੇ ਰੋਜ਼ੇ ਮੁਲਸਮਾਨ ਰਖਦੇ ਹਨ। ‘ਨਾ ਹਮ ਹਿੰਦੂ ਨ ਮੁਸਲਮਾਨ’ ਦੇ ਗੁਰਵਾਕਾਂ ਤੋਂ ਇਸ ਗੱਲ ਦਾ ਨਿਰਣਾ ਹੋ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਚਲਾਇਆ ‘ਨਿਰਮਲ ਪੰਥ’ ਸਭ ਨਾਲੋਂ ਨਿਆਰਾ ਹੈ। ਇਕ ਨਿਰੰਕਾਰ ਨੂੰ ਮੰਨਣ ਵਾਲਾ ਧਰਮ ਹੈ ਜੋ ਸਭ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ, ਏਕੇ ਦਾ ਅਲੰਬਰਦਾਰ ਹੈ। ਇਸ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਵਿਚ ‘ਕਹੁ ਕਬੀਰ ਇਹੁ ਕੀਆ ਵਖਾਨਾ’ ਕਬੀਰ ਨਾਂ ਦੀ ਮੁਹਰ ਛਾਪ ਵੇਖ ਕੇ ਇਸ ਸ਼ਬਦ ਦਾ ਰਚਿਤਾ ਕਬੀਰ ਜੀ ਨੂੰ ਦਸਿਆ ਜਾਂਦਾ ਹੈ, ਪਰ ਇਹ ਭੁਲੇਖਾ ਹੈ। ‘ਭੈਰਉ ਮਹਲਾ ੫’ ਸਿਰਲੇਖ ਪੜ੍ਹ ਕੇ ਕਿਸੇ ਭਰਮ ਭੁਲੇਖੇ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ। ਇਸੇ ਰਾਗ ਵਿਚ ਭਗਤ ਕਬੀਰ ਜੀ ਦਾ ਸ਼ਬਦ ਨੰਬਰ ੬/੭ ਪੜ੍ਹ ਕੇ ਵੇਖੋ “ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਨ ਕਛੂ ਨ ਲੀਆ ॥” ਦੋਹਾਂ ਸ਼ਬਦਾਂ ਦੀ ਪਰਸਪਰ ਵਿਚਾਰ ਵਿਚ ਡੂੰਘੀ ਸਾਂਝ ਹੈ। ਗੁਰੂ ਸਾਹਿਬ ਦਾ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਦਾ ਮੁਖ ਮੰਤਵ ਹੀ ਨਿਰਗੁਣ ਦੀ ਉਪਾਸ਼ਨਾ ਹੈ ਕਿਉਂਕਿ ਆਮ ਲੋਕਾਂ ਨੂੰ ਗ਼ਲਤ ਫ਼ਹਿਮੀ ਹੈ ਕਿ ਸਾਰੇ ਭਗਤ ਸਰਗੁਣ ਸਰੂਪ ਦੇ ਉਪਾਸ਼ਕ ਹਨ।
